ਸਲੋਕ ਮਹਲਾ ਨੌਵੇਂ ਦੇ ਮੁਖ ਤੱਤਾਂ ਦੀ ਵਿਚਾਰ

Minimal empty space representing inner stillness and self-realization emphasized in Salok Mahalla 9.

ਇਸ ਲੇਖ ਵਿਚ ਵਿਚਾਰੇ ਗਏ ਕੁਝ ਖਾਸ ਵਿਸ਼ੇ:

  • ਕੀ ਹੈ ਹਰਿ ਭਜਨ ?
  • ਕਿਹੜੇ ਗੋਬਿੰਦ ਗੁਣਾ ਦੀ ਹੈ ਗੱਲ ?
  • ਕਿਹੋ ਜਿਹਾ ਸਿੱਖ ਦੇਖਣਾ ਚਾਹੁੰਦੇ ਨੇ ਪਾਤਸ਼ਾਹ ?
  • ਸੁਪਨੇ ਵਰਗਾ ਸੰਸਾਰ
  • ਮਾਇਆ ਬਨਾਮ ਰੂਹਾਨੀ ਸਫ਼ਰ
  • ਹੁਕਮ, ਕਰਮਕਾਂਡ, ਮੌਤ ਦੀ ਚਿੰਤਾ ਅਤੇ ਗੁਰੂ

ਸਲੋਕ ਮਹਲਾ ਨੌਵਾਂ ਤੋਂ ਭਾਵ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਲਿਖੇ ਸਲੋਕ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1426 ਤੋਂ 1429 ਦਰਮਿਆਨ ਦਰਜ ਹਨ। ਇਸ ਬਾਣੀ ਵਿੱਚ 52 ਸਲੋਕ ਅਤੇ 5 ਦੋਹਰੇ ਹਨ। ਇਹ ਬਾਣੀ ਸੁਣਨ ਵਿੱਚ ਮਿੱਠੀ ਅਤੇ ਸੌਖੀ ਲਗਦੀ ਹੈ। ਇਸ ਦੀ ਇੱਕ ਵਜ੍ਹਾ ਹੈ ਕਿ ਜਿੱਥੇ ਬਾਬਾ ਫ਼ਰੀਦ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਭ ਤੋਂ ਪੁਰਾਣੀ ਬਾਣੀ ਹੈ, ਓਥੇ ਹੀ ਸਲੋਕ ਮਹਲਾ ਨੌਵਾਂ ਸਭ ਤੋਂ ਨਵੀਂ ਬਾਣੀ ਹੈ ਅਤੇ ਸਾਡੀ ਅੱਜ-ਕੱਲ੍ਹ ਦੀ ਬੋਲੀ ਦੇ ਕਾਫੀ ਨੇੜੇ ਹੈ। ਪਰ ਕੀ ਅਸੀਂ ਸੱਚਮੁੱਚ ਹੀ ਉਹ ਸਮਝ ਲਿਆ ਹੈ, ਜੋ ਨੌਵੇਂ ਪਾਤਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਹਨ?

ਇਹ ਲੰਬਾ ਲੇਖ ਇੱਕ ਕੋਸ਼ਿਸ਼ ਹੈ ਸਲੋਕ ਮਹਲਾ ਨੌਵਾਂ ਦੇ ਮੁੱਖ ਤੱਤ ਸਮਝਣ ਦੀ। ਉਹ ਵੱਡੇ ਸਬਕ ਜੋ ਨੌਵੇਂ ਪਾਤਸ਼ਾਹ ਸਾਨੂੰ ਬਖਸ਼ ਰਹੇ ਹਨ। ਇਸ ਲੇਖ ਵਿੱਚ ਮੈਂ ਸਾਰੇ ਸਲੋਕ ਅਤੇ ਦੋਹਰਿਆਂ ਨੂੰ ਵਿਭਿੰਨ ਭਾਗਾਂ ਵਿੱਚ ਵੰਡਿਆ ਹੈ ਤਾਂ ਜੋ ਮੁੱਖ ਤੱਤ ਸਮਝਣੇ ਸੁਖਾਲੇ ਹੋ ਜਾਣ। ਇਸ ਲੇਖ ਵਿੱਚ ਸਲੋਕਾਂ ਦੇ ਅਰਥ ਸ. ਕਰਮਿੰਦਰ ਸਿੰਘ ਪੀ.ਐੱਚ.ਡੀ. ਦੀ ਅੰਗਰੇਜ਼ੀ ਕਿਤਾਬ ‘Understanding: Salok Mehla 9’ ’ਚੋਂ ਲਏ ਗਏ ਹਨ। ਆਰੰਭ ਕਰਨ ਤੋਂ ਪਹਿਲਾਂ ਇੱਕ ਵੱਡਾ ਫਲਸਫ਼ਾ ਸਮਝਣ ਦੀ ਲੋੜ ਹੈ ਕਿਉਂਕਿ ਇਹ ਫਲਸਫ਼ਾ ਇਹਨਾਂ ਸਲੋਕਾਂ ਦਾ ਕੇਂਦਰੀ ਭਾਵ ਹੈ। ਇਸ ਕੇਂਦਰੀ ਫਲਸਫ਼ਾ ਉੱਪਰ ਹੀ ਨੌਵੇਂ ਪਾਤਸ਼ਾਹ ਦੀ ਇਹ ਬਾਣੀ ਅਧਾਰਿਤ ਹੈ। ਫਲਸਫ਼ਾ ਹੈ ‘ਹਰਿ’ ਨੂੰ ‘ਭਜਨ’ ਦਾ। 12 ਤੋਂ ਵੱਧ ਸਲੋਕਾਂ ਵਿੱਚ ਹਰਿ ਭਜਨ ਦਾ ਜ਼ਿਕਰ ਹੈ। ਤਾਂ ਪਹਿਲਾਂ ਇਹੀ ਸਮਝ ਲੈਂਦੇ ਹਾਂ ਕਿ ਹਰਿ ਭਜਨ ਕੀ ਹੈ ? ਹਰਿ ਭਜਨ ਸਮਝਣ ਤੋਂ ਪਹਿਲਾਂ ਜ਼ਰੂਰੀ ਹੈ ਇਹ ਜਾਨਣਾ ਕਿ ਗੁਰਮਤਿ ਅਨੁਸਾਰ ‘ਭਜਨ’ ਕੀ ਹੈ ਅਤੇ ‘ਹਰਿ’ ਕੀ ਹੈ?

