ਬਿਰਹਾ
ਮੇਰੀ ਸਮਝ ਮੁਤਾਬਿਕ ਬਿਰਹਾ ਆਤਮਿਕ ਜੀਵਨ ਦੇ ਸਿਖ਼ਰਲੇ ਸਟੇਸ਼ਨ ਤੋਂ ਕੁੱਝ ਕੁ ਸਟੇਸ਼ਨ ਪਹਿਲਾਂ ਦਾ ਸਟੇਸ਼ਨ ਹੈ। ਕਿਉਂਕਿ ਜਦੋਂ ਇਨਸਾਨ ਦੀ ਉਸ ਸਿਰਜਣਹਾਰ ਨਾਲ ਜੁੜਨ ਦੀ ਤਾਂਘ, ਇੱਕ ਨਿਰੰਤਰ ਦੁੱਖ ਵਿੱਚ ਬਦਲ ਜਾਵੇ ਤਾਂ ਆਖਰੀ ਪੜਾਅ ਵੀ ਜ਼ਿਆਦਾ ਦੇਰ ਦੂਰ ਨਹੀਂ ਰਹਿ ਸਕਦਾ। ਪਰ ਮਨ ਵਿੱਚ ਅਕਾਲ ਪੁਰਖ ਪ੍ਰਤੀ ਬਿਰਹਾ ਪੈਦਾ ਹੋਵੇ, ਇਹ ਗੱਲ ਛੋਟੀ ਨਹੀਂ। ਆਮ ਇਨਸਾਨ ਲਈ ਦੁਨਿਆਵੀ ਰਿਸ਼ਤਿਆਂ ਵਿੱਚ ਬਿਰਹਾ ਤਾਂ ਆਮ ਜਿਹੀ ਗੱਲ ਹੈ ਪਰ ਉਸ ਮਾਲਕ ਲਈ ਬਿਰਹਾ, ਇੱਕ ਵਿਰਲੀ ਘਟਨਾ ਹੈ। ਦੇਖਿਆ ਜਾਵੇ ਤਾਂ ਬਿਰਹਾ ਆਤਮਿਕ ਸਫ਼ਰ ਦੌਰਾਨ ਪ੍ਰਾਪਤ ਹੋਈ ਬਖ਼ਸ਼ਿਸ਼ ਤੋਂ ਘੱਟ ਨਹੀਂ। ਇੱਕ ਐਸੀ ਕਿਰਪਾ ਜਿਸ ਵਿੱਚ ਦੁੱਖ ਹੈ, ਪਰ ਦੁੱਖ ਅਸਲ ਵਿੱਚ ਉਸ ਸੱਚੇ ਨੂੰ ਪਾਉਣ ਦੀ ਇੱਕ ਬੇਹੱਦ ਤਿੱਖੀ ਤਾਂਘ ਹੈ।
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥
ਫ਼ਰੀਦ, ਮੇਰੀ ਜ਼ਿੰਦਗੀ ਵਿੱਚ ਤੇਰੇ ਨਾਲ ਮੇਲ ਦੀ ਚਿੰਤਾ, ਤੈਨੂੰ ਨਾ ਮਿਲਣ ਦਾ ਦੁੱਖ ਅਤੇ ਮਿਲਣ ਦੀ ਤਿੱਖੀ ਤਾਂਘ ਤੋਂ ਸਿਵਾਏ ਹੋਰ ਕੁੱਝ ਨਹੀਂ। ਇਹੋ ਜਿਹੀ ਮੇਰੀ ਆਤਮਿਕ ਜ਼ਿੰਦਗੀ ਹੋ ਚੁੱਕੀ ਹੈ ਮੇਰੇ ਮਾਲਕ।
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥
ਉਸ ਮਾਲਕ ਨਾਲ ਇੱਕ ਹੋਣ ਦੀ ਤਾਂਘ ਦੀ ਗੱਲ ਬਹੁਤ ਕੀਤੀ ਜਾਂਦੀ ਹੈ ਪਰ ਮੇਰੇ ਅੰਦਰ ਤਾਂ ਬਿਰਹਾ ਤੋਂ ਉੱਪਰ ਹੋਰ ਕੋਈ ਭਾਵ ਨਹੀਂ। ਬਿਰਹਾ ਹੀ ਮੇਰੇ ਦਿਲ ਦਿਮਾਗ ਵਿੱਚ ਛਾਈ ਹੋਈ ਹੈ। ਫ਼ਰੀਦ ਜਿਸ ਮਨ ਵਿੱਚ ਉਸ ਸਿਰਜਣਹਾਰ ਮਾਲਕ ਲਈ ਬਿਰਹਾ ਨਹੀਂ ਉਪਜਦਾ, ਉਹ ਮਰੇ ਸਮਾਨ ਹੈ।
ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥
ਫ਼ਰੀਦ, ਕਹਿਣ ਨੂੰ ਤਾਂ ਮੇਰੇ ਬੜੇ ਦੋਸਤ ਨੇ ਪਰ ਮੈਨੂੰ ਉਹ ਨਹੀਂ ਮਿਲ ਰਿਹਾ ਜਿਸ ਨੂੰ ਮੈਂ ਲੱਭ ਰਿਹਾ ਹਾਂ। ਮੈਂ ਉਸ ਇੱਕ ਪਿਆਰੇ ਦੋਸਤ ਨੂੰ ਮਿਲਣ ਲਈ ਤੜਫ਼ ਰਿਹਾ ਹਾਂ।
ਸਚਿਆਰਤਾ ਦਾ ਹੁਕਮੁ
ਹੁਕਮੁ ਦੀਆਂ ਬਾਰੀਕੀਆਂ ਨੂੰ ਸਮਝਣਾ ਅਤੇ ਹੁਕਮੁ ਵਿੱਚ ਰਹਿਣਾ ਹੀ ਸਿੱਖੀ ਦਾ ਆਧਾਰ ਹੈ। ਹੁਕਮੁ ਹੀ ਆਤਮਿਕ ਸਫ਼ਰ ਦੀ ਹਰ ਔਕੜ ਦਾ ਹੱਲ ਹੈ। ਸ਼ੇਖ ਫ਼ਰੀਦ ਕਈ ਸਲੋਕਾਂ ਵਿੱਚ ਰੱਬ ਦਾ ਰਜ਼ਾ ਭਾਵ ਹੁਕਮੁ ਦੀ ਗੱਲ ਕਰਦੇ ਹਨ।
