ਜਵਾਨੀ, ਬੁਢਾਪਾ, ਮੌਤ ਅਤੇ ਰੱਬੀ ਗੁਣ (ਸਲੋਕ ਸੇਖ ਫਰੀਦ ਕੇ – ਮੁੱਖ ਤੱਤ, ਭਾਗ -1)

A symbolic landscape illustrating themes of youth, old age, death, and divine virtues from Salok Sheikh Farid Ke.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫ਼ਰੀਦ ਜੀ ਦੀ ਬਾਣੀ ਚਾਰ ਥਾਵਾਂ ਉੱਪਰ ਹੇਠ ਲਿਖੇ ਅਨੁਸਾਰ ਦਰਜ ਹੈ। ਪੰਨਾ-488 ਉੱਪਰ ਰਾਗ ਆਸਾ ਵਿੱਚ 2 ਸ਼ਬਦ, ਪੰਨਾ 794 ਉੱਪਰ 2 ਸ਼ਬਦ ਅਤੇ ਪੰਨਾ 957-966 ਵਿੱਚ ਦਰਜ ਰਾਮਕਲੀ ਕੀ ਵਾਰ ਵਿਚਲੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਅਤੇ ਭਗਤ ਕਬੀਰ ਜੀ ਦੀ ਬਾਣੀ ਦੇ ਨਾਲ ਸ਼ੇਖ ਫ਼ਰੀਦ ਜੀ ਦੀ ਬਾਣੀ ਵੀ ਦਰਜ ਹੈ। ਪਰ ਸਭ ਤੋਂ ਵੱਧ ਜੋ ਸ਼ੇਖ ਫ਼ਰੀਦ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਉਹ ਹੈ ਸਲੋਕ ਸੇਖ ਫਰੀਦ ਕੇ, ਜੋ ਕਿ ਪੰਨਾ 1377 ਤੋਂ 1385 ਵਿਚਕਾਰ ਦਰਜ ਹੈ। ਇਸ ਵਿੱਚ ਕੁੱਲ 130 ਸਲੋਕ ਹਨ। ਇਨ੍ਹਾਂ ’ਚੋਂ 112 ਸਲੋਕ ਫ਼ਰੀਦ ਜੀ ਦੇ ਲਿਖੇ ਹੋਏ ਹਨ ਅਤੇ 28 ਸਲੋਕ ਗੁਰੂ ਨਾਨਕ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਲਿਖੇ ਹੋਏ ਹਨ।

 ਮੈਂ ਪਿਛਲੇ ਦਿਨੀਂ ਸ. ਕਰਮਿੰਦਰ ਸਿੰਘ ਢਿੱਲੋਂ (ਪੀ.ਐੱਚ.ਡੀ.) ਵਲੋਂ ਲਿਖੀ ਅੰਗਰੇਜ਼ੀ ਦੀ ਕਿਤਾਬ Understanding Salok Sheikh Fareed Kay ਪੜ੍ਹੀ। ਗੁਰਬਾਣੀ ਵਿਆਖਿਆ ’ਚ ਜੋ ਕੰਮ ਡਾ. ਕਰਮਿੰਦਰ ਸਿੰਘ ਢਿੱਲੋਂ ਨੇ ਕਰਕੇ ਵਿਖਾਇਆ ਹੈ ਉਹ ਅਜੇ ਤੱਕ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਜਿਸ ਤਰ੍ਹਾਂ ਉਹ ਸੰਦਰਭ ’ਚੋਂ ਨਿਕਲੇ ਬਗੈਰ, ਪਿਛਲੀ ਪੰਕਤੀ ਨੂੰ ਅਗਲੀ ਪੰਕਤੀ ਨਾਲ ਜੋੜਦੇ ਹੋਏ ਅਰਥ ਕਰਦੇ ਹਨ, ਅਜਿਹਾ ਅੱਜ ਤੱਕ ਕੋਈ ਵੀ ਵਿਆਖਿਆਕਾਰ ਨਹੀਂ ਕਰ ਸਕਿਆ। ਇਹ ਉਹ ਵਿਲੱਖਣ ਰਾਹ ਹੈ ਜੋ ਸਾਨੂੰ ਬਾਣੀ ਰਚੇਤਾਵਾਂ ਦੇ ਉਨ੍ਹਾਂ ਸੰਦੇਸ਼ਾਂ ਤੱਕ ਲੈ ਜਾਂਦਾ ਹੈ ਜੋ ਉਹ ਅਸਲ ਵਿੱਚ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਨ। ਇਸ ਲੇਖ ਵਿਚ ਸਲੋਕਾਂ ਦੇ ਅਰਥ ਉਹਨਾਂ ਦੀ ਉਪਰ ਦੱਸੀ ਗਈ ਕਿਤਾਬ ਵਿਚਲੀ ਵਿਆਖਿਆ ਦੇ ਅਧਾਰ ‘ਤੇ ਕੀਤੇ ਗਏ ਹਨ।

ਸ਼ੇਖ ਫ਼ਰੀਦ ਜੀ ਦੇ ਸਲੋਕ ਮੈਂ ਸੁਣੇ ਤਾਂ ਸੈਂਕੜੇ ਵਾਰ ਹੋਣਗੇ ਪਰ ਸਮਝੇ ਪਹਿਲੀ ਵਾਰ। ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਮੈਂ ਦੱਸ ਦੇਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 35 ਸਚਿਆਰਿਆਂ ਦੀ ਬਾਣੀ ਦਰਜ ਹੈ, ਜਿਨ੍ਹਾਂ ’ਚ 6 ਸਿੱਖ ਗੁਰੂ ਸ਼ਾਮਿਲ ਹਨ। ਪਰ ਸਭ ਤੋਂ ਪੁਰਾਣੀ ਬਾਣੀ ਸ਼ੇਖ ਫ਼ਰੀਦ ਜੀ ਦੀ ਹੈ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਤੋਂ ਉਮਰ ’ਚ ਲਗਭਗ 300 ਕੁ ਸਾਲ ਵੱਡੇ ਹਨ। ਇਹੀ ਵਜ੍ਹਾ ਹੈ ਕਿ ਫ਼ਰੀਦ ਜੀ ਵਲੋਂ ਵਰਤੀ ਗਈ ਪੰਜਾਬੀ, ਪੜ੍ਹਨ ਅਤੇ ਸਮਝਣ ’ਚ ਔਖੀ ਜਾਪਦੀ ਹੈ। ਇਸ ਲਈ ਇਸ ਦੇ ਅਰਥ ਕਰਨੇ ਹੋਰ ਵੀ ਔਖੇ ਹੋ ਜਾਂਦੇ ਹਨ। ਪਰ ਜਦੋਂ ਇੱਕ ਵਾਰ ਮਤਲਬ ਸਮਝ ਆ ਜਾਵੇ ਤਾਂ ਫੇਰ ਸਾਨੂੰ ਇਸ ’ਚ ਜੜੇ ਆਤਮਿਕ ਹੀਰੇ-ਮੋਤੀ ਦਿਖਣ ਲੱਗ ਪੈਂਦੇ ਹਨ।

ਭਾਵੇਂ ਸ਼ੇਖ ਫ਼ਰੀਦ ਜੀ ਦੀ ਇਸ ਬਾਣੀ ਵਿੱਚ ਅਨੇਕਾਂ ਅਧਿਆਤਮਿਕ ਮੋਤੀ ਲੁਕੇ ਪਏ ਨੇ ਪਰ ਇਸ ਲੇਖ ਦਾ ਮਕਸਦ ਫ਼ਰੀਦ ਜੀ ਦੀ ਬਾਣੀ ਦੇ ਮੁੱਖ ਤੱਤਾਂ ਨੂੰ ਵੱਖ-ਵੱਖ ਕਰਕੇ ਸਮਝਣ ਦੀ ਹੈ। ਮੈਂ ਇਹਨਾਂ ਤੱਤਾਂ ਨੂੰ ਕੁੱਲ 6-7 ਹਿੱਸਿਆਂ ਵਿੱਚ ਵੰਡਿਆ ਹੈ। ਜਿਵੇਂ 1. ਜਵਾਨੀ ਅਤੇ ਬੁਢਾਪਾ 2. ਮੌਤ 3. ਰੱਬੀ ਗੁਣ 4. ਔਗੁਣ 5. ਔਗੁਣਾਂ ਤੋਂ ਪੈਦਾ ਹੋਣ ਵਾਲੇ ਦੁੱਖ 6. ਸੱਚਿਆਰਤਾ ਦਾ ਹੁਕਮੁ ਅਤੇ ਕੋਸ਼ਿਸ਼ਾਂ 7. ਮਿਲਾਪ ਦਾ ਆਨੰਦ 