ਭਜਨ – ਸੌਖੀ ਬੋਲੀ ਵਿੱਚ ਕਹੀਏ ਤਾਂ ਭਜਨ ਨੂੰ ਭੋਜਨ ਨਾਲ ਜੋੜ ਕੇ ਦੇਖ ਸਕਦੇ ਹਾਂ। ਜਿਵੇਂ ਅਸੀਂ ਭੋਜਨ ਖਾ ਕੇ ਆਪਣੇ ਅੰਦਰ ਲੈ ਜਾਂਦੇ ਹਾਂ, ਉਸੇ ਤਰ੍ਹਾਂ ਕਿਸੇ ਵੀ ਨੁਕਤੇ ਨੂੰ, ਸੋਚ ਨੂੰ, ਗੁਣ ਨੂੰ, ਆਪਣੇ ਅੰਦਰ ਵਸਾਅ ਲੈਣਾ, ਭਜਨ ਹੈ। ਗੁਰਬਾਣੀ ਵਿੱਚ ਭਜਨ ਦਾ ਮਤਲਬ ਭੇਟਾਂ ਗਾਉਣਾ ਜਾਂ ਸਾਜਾਂ ਨਾਲ ਕੀਰਤਨ ਕਰਨਾ ਨਹੀਂ ਹੈ। ਭਜਨ ਨੂੰ ਕਈ ਥਾਈਂ ਭਜੁ ਵੀ ਲਿਖਿਆ ਗਿਆ ਹੈ।

ਹਰਿ – ਹਰਿ ਦਾ ਭਾਵ ਹੈ ਸਰਬਵਿਆਪਕ ਅਕਾਲ ਪੁਰਖ। ਭਾਵ ਉਹ ਰੱਬ ਜੋ ਹਰ ਥਾਂ, ਹਰ ਕਣ ਵਿੱਚ ਮੌਜੂਦ ਹੈ। ਗੁਰਮਤਿ ਅਨੁਸਾਰ ਅਕਾਲ ਪੁਰਖ ਦੀ ਸਰਬ ਵਿਆਪਕਤਾ ਨੂੰ ਦੋ ਰੂਪਾਂ ਵਿੱਚ ਸਮਝਿਆ ਜਾ ਸਕਦਾ ਹੈ। ਪਹਿਲਾ, ਜੋ ਵੀ ਇਨਸਾਨੀ ਅੱਖ ਦੇਖ ਸਕਦੀ ਹੈ ਅਤੇ ਜੋ ਨਹੀਂ ਦੇਖ ਸਕਦੀ, ਜੋ ਇਨਸਾਨ ਦੀ ਪਹੁੰਚ ਵਿੱਚ ਹੈ ਅਤੇ ਜੋ ਨਹੀਂ ਹੈ, ਜੋ ਵੀ ਸਮੇਂ ਦੇ ਅਧੀਨ ਅਤੇ ਸਮੇਂ ਤੋਂ ਪਰੇ ਹੈ, ਮੈਂ ਅਤੇ ਮੇਰੇ ਚਾਰ ਚੁਫੇਰੇ, ਜੋ ਵੀ ਹੈ, ਇਹ ਸਭ ਖ਼ੁਦ ਅਕਾਲ ਪੁਰਖ ਹੀ ਹੈ। ਭਾਵੇਂ ਉਸਦਾ ਆਪਣਾ ਕੋਈ ਆਕਾਰ ਨਹੀਂ, ਪਰ ਹਰ ਆਕਾਰ ਵਿੱਚ ਉਹ ਰਮਿਆ ਹੋਇਆ ਹੈ। ਇਸੇ ਲਈ ਉਸ ਅਕਾਲ ਪੁਰਖ ਨੂੰ ਅਸੀਂ ਰਾਮ (ਰਮਿਆ ਹੋਇਆ) ਵੀ ਕਹਿੰਦੇ ਹਾਂ। ਉਸ ਦੀ ਸਰਬਵਿਆਪਕਤਾ ‘ਤੇ ਮੋਹਰ ਲਾਉਂਦੇ ਕੁੱਝ ਸਬਦਿ ਵਿਚਾਰ ਲੈਂਦੇ ਹਾਂ।

ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
ਅਰਥ: ਸਿਰਜਣਹਾਰ ਆਪ ਹੀ ਰਸ ਦਾ ਸਰੋਤ ਹੈ, ਆਪ ਹੀ ਰਸ ਹੈ ਅਤੇ ਆਪ ਹੀ ਰਸ ਨੂੰ ਮਾਨਣ ਵਾਲਾ ਹੈ। ਉਹ ਆਪ ਹੀ ਮੇਰੀਆਂ ਇੰਦਰੀਆਂ ਅਤੇ ਮੇਰੇ ਮਨ ਅੰਦਰ ਹੈ ਜਿੱਥੇ ਰਸ ਨੂੰ ਮਾਣਿਆ ਜਾਂਦਾ ਹੈ, ਜੋ ਰਸ ਨੂੰ ਮਾਣਦਾ ਹੈ ਅਤੇ ਜੋ ਰਸ ਪੈਦਾ ਕਰਦਾ ਹੈ। 

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
ਅਰਥ: ਮੈਂ ਆਪਣੇ ਸਾਹਿਬ ਦੀ ਪ੍ਰੀਤ ਵਿੱਚ ਰੰਗਿਆ ਹੋਇਆ ਹਾਂ ਜੋ ਸਾਰੇ ਬ੍ਰਹਿਮੰਡ ਅੰਦਰ ਪੂਰੀ ਤਰ੍ਹਾਂ ਨਾਲ ਰਮਿਆ ਹੋਇਆ ਹੈ।

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥

ਅਰਥ: ਇਸ ਹੱਦ ਤੱਕ ਰਮਿਆ ਹੈ ਕਿ ਉਹ ਆਪ ਹੀ ਮਛੇਰੇ ਦੇ ਅੰਦਰ ਹੈ, ਆਪ ਹੀ ਮੱਛੀ ਦੇ ਅੰਦਰ ਹੈ, ਆਪ ਹੀ ਪਾਣੀ ਵਿੱਚ ਅਤੇ ਆਪ ਹੀ ਮੱਛੀ ਨੂੰ ਫੜਨ ਵਾਲੇ ਜਾਲ ਵਿੱਚ। ਉਹ ਜਾਲ ਨੂੰ ਭਾਰਾ ਕਰਨ ਵਾਲੇ ਮਣਕੜੇ ਵਿੱਚ ਵੀ ਹੈ ਅਤੇ ਉਹ ਮੱਛੀ ਲਈ ਪਾਏ ਗਏ ਦਾਣੇ ਵਿੱਚ ਵੀ ਹੈ।

ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥

ਅਰਥ: ਓ ਮੇਰੀ ਅੰਤਰਆਤਮਾ, ਮੇਰਾ ਪਿਆਰਾ ਸਿਰਜਣਹਾਰ ਬੇਅੰਤ ਤਰੀਕਿਆਂ ਨਾਲ ਇਸ ਸੰਸਾਰ ਵਿੱਚ ਰਮਿਆ ਹੋਇਆ ਹੈ। ਮੈਂ ਸਿਰਜਣਹਾਰ ਦੇ ਪਿਆਰ ਵਿੱਚ, ਰੂਹਾਨੀ ਤੌਰ ’ਤੇ ਹਰ ਪਲ ਆਨੰਦ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਪਿਆਰ ਨੇ ਹੀ ਮੇਰੀ ਰੂਹਾਨੀਅਤ ਨੂੰ ਬਰਕਰਾਰ ਰੱਖਿਆ ਹੈ।

ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ {ਪੰਨਾ 23}

ਅਰਥ: ਨਾਨਕ ਦੀਆਂ ਤਾਂਘ ਭਰੀਆਂ ਬੇਨਤੀਆਂ ਤੈਨੂੰ ਹੀ ਨੇ ਜੋ ਮੇਰੇ ਆਤਮਿਕ ਜੀਵਨ ਦੀ ਖ਼ੁਰਾਕ ਹੈਂ। ਤੂੰ ਹੀ ਮੇਰੇ ਅੰਦਰ ਰੂਹਾਨੀਅਤ ਦਾ ਬੀਜ ਹੈ ਅਤੇ ਤੂੰ ਹੀ ਖਿੜਿਆ ਹੋਇਆ ਫੁੱਲ ਅਤੇ ਤੂੰ ਹੀ ਇਸ ਬਣੇ ਹੋਏ ਆਨੰਦ ਦਾ ਕਾਰਨ।

ਮਹਲਾ ੫ ॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥੭੫॥ {ਪੰਨਾ 1381}

ਅਰਥ: ਫ਼ਰੀਦ, ਸਿਰਜਣਹਾਰ ਆਪਣੀ ਸਿਰਜਣਾ ਵਿੱਚ ਹੈ ਅਤੇ ਸਿਰਜਣਾ ਸਿਰਜਣਹਾਰ ਵਿੱਚ ਵਸਦੀ ਹੈ। ਜਦੋਂ ਕੁੱਝ ਵੀ ਹੈ, ਉਸ ਤੋਂ ਬਗ਼ੈਰ ਨਹੀਂ ਹੈ ਤਾਂ ਮੰਦਾ ਕਿਸ ਨੂੰ ਆਖੀਏ।

ਅਕਾਲ ਪੁਰਖ ਨੂੰ ਸਰਬਵਿਆਪਕ ਕਹੇ ਜਾਣ ਪਿੱਛੇ ਦੂਜਾ ਵੱਡਾ ਕਾਰਨ ਇਹ ਹੈ ਕਿ ਉਸਦਾ ਹੁਕਮ ਇਸ ਕਾਇਨਾਤ ਦੇ ਜ਼ਰੇ-ਜ਼ਰੇ ਉੱਪਰ ਲਾਗੂ ਹੈ। ਇਨਸਾਨੀ ਸਰੀਰ, ਮਨ, ਅੱਗ, ਹਵਾ, ਪਾਣੀ, ਚੰਦ, ਤਾਰੇ, ਜਨਮ-ਮਰਨ, ਸਮੇਤ ਹਰ ਸ਼ੈਅ, ਅਕਾਲ ਪੁਰਖ ਦੇ ਅਧੀਨ ਹੈ। ਕੁੱਝ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ। ਇਹ ਵੀ ਉਸਦੀ ਸਰਬ ਵਿਆਪਕਤਾ ਦਾ ਸਬੂਤ ਹੈ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ {ਪੰਨਾ 1}

ਅਰਥ: ਸਭ ਕੁੱਝ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੁੱਝ ਵੀ ਨਹੀਂ। ਹੇ ਨਾਨਕ, ਜੇ ਤੂੰ ਹੁਕਮ ਬੁੱਝ ਲਵੇਂ ਤਾਂ ਤੂੰ ਹਉਮੈਂ ਵਿੱਚ ਨਹੀਂ ਰਹੇਂਗਾ।

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥ {ਪੰਨਾ 145}

ਅਰਥ: ਸਦਾ ਸਥਿਰ ਰਹਿਣ ਵਾਲੇ ਅਕਾਲ ਪੁਰਖ ਨੇ ਸਭ ਹੁਕਮ ਵਿੱਚ ਸਾਜ ਕੇ, ਹੁਕਮ ਵਿੱਚ ਰਖਿਆ ਹੈ।

ਹਰਿ ਭਜਨ – ਸੋ, ਜਿਵੇਂ ਕਿ ਅਸੀਂ ਉੱਪਰ ਵਿਚਾਰਿਆ ਕਿ ਹਰਿ ਦਾ ਭਾਵ ਹੈ ਸਰਬ ਵਿਆਪਕ ਅਕਾਲ ਪੁਰਖ ਅਤੇ ਭਜਨ ਦਾ ਅਰਥ ਹੈ ਆਪਣੇ ਅੰਦਰ ਵਸਾ ਲੈਣਾ। ਤਾਂ ਹਰਿ ਭਜਨ ਦਾ ਭਾਵ ਹੋਇਆ ਅਕਾਲ ਪੁਰਖ ਦੀ ਸਰਬਵਿਆਪਕਤਾ ਦੇ ਗੁਣ ਨੂੰ ਸਥਾਈ ਰੂਪ ਵਿੱਚ ਆਪਣੇ ਅੰਦਰ, ਵਸਾ ਲੈਣਾ। ਆਪਣੇ ਸਮੇਤ ਹਰ ਇਨਸਾਨ, ਜਾਨਵਰ, ਵਸਤ ਅਤੇ ਥਾਂ ਨੂੰ ਉਸ ਅਕਾਲ ਪੁਰਖ ਦਾ ਹੀ ਹਿੱਸਾ ਸਮਝਣਾ। ਨਾਲ ਹੀ ਇਹ ਮਨ ਵਿੱਚ ਟਿਕਾ ਲੈਣਾ ਕਿ ਹਰ ਸਰੀਰ, ਹਰ ਮਨ, ਹਰ ਦੁਨਿਆਵੀ ਤੱਤ ਉਸ ਕਰਤੇ ਦੇ ਹੁਕਮ ਵਿੱਚ ਹੈ ਅਤੇ ਕੋਈ ਸ਼ਕਤੀ ਇਸ ਹੁਕਮ ਨੂੰ ਬਦਲ ਨਹੀਂ ਸਕਦੀ। ਇਸ ਅਹਿਸਾਸ ਵਿੱਚ ਅਕਾਲ ਪੁਰਖ ਨਾਲ ਜੁੜਨਾ, ਉਸ ਦੇ ਨਾਲ ਅਤੇ ਉਸਦੀ ਸਿਰਜਣਾ ਨਾਲ ਇੱਕ ਹੋ ਜਾਣਾ ਹੀ ਹਰਿ ਦਾ ਭਜਨ ਹੈ। ਜਦੋਂ ਭਾਈ ਕਨ੍ਹਈਆ ਜੀ ਜੰਗ ਵਿੱਚ ਫੱਟੜ ਦੁਸ਼ਮਣ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਂਦੇ ਸਨ ਤਾਂ ਉਸ ਵੇਲੇ ਉਹ ਹਰਿ ਭਜਨ ਕਰ ਰਹੇ ਸਨ, ਇਸੇ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਪਾਣੀ ਪਿਲਾਉਣ ਤੋਂ ਰੋਕਣ ਦੀ ਬਜਾਏ ਮਲ੍ਹਮ ਪੱਟੀ ਕਰਨ ਲਈ ਵੀ ਪ੍ਰੇਰਿਆ।