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥
ਫ਼ਰੀਦ, ਮੈਨੂੰ ਸਚਿਆਰ ਬਣਨ ਦੀ ਖ਼ਾਹਿਸ਼ ਹੈ ਪਰ ਮੇਰਾ ਮਨ ਆਪਣੀ ਜ਼ਰਖੇਜ਼ ਜ਼ਮੀਨ ਵਿੱਚ ਲਗਾਤਾਰ ਮੰਦੇ ਵਿਚਾਰ ਹੀ ਬੀਜੀ ਜਾ ਰਿਹਾ ਹੈ।
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥ ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥
ਜ਼ਿੰਦਗੀ ਦੇ ਹਿਸਾਬ-ਕਿਤਾਬ ਦੀ ਕਸਵੱਟੀ ਇਹ ਹੋਵੇ ਕਿ ਉਸ ਮਾਲਕ ਦੀ ਰਜ਼ਾ ਦੇ ਖ਼ਿਲਾਫ਼ ਚਲਾ ਗਿਆ ਜਾਂ ਨਹੀਂ। ਬਸ ਅਜਿਹਾ ਹੋਵੇ ਕਿ ਮੇਰੀ ਜ਼ਿੰਦਗੀ ਉਸਦੇ ਹੁਕਮੁ ਅਨੁਸਾਰ ਹੀ ਚੱਲੇ।
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥ ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥
ਫ਼ਰੀਦ, ਸਿਰਜਣਹਾਰ ਦੇ ਹੁਕਮੁ ਤੋਂ ਮੁਨਕਰ ਹੋ ਕੇ, ਜ਼ਿੰਦਗੀ ਦੁੱਖ ਅਤੇ ਚਿੰਤਾ ਵਿੱਚ ਲੰਘ ਰਹੀ ਹੈ। ਮੇਰਾ ਗੁਰੂ ਮੈਨੂੰ ਸੁਚੇਤ ਕਰ ਰਿਹਾ ਹੈ ਕਿ ਉਸਦੇ ਹੁਕਮੁ ਤੋਂ ਮੁਨਕਰ ਹੋ ਕੇ ਆਤਮਿਕ ਜੀਵਨ ਬਰਬਾਦੀ ਵੱਲ ਚਲਾ ਜਾਂਦਾ ਹੈ।
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥
ਭਾਵੇਂ ਮੇਰੀ ਲੰਬੀ ਜ਼ਿੰਦਗੀ ਵਿੱਚ ਮੈਂ ਹਰ ਪਲ ਹੁਕਮੁ ਵਿੱਚ ਨਾ ਰਹਿ ਪਾਵਾਂ ਪਰ ਫਿਰ ਵੀ ਆਤਮਿਕ ਜੀਵਨ ਬਰਬਾਦ ਹੋਣੋਂ ਬਚ ਸਕਦਾ ਹੈ ਜੇ ਅੰਤਰ ਆਤਮਾ ਜਾਗਰੂਕ ਰਹੇ। ਜਾਗਰੂਕ ਰਹੇ ਕਿ ਉਸ ਮਾਲਕ ਦੇ ਬਣਾਏ ਹੁਕਮੁ ਤੋਂ ਮੁਨਕਰ ਨਹੀਂ ਹੋਣਾ।
ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
ਫ਼ਰੀਦ, ਮੈਂ ਪੰਛੀਆਂ ਤੋਂ ਬਲਿਹਾਰੀ ਜਾਂਦਾ ਜੋ ਜੰਗਲ ਵਿੱਚ ਰਹਿੰਦੇ ਨੇ। ਖੁੱਲ੍ਹੇ ਅਸਮਾਨ ਵਿੱਚ ਰਹਿੰਦੇ ਨੇ, ਚੁਗ ਕੇ ਖਾਂਦੇ ਨੇ ਤੇ ਕੁਦਰਤ ਨਾਲ ਜੁੜੇ ਰਹਿੰਦੇ ਨੇ।
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
ਫ਼ਰੀਦ, ਉਹ ਕੁਦਰਤ ਨਾਲ ਜੁੜੇ ਰਹਿੰਦੇ ਨੇ, ਭਾਵੇਂ ਕੋਈ ਵੀ ਰੁੱਤ ਹੋਵੇ, ਪੱਤੇ ਝੜ ਜਾਣ ਜਾਂ ਨਵੇਂ ਆ ਜਾਣ। ਜਿੱਥੇ ਵੀ ਮੈਂ ਦੇਖਦਾ ਹਾਂ, ਉਹ ਹਮੇਸ਼ਾ ਇਸੇ ਤਰ੍ਹਾਂ ਰਹਿੰਦੇ ਨੇ ਭਾਵੇਂ ਕੋਈ ਵੀ ਥਾਂ ਹੋਵੇ।