ਇਸ ਲੰਬੇ ਲੇਖ ਦੇ ਪਹਿਲੇ ਭਾਗ ਵਿੱਚ ਆਪਾਂ ਪਹਿਲੇ ਤਿੰਨ ਤੱਤ ਵਿਚਾਰਾਂਗੇ।  

ਜਵਾਨੀ ਅਤੇ ਬੁਢਾਪਾ

ਦੁਨੀਆ ਦੇ ਬਹੁਤੇ ਲੋਕ ਇਹ ਸਮਝਦੇ ਨੇ ਕਿ ਜਵਾਨੀ ਕਮਾਉਣ, ਖਾਣ-ਪੀਣ ਅਤੇ ਹੰਢਾਉਣ ਲਈ ਹੁੰਦੀ ਹੈ ਅਤੇ ਬੁਢਾਪਾ ਰੱਬ ਦਾ ਨਾਮ ਲੈਣ ਨੂੰ। ਬੁਢਾਪਾ ਸ਼ਾਇਦ ਇਸ ਲਈ ਵੀ ਠੀਕ ਸਮਝਿਆ ਜਾਂਦਾ ਹੈ ਕਿ ਉਸ ਵੇਲੇ ਤੱਕ ਇਨਸਾਨ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਸੁਰਖ਼ਰੂ ਹੋ ਜਾਂਦਾ ਹੈ। ਪਰ ਬਾਬਾ ਫ਼ਰੀਦ ਜੀ ਆਪਣੇ ਸਲੋਕਾਂ ਵਿੱਚ ਕੁੱਝ ਹੋਰ ਫੁਰਮਾ ਰਹੇ ਹਨ।

1. ਪਹਿਲਾ ਅਹਿਸਾਸ ਜੋ ਇਸ ਸਬੰਧੀ ਉਨ੍ਹਾਂ ਦੀ ਬਾਣੀ ’ਚੋਂ ਮਿਲਦਾ ਹੈ, ਉਹ ਇਹ ਹੈ ਕਿ ਮੈਂ ਜਵਾਨੀ ਹੰਢਾਅ ਆਇਆ ਹਾਂ, ਬੁਢਾਪਾ ਆ ਚੁੱਕਾ ਹੈ ਤੇ ਰੱਬ ਨਾਲ ਮੇਰਾ ਮੇਲ ਹਾਲੇ ਤੱਕ ਹੋਇਆ ਨਹੀਂ ਅਤੇ ਉਪਰੋਂ ਮੇਰੀਆਂ ਇੰਦਰੀਆਂ ਕਮਜ਼ੋਰ ਪੈ ਗਈਆਂ ਨੇ ਭਾਵ ਸੁਣਨਾ, ਦੇਖਣਾ, ਯਾਦ ਰੱਖਣਾ ਆਦਿ ਪਹਿਲਾਂ ਵਰਗਾ ਨਹੀਂ ਰਿਹਾ। ਜਿਵੇਂ ਕਿ ਹੇਠ ਲਿਖੇ ਸਲੋਕਾਂ ’ਚ ਜ਼ਿਕਰ ਕੀਤਾ ਗਿਆ ਹੈ।

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥

ਫ਼ਰੀਦ, ਮੇਰੇ ਜ਼ਿੰਦਗੀ ਦੇ ਸਫ਼ਰ ਵਿੱਚ ਮੇਰੀ ਜਵਾਨੀ ਬੁਢਾਪੇ ਵਿੱਚ ਬਦਲ ਗਈ ਹੈ। ਮੈਂ ਕਿਸ ਕੋਲ ਆਪਣਾ ਦੁਖੜਾ ਰੋਵਾਂ ਕਿ ਅਜੇ ਤੱਕ ਮੈਂ ਉਸ ਰੱਬ ਨਾਲ ਜੁੜ ਨਹੀਂ ਸਕਿਆ।

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥

ਕਿਸ ਕੋਲ ਰੋਵਾਂ ਕਿ ਮੇਰੀਆਂ ਅੱਖਾਂ ਹੁਣ ਸਹੀ ਤਰ੍ਹਾਂ ਦੇਖ ਨਹੀਂ ਸਕਦੀਆਂ ਅਤੇ ਕੰਨ ਹੁਣ ਚੰਗੀ ਤਰ੍ਹਾਂ ਸੁਣ ਨਹੀਂ ਪਾਉਂਦੇ। ਬਾਕੀ ਇੰਦਰੀਆਂ ਵੀ ਉਸ ਤਰ੍ਹਾਂ ਕੰਮ ਨਹੀਂ ਕਰਦੀਆਂ ਜਿਸ ਤਰ੍ਹਾਂ ਕਰਨਾ ਚਾਹੀਦਾ ਹੈ।

2. ਦੂਜਾ- ਇਹ ਕਿ ਜੇ ਜਵਾਨੀ ਵਿੱਚ ਉਸ ਮਾਲਿਕ ਨਾਲ ਪ੍ਰੇਮ ਨਹੀਂ ਪਿਆ ਤਾਂ ਬੁਢਾਪੇ ਵਿੱਚ ਬਹੁਤ ਮੁਸ਼ਕਿਲ ਹੈ। ਜਵਾਨੀ ਵਿੱਚ ਉਸ ਕਰਤੇ ਨਾਲ ਨਾ ਜੁੜਨ ਦਾ ਮਤਲਬ, ਆਪਣਾ ਸਭ ਤੋਂ ਢੁੱਕਵਾਂ ਸਮਾਂ ਬਰਬਾਦ ਕਰਨਾ ਹੈ।

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥ ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥

ਫ਼ਰੀਦ, ਜਦੋਂ ਤੇਰੇ ਕੋਲ ਮੌਕਾ ਸੀ ਕਿ ਤੂੰ ਆਪਣਾ ਆਤਮਿਕ ਸਫ਼ਰ ਤਹਿ ਕਰ ਸਕਦਾ, ਓ ਮੇਰੇ ਮਨਾਂ, ਉਸ ਵੇਲੇ ਤੂੰ ਦੁਨੀਆ ਦੇ ਰੰਗਾਂ ਵਿਚ ਰੰਗਿਆ ਰਿਹਾ। ਇਸ ਕਾਰਨ ਮੇਰੀ ਆਤਮਿਕ ਮੌਤ ਮੇਰੀ ਸੋਚ ਦੀਆਂ ਨੀਹਾਂ ਵਿਚ ਬੈਠ ਗਈ ਅਤੇ ਆਤਮਿਕ ਸਫ਼ਰ ਦਾ ਬੋਝ ਬਣ ਗਈ।

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥੧੨॥

ਫ਼ਰੀਦ, ਜੇ ਜਵਾਨ ਉਮਰ ਵਿੱਚ ਰੱਬ ਨਾਲ ਨਾ ਜੁੜਿਆ ਤਾਂ ਬੁਢਾਪੇ ਵਿੱਚ ਜੁੜਨ ਦੀ ਉਮੀਦ ਬਹੁਤ ਘੱਟ ਹੈ। ਇਸ ਲਈ ਜਵਾਨੀ ਵਿੱਚ ਹੀ ਰੱਬ ਦੇ ਪਿਆਰ ਵਿੱਚ ਰਤਿਆ ਰਹਿ ਤਾਂ ਜੋ ਬੁਢਾਪੇ ਵਿੱਚ ਵੀ ਇਹ ਪਿਆਰ ਨਵੇਂ ਵਾਂਗ ਬਣਿਆ ਰਹੇ।