ਆਓ, ਹੁਣ ਵਿਚਾਰੀਏ ਇਸ ਬਾਣੀ ਦੇ ਮੁੱਖ ਤੱਤ ।


1. ਗੁਣ ਗੋਬਿੰਦ

ਨੌਵੇਂ ਪਾਤਸ਼ਾਹ ਦੀ ਇਹ ਬਾਣੀ ਸ਼ੁਰੂ ਵੀ ਗੋਬਿੰਦ ਦੇ ਗੁਣਾਂ ਤੋਂ ਹੁੰਦੀ ਹੈ ਅਤੇ ਖ਼ਤਮ ਵੀ ਰੱਬੀ ਗੁਣਾਂ ਉੱਪਰ ਹੁੰਦੀ ਹੈ। ਸਲੋਕ ਪਹਿਲਾ ਅਤੇ ਸਲੋਕ ਨੰਬਰ ਬਵੰਜਾ, ਦੋਵੇਂ ਗੋਬਿੰਦ ਦੇ ਗੁਣ ਧਾਰਨ ਬਾਬਤ ਹੀ ਹਨ। ਪਾਤਸ਼ਾਹ ਫੁਰਮਾਉਂਦੇ ਹਨ ਕਿ ਰੱਬੀ ਗੁਣ ਪੈਦਾ ਨਾ ਕਰਨਾ, ਮਨੁੱਖੀ ਜੀਵਨ ਅਜਾਈਂ ਗਵਾਉਣ ਵਾਲੀ ਗੱਲ ਹੈ। ਸਭ ਤੋਂ ਵੱਧ ਜ਼ੋਰ ਪਾਤਸ਼ਾਹ ‘ਹਰਿ ਭਜਨ’ ਦੇ ਜੜ੍ਹ ਗੁਣ ਉਪਰ ਦਿੰਦੇ ਨੇ। ਜੜ੍ਹ ਗੁਣ ਇਸ ਲਈ ਕਿਉਂਕਿ ਇਸ ਗੁਣ ਨਾਲ ਹੀ ਹੋਰ ਰੱਬੀ ਗੁਣ ਇਨਸਾਨ ਅੰਦਰ ਪੈਦਾ ਹੁੰਦੇ ਨੇ। ਇਨਸਾਨੀ ਮਨ ਨੂੰ ਰੱਬੀ ਮਨ ਬਣਾਉਣ ਲਈ ਇਸ ਗੁਣ ਦਾ ਬੀਜ ਮਨ ਵਿੱਚ ਬੀਜਣਾ ਪਵੇਗਾ। ਇਸ ਬਾਰੇ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ। ਆਓ, ਹੁਣ ਇਸ ਸਬੰਧੀ ਕੁੱਝ ਹੋਰ ਸਲੋਕਾਂ ਨੂੰ ਵਿਚਾਰੀਏ…

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

ਅਰਥ: ਮੈਂ ਰੱਬੀ ਗੁਣ ਆਪਣੇ ਅੰਦਰ ਪੈਦਾ ਨਹੀਂ ਕੀਤੇ ਅਤੇ ਆਪਣਾ ਜਨਮ ਵਿਅਰਥ ਗੁਆ ਰਿਹਾ ਹਾਂ। ਨਾਨਕ ਕਹਿ ਰਹੇ ਨੇ ਕਿ ਤੂੰ ਹਰਿ ਨੂੰ ਇਸ ਤਰ੍ਹਾਂ ਭਜ ਜਿਵੇਂ ਮੱਛੀ ਪਾਣੀ ਨੂੰ ਭਜੁ ਦੀ ਹੈ। ਭਾਵ ਜਿਵੇਂ ਮੱਛੀ ਦੇ ਹਰ ਪਾਸੇ ਪਾਣੀ ਹੈ, ਉਵੇਂ ਹੀ ਹਰ ਪਾਸੇ ਅਕਾਲ ਪੁਰਖ ਨੂੰ ਮਹਿਸੂਸ ਕਰ ਅਤੇ ਜਿਵੇਂ ਉਸਨੂੰ ਹੁਕਮ ਹੈ ਕਿ ਹਮੇਸ਼ਾ ਪਾਣੀ ਵਿੱਚ ਹੀ ਰਹਿਣਾ ਹੈ ਨਹੀਂ ਤਾਂ ਮੌਤ ਹੋ ਜਾਵੇਗੀ, ਉਸੇ ਤਰ੍ਹਾਂ ਜੇ ਮੈਂ ਆਤਮਿਕ ਪੱਖੋਂ ਜਿਉਂਦਾ ਰਹਿਣਾ ਹੈ ਤਾਂ ਹੁਕਮ ਵਿੱਚ ਰਹਿਣਾ ਹੋਵੇਗਾ। ਤਾਹੀਓਂ ਮੇਰੇ ਅੰਦਰ ਗੋਬਿੰਦ ਦੇ ਗੁਣ ਪੈਦਾ ਹੋਣਗੇ।

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ

ਅਰਥ: ਓ ਮਨ, ਤੂੰ ਹਰ ਵਖਤ ਔਗਣਾਂ ਵਿੱਚ ਐਨਾ ਜ਼ਿਆਦਾ ਕਿਉਂ ਗ੍ਰਸਿਆ ਹੋਇਆ ਹੈਂ ਕਿ ਇੱਕ ਪਲ ਲਈ ਵੀ ਇਨ੍ਹਾਂ ਤੋਂ ਦੂਰ ਨਹੀਂ ਹੁੰਦਾ। ਨਾਨਕ ਕਹਿੰਦੇ ਨੇ ਕਿ ਤੂੰ ਸਰਬ ਵਿਆਪਕ ਹਰਿ ਨੂੰ ਭਜੁ ਭਾਵ ਆਪਣੇ ਅੰਦਰ ਵਸਾ, ਤਾਂ ਜੋ ਤੂੰ ਇਨ੍ਹਾਂ ਜਮ੍ਹਾਂ ਦੇ ਫਾਹੇ ਤੋਂ ਬਚ ਸਕੇਂ। ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਣ ਲਈ ਹਰਿ ਨੂੰ ਭਜਣਾ ਪਵੇਗਾ।