ਮਃ ੫ ॥ ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਫ਼ਰੀਦ, ਦੁੱਖ ਅਤੇ ਸੁੱਖ ਨੂੰ ਇੱਕ ਕਰਕੇ ਜਾਨਣ ਨਾਲ ਹੀ ਮਨ ਦੇ ਵਿਕਾਰ ਦੂਰ ਹੁੰਦੇ ਨੇ। ਇਹ ਇਸ ਲਈ ਕਿਉਂਕਿ ਉਹ ਮਾਲਕ ਉਸੇ ਅੰਤਰ-ਆਤਮਾ ਵਿੱਚ ਵਾਸ ਕਰਦਾ ਹੈ ਜੋ ਦੁੱਖ-ਸੁੱਖ ਸਬੰਧੀ ਉਸ ਦੇ ਹੁਕਮੁ ਨੂੰ ਸਮਝ ਲੈਂਦਾ ਹੈ।
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥
ਬਖਸ਼ਿਸ਼ ਕਰਨਾ ਉਸ ਮਾਲਕ ਦੇ ਹੱਥ ਹੈ, ਜਿਸ ਲਈ ਕੋਈ ਉਮਰ ਨਿਰਧਾਰਿਤ ਨਹੀਂ ਹੈ। ਕਈ ਆਤਮਿਕ ਪੱਖੋਂ ਜਾਗਦੇ ਹੋਏ ਵੀ ਗਿਆਨ ਨਹੀਂ ਪ੍ਰਾਪਤ ਕਰ ਪਾਉਂਦੇ ਅਤੇ ਕਈ ਸੁਤੇ ਹੋਏ ਜਾਗ ਕੇ ਵੀ ਗਿਆਨ ਪ੍ਰਾਪਤ ਕਰ ਲੈਂਦੇ ਨੇ।
ਆਤਮਿਕ ਸਫ਼ਰ
ਸ਼ੇਖ ਫ਼ਰੀਦ ਦੇ ਅਨੇਕਾਂ ਸਲੋਕ ਅਜਿਹੇ ਹਨ ਜੋ ਇਨਸਾਨ ਨੂੰ ਉਸਦੇ ਆਤਮਿਕ ਸਫ਼ਰ ਬਾਰੇ ਬਹੁ-ਮੁੱਲੇ ਨੁਕਤੇ ਸਮਝਾਉਂਦੇ ਹਨ ਜੋ ਉਸ ਨੂੰ ਇਸ ਸਫ਼ਰ ਉਤੇ ਬਣੇ ਰਹਿਣ ਵਿੱਚ ਸਹਾਈ ਹੁੰਦੇ ਹਨ। ਆਓ, ਅਜਿਹੇ ਹੀ ਕੁੱਝ ਸਲੋਕਾਂ ਉੱਪਰ ਝਾਤੀ ਮਾਰੀਏ।
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥ ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
ਫ਼ਰੀਦ, ਅਜੇਹੀ ਉੱਤਮ ਅਧਿਆਤਮਿਕਤਾ ਦਾ ਰਾਹ ਚੁਣ ਜੋ ਤੈਨੂੰ ਸਿਰਜਣਹਾਰ ਨਾਲ ਮਿਲਾ ਦੇਵੇ। ਪਾਖੰਡ ਵਿੱਚ ਡੁੱਬੀਆਂ ਜਾਅਲੀ/ਫ਼ਰਜ਼ੀ ਅਧਿਆਤਮਿਕਤਾਵਾਂ ਵਿਚੋਂ ਕੁੱਝ ਨਹੀਂ ਨਿਕਲੇਗਾ ਸਿਵਾਏ ਜ਼ਿੰਦਗੀ ਖ਼ਰਾਬ ਹੋਣ ਦੇ।
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥ ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
ਫ਼ਰੀਦ, ਜਦੋਂ ਤੂੰ ਹੁਣ ਸਮਝ ਹੀ ਗਿਆ ਏਂ ਕਿ ਜ਼ਿੰਦਗੀ ਬੜੀ ਛੋਟੀ ਹੈ ਤਾਂ ਸਮਝਦਾਰੀ ਨਾਲ ਜੀਵੋ। ਅਤੇ ਹੁਣ ਜਦੋਂ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਨਿਮਰਤਾ ਨਾਲ ਹੀ ਉਸ ਮਾਲਕ ਨਾਲ ਜੁੜਿਆ ਜਾ ਸਕਦਾ ਹੈ ਤਾਂ ਮੈਂ ਆਪਣੀ ਹਉਮੈਂ ਘਟਾ ਲਈ ਹੈ। ਭਾਵ ਬਿਨਾ ਸਮਾਂ ਗਵਾਏ ਆਪਣੀ ਹਉਮੈਂ ਨੂੰ ਕਾਬੂ ਕਰ।