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਇਕ ਸਲੋਕ ਇਥੇ ਦਰਜ ਹੈ ਤਾਂ ਜੋ ਫ਼ਰੀਦ ਜੀ ਦੇ ਉਪਰਲੇ ਸਲੋਕ ਤੋਂ ਕੋਈ ਭੁਲੇਖਾ ਨਾ ਪੈ ਜਾਵੇ ਕਿ ਸਿਰਫ ਜਵਾਨੀ ਵਿਚ ਹੀ ਸਚਿਆਰ ਹੋਇਆ ਜਾ ਸਕਦਾ ਹੈ ਜਾਂ ਸਿਰਫ ਜਵਾਨੀ ਵਿਚ ਹੀ ਉਸ ਪਿਆਰੇ ਨਾਲ ਪਿਆਰ ਪੈ ਸਕਦਾ ਹੈ।
ਮਃ ੩ ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥

ਫ਼ਰੀਦ, ਉਸ ਸਾਹਿਬ ਲਈ ਪਿਆਰ ਦਾ ਅਹਿਸਾਸ, ਸਭ ਲਈ ਹੈ, ਜਵਾਨ ਹੋਵੇ ਜਾਂ ਵਿਰਧ। ਮੇਰਾ ਉਸ ਕਰਤੇ ਨਾਲ ਪਿਆਰ ਦਾ ਰਿਸ਼ਤਾ ਨਹੀਂ ਬਣਨਾ ਜੇ ਮੈਂ ਉਸ ਨੂੰ ਛੱਡ ਬਾਕੀ ਹਰ ਚੀਜ਼ ਨੂੰ ਪਾਉਣ ਦੀ ਆਸ ਵਿਚ ਹਾਂ। ਇਸ ਰਿਸ਼ਤੇ ਦੀ ਬਖਸ਼ਿਸ਼ ਉਸ ਮਾਲਿਕ ਵਲੋਂ ਹਰ ਉਪਰ ਹੁੰਦੀ ਹੈ ਜੋ ਇਸਦੀ ਤਾਂਗ ਰੱਖਦੇ ਹਨ ਫਿਰ ਭਾਵੇਂ ਉਹ ਜਵਾਨ ਹੋਣ ਜਾਂ ਬੁੱਢੇ। 
ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ॥ ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥

ਜਵਾਨੀ ’ਚ ਰੱਬ ਨਾਲ ਨਾ ਜੁੜਿਆ ਜਿਸ ਕਾਰਨ ਜਿਉਂ-ਜਿਉਂ ਮੇਰੀ ਉਮਰ ਹੋਈ ਮੇਰੀ ਆਤਮਿਕ ਮੌਤ ਹੁੰਦੀ ਗਈ। ਜਿਸ ਸਦਕਾ ਰੱਬ ਨਾਲ ਮੇਲ ਨਾ ਹੋਇਆ ਤੇ ਹੁਣ ਮੇਰੀ ਅੰਤਰਆਤਮਾ ਮੇਰੀ ਆਤਮਿਕ ਮੌਤ ’ਤੇ ਵਿਰਲਾਪ ਕਰ ਰਹੀ ਹੈ।

ਮਹਲਾ ੫॥ ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ॥ ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ॥੮੩॥

ਫ਼ਰੀਦ, ਜਵਾਨੀ ਦੀ ਸੋਹਣੀ ਉਮਰ ’ਚ ਜਦੋ ਸਾਰੀਆਂ ਇੰਦਰੀਆਂ ਸਿਹਤਮੰਦ ਹੁੰਦੀਆਂ ਨੇ, ਉਹ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਦਾ ਉਸ ਪਿਆਰੇ ਨਾਲ ਪਿਆਰ ਪੈ ਜਾਂਦਾ ਹੈ।

3. ਤੀਜਾ ਪਹਿਲੂ ਇਹ ਕਿ ਜ਼ਿੰਦਗੀ ਵਿੱਚ ਜਿੰਨੀ ਜਲਦੀ ਆਤਮਿਕ ਸਫ਼ਰ ਤੈਅ ਕਰ ਲਿਆ ਜਾਵੇ, ਓਨਾ ਹੀ ਲਾਹਾ ਪਿਛਲੀ ਉਮਰੇ ਮਿਲ ਜਾਂਦਾ ਹੈ। ਜੇ ਜਵਾਨੀ ਉਮਰੇ ਹੀ ਉਸ ਕਰਤੇ ਨਾਲ ਪਿਆਰ ਪੈ ਜਾਵੇ ਤਾਂ ਫਿਰ ਜਵਾਨੀ ਜਾਣ ਦਾ ਡਰ ਵੀ ਨਹੀਂ ਰਹਿੰਦਾ।

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ॥ ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ॥੩੪॥

ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ ਜੇ ਮੇਰਾ ਅਕਾਲ ਪੁਰਖ ਨਾਲ ਮੇਲ ਹੋ ਜਾਵੇ। ਫ਼ਰੀਦ ਮੈਂ ਆਪਣੀ ਬਹੁਤੀ ਜਵਾਨੀ ਉਸਦੇ ਪ੍ਰੇਮ ਤੋਂ ਬਿਨਾ ਹੀ ਬਰਬਾਦ ਕਰ ਲਈ। 

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥ ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ॥੧੧੨॥

ਛੋਟੀ ਉਮਰ ਵਿੱਚ ਕੀਤਾ ਗਿਆ ਆਤਮਿਕ ਸਫ਼ਰ ਦਾ ਲਾਹਾ ਪਿਛਲੀ ਉਮਰ ਵਿੱਚ ਮਿਲਦਾ ਹੈ। ਜਵਾਨੀ ਦਾ ਉਹ ਸਮਾਂ ਮੇਰੇ ਉੱਪਰ ਬਖਸ਼ਿਸ਼ ਸੀ ਜਦੋਂ ਮੈਂ ਰੱਬੀ ਗਿਆਨ ਪ੍ਰਾਪਤ ਕੀਤਾ।
ਮੌਤ
ਬਾਬਾ ਫ਼ਰੀਦ ਜੀ ਦੇ ਸਲੋਕਾਂ ਵਿੱਚ ਸਰੀਰਕ ਮੌਤ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਆਮ ਸਿੱਖ ਬਾਬਾ ਫ਼ਰੀਦ ਜੀ ਦੀ ਬਾਣੀ ਜ਼ਿਆਦਾ ਤੌਰ ‘ਤੇ ਮਰਗਤ ਦੇ ਭੋਗਾਂ ਉੱਤੇ ਹੀ ਸੁਣਦੇ ਹਨ ਜਾਂ ਭੋਗ ਦੇ ਕਾਰਡਾਂ ‘ਤੇ ਪੜ੍ਹਦੇ ਹਾਂ। ਪਰ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫ਼ਰੀਦ ਜੀ ਦੇ ਸਲੋਕ ਕਿਸੇ ਦੀ ਮੌਤ ਦਾ ਅਫਸੋਸ ਕਰਨ ਨੂੰ ਨਹੀਂ ਰਚੇ ਗਏ, ਸਗੋਂ ਸਾਨੂੰ ਅਵੇਸਲਿਆਂ ਨੂੰ ਜਗਾਉਣ ਵਾਸਤੇ ਲਿਖੇ ਗਏ ਹਨ। ਸਰੀਰਕ ਮੌਤ ਦਾ ਜ਼ਿਕਰ ਕਰਕੇ ਸੇਖ ਫ਼ਰੀਦ ਸਾਨੂੰ ਹੇਠ ਲਿਖੇ ਨੁਕਤੇ ਸਮਝਾਉਣਾ ਚਾਹੁੰਦੇ ਹਨ :

1. ਉਮਰ ਭਾਵੇਂ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ, ਮੌਤ ਆਉਣੀ ਲਾਜ਼ਮੀ ਹੈ। ਸਭ ਦੀ ਆਪੋ-ਆਪਣੀ ਵਾਰੀ ਹੈ। ਕਿਸੇ ਦੀ ਅੱਜ ਤੇ ਕਿਸੇ ਦੀ ਕੱਲ।

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥ ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ॥੪੧॥