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ॥੯॥

ਅਰਥ: ਮੇਰੇ ਸੁੱਖਾਂ ਦਾ ਸਰੋਤ, ਜ਼ਰੇ-ਜ਼ਰੇ ਵਿੱਚ ਰਮਿਆ ਹੋਇਆ ਰਾਮ ਹੈ, ਹੋਰ ਕੋਈ ਨਹੀਂ। ਨਾਨਕ ਆਖ ਰਹੇ ਨੇ ਕਿ ਹੇ ਮਨ, ਇਹ ਗੱਲ ਮੰਨ ਲੈ ਕਿ ਉਸ ਰਮੇ ਹੋਏ ਨੂੰ ਚੇਤੇ ਵਿੱਚ ਰਖਿਆਂ ਹੀ ਤੇਰੀ ਗਤਿ ਹੋਵੇਗੀ, ਭਾਵ ਤੂੰ ਇਸ ਕਾਬਿਲ ਹੋਵੇਂਗਾ ਕਿ ਤੂੰ ਉਸ ਨਾਲ ਜੁੜ ਸਕੇਂ।

ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥

ਅਰਥ: ਮੇਰੇ ਸਾਥੀ ਮਨ, ਜਿਸ ਨੂੰ ਚੇਤੇ ਰਖਿਆਂ ਐਸੀ ਗਤ (ਉਸ ਨਾਲ ਜੁੜਨ ਦੇ ਕਾਬਿਲ ਮਨੋ-ਅਵਸਥਾ) ਹੁੰਦੀ ਹੈ, ਫੇਰ ਉਸ ਨੂੰ ਆਪਣੇ ਅੰਦਰ ਵਸਾ ਹੀ ਲੈ। ਨਾਨਕ ਆਖਦੇ ਨੇ, ਇਹ ਗੱਲ ਪੱਲੇ ਬੰਨ ਲੈ ਕਿਉਂਕਿ ਹਰ ਦਿਨ ਉਮਰ ਘਟਦੀ ਜਾ ਰਹੀ ਹੈ।

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥

ਅਰਥ: ਸੰਤ ਭਾਵ ਆਤਮਿਕ ਸਫ਼ਰ ਦੇ ਰਾਹੀ, ਇਹ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਉਹ ਸਰਬ ਵਿਆਪਕ ਅਕਾਲ ਪੁਰਖ ਹਰ ਕਿਸੇ ਵਿੱਚ ਵਸਿਆ ਹੋਇਆ ਹੈ। ਨਾਨਕ ਕਹਿੰਦੇ ਹਨ ਕਿ ਤੂੰ ਉਸ ਨੂੰ ਭਜ, ਉਸ ਨਾਲ ਜੁੜ, ਰਮੇ ਹੋਏ ਨੂੰ ਚੇਤੇ ਵਿੱਚ ਰੱਖ, ਤਾਂ ਜੋ ਤੂੰ ਆਪਣਾ ਆਤਮਿਕ ਸਫ਼ਰ ਕਾਮਯਾਬੀ ਨਾਲ ਪੂਰਾ ਕਰ ਸਕੇਂ।

ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥

ਅਰਥ: ਬਾਹਰੀ ਦੁਨੀਆ ਦੇ ਨਸ਼ੇ ਵਿੱਚ ਮੈਂ ਅਨਜਾਣ ਨੇ ਇਹ ਜਾਣਿਆ ਹੀ ਨਹੀਂ ਕਿ ਜ਼ਿੰਦਗੀ ਕਿੰਨੀ ਛੋਟੀ (Transient) ਹੈ। ਨਾਨਕ ਆਖਦੇ ਹਨ, ਸਰਬ ਵਿਆਪਕ ਅਕਾਲ ਪੁਰਖ ਨੂੰ ਅੰਦਰ ਨਾ ਵਸਾਉਣ ਕਰਕੇ ਮੈਂ ਇਹਨਾਂ ਔਗੁਣਾਂ (ਬਾਹਰੀ ਦੁਨੀਆ ਦਾ ਨਸ਼ਾ) ਦੇ ਜਾਲ ਵਿੱਚ ਫਸਿਆ ਹੋਇਆ ਹਾਂ।

ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥

ਅਰਥ: ਜੋ ਇਨਸਾਨ ਉਸ ਰਾਮ (ਰਮਿਆ ਹੋਇਆ) ਨੂੰ ਪੱਕੇ ਤੌਰ ‘ਤੇ ਭਜ (ਅੰਦਰ ਵਸਾਉਣਾ) ਲੈਂਦਾ ਹੈ, ਉਸ ਨੂੰ ਅਕਾਲ ਪੁਰਖ ਦਾ ਰੂਪ ਹੀ ਸਮਝ। ਨਾਨਕ, ਇਹ ਸੱਚਾਈ ਜਾਣ ਲੈ ਕਿ ਉਸ ਇਨਸਾਨ ਅਤੇ ਸਿਰਜਣਹਾਰ ਵਿੱਚ ਕੋਈ ਅੰਤਰ ਨਹੀਂ।

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥

ਅਰਥ: ਮਨ ਦੁਨਿਆਵੀ ਪਦਾਰਥਾਂ ਵਿੱਚ ਫਸ ਕੇ ਰੱਬੀ ਗੁਣ ਭੁੱਲ ਗਿਆ। ਨਾਨਕ ਆਖਦੇ ਹਨ, ਰਮੇ ਹੋਏ ਨੂੰ ਭਜਨ ਤੋਂ ਬਿਨਾ ਜ਼ਿੰਦਗੀ ਦਾ ਕੀ ਮਨੋਰਥ ਹੈ।

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥

ਅਰਥ: ਮੇਰੇ ਅਗਿਆਨ ਅਤੇ ਬਾਹਰੀ ਦੁਨੀਆ ਦੇ ਨਸ਼ੇ ਕਾਰਨ, ਮੇਰੇ ਅੰਦਰ ਦਾ ਇਨਸਾਨ, ਰਮੇ ਹੋਏ ਸਿਰਜਣਹਾਰ ਨਾਲ ਜੁੜ ਨਾ ਸਕਿਆ। ਨਾਨਕ ਆਖਦੇ ਹਨ, ਸਰਬ ਵਿਆਪਕ ਅਕਾਲ ਪੁਰਖ ਨੂੰ ਨਾ ਭਜਨ ਦੀ ਵਜ੍ਹਾ ਕਰਕੇ ਮੈਂ ਮੁੜ ਇਹਨਾਂ ਔਗੁਣਾਂ ਦੇ ਜਾਲ ਵਿੱਚ ਆਤਮਿਕ ਮੌਤ ਮਰ ਰਿਹਾ ਹਾਂ।