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
ਮੈਨੂੰ ਇਹ ਅਹਿਸਾਸ ਹੈ ਕਿ ਮੇਰਾ ਰਿਸ਼ਤਾ ਮੇਰੇ ਸਿਰਜਣਹਾਰ ਤੋਂ ਟੁੱਟ ਸਕਦਾ ਹੈ ਤਾਂ ਮੈਂ ਉਸ ਨਾਲ ਇੱਕ ਪੱਕੀ ਗੰਢ ਪਾ ਲਈ ਹੈ। ਇਸ ਲਈ ਕਿਉਂਕਿ ਮੈਂ ਤਜਰਬਾ ਕਰਕੇ ਦੇਖ ਲਿਆ ਹੈ ਕਿ ਤੇਰੇ ਬਰਾਬਰ ਹੋਰ ਕੋਈ ਨਹੀਂ।
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥
ਕਿੰਨੀ ਦੇਰ ਦਰਿਆ ਦੇ ਕਿਨਾਰੇ ਲੱਗਾ ਇੱਕ ਛੋਟਾ ਜਿਹਾ ਰੁਖੜਾ ਬਚਿਆ ਰਹਿ ਸਕਦਾ ਹੈ ਭਾਵ ਕਿੰਨੀ ਦੇਰ ਮੇਰੀ ਰੂਹਾਨੀਅਤ ਬਚੀ ਰਹੂ ਜੇ ਮੇਰੀਆਂ ਆਤਮਿਕ ਜੜ੍ਹਾਂ ਮਜਬੂਤ ਨਹੀਂ। ਫ਼ਰੀਦ, ਕਿੰਨੀ ਦੇਰ ਤੱਕ ਕੱਚੇ ਭਾਂਡੇ ਵਿੱਚ ਪਾਣੀ ਰਹਿ ਸਕਦਾ ਹੈ। ਭਾਵ ਕਿੰਨੀ ਦੇਰ ਤੱਕ ਮੇਰੀ ਜ਼ਿੰਦਗੀ ਮੇਰੇ ਸਰੀਰ ਵਿੱਚ ਰਹਿ ਸਕੇਗੀ। ਭਾਵ ਜਿੰਨੀ ਛੇਤੀ ਹੋ ਸਕੇ ਆਪਣਾ ਆਤਮਿਕ ਪੱਖ ਮਜਬੂਤ ਕਰ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ।
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥ ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਫ਼ਰੀਦ, ਰੂਹਾਨੀਅਤ ਦੀ ਮੰਜ਼ਿਲ ਬੜੀ ਔਖੀ ਹੈ ਪਰ ਫਿਰ ਵੀ ਮੈਂ ਉਸੇ ਰਾਹ ’ਤੇ ਤੁਰਿਆ ਜਿਸ ਉੱਤੇ ਆਮ ਦੁਨੀਆ ਤੁਰਦੀ ਹੈ। ਜੇ ਹੁਣ ਮੈਂ ਰੂਹਾਨੀਅਤ ਵੱਲ ਕਦਮ ਪੁੱਟਾਂ ਵੀ, ਤਾਂ ਜੋ ਹੁਣ ਤੱਕ ਮੈਂ ਦੁਨਿਆਵੀ ਇੱਛਾਵਾਂ/ਮੋਹ ਦਾ ਬੋਝ ਇਕੱਠਾ ਕੀਤਾ ਹੈ, ਇਸ ਤੋਂ ਕਿਵੇਂ ਪਿੱਛਾ ਛੁਡਾਵਾਂ।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
ਫ਼ਰੀਦ, ਜੰਗਲਾਂ ਵਿੱਚ ਕਿਉਂ ਕੰਢਿਆਂ ਨਾਲ ਖੱਜਲ ਹੁੰਦਾ, ਭਟਕ ਰਿਹਾ ਏ। ਜੋ ਸਿਰਜਣਹਾਰ ਮੇਰੇ ਅੰਦਰ ਹੀ ਵਸਦਾ ਹੈ ਉਸ ਨੂੰ ਜੰਗਲਾਂ ਵਿੱਚ ਕਿਉਂ ਲੱਭਣਾ।
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ੍ਹਿ ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