ਫ਼ਰੀਦ, ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੇਰੀਆਂ ਇੰਦਰੀਆਂ ਕਮਜ਼ੋਰ। ਜੇ ਮੇਰੀ ਉਮਰ ਬਹੁਤ ਲੰਬੀ ਵੀ ਹੋ ਜਾਵੇ ਤਾਂ ਵੀ ਮੇਰੇ ਸਰੀਰ ਨੇ ਕਿਸੇ ਨਾ ਕਿਸੇ ਦਿਨ ਖ਼ਤਮ ਹੋ ਜਾਣਾ ਹੈ।

ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ॥ ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥

ਫ਼ਰੀਦ, ਮੇਰੀਆਂ ਅੱਖਾਂ ਦੇ ਸਾਹਮਣੇ ਹੀ ਮੌਤ ਨੇ ਆ ਜਾਣਾ ਹੈ। ਮੇਰੇ ਸਰੀਰ ‘ਤੇ ਕਾਬਜ਼ ਹੋ ਕੇ, ਮੇਰੀ ਜਾਨ ਲੁੱਟ ਕੇ, ਮੇਰੀਆਂ ਅੱਖਾਂ ਬੁਝਾ ਜਾਵੇਗੀ।

ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ॥ ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ॥੬੭॥

ਜਿਸ ਸਰੀਰ ਵਿੱਚ ਖ਼ੂਬਸੂਰਤ ਜ਼ਿੰਦਗੀ ਵਸਦੀ ਹੈ ਉਸਨੂੰ ਇੱਕ ਦਿਨ (ਕਬਰ ’ਚ) ਕੀੜਿਆਂ ਨੇ ਖਾ ਲੈਣਾ ਹੈ। ਤੇ ਫਿਰ ਹਮੇਸ਼ਾ ਲਈ ਇੱਕੋ ਪਾਸੇ ਕਬਰ ’ਚ ਪਿਆ ਰਹਿਣਾ ਹੈ।

ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ॥ ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ॥੬੮॥

ਫ਼ਰੀਦ, ਮੇਰੇ ਕੀਮਤੀ ਸਰੀਰ ਨੇ ਖ਼ਤਮ ਹੋ ਜਾਣਾ ਹੈ ਤੇ ਸਾਹਾਂ ਦੀ ਡੋਰ ਨੇ ਟੁੱਟ ਜਾਣਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੇ ਘਰ, ਮੌਤ ਦਸਤਕ ਦਿੰਦੀ ਹੈ।

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ  
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ  ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ  ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ੯੮॥  

ਫ਼ਰੀਦ, ਮੌਤ ਦੇ ਸਾਹਮਣੇ, ਮੌਤ ਤੋਂ ਬਚਣ ਦੀਆਂ ਤਰਕੀਬਾਂ ਇੰਝ ਲਗਦੀਆਂ ਨੇ, ਜਿਵੇਂ ਦਰਿਆ ਦੇ ਸਾਹਮਣੇ, ਦਰਿਆ ਦਾ ਕੰਡਾ ਹੌਲੀ ਹੌਲੀ ਢਹਿ ਰਿਹਾ ਹੋਵੇ। ਜੋ ਮੌਤ ਨੂੰ ਬੰਨ ਮਾਰਨਾ ਚਾਹੁੰਦੇ ਨੇ  ਉਹਨਾਂ ਨਾਲ ਹੁੰਦਾ ਇਹ ਹੈ ਕਿ ਜਿਉਂ ਜਿਉਂ ਲਾਏ ਹੋਏ ਬੰਨ੍ਹ ਟੁੱਟਦੇ ਨੇ ਅਤੇ ਮੌਤ ਨੇੜੇ ਆਉਂਦੀ ਹੈ, ਡਰ ਅਤੇ ਲਾਚਾਰੀ ਦੀਆਂ ਕੂਕਾਂ ਪੈਂਦੀਆਂ ਨੇ। ਕਈਆਂ ਨੂੰ ਮੌਤ ਦੀ ਇਸ ਸਚਾਈ ਦੀ ਸੋਝੀ ਆ ਚੁੱਕੀ ਹੈ ਕਿ ਮੌਤ ਨੇ ਇਕ ਦਿਨ ਆਉਣਾ ਹੀ ਆਉਣਾ ਹੈ ਪਰ ਕਈ ਇਸ ਸੱਚ ਦੇ ਅਹਿਸਾਸ ਤੋਂ ਬੇਪਰਵਾਹ ਨੇ। ਸਾਡੇ ਕਰਮ ਆਪਣੇ ਆਪ ਹੀ ਦੱਸ ਦਿੰਦੇ ਨੇ ਕਿ ਇਹ ਗਿਆਨ ਅੰਦਰ ਹੋ ਚੁੱਕਿਆ ਹੈ ਜਾਂ ਨਹੀਂ।  

2. ਭਾਵੇਂ ਹੈ ਹਰ ਇੱਕ ਨੂੰ ਪਤਾ ਹੈ ਕਿ ਇੱਕ ਦਿਨ ਉਸਨੇ ਮਰਨਾ ਹੈ ਪਰ ਮੌਤ ਨੂੰ ਲੈ ਕੇ ਇਨਸਾਨ ਸੁਚੇਤ ਨਹੀਂ ਹੁੰਦਾ। ਇਸੇ ਲਈ ਜਦੋਂ ਇਹ ਆਉਂਦੀ ਹੈ ਤਾਂ ਜੱਗੋਂ ਤੇਰਵੀਂ ਗੱਲ ਜਾਪਦੀ ਹੈ। ਹੈਰਾਨੀ, ਡਰ ਤੇ ਨਿਰਾਸ਼ਤਾ ਆ ਘੇਰਦੀ ਹੈ। ਇਸ ਲਈ ਚੰਗਾ ਹੈ ਜੇ ਇਨਸਾਨ ਆਪਣੀ ਮੌਤ ਨੂੰ ਲੈ ਕੇ ਪਹਿਲਾ ਹੀ ਸੁਚੇਤ ਰਹੇ।

ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥੯੯॥

ਫ਼ਰੀਦ, ਦਰਿਆ ਦੇ ਕੰਡੇ ਬੈਠਾ ਬਗੁਲਾ ਜ਼ਿੰਦਗੀ ਦੀਆਂ ਖੇਡਾਂ ਵਿੱਚ ਮਸਤ ਹੈ ਤੇ ਅਚਾਨਕ ਬਾਜ਼ ਆ ਕੇ ਉਸਨੂੰ ਦਬੋਚ ਲੈਂਦਾ ਹੈ। ਜਿਸ ਤਰ੍ਹਾਂ ਬਾਜ਼ ਨੇ ਬਗੁਲੇ ਦੀ ਦੁਨਿਆਵੀ ਖੇਡ ਖ਼ਤਮ ਕਰ ਦਿੱਤੀ ਇਸੇ ਤਰ੍ਹਾਂ ਰੱਬ ਦੇ ਬਣਾਏ ਹੁਕਮੁ ਅਨੁਸਾਰ ਮੌਤ ਨੇ ਮੇਰੀ ਖੇਡ ਵੀ ਕਿਸੇ ਦਿਨ ਖ਼ਤਮ ਕਰ ਦੇਣੀ ਹੈ। ਇਹ ਸਭ ਹੋ ਜਾਣਾ ਹੈ ਭਾਵੇਂ ਰੱਬ ਦਾ ਇਹ ਹੁਕਮ, ਮੇਰੇ ਚਿੱਤ ਚੇਤੇ ਵੀ ਨਹੀਂ ਹੈ।

3. ਮੌਤ ਦਾ ਦੁਨਿਆਵੀ ਰੁਤਬੇ ਨਾਲ ਕੋਈ ਸਬੰਧ ਨਹੀਂ। ਮੌਤ ਅਮੀਰ ਨੂੰ ਵੀ ਆਉਣੀ ਹੈ ਤੇ ਗਰੀਬ ਨੂੰ ਵੀ।

ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ॥ ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ॥੪੫॥