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥

ਅਰਥ: ਖੁਸ਼ੀ ਦੇ ਸਮੇਂ, ਬਹੁਤ ਸਾਥੀ ਹੁੰਦੇ ਨੇ ਪਰ ਦੁੱਖ ਦੇ ਸਮੇਂ ਕੋਈ ਨਹੀਂ। ਨਾਨਕ ਆਖਦੇ ਹਨ, ਹੇ ਮਨ ਤੂੰ ਹਰਿ ਨੂੰ ਭਜ, ਇਹ ਹਮੇਸ਼ਾ (ਸੁੱਖ ਹੋਵੇ ਭਾਵੇਂ ਦੁੱਖ) ਤੇਰਾ ਸਹਾਈ ਹੋਵੇਗਾ ।  

ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥ ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥

ਅਰਥ: ਮੈਂ ਵੱਖ-ਵੱਖ ਮਨੋ-ਸਥਿਤੀਆਂ ਵਿੱਚ ਭਟਕਦਾ ਰਿਹਾ ਹਾਂ ਪਰ ਆਤਮਿਕ ਮੌਤ ਦੇ ਦੂਤਾਂ (ਔਗੁਣ) ਦਾ ਡਰ ਨਾ ਖ਼ਤਮ ਹੋਇਆ। ਨਾਨਕ ਆਖਦੇ ਹਨ, ਤੂੰ ਹਰਿ ਨੂੰ ਭਜ ਅਤੇ ਇਸ ਡਰ ਤੋਂ ਮੁਕਤੀ ਪਾ ਲੈ।

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥

ਅਰਥ: ਸਾਰੀ ਖ਼ਲਕਤ ਸੁੱਖਾਂ ਦੀ ਭੀਖ ਮੰਗਦੀ ਫਿਰਦੀ ਹੈ, ਪਰ ਸੁੱਖ ਦੇਣ ਵਾਲਾ ਰਮਿਆ ਹੋਇਆ ਅਕਾਲ ਪੁਰਖ ਹੈ। ਨਾਨਕ ਆਖਦੇ ਹਨ, ਹੇ ਮਨ ਤੂੰ ਉਸ ਰਮੇ ਹੋਏ ਨੂੰ ਯਾਦ ਰੱਖ ਤਾਂ ਕਿ ਤੇਰਾ ਇਹ ਕੰਮ ਪੂਰਾ ਹੋ ਜਾਵੇ। ਗੁਰਮਤਿ ਦਾ ਇਹ ਬੇਹੱਦ ਜ਼ਰੂਰੀ ਨੁਕਤਾ ਹੈ ਕਿ ਪੱਕੇ ਤੌਰ ’ਤੇ ਸੁੱਖਾਂ ਦਾ ਸਰੋਤ ਰਮਿਆ ਹੋਇਆ ਅਕਾਲ ਪੁਰਖ ਹੀ ਹੈ।

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥ ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ॥੪੫॥

ਅਰਥ: ਜਿਵੇਂ ਇੱਕ ਕੁੱਤਾ ਹਮੇਸ਼ਾ ਆਪਣੇ ਮਾਲਕ ਦਾ ਵਫ਼ਾਦਾਰ ਰਹਿੰਦਾ ਹੈ, ਕਦੇ ਉਸ ਦਾ ਘਰ ਛੱਡਦਾ ਨਹੀਂ। ਨਾਨਕ ਇਸੇ ਹੀ ਢੰਗ ਨਾਲ ਤੂੰ ਇੱਕ ਮਨ ਤੇ ਇੱਕ ਚਿੱਤ ਨਾਲ ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾਅ।

ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥

ਅਰਥ: ਮੈਂ ਆਪਣੀ ਅੰਤਰ ਆਤਮਾ ਵਿੱਚ ਉਸ ਰਮੇ ਹੋਏ ਨੂੰ ਵਸਾਅ ਲਿਆ ਹੈ। ਇਸ ਅਵਸਥਾ ਦਾ ਕੋਈ ਮੁਕਾਬਲਾ ਨਹੀਂ। ਰਮੇ ਹੋਏ ਨੂੰ ਚੇਤੇ ਕਰਦਿਆਂ, ਮੇਰੇ ਸਫ਼ਰ ਦੀਆਂ ਰੁਕਾਵਟਾਂ ਦੂਰ ਹੋਈਆਂ ਅਤੇ ਮੈਨੂੰ ਤੂੰ ਮਿਲ ਗਿਆ।

ਉਪਰਲੇ ਸਲੋਕਾਂ ਜ਼ਰੀਏ ਨੌਵੇਂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਹਰਿ ਭਜਨ ਹੀ ਹੋਰ ਗੁਣ ਪੈਦਾ ਕਰਨ ਲਈ ਅਤੇ ਪੰਜ ਵੱਡੇ ਔਗੁਣਾਂ ਨੂੰ ਕਾਬੂ ਰੱਖਣ ਦਾ ਆਧਾਰ ਹੈ। ਦੁਨਿਆਵੀ ਇੱਛਾਵਾਂ ਦੀ ਖਿੱਚ ਜੋ ਸਾਨੂੰ ਸੱਚਿਆਰ ਵਾਲੇ ਰਾਹ ਨਹੀਂ ਤੁਰਨ ਦਿੰਦੀ, ਉਸ ਨੂੰ ਕਾਬੂ ’ਚ ਰੱਖਣ ਲਈ ਵੀ ਹਰਿ ਭਜਨ ਕਾਰਗਰ ਹੈ। ਪਾਤਸ਼ਾਹ ਇੱਥੋਂ ਤੱਕ ਫੁਰਮਾਉਂਦੇ ਹਨ ਕਿ ਸਭ ਸੁੱਖਾਂ ਦਾ ਸਰੋਤ ਕੇਵਲ ਤੇ ਕੇਵਲ ਹਰਿ ਭਜਨ ਹੈ। ਰਮੇ ਹੋਏ ਨੂੰ ਆਪਣੇ ਅੰਦਰ ਵਸਾ ਲੈਣ ਵਰਗਾ ਹੋਰ ਕੋਈ ਸੁੱਖ ਨਹੀਂ ਪਰ ਇੱਕ ਕੁਤੇ ਵਾਂਗ ਇੱਕ ਮਨ, ਇੱਕ ਚਿੱਤ ਹੋ ਕੇ ਇਸ ਕਾਰਜ ਵਿੱਚ ਲੱਗਿਆ ਰਹਿਣਾ ਪਵੇਗਾ।