ਫ਼ਰੀਦ, ਉਸ ਕਰਤੇ ਦੀ ਭਾਲ ਵਿੱਚ ਇਨਸਾਨ ਐਨਾ ਯੋਗ ਹੈ ਹੀ ਨਹੀਂ ਕਿ ਉਹ ਵੱਡੇ-ਵੱਡੇ ਪਹਾੜਾਂ ਅਤੇ ਜੰਗਲਾਂ ਨੂੰ ਗਾਹ ਸਕੇ। ਉਸ ਸਿਰਜਣਹਾਰ ਨੂੰ ਦੂਰ ਪਹਾੜਾਂ ਵਿੱਚ ਤਾਂ ਕੀ ਲੱਭਣਾ ਸੀ, ਮੇਰੇ ਅੱਜ ਦੇ ਹਾਲਾਤ ਤਾਂ ਅਜਿਹੇ ਹਨ ਕਿ ਉਹ ਮੇਰੇ ਅੰਦਰ ਹੁੰਦਿਆਂ ਵੀ, ਮੈਂ ਉਸ ਤੋਂ ਕੋਹਾਂ ਦੂਰ ਹੋ ਗਿਆ ਹਾਂ।
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
ਆਪਣੇ ਆਪ ਨੂੰ ਜਾਣ ਕੇ ਮੈਂ ਆਪਣੇ ਆਪ ਨੂੰ ਸਵਾਰਿਆ ਅਤੇ ਇਹ ਅਵਸਥਾ ਸੁੱਖ ਵਾਲੀ ਹੈ। ਫ਼ਰੀਦ, ਜੇ ਤੂੰ ਆਪਣੇ ਆਪ ਨੂੰ ਮਿਲਿਆ ਰਹੇ ਤਾਂ ਆਪਣੀ ਅੰਦਰਲੀ ਸਾਰੀ ਆਤਮਿਕ ਦੁਨੀਆ ਨੂੰ ਵੀ ਪਛਾਣ ਲਵੇਂਗਾ।
ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ॥ ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥
ਫ਼ਰੀਦ, ਰੱਬ ਨਾਲ ਇੱਕ ਹੋਣ ਦਾ ਰਾਹ ਸੌਖਾ ਨਹੀਂ, ਉੱਪਰੋਂ ਉਸ ਲਈ ਮੇਰਾ ਪਿਆਰ ਵੀ ਡੂੰਘਾ ਨਹੀਂ (ਸਤਹੀ ਹੈ)। ਇਸੇ ਲਈ ਵਿਰਲੇ ਹੀ ਇਸ ਰਾਹ ਉੱਪਰ ਲਗਾਤਾਰ ਚਲਦੇ ਹਨ।
ਨਿਸ਼ਚਾ
ਇਮਤਿਹਾਨ ਵਿੱਚ ਚੰਗੇ ਨੰਬਰ ਲੈਣੇ ਹੋਣ, ਕੋਈ ਵੱਡੀ ਨੌਕਰੀ ਲੈਣੀ ਹੋਵੇ, ਕੋਈ ਵੱਡਾ ਵਪਾਰਿਕ ਸੌਦਾ ਕਰਨਾ ਹੋਵੇ ਜਾਂ ਫਿਰ ਕੋਈ ਵੀ ਹੋਰ ਦੁਨਿਆਵੀ ਮੰਜ਼ਿਲ ਸਰ ਕਰਨੀ ਹੋਵੇ ਤਾਂ ਉਸ ਨੂੰ ਤਰਜੀਹ, ਤਿਆਰੀ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਜ਼ਰੂਰੀ ਹੁੰਦਾ ਹੈ ਉਸ ਟੀਚੇ ਨੂੰ ਪਾ ਲੈਣ ਦਾ ਨਿਸ਼ਚਾ। ਰੂਹਾਨੀਅਤ ਦੀ ਮੰਜ਼ਿਲ ਜਾਂ ਕਹਿ ਲਵੋ ਸਚਿਆਰ ਬਣਨ ਦਾ ਆਤਮਿਕ ਸਫ਼ਰ ਵੀ ਇੱਕ ਵੱਡਾ, ਮਜਬੂਤ ਅਤੇ ਤਕੜਾ ਨਿਸ਼ਚਾ ਮੰਗਦਾ ਹੈ। ਕਿਸ ਹੱਦ ਤੱਕ ਮਜਬੂਤ ਨਿਸ਼ਚੇ ਦੀ ਗੱਲ ਫ਼ਰੀਦ ਜੀ ਕਰ ਰਹੇ ਹਨ, ਆਓ ਦੇਖੀਏ।
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥
ਫ਼ਰੀਦ, ਸਚਿਆਰਤਾ ਵੱਲ ਦੇ ਮੇਰੇ ਰਸਤੇ ਵਿੱਚ ਮੇਰੇ ਘਟੀਆ ਵਿਚਾਰਾਂ ਦਾ ਚਿੱਕੜ ਹੈ ਅਤੇ ਮੰਜ਼ਿਲ ਮੇਰੀ ਦੂਰ ਹੈ। ਪਰ ਇਸ ਦੇ ਬਾਵਜੂਦ ਮੈਂ ਪਿਆਰੇ ਸਿਰਜਣਹਾਰ ਦੇ ਪਿਆਰ ਵਿੱਚ ਭਿੱਜਿਆ ਹੋਇਆ ਹਾਂ। ਜੇ ਇਸ ਰਸਤੇ ਉੱਪਰ ਤੁਰਦਾ ਹਾਂ ਤਾਂ ਮਾਨਸਿਕ ਮੁਸ਼ੱਕਤ ਕਰਨੀ ਪਵੇਗੀ ਪਰ ਜੇ ਨਹੀਂ ਤੁਰਦਾ ਤਾਂ ਉਸ ਨਾਲ ਮੇਰਾ ਪਿਆਰ ਵਾਲਾ ਰਿਸ਼ਤਾ ਟੁੱਟ ਜਾਵੇਗਾ।