ਉਹ, ਜਿਨ੍ਹਾਂ ਦੇ ਸਿਰ ਉਪਰ ਛਤ੍ਰ ਝੂਲਦੇ ਸੀ, ਉਹਨਾਂ ਦੇ ਆਉਣ ਦਾ ਐਲਾਨ ਢੋਲਾਂ ਨਾਲ ਹੁੰਦਾ ਸੀ, ਜਿਨ੍ਹਾਂ ਦੇ ਸੋਹਲੇ ਨਗਾਰੇ ਵਜਾ ਕੇ ਗਾਏ ਜਾਂਦੇ ਸਨ। ਉਹ ਵੀ ਯਤੀਮਾਂ ਵਾਂਗ ਹੀ ਕਬਰਾਂ ਵਿੱਚ ਜਾ ਪਏ ਹਨ।

4. ਮੌਤ ਦੇ ਵਾਰ ਵਾਰ ਜ਼ਿਕਰ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਮੌਤ ਨੂੰ ਲੈ ਕੇ ਹਮੇਸ਼ਾ ਸੁਚੇਤ ਰਹੀਏ। ਇਹ ਅਟੱਲ ਸੱਚਾਈ ਦਾ ਅਹਿਸਾਸ ਰਹੇ ਕਿ ਜਾਣ ਦਾ ਵੇਲਾ ਕਿਸੇ ਵੀ ਵਖ਼ਤ ਆ ਸਕਦਾ ਹੈ। ਕਿਉਂਕਿ ਆਮ ਤੌਰ ’ਤੇ ਅਸੀਂ ਇਹ ਭੁੱਲ ਚੁੱਕੇ ਹਾਂ ਕਿ ਅਸੀਂ ਮਰਨਾ ਹੈ ਇਸੇ ਲਈ ਸਚਿਆਰ ਬਣਨ ਵੱਲ ਸਾਡਾ ਕੋਈ ਧਿਆਨ ਨਹੀਂ। ਇਸੇ ਕਾਰਨ ਇਹ ਕੰਮ ਬਾਕੀ ਸਾਰੇ ਦੁਨਿਆਵੀ ਕੰਮਾਂ ਨਾਲੋਂ ਹਮੇਸ਼ਾ ਪਿੱਛੇ ਰਹਿ ਜਾਂਦਾ ਹੈ। ਮੌਤ ਦਾ ਜ਼ਿਕਰ ਸਾਨੂੰ ਹਲੂਣ ਵਾਸਤੇ ਕੀਤਾ ਹੈ ਕਿ ਜਾਣ ਦਾ ਸਮਾਂ ਆਉਣ ਵਾਲਾ ਹੈ, ਇਸ ਲਈ ਫਾਲਤੂ ਦੇ ਕੰਮ ਛੱਡ ਅਤੇ ਸੱਚਿਆਰ ਬਣਨ ਵਾਲਾ ਸਫ਼ਰ ਜਲਦੀ ਸ਼ੁਰੂ ਕਰ।

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ॥੯॥

ਫ਼ਰੀਦ, ਧਿਆਨ ਦੇ ਕਿ ਤੂੰ ਬੁੱਢਾ ਹੋ ਰਿਹਾ ਹੈਂ। ਮੌਤ ਨੇੜੇ ਆ ਰਹੀ ਹੈ ਜ਼ਿੰਦਗੀ ਪਿੱਛੇ ਰਹਿ ਗਈ ਹੈ।

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ॥੧॥

ਜਿਸ ਦਿਨ ਮੇਰਾ ਜਨਮ ਹੋਇਆ, ਉਸੇ ਦਿਨ ਮੇਰਾ ਮਰਨਾ ਨਿਸ਼ਚਿਤ ਹੋ ਗਿਆ ਸੀ। ਜਿਸ ਮੌਤ ਦੀਆਂ ਬੱਸ ਗੱਲਾਂ ਹੀ ਸੁਣੀਆਂ ਨੇ ਉਹ ਇੱਕ ਦਿਨ ਸਾਹਮਣੇ ਆ ਖੜ੍ਹੇਗੀ। ਜਦੋਂ ਮੌਤ ਆਏਗੀ ਤਾਂ ਕੋਈ ਵੀ ਢਾਲ ਇਸਨੂੰ ਰੋਕ ਨਹੀਂ ਸਕੇਗੀ ਅਤੇ ਮੇਰੀ ਜਾਨ ਬੇਬਸ ਅਤੇ ਲਾਚਾਰ ਹੋਵੇਗੀ। ਓਹ, ਮੇਰੀ ਅੰਤਰਆਤਮਾ, ਇਹ ਸਮਝ ਲੈ ਕਿ ਸਰੀਰਕ ਮੌਤ ਨੂੰ ਰੋਕਿਆ ਨਹੀਂ ਜਾ ਸਕੇਗਾ। ਜਿਸ ਤਰ੍ਹਾਂ ਇੱਕ ਵਹੁਟੀ ਆਪਣੇ ਲਾੜੇ ਨਾਲ ਵਿਦਾ ਹੋ ਜਾਂਦੀ ਹੈ ਉਸੇ ਤਰ੍ਹਾਂ ਰੱਬ ਦੇ ਹੁਕਮ ਅਨੁਸਾਰ ਮੌਤ ਆਉਣ ‘ਤੇ ਜ਼ਿੰਦਗੀ ਦਾ ਸਫ਼ਰ ਮੁੱਕ ਜਾਂਦਾ ਹੈ। ਇਸ ਸੱਚਾਈ ਬਾਰੇ ਮੈਂ ਕਿਸੇ ਕੋਲ ਨਹੀਂ ਰੋ ਸਕਦਾ। ਇਸ ਲਈ ਕੀ ਤੈਨੂੰ ਨਹੀਂ ਪਤਾ ਕਿ ਸੱਚਿਆਰ ਬਣਨ ਦਾ ਰਾਹ ਕਿੰਨਾ ਔਖਾ ਹੈ। ਫ਼ਰੀਦ ਕਿਸੇ ਭੁਲੇਖੇ ਵਿੱਚ ਨਾ ਰਹਿ, ਤੈਨੂੰ ਆਵਾਜ਼ ਪੈ ਰਹੀ ਹੈ, ਖੜ੍ਹਾ ਹੋ ਤੇ ਸੱਚਿਆਰ ਬਣਨ ਦੇ ਰਾਹ ਉੱਤੇ ਚੱਲ।

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ॥ ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ॥ ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥੯੭॥

ਫ਼ਰੀਦ, ਜਿੰਦ ਨਿਕਲ ਜਾਣ ਤੋਂ ਬਾਅਦ ਮੇਰਾ ਸਰੀਰ ਖ਼ਾਲ੍ਹੀ ਹੋ ਜਾਣਾ ਹੈ ਤੇ ਅੰਤ ਵਿੱਚ ਮੇਰੀ ਕੁੱਲ ਮਲਕੀਅਤ ਇੱਕ ਨਿਮਾਣੀ ਜਿਹੀ ਕਬਰ ਹੀ ਹੋਣੀ ਹੈ। ਇਸ ਲਈ ਫ਼ਰੀਦ ਉਸ ਕਰਤੇ ਨਾਲ ਜੁੜਨ ਵੱਲ ਚੱਲ ਕਿਉਂਕਿ ਦੁਨੀਆ ਤੋਂ ਜਾਣ ਦਾ ਵੇਲਾ ਕਿਸੇ ਵੀ ਵੇਲੇ ਆ ਸਕਦਾ ਹੈ।

5. ਮੌਤ ਭਾਵੇਂ ਨਿਸ਼ਚਿਤ ਹੈ ਪਰ ਇਸ ਤੋਂ ਡਰਨ ਦੀ ਵੀ ਲੋੜ ਨਹੀਂ।

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥ ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ॥੯੩॥

ਫਰੀਦਾ, ਮੇਰੀ ਨਿਮਾਣੀ ਜਿਹੀ ਕਬਰ ਮੈਨੂੰ ਸੱਦ ਰਹੀ ਹੈ। ਇਹ ਕਬਰ ਉਨ੍ਹਾਂ ਦਾ ਵੀ ਆਖਰੀ ਟਿਕਾਣਾ ਹੈ ਜੋ ਮੌਤ ਤੋਂ ਮੁਨਕਰ ਹਨ। ਇਹ ਸੱਦਾ ਇਸ ਗੱਲ ਦਾ ਹੈ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮੌਤ ਸਭ ਨੂੰ ਆਉਣੀ ਹੈ।