2. ਸਚਿਆਰ ਸਿੱਖ ਦੀ ਤਸਵੀਰ

ਨੌਵੇਂ ਪਾਤਸ਼ਾਹ ਦੀ ਇਹ ਖ਼ੂਬਸੂਰਤ ਬਾਣੀ ਇੱਕ ਸਚਿਆਰ ਸਿੱਖ ਦੀ ਤਸਵੀਰ ਖਿੱਚਦੀ ਹੈ ਕਿ ਇਹ ਸ਼ਖ਼ਸੀਅਤ ਪੱਖੋਂ, ਸੁਭਾਅ ਪੱਖੋਂ ਇੱਕ ਸਿੱਖ ਕਿਹੋ ਜਿਹਾ ਇਨਸਾਨ ਹੋਵੇ। ਇੱਕ ਤਰ੍ਹਾਂ ਨਾਲ ਇੱਕ ਸਿੱਖ ਨੂੰ ਟੀਚਾ ਵੀ ਦੇ ਦਿੰਦੇ ਹਨ ਕਿ ਤੈਨੂੰ ਕਿਸ ਤਰ੍ਹਾਂ ਦਾ ਇਨਸਾਨ ਬਣਿਆ ਪਾਤਸ਼ਾਹ ਦੇਖਣਾ ਚਾਹੁੰਦੇ ਹਨ। ਅਸਲ ’ਚ ਉਹ ਅਜਿਹੇ ਗੁਣਾਂ ਦੀ ਗੱਲ ਕਰਦੇ ਹਨ ਜੋ ਇਨਸਾਨ ਨੂੰ ਰੱਬ ਦਾ ਰੂਪ ਹੀ ਬਣਾ ਦਿੰਦੇ ਹਨ। ਪਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਗੁਣ ‘ਹਰਿ ਭਜਨ’ ਵਿਚੋਂ ਹੀ ਨਿਕਲਣੇ ਹਨ।

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥੧੩॥

ਅਰਥ: ਉਹ ਜਿਸ ਉੱਪਰ ਸੁੱਖ ਅਤੇ ਦੁੱਖ ਦਾ ਕੋਈ ਅਸਰ ਨਹੀਂ ਅਤੇ ਜੋ ਲਾਲਚ, ਮੋਹ ਅਤੇ ਅਹੰਕਾਰ ਤੋਂ ਉੱਪਰ ਹੈ, ਨਾਨਕ ਕਹਿੰਦੇ ਨੇ ਕਿ ਉਹ ਰੱਬ ਦੀ ਹੀ ਮੂਰਤ ਹੈ, ਓ ਮਨ, ਤੂੰ ਵੀ ਐਸੀ ਮਨੋ ਅਵਸਥਾ ਵਿੱਚ ਰਹਿ।

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥

ਅਰਥ: ਉਹ ਜਿਸ ਉੱਪਰ ਤਾਰੀਫ ਅਤੇ ਨਿੰਦਾ ਦਾ ਕੋਈ ਅਸਰ ਨਾ ਹੋਵੇ ਅਤੇ ਜੋ ਦੁਨਿਆਵੀ ਪਦਾਰਥਾਂ ਤੋਂ ਉਪਰ ਹੋਵੇ, ਓ ਮਨ, ਤੂੰ ਉਸ ਨੂੰ ਮੁਕਤ ਅਤੇ ਰੱਬ ਨਾਲ ਜੁੜਿਆ ਸਮਝ, ਤੂੰ ਵੀ ਐਸੀ ਮਨੋ-ਅਵਸਥਾ ਵਿੱਚ ਰਹਿ।

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥

ਅਰਥ: ਉਹ ਜਿਸਨੂੰ ਖੁਸ਼ੀ ਅਤੇ ਸੋਗ ਪ੍ਰਭਾਵਿਤ ਨਾ ਕਰੇ ਅਤੇ ਜੋ ਕਿਸੇ ਨਾਲ ਕੋਈ ਭੇਦ ਭਾਵ ਨਾ ਕਰੇ, ਨਾਨਕ ਕਹਿੰਦੇ ਨੇ ਕਿ ਉਸ ਮਨ ਨੂੰ ਮੁਕਤ ਅਤੇ ਰੱਬ ਨਾਲ ਜੁੜਿਆ ਸਮਝ ਅਤੇ ਹੇ ਮਨ ਤੂੰ ਵੀ ਐਸੀ ਮਨੋ ਅਵਸਥਾ ਵਿੱਚ ਰਹਿ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥

ਅਰਥ: ਉਹ ਜੋ ਕਿਸੇ ਨੂੰ ਡਰਾਉਂਦਾ ਨਹੀਂ ਅਤੇ ਨਾ ਕਿਸੇ ਦੇ ਡਰ ਵਿਚ ਆਉਂਦਾ ਹੈ, ਨਾਨਕ ਆਖਦੇ ਹਨ, ਐਸੇ ਮਨੁੱਖ ਨੂੰ ਤੂੰ ਗਿਆਨੀ ਸਮਝ ਤੇ ਹੇ ਮਨ, ਤੂੰ ਵੀ ਐਸੀ ਮਨੋ-ਅਵਸਥਾ ਵਿੱਚ ਰਹਿ।

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥

ਅਰਥ: ਉਹ ਜਿਸ ਨੇ ਆਪਣੇ ਸਾਰੇ ਔਗੁਣ ਛੱਡ ਦਿੱਤੇ ਅਤੇ ਪੂਰੀ ਤਰ੍ਹਾਂ ਪਿਆਰ ਨਾਲ ਲਬਰੇਜ਼ ਹੋ, ਹਰਿ ਨੂੰ ਭਜਨ ਵਿੱਚ ਲੱਗ ਗਿਆ, ਨਾਨਕ ਆਖਦੇ ਹਨ, ਉਸ ਉੱਪਰ ਬਖਸ਼ਿਸ਼ ਹੈ ਤੇ ਹੇ ਮਨ ਤੂੰ ਵੀ ਐਸੀ ਮਨੋ ਅਵਸਥਾ (State of Mind) ਵਿੱਚ ਰਹਿ।

ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥

ਅਰਥ: ਉਹ ਜਿਸਨੇ ਹਰ ਉਹ ਚੀਜ਼ ਨਾਲੋਂ ਪੂਰਨ ਰੂਪ ਵਿੱਚ ਮੋਹ ਤੋੜ ਦਿੱਤਾ, ਜੋ ਰੱਬ ਨਾਲੋਂ ਤੋੜਦੀ ਹੈ; ਨਾਨਕ ਆਖਦੇ ਹਨ, ਉਸ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ ਹੈ ਅਤੇ ਹੇ ਮਨ ਤੂੰ ਵੀ ਐਸੀ ਮਨੋ-ਅਵਸਥਾ (State of Mind) ਵਿੱਚ ਰਹਿ।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥

ਅਰਥ: ਉਹ ਜਿਸ ਨੇ ਹਰ ਪਾਸੇ ਰਮਿਆ ਸਿਰਜਣਹਾਰ ਪਛਾਣ ਕੇ ਆਪਣੀ ਹਉਮੈਂ ਛੱਡ ਦਿੱਤੀ, ਨਾਨਕ ਆਖਦੇ ਹਨ, ਉਹ ਇਨਸਾਨ ਮੁਕਤ ਹੋ ਗਿਆ ਤੇ ਹੇ ਮਨ ਤੂੰ ਵੀ ਐਸੀ ਮਨੋ*ਅਵਸਥਾ (State of Mind) ਵਿੱਚ ਰਹਿ।