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
ਪਰ ਜੇ ਇਹ ਰਾਹ ਔਖਾ ਹੈ ਤਾਂ ਫੇਰ ਹੁਣ ਔਖ ਦਾ ਮੀਂਹ ਹੀ ਆ ਜਾਵੇ। ਮੈਂ ਇਸ ਰਾਹ ‘ਤੇ ਤੁਰਾਂਗਾ ਤਾਂ ਜੋ ਉਸ ਸਿਰਜਣਹਾਰ ਨਾਲ ਮੇਰਾ ਪਿਆਰ ਦਾ ਰਿਸ਼ਤਾ ਬਣਿਆ ਰਹੇ।
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥
ਫ਼ਰੀਦ, ਮੈਨੂੰ ਆਪਣੀ ਪੱਗ (ਦੁਨਿਆਵੀ ਪੱਤ/ਲੋਕ ਲਾਜ) ਦਾ ਫ਼ਿਕਰ ਸੀ ਕਿ ਕਿਤੇ ਇਹ ਮਿੱਟੀ ਨਾਲ ਮੈਲੀ ਨਾ ਹੋ ਜਾਵੇ। ਪਰ ਮੈਂ ਅਗਿਆਨੀ ਨੇ (ਮੇਰੀ ਅੰਤਰ-ਆਤਮਾ ਨੇ) ਇਹ ਗੱਲ ਘਰ ਹੀ ਨਾ ਕੀਤੀ (ਮਨ ਵਿਚ ਨਾ ਬਿਠਾਈ) ਕਿ ਇੱਕ ਦਿਨ ਮੈਂ ਵੀ ਮਿੱਟੀ ਹੋ ਜਾਣਾ ਹੈ।
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
ਫ਼ਰੀਦ, ਅਧਿਆਤਮਿਕਤਾ ਦੇ ਸਫ਼ਰ ਤੋਂ ਬਿਨਾ ਜੀਵੀ ਜ਼ਿੰਦਗੀ, ਕੋਈ ਭਲੀ ਜ਼ਿੰਦਗੀ ਨਹੀਂ, ਉਹ ਮੇਰਿਆ ਲਾਲਚੀ ਮਨਾ। ਮੈਂ ਕਦੇ ਵੀ ਇੱਕ, ਗੁਣਾਂ ਨਾਲ ਭਰਪੂਰ ਜ਼ਿੰਦਗੀ ਬਣਾਉਣ ਲਈ ਲੋੜੀਂਦੇ ਕੰਮ ਨਹੀਂ ਕੀਤੇ।
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥
ਰੱਬੀ ਗਿਆਨ ਪ੍ਰਾਪਤ ਕਰ ਫ਼ਰੀਦ ਅਤੇ ਜਵਾਨੀ ਵਿੱਚ ਹੀ ਰੱਬੀ ਕੰਮਾਂ ਨਾਲ ਆਪਣਾ ਜੀਵਨ ਸੰਵਾਰ ਲੈ। ਉਹ ਮਨ ਜੋ ਸਾਂਈ ਦੇ ਹੁਕਮੁ ਵਿੱਚ ਨਾ ਰਹੇ, ਉਹ ਆਤਮਿਕ ਤੌਰ ‘ਤੇ ਮਰਿਆ ਹੀ ਹੈ।
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ॥ ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥
ਮੈਂ ਆਪਣੇ ਮਨ ਦਾ ਕੀ ਕਰਾਂ ਜੋ ਸਿਰਜਣਹਾਰ ਦੇ ਹੁਕਮੁ ਵਿੱਚ ਨਹੀਂ ਰਹਿੰਦਾ। ਮੈਂ ਇਸ ਨੂੰ ਚੁੱਲ੍ਹੇ ਦੇ ਬਾਲਣ ਸਮਾਨ ਹੀ ਸਮਝਾਂ ਜੋ ਕਿ ਰੱਬ ਰਹਿਤ, ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਮਰ ਗਿਆ ਹੈ।
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ ॥ ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥
ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਲਈ ਮੈਂ ਆਪਣਾ ਸਰੀਰ ਤੰਦੂਰ ਵਾਂਗ ਤਪਾ ਲਵਾਂ ਅਤੇ ਆਪਣੇ ਹੱਡ ਉਸ ਵਿੱਚ ਬਾਲਣ ਵਾਂਗ ਮਚਾ ਦਿਆਂ। ਉਸ ਨੂੰ ਮਿਲਣ ਖ਼ਾਤਰ ਜੇ ਮੈਂ ਤੁਰਦਾ-ਤੁਰਦਾ ਥੱਕ ਜਾਵਾਂ ਤਾਂ ਮੈਂ ਸਿਰ ਪਰਨੇ ਤੁਰ ਕੇ ਉਸ ਤੱਕ ਪਹੁੰਚ ਜਾਂਵਾ।
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥
ਗੁਰੂ ਨਾਨਕ ਫੁਰਮਾਉਂਦੇ ਹਨ ਕਿ ਨਾ ਮੈਨੂੰ ਤੰਦੂਰ ਵਾਂਗ ਤਨ ਤਪਾਉਣ ਦੀ ਲੋੜ ਹੈ ਤੇ ਨਾ ਹੱਡ ਬਾਲਣ ਦੀ। ਮੇਰੇ ਸਿਰ ਅਤੇ ਪੈਰਾਂ ਦਾ ਵੀ ਕੋਈ ਦੋਸ਼ ਨਹੀਂ ਜੋ ਮੈਂ ਇਹਨਾਂ ਨੂੰ ਐਨਾ ਦੁੱਖ ਦੇਵਾਂ; ਉਹ ਮਨਾਂ, ਉਸ ਪਿਆਰੇ ਸਿਰਜਣਹਾਰ ਨੂੰ ਆਪਣੇ ਅੰਦਰ ਹੀ ਪਾ ਲੈ।
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥
ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਜਿਸ ਪਿਆਰੇ ਸੱਜਣ ਨੂੰ ਮੈਂ ਲੱਭ ਰਿਹਾ ਸੀ, ਉਹ ਤਾਂ ਮੇਰੇ ਨਾਲ ਮੇਰੇ ਅੰਦਰ ਹੈ। ਨਾਨਕ, ਉਸ ਦਾ ਐਸਾ ਕੋਈ ਰੂਪ ਨਹੀਂ ਜਿਸ ਨੂੰ ਪਛਾਣ ਕੇ ਮੈਂ ਉਸ ਨੂੰ ਲੱਭ ਲਵਾਂ। ਗੁਰੂ ਦੇ ਬਖਸ਼ੇ ਸ਼ਬਦ ਦੇ ਸਦਕਾ ਮੈਂ ਉਸ ਨੂੰ ਆਪਣੇ ਅੰਦਰ ਹੀ ਮਹਿਸੂਸ ਕਰ ਸਕਦਾ ਹਾਂ।
ਮਿਲਾਪ
ਔਗੁਣਾਂ ਨੂੰ ਦੂਰ ਕਰਨਾ, ਗੁਣਾਂ ਨੂੰ ਪੈਦਾ ਕਰਨਾ, ਹੁਕਮੁ ਨੂੰ ਸਮਝਣਾ ਅਤੇ ਇਸ ਵਿੱਚ ਤੁਰਨਾ – ਇਹ ਸਭ ਮੁਸ਼ੱਕਤ ਸਿਰਫ਼ ਤੇ ਸਿਰਫ਼ ਉਸ ਇੱਕ ਨਾਲ ਮਿਲਾਪ ਦੀ ਕਵਾਇਦ ਹੈ। ਉਸ ਮਿਲਾਪ ਬਾਰੇ, ਉਸ ਦੇ ਲਾਭ ਬਾਰੇ ਬਾਬਾ ਫ਼ਰੀਦ ਅਤੇ ਗੁਰੂ ਅਰਜਨ ਸਾਹਿਬ ਦੇ ਕੁੱਝ ਸਲੋਕ ਇਸ ਤਰ੍ਹਾਂ ਹਨ।
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥
ਮੈਨੂੰ ਮੇਰੀਆਂ ਗੁੱਝੀਆਂ ਦੁਨਿਆਵੀ ਹਸਰਤਾਂ ਦੀ ਨਾ ਜਾਣਕਾਰੀ ਸੀ ਤੇ ਨਾ ਹੀ ਅਹਿਸਾਸ। ਮੇਰੇ ਮਾਲਕ ਨੇ ਮੇਰੇ ਉੱਪਰ ਇਹ ਬਖਸ਼ਿਸ਼ ਕੀਤੀ ਕਿ ਮੈਨੂੰ ਇਹਨਾਂ ਇਛਾਵਾਂ ਦਾ ਅਹਿਸਾਸ ਹੋਇਆ, ਨਹੀਂ ਤਾਂ ਮੈਂ ਵੀ ਇਹਨਾਂ ਵਿੱਚ ਝੁਲਸ ਜਾਣਾ ਸੀ।
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥
ਫ਼ਰੀਦ, ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਮੱਝ ਦਾ ਦੁੱਧ। ਇਹ ਸਭ ਮਿੱਠਾ ਤੇ ਆਨੰਦ ਦੇਣ ਵਾਲਾ ਹੈ ਪਰ ਇਹ ਆਤਮਿਕ ਖੇੜੇ ਦੇ ਬਰਾਬਰ ਨਹੀਂ। ਭਾਵ ਦੁਨਿਆਵੀ ਵਸਤਾਂ ਦਾ ਆਨੰਦ, ਆਤਮਿਕ ਆਨੰਦ ਦੇ ਮੁਕਾਬਲੇ ਕੁੱਝ ਵੀ ਨਹੀਂ।