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ  ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ੭੯॥  

ਦੁਨੀਆ ਇਕ ਖੂਬਸੂਰਤ ਬਾਗ਼ ਹੈ ਜਿਥੇ ਇਨਸਾਨ ਇਕ ਪ੍ਰਾਹੁਣੇ ਵਾਂਗ ਹੈ। ਜਿਉਂ ਹੀ ਜੰਮਣ ਦੇ ਢੋਲ ਵੱਜੇ, ਓਸੇ ਵੇਲੇ ਇਸ ਦੁਨੀਆਂ ਤੋਂ ਜਾਣਾ ਵੀ ਤੈਅ ਹੋ ਗਿਆ। ਇਸ ਲਈ ਹਮੇਸ਼ਾ ਜਾਣ ਦੀ ਤਿਆਰੀ ਵਿਚ ਰਹਿਣਾ ਚਾਹੀਦਾ ਹੈ। 

ਰੱਬੀ ਗੁਣ

ਸਿੱਖੀ ਦੇ ਸਫ਼ਰ ਵਿੱਚ ਇੱਕ ਬਹੁਤ ਵੱਡੀ ਵਾਟ ਤੈਅ ਕਰਨੀ ਪੈਂਦੀ ਹੈ, ਰੱਬੀ ਗੁਣ ਆਪਣੇ ਅੰਦਰ ਪੈਦਾ ਕਰਨ ਦੀ। ਅਜਿਹੇ ਗੁਣ ਜੋ ਸੱਚਿਆਰ ਬਣਨ ਨੂੰ, ਦਰਵੇਸ਼ ਬਣਨ ਨੂੰ, ਲੋੜੀਂਦੇ ਨੇ। ਗੁਰਬਾਣੀ ਅਜਿਹੇ ਬਹੁਤ ਗੁਣਾਂ ਦੀ ਗੱਲ ਕਰਦੀ ਹੈ। ਬਾਬਾ ਫ਼ਰੀਦ ਦੇ ਇਨ੍ਹਾਂ ਸਲੋਕਾਂ ਵਿੱਚ ਕਿਹੜੇ ਗੁਣਾਂ ਦਾ ਜ਼ਿਕਰ ਹੈ, ਆਓ ਦੇਖੀਏ।

1. ਸਭ ਉਸ ਦੀ ਰਚਨਾ- ਪੂਰੀ ਕਾਇਨਾਤ ਉਸ ਇੱਕ ਮਾਲਕ ਦੀ ਹੀ ਰਚਨਾ ਹੈ, ਇਹ ਮਨ ਵਿੱਚ ਬਿਠਾ ਲੈਣਾ, ਸਿੱਖੀ ਦੀਆਂ ਮੁੱਢਲੀਆਂ ਸ਼ਰਤਾਂ ਵਿੱਚੋਂ ਇੱਕ ਹੈ। ਜ਼ਾਲਿਮ ਤੇ ਚਲਾਕ ਇਨਸਾਨਾਂ ਵੱਲੋਂ ਬਣਾਈ ਗਈ ਊਚ-ਨੀਚ ਨੂੰ ਛੱਡ, ਦੁਨੀਆ ਦੇ ਹਰ ਇੱਕ ਮਨੁੱਖ ਨੂੰ ਬਰਾਬਰ ਸਮਝਣ ਦਾ ਗੁਣ ਇਸੇ ਸੋਚ ’ਚੋਂ ਪੈਦਾ ਹੁੰਦਾ ਹੈ। ਇਹ ਰੱਬੀ ਗੁਣ ਆਪਣੇ ਅੰਦਰ ਪੈਦਾ ਕੀਤਿਆਂ ਬਗੈਰ ਅੱਗੇ ਦਾ ਆਤਮਿਕ ਸਫ਼ਰ ਸੰਭਵ ਹੀ ਨਹੀਂ।

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ॥ ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ॥੭੪॥

ਫ਼ਰੀਦ, ਮੈਂ ਆਪਣੇ ਧੁਰ ਅੰਦਰ ਇਹ ਬੈਠਾ ਲਿਆ ਹੈ ਕਿ ਸਾਰੀ ਖਲਕਤ ਇੱਕ ਸਮਾਨ ਹੈ ਅਤੇ ਊਚ-ਨੀਚ ਦਾ ਭੇਦ ਭਾਵ ਮਿਟਾ ਦਿੱਤਾ ਹੈ। ਇਸ ਕਾਰਨ ਮੇਰਾ ਆਤਮਿਕ ਸਫ਼ਰ ਨਰਕ ਤੋਂ ਬਚ ਗਿਆ ਜੋ ਭੇਦਭਾਵ ਦੀ ਸੋਚ ਤੋਂ ਉਪਜਦਾ ਹੈ।

ਮਹਲਾ ੫॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥੭੫

ਫ਼ਰੀਦ, ਉਹ ਕਰਤਾ ਆਪਣੇ ਬਣਾਏ ਇਨਸਾਨਾਂ ਵਿੱਚ ਹੀ ਵਸਦਾ ਹੈ ਅਤੇ ਇਨਸਾਨ ਉਸ ਕਰਤੇ ਵਿੱਚ। ਜਦੋਂ ਉਸਦੀ ਹੋਂਦ ਤੋਂ ਬਿਨਾ ਕੁਝ ਵੀ ਮੌਜੂਦ ਨਹੀਂ ਹੈ ਤਾਂ ਫਿਰ ਕਿਸ ਨੂੰ ਮਾੜਾ ਆਖਾਂ।

2. ਸਬਰ- ਸਬਰ ਇੱਕ ਮਹਾਂ ਗੁਣ ਹੈ ਜਿਸ ਵਿੱਚ ਕਈ ਹੋਰ ਗੁਣ ਸ਼ਾਮਿਲ ਹੁੰਦੇ ਨੇ ਜਿਵੇਂ ਸਹਿਣਸ਼ੀਲਤਾ, ਅਡੋਲਤਾ, ਲਗਨ, ਸੰਤੋਖ, ਧੀਰਜ, ਜਿਰਾਂਦ ਆਦਿ। ਬਾਬਾ ਫ਼ਰੀਦ ਨੇ ਇਸਨੂੰ ਆਤਮਿਕ ਨਿਸ਼ਾਨੇ ਲਈ ਤੀਰ ਦਾ ਦਰਜਾ ਵੀ ਦਿੱਤਾ ਹੈ ਅਤੇ ਕਮਾਨ ਦਾ ਵੀ।

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ॥ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ॥੬੦॥

ਫ਼ਰੀਦ, ਰੱਬੀ ਕੰਮਾਂ ਰਾਹੀਂ, ਸਾਹਿਬ ਦੀ ਸੇਵਾ (ਬੰਦਗੀ) ਕਰ ਅਤੇ ਮਨ ਦਾ ਡਰ, ਗੁੱਸਾ, ਘਬਰਾਹਟ ਅਤੇ ਕਾਹਲ ਖ਼ਤਮ ਕਰ। ਦਰਵੇਸ (ਸਚਿਆਰ) ਬਣਨ ਦੇ ਇਸ ਰਾਹ ‘ਤੇ ਰੁੱਖਾਂ ਵਰਗਾ ਸਹਿਣਸ਼ੀਲਤਾ ਚਾਹੀਦੀ ਹੈ।

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥ ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ॥੧੧੫॥

ਮੇਰੇ ਮਨ ਦੀ ਕਮਾਨ ਅਡੋਲਤਾ ਨਾਲ ਤਣੀ ਹੋਈ ਹੈ, ਜਿਸਦੀ ਤਾਰ ਸਹਿਣਸ਼ੀਲਤਾ ਦੀ ਹੈ। ਉਸ ’ਚੋਂ ਲਗਨ ਦਾ ਤੀਰ ਨਿਕਲਦਾ ਹੈ ਜੋ ਅਕਾਲ ਪੁਰਖ ਨਾਲ ਮੇਲ ਦੇ ਮੇਰੇ ਟੀਚੇ ਤੋਂ ਖੁੰਝਦਾ ਨਹੀਂ। ਇਹ ਸਾਰੇ ਗੁਣ ਸਬਰ ਦਾ ਹੀ ਹਿੱਸਾ ਨੇ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥੧੧੬॥

ਸਬਰ ਨਾਲ ਭਰੇ ਹੋਏ ਮਨ ਵਿੱਚ ਲਗਨ ਨਾਲ ਮੁਸ਼ੱਕਤ ਕਰਨ ਨਾਲ, ਕਿਸੇ ਵੱਲੋਂ ਕੋਈ ਰਾਜ ਦੱਸੇ ਬਿਨਾ ਮੈਂ ਉਸ ਖੁਦਾ ਨਾਲ ਜੁੜ ਗਿਆ।

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥ ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥੧੧੭॥

ਓਹ ਬੰਦਿਆ, ਅਜਿਹਾ ਸਬਰ ਹੀ ਤੇਰਾ ਆਤਮਿਕ ਟੀਚਾ ਹੈ। ਏਹੀ ਸਬਰ ਤੇਰੇ ਆਤਮਿਕ ਸਫ਼ਰ ਨੂੰ ਦਰਿਆ ਵਰਗੀ ਰਵਾਨਗੀ ਦੇਵੇਗਾ ਜੋ ਉਸ ਸਮੁੰਦਰ ਰੂਪੀ ਕਰਤਾਰ ਨਾਲ ਜੋੜ ਦੇਵੇਗਾ ਅਤੇ ਤੇਰਾ ਸਫ਼ਰ, ਸਮੁੰਦਰੋਂ ਟੁੱਟੇ ਹੋਏ ਕਿਸੇ ਨਾਲੇ ਵਾਂਗ ਅੱਧ ਵਿਚਕਾਰ ਰੁਕਣ ਤੋਂ ਬਚ ਜਾਵੇਗਾ।

3. ਨਿਮਰਤਾ – ਨਿਮਰਤਾ ਨੂੰ ਹਲੀਮੀ, ਮਸਕੀਨੀ, ਗ਼ਰੀਬੀ ਅਤੇ ਅੰਗਰੇਜ਼ੀ ਵਿੱਚ Humility ਵੀ ਕਿਹਾ ਜਾ ਸਕਦਾ ਹੈ। ਨਿਮਰਤਾ ਲਈ ਬਾਬਾ ਫ਼ਰੀਦ ਨੇ ਘਾਹ ਅਤੇ ਖਾਕ ਦਾ ਅਲੰਕਾਰ ਵਰਤਿਆ ਹੈ।

ਫਰੀਦਾ ਥੀਉ ਪਵਾਹੀ ਦਭੁ॥ ਜੇ ਸਾਂਈ ਲੋੜਹਿ ਸਭੁ॥ ਇਕੁ ਛਿਜਹਿ ਬਿਆ ਲਤਾੜੀਅਹਿ॥ ਤਾਂ ਸਾਈ ਦੈ ਦਰਿ ਵਾੜੀਅਹਿ॥੧੬॥

ਫ਼ਰੀਦ, ਤੂੰ ਨਿਮਰ ਬਣ ਜਾ ਜੇ ਤੈਨੂੰ ਉਸ ਰਮੇ ਹੋਏ ਮਾਲਕ ਦੀ ਭਾਲ ਹੈ। ਤੈਨੂੰ ਕਈ ਲੋਕ ਨੁਕਸਾਨ ਪਹੁੰਚਾ ਸਕਦੇ ਨੇ ਤੇ ਕਈ ਤੈਨੂੰ ਲਤਾੜ ਸਕਦੇ ਨੇ ਪਰ ਤੂੰ ਨਿਮਰ ਬਣਿਆ ਰਹਿ ਕਿਉਂਕਿ ਤੇਰੀ ਨਿਮਰਤਾ ਹੀ ਤੈਨੂੰ ਤੇਰੇ ਅੰਦਰ, ਸਾਈਂ ਤੱਕ ਪਹੁੰਚਾ ਸਕਦੀ ਹੈ।

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥੧੭॥

ਫ਼ਰੀਦ ਨਿਮਰਤਾ ਨੂੰ ਮਾਮੂਲੀ ਨਾ ਸਮਝ, ਇਸ ਬਰਾਬਰ ਹੋਰ ਕੋਈ ਗੁਣ ਨਹੀਂ। ਆਤਮਿਕ ਸਫ਼ਰ ਵਿੱਚ ਇਹ ਤੈਨੂੰ ਰਾਹ ਦਿਖਾਉਂਦੀ ਹੈ ਅਤੇ ਔਗੁਣਾਂ ਨੂੰ ਮਾਰਨ ਵਿੱਚ ਵੀ ਮੋਹਰੀ ਯੋਗਦਾਨ ਪਾਉਂਦੀ ਹੈ।

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥੧੨੭॥

ਸਹਾਰਨ ਦਾ ਗੁਣ ਹੋਵੇ, ਰੱਬੀ ਗਿਆਨ ਦੇ ਅਧਾਰਿਤ ਬੋਲੀ ਅਤੇ ਬੋਲਣ ਵਾਲੇ ਸ਼ਬਦਾਂ ਵਿਚ ਨਿਮਰਤਾ। ਹੇ ਮੇਰੀ ਅੰਤਰ-ਆਤਮਾ ਜੇ ਤੂੰ ਇਹ ਤਿੰਨ ਗੁਣ ਹੋਣ ਅਪਣਾ ਲਵੇਂ ਤਾਂ ਉਸ ਮਾਲਕ ਨਾਲ ਤੇਰਾ ਮੇਲ ਹੋ ਸਕਦਾ ਹੈ।

ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥ ਅਣਹੋਦੇ ਆਪੁ ਵੰਡਾਏ॥ ਕੋ ਐਸਾ ਭਗਤੁ ਸਦਾਏ॥੧੨੮॥

ਸਿਆਣਪ ਹੁੰਦੇ ਹੋਏ ਨਿਮਰ ਬਣੇ ਰਹਿਣਾ, ਤਾਕਤ ਹੁੰਦੇ ਹੋਏ ਤਾਕਤ ਦਾ ਨਜਾਇਜ਼ ਫ਼ਾਇਦਾ ਨਾ ਚੁੱਕਣਾ। ਖ਼ੁਦ ਜ਼ਰੂਰਤਮੰਦ ਹੁੰਦੇ ਹੋਏ ਵੀ ਵੰਡ ਕੇ ਖਾਣਾ। ਅਜਿਹੇ ਮਨੁੱਖ ਨੂੰ ਹੀ ਭਗਤ ਕਿਹਾ ਜਾ ਸਕਦਾ ਹੈ।

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥੧੨੯॥

ਹੋਰਾਂ ਨੂੰ ਇੱਕ ਵੀ ਸ਼ਬਦ ਫਿਕਾ ਨਹੀਂ ਬੋਲਣਾ ਕਿਉਂਕਿ ਸਭਨਾ ਵਿੱਚ ਉਸ ਸੱਚੇ ਦਾ ਵਾਸ ਹੈ। ਕਿਸੇ ਦਾ ਵੀ ਦਿਲ ਨਹੀਂ ਤੋੜਨਾ ਕਿਉਂਕਿ ਉਸ ਦੀ ਬਣਾਈ ਕੁਦਰਤ ਵਿੱਚ ਹਰ ਕੋਈ ਬੇਸ਼ਕੀਮਤੀ ਹੈ।

4. ਆਪਾ ਪੜਚੋਲ: ਦੂਜਿਆਂ ਦੇ ਔਗੁਣਾਂ ਦਾ ਹਿਸਾਬ ਰੱਖਣ ਨਾਲੋਂ ਆਪਣੇ ਔਗੁਣਾਂ ਉੱਪਰ ਧਿਆਨ ਰੱਖਣਾ ਇੱਕ ਬਹੁਤ ਜ਼ਰੂਰੀ ਗੁਣ ਹੈ। ਸਗੋਂ ਦੂਜੇ ਦਾ ਮਾੜਾ ਵਿਵਹਾਰ ਵੀ ਆਪਣੇ ਅੰਦਰ ਝਾਤ ਮਾਰਨ ਦਾ ਇੱਕ ਮੌਕਾ ਸਮਝਣਾ ਚਾਹੀਦਾ ਹੈ।