ਮਹਲਾ ੫ ॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥
ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਫ਼ਰੀਦ, ਇਸ ਰੰਗ-ਬਿਰੰਗੀ ਧਰਤੀ ਉੱਪਰ ਇੱਕ ਕੰਡਿਆਂ ਦਾ ਬਾਗ਼ ਹੈ ਭਾਵ ਇਹ ਸੰਸਾਰ ਬੜਾ ਮਨਮੋਹਕ ਹੈ ਜਿਸ ਵਿੱਚ ਅਸੀਂ ਦੁਨਿਆਵੀ ਇੱਛਾਵਾਂ ਨਾਲ ਭਰੀ ਜ਼ਿੰਦਗੀ ਜੀਅ ਰਹੇ ਹਾਂ। ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੇ ਚਾਹਵਾਨ, ਦੁਨਿਆਵੀ ਇਛਾਵਾਂ ਦੇ ਦੁੱਖਾਂ ਤੋਂ ਬਚ ਜਾਂਦੇ ਨੇ।
ਮਃ ੫ ॥ ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਫ਼ਰੀਦ, ਮੈਨੂੰ ਉਸ ਸਿਰਜਣਹਾਰ ਦੇ ਪਿਆਰ ਵਿੱਚ ਭਿੱਜ ਕੇ ਇਹ ਅਹਿਸਾਸ ਹੋਇਆ ਕਿ ਉਹ ਸਿਰਜਣਹਾਰ ਬਹੁਤ ਪਿਆਰ ਕਰਨ ਵਾਲਾ ਹੈ ਦਰਿਆ-ਦਿਲ ਹੈ ਤੇ ਨਾ ਉਸ ਨੂੰ ਕਿਸੇ ਚੀਜ਼ ਦੀ ਝਾਕ ਹੈ।
ਮਃ ੫ ॥ ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਫ਼ਰੀਦ, ਦੁਨੀਆ ਦੁੱਖ ਅਤੇ ਸੁੱਖ ਦੇ ਤਾਲ ਉੱਪਰ ਨੱਚਦੀ ਫਿਰਦੀ ਹੈ ਭਾਵ ਦੁੱਖ ਅਤੇ ਸੁੱਖ ਦਾ ਅਸਰ ਕਬੂਲਦੀ ਹੈ ਤੇ ਓਹੀ ਹਾਲ ਤੇਰਾ ਹੈ। ਸਿਰਫ਼ ਓਹੀ ਅੰਤਰ-ਆਤਮਾ ਦੁੱਖ ਅਤੇ ਸੁੱਖ ਦੇ ਅਸਰ ਤੋਂ ਬਚੀ ਰਹਿੰਦੀ ਹੈ ਜਿਸ ਦਾ ਓਟ ਆਸਰਾ ਉਹ ਸਿਰਜਣਹਾਰ ਕਰਦਾ ਹੈ ਭਾਵ ਜੋ ਉਸ ਨਾਲ ਜੁੜੀ ਹੋਈ ਹੈ।
ਬਾਬਾ ਸ਼ੇਖ ਫ਼ਰੀਦ ਦੇ ਸਲੋਕਾਂ ਵਿੱਚ ਅਨੇਕਾਂ ਬਾਰੀਕ ਤੱਤ ਹਨ ਅਤੇ ਬਹੁਤਿਆਂ ਤੱਤਾਂ ਨੂੰ ਇੱਕ ਤੋਂ ਵੱਧ ਸ਼੍ਰੇਣੀਆਂ ਵਿੱਚ ਪਾ ਕੇ ਸਮਝਿਆ ਜਾ ਸਕਦਾ ਹੈ। ਇੱਕ-ਇੱਕ ਸਲੋਕ ਵਿੱਚ ਐਨੀ ਗਹਿਰਾਈ ਹੈ ਕਿ ਇੱਕ ਸਲੋਕ ਉੱਪਰ ਹੀ ਇੱਕ ਲੇਖ ਲਿਖਿਆ ਜਾ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸ਼ੇਖ ਫ਼ਰੀਦ ਦੇ ਸਲੋਕ ਸਮਝਣ ਦਾ ਇਹ ਤਰੀਕਾ ਕਈ ਜਗਿਆਸੂਆਂ ਦੇ ਕੰਮ ਆਵੇਗਾ। ਤਰੀਕਾ ਕੋਈ ਵੀ ਹੋਵੇ, ਗੱਲ ਸਮਝ ਆਉਣ ਦੀ ਹੈ, ਗੱਲ ਆਪਣੇ ਅੰਦਰ ਉਤਾਰਨ ਦੀ ਹੈ।
ਮਨਿੰਦਰ ਸਿੰਘ ਕੈਨੇਡਾ
5 ਅਕਤੂਬਰ, 2025

Leave a Reply