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥੬॥

ਫ਼ਰੀਦ, ਜੇ ਤੂੰ ਬਹੁਤ ਅਕਲਮੰਦ ਹੈ ਤਾਂ ਦੂਜਿਆਂ ਦੇ ਮਾੜੇ ਕੰਮਾਂ ਦਾ ਹਿਸਾਬ ਰੱਖਣਾ ਬੰਦ ਕਰ। ਸਗੋਂ ਆਪਾ ਪੜਚੋਲ ਕਰ ਅਤੇ ਆਪਣੇ ਕਰਮਾਂ ਦੀ ਨਜ਼ਰਸਾਨੀ ਕਰ।

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ॥੭॥

ਫ਼ਰੀਦ, ਉਨ੍ਹਾਂ ਤੋਂ ਬਦਲਾ ਲੈਣ ਦੀ ਨਾ ਸੋਚ ਜੋ ਤੇਰੇ ਨਾਲ ਨਾਇਨਸਾਫੀ ਕਰਦੇ ਨੇ। ਸਗੋਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੋ ਕਿਉਂਕਿ ਉਨ੍ਹਾਂ ਤੈਨੂੰ ਆਪਣੇ ਕਰਮਾਂ ਉੱਪਰ ਨਜ਼ਰਸਾਨੀ ਕਰਨ ਦਾ ਮੌਕਾ ਦਿੱਤਾ।

5. ਸਾਦਾ ਜੀਵਨ – ਸਾਦਾ ਜੀਵਨ ਵੀ ਇੱਕ ਸੱਚਿਆਰ ਵਾਸਤੇ ਵੱਡਾ ਗੁਣ ਹੈ। ਚੰਗੇ ਖਾਣ-ਪੀਣ ਦੀ ਕਿਤੇ ਵੀ ਮਨਾਹੀ ਨਹੀਂ ਪਰ ਕਿਸੇ ਵੀ ਸਵਾਦ ਨੂੰ ਆਪਣਾ ਜਨੂੰਨ ਬਣਾ ਲੈਣਾ ਮਾੜਾ ਹੈ।

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥੨੮॥

ਮੇਰੇ ਰੋਟੀ ਹੱਕ ਦੀ ਹੈ ਅਤੇ ਸਾਦੀ ਹੈ ਤੇ ਮੇਰੀ ਭੁੱਖ ਹੀ ਮੇਰੀ ਦਾਲ ਹੈ। ਖਾਣ ਪੀਣ ਦੇ ਚਸਕਿਆਂ ਵਿੱਚ ਬਹੁਤ ਜ਼ਿਆਦਾ ਗੜੁੱਚ ਹੋ ਜਾਣਾ ਇੱਕ ਆਤਮਿਕ ਔਗੁਣ ਹੈ ਜੋ ਦੁੱਖ ਦਾ ਕਾਰਨ ਬਣਦਾ ਹੈ।

6. ਦੂਜੇ ਦਾ ਮਾਲ ਦੇਖ ਨਾ ਸੜਨਾ- ਅੱਜ ਦੇ ਸਮੇਂ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਦੂਜੇ ਦਾ ਜ਼ਿਆਦਾ ਪੈਸਾ, ਧਨ ਦੌਲਤ ਤੇ ਦੁਨਿਆਵੀ ਤਰੱਕੀ ਨਾ ਜਰਨਾ। ਆਪਣੀ ਤਰੱਕੀ ਭਾਵੇਂ ਮਣਾ ਮੂਹੀਂ ਹੋਵੇ ਪਰ ਜੇ ਕਿਸੇ ਕਰੀਬੀ ਦੀ ਤਰੱਕੀ, ਆਪਣੇ ਨਾਲੋਂ ਪਾਈਆ ਵੀ ਜ਼ਿਆਦਾ ਹੋਵੇ ਤਾਂ ਲਗਦਾ ਹੈ ਕਿ ਰੱਬ ਨੇ ਮੇਰੇ ਨਾਲ ਧੱਕਾ ਕਰ ਦਿੱਤਾ। ਸਿੱਖੀ ਵਿੱਚ ਆਪਣੀ ਸਰੀਰਿਕ ਦੇਖ-ਰੇਖ ਵਿੱਚ ਸਾਦਗੀ ਰੱਖਣਾ ਇੱਕ ਵੱਡਾ ਗੁਣ ਹੈ। ਦੂਜਾ ਕੀ ਕਰ ਰਿਹਾ ਹੈ, ਕਿਵੇਂ ਜੀਅ ਰਿਹਾ ਹੈ, ਇਹ ਸਾਡਾ ਸਰੋਕਾਰ ਨਹੀਂ ਹੋਣਾ ਚਾਹੀਦਾ।

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥

ਆਪਣੇ ਹੱਕ ਦੀ ਸਾਦੀ ਰੋਟੀ ਖਾ ਅਤੇ ਠੰਢਾ ਪਾਣੀ ਪੀ। ਦੂਜੇ ਦਾ ਵਧੀਆ ਦੇਖ ਆਪਣੇ ਚਿੱਤ ਨੂੰ ਨਾ ਤੜਪਾ।


7. ਰੱਬੀ ਕੰਮ – ਸਿੱਖੀ ਦੇ ਫਲਸਫੇ ਦਾ ਆਧਾਰ ਰੱਬੀ ਗੁਣ ਹਨ। ਪਰ ਰੱਬੀ ਗੁਣਾਂ ਦਾ ਰੱਬੀ ਕੰਮਾਂ ਵਿੱਚ ਬਦਲਣਾ ਜ਼ਰੂਰੀ ਹੈ। ਰੱਬੀ ਕੰਮ ਹੀ ਰੱਬੀ ਗੁਣਾਂ ਨੂੰ ਪੱਕਾ ਕਰਦੇ ਨੇ।

ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥੫੯॥

ਫ਼ਰੀਦ, ਮੈਂ ਉਹ ਕੰਮ ਛੱਡ ਦਿੱਤੇ ਹਨ ਜਿਨ੍ਹਾਂ ਵਿੱਚ ਰੱਬੀ ਗੁਣ ਨਹੀਂ ਹਨ ਤਾਂ ਜੋ ਮੈਂ ਆਪਣੀ ਅੰਤਰਆਤਮਾ ਅੱਗੇ ਸ਼ਰਮਿੰਦਾ ਨਾ ਹੋਵਾਂ।

ਮਃ ੫॥ ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ॥ ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ॥੧੧੧॥

ਫ਼ਰੀਦ, ਦਿਲ ਮੇਰਾ ਦੁਨਿਆਵੀ ਕੰਮਾਂ ਵਿੱਚ ਹੀ ਰਤਿਆ ਹੋਇਆ ਹੈ ਪਰ ਇਹ ਕੰਮ ਮੇਰੇ ਆਤਮਿਕ ਜੀਵਨ ਵਿੱਚ ਕੰਮ ਨਹੀਂ ਆਉਂਦੇ। ਜਿਵੇਂ ਕਿ ਰੂਹਾਨੀ ਸਫ਼ਰ ਤੇ ਤੁਰਨ ਵਾਲੇ ਰਾਹੀ ਦਸਦੇ ਨੇ ਕਿ ਇਹ ਔਖਾ ਰਸਤਾ ਹੈ ਤੇ ਸਿਰਫ਼ ਰੱਬੀ ਕੰਮਾਂ ਨਾਲ ਹੀ ਸਿਰੇ ਲੱਗਣਾ ਹੈ।


ਪਹਿਲੇ ਭਾਗ ਵਿੱਚ ਐਨਾ ਹੀ। ਬਾਬਾ ਫ਼ਰੀਦ ਦੀ ਇਸ ਖ਼ੂਬਸੂਰਤ ਬਾਣੀ ਦੇ ਬਾਕੀ ਤੱਤ ਅਗਲੇ ਭਾਗ ਵਿੱਚ ਵਿਚਾਰਾਂਗੇ।

ਮਨਿੰਦਰ ਸਿੰਘ

4 ਅਗਸਤ 2025

Leave a Reply

Your email address will not be published. Required fields are marked *