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥

ਅਰਥ: ਸਰਬ ਵਿਆਪਕ ਅਕਾਲ ਪੁਰਖ ਨੂੰ ਪਛਾਣਨ ਨਾਲ, ਇਨਸਾਨ ਦੇ ਅੰਦਰੂਨੀ ਕਲੇਸ਼ ਪਿਛਲੀ ਪੁੱਠੀ ਮੱਤ ਅਤੇ ਭਵਿੱਖ ਦਾ ਡਰ ਖ਼ਤਮ ਹੋ ਜਾਂਦਾ ਹੈ। ਨਾਨਕ ਆਖਦੇ ਹਨ ਜੋ ਹਮੇਸ਼ਾ ਲਈ ਉਸ ਸਰਬ ਵਿਆਪਕ ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾਅ ਲੈਂਦਾ ਹੈ ਉਸਦਾ ਆਤਮਿਕ ਟੀਚਾ ਸਰ ਹੋ ਜਾਂਦਾ ਹੈ।
ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥

ਅਰਥ: ਓ ਮਨ, ਰੱਬੀ ਗੁਣ ਆਪਣੇ ਅੰਦਰ ਵਸਾਉਣ ਲਈ ਰੱਬੀ ਗੁਣ ਹੀ ਬੋਲ, ਰੱਬੀ ਗੁਣ ਹੀ ਸੁਣ ਅਤੇ ਰੱਬੀ ਗੁਣ ਵਾਲੇ ਹੀ ਕੰਮ ਕਰ। ਨਾਨਕ ਆਖਦੇ ਹਨ, ਅਜਿਹੀ ਮਨੋ ਅਵਸਥਾ ਵਿੱਚ ਰਹਿ ਅਤੇ ਕਦੇ ਵੀ ਔਗੁਣਾਂ (ਆਤਮਿਕ ਸਫ਼ਰ ਦੇ ਜਮਦੂਤਾਂ) ਦੇ ਵਸ ਵਿੱਚ ਨਾ ਪੈ।

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ॥੨੨॥

ਅਰਥ: ਉਹ ਇਨਸਾਨ ਜੋ ਲਾਲਚ, ਮੋਹ ਅਤੇ ਅਹੰਕਾਰ ਨਾਲ ਨਾਤਾ ਤੋੜ ਲਵੇ, ਉਹ ਆਪਣੇ ਆਪ ਨੂੰ ਇਨ੍ਹਾਂ ਔਗੁਣਾਂ ਤੋਂ ਬਚਾਉਣ ਦੇ ਨਾਲ-ਨਾਲ ਆਪਣੇ ਆਤਮਿਕ ਜੀਵਨ ਦੇ ਸਫ਼ਰ ਵਿੱਚ ਵੀ ਕਾਮਯਾਬ ਹੋ ਜਾਂਦਾ ਹੈ।

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ॥ ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥

ਅਰਥ: ਜਿਸ ਸਰੀਰ ਦਾ ਤੂੰ ਬਹੁਤ ਮਾਣ ਕਰਦਾ ਹੈਂ ਉਹ ਪਲ ਵਿੱਚ ਹੀ ਖ਼ਤਮ ਹੋਣ ਵਾਲਾ ਹੈ। ਉਹ ਇਨਸਾਨ ਜੋ ਆਪਣੇ ਅੰਦਰ ਰੱਬੀ ਗੁਣ ਧਾਰਦਾ ਹੈ ਉਸ ਦੀ ਹਸਤੀ ਮਾਨਯੋਗ ਹੈ।

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥

ਅਰਥ: ਇਹ ਨੁਕਤਾ ਜਾਣ ਲੈ ਕਿ ਜਿਸ ਇਨਸਾਨ ਨੇ ਆਪਣੇ ਅੰਦਰ ਰਮੇ ਹੋਏ ਅਕਾਲ ਪੁਰਖ ਦੀ ਯਾਦ ਦਾ ਗੁਣ ਪੈਦਾ ਕਰ ਲਿਆ ਹੈ, ਉਸਨੇ ਦੁਨਿਆਵੀ ਬੰਧਨਾਂ ਤੋਂ ਮੁਕਤੀ ਪਾ ਲਈ ਹੈ- ਉਸ ਇਨਸਾਨ ਅਤੇ ਉਸ ਸਿਰਜਣਹਾਰ ਵਿੱਚ ਕੋਈ ਫ਼ਰਕ ਨਹੀਂ, ਇਸ ਸੱਚ ਨੂੰ ਮੰਨ ਲੈ।

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥

ਅਰਥ: ਜੋ ਵੀ ਉਪਜਿਆ ਹੈ, ਉਹ ਅੱਜ ਨਹੀਂ ਤਾਂ ਕੱਲ ਖ਼ਤਮ ਹੋ ਜਾਵੇਗਾ। ਨਾਨਕ, ਸਾਰੇ ਦੁਨਿਆਵੀ ਜੰਜਾਲ ਛੱਡ ਦੇ ਅਤੇ ਰੱਬੀ ਗੁਣ ਆਪਣੇ ਅੰਦਰ ਪੈਦਾ ਕਰ ਅਤੇ ਗੁਣ ਹੀ ਬਣ ਜਾ।

ਨੌਵੇਂ ਪਾਤਸ਼ਾਹ ਨੇ ਗੁਣਾਂ ਦੀ ਜਿਹੜੀ ਸੂਚੀ ਸਾਡੇ ਲਈ ਬਣਾਈ ਹੈ, ਉਸ ਨੂੰ ਪੜ੍ਹ-ਸਮਝ ਕੇ ਇੰਝ ਲਗਦਾ ਹੈ ਜਿਵੇਂ ਬੇਹੱਦ ਸੂਖਮ ਅਤੇ ਔਖੇ ਵਿਸ਼ੇ ਦਾ ਪੇਪਰ ਸਿਰ ਤਾਂ ਆ ਗਿਆ ਹੋਵੇ ਪਰ ਹਜੇ ਤੱਕ ਕਿਤਾਬ ਖੋਲ੍ਹ ਕੇ ਨਾ ਦੇਖੀ ਹੋਵੇ। ਇੰਝ ਵੀ ਲਗਦਾ ਹੈ ਕਿ ਮੈਂ ਅਜਿਹਾ ਪੇਪਰ ਕਦੇ ਪਾਸ ਵੀ ਕਰ ਪਾਵਾਂਗਾ ਜਾਂ ਨਹੀਂ। ਪਾਤਸ਼ਾਹ ਸਾਨੂੰ ਇੱਕ ਅਜਿਹਾ ਸਚਿਆਰ ਇਨਸਾਨ ਬਨਾਉਣਾ ਚਾਹੁੰਦੇ ਹਨ, ਜਿਸ ਉੱਪਰ ਸੁੱਖ-ਦੁੱਖ, ਖੁਸ਼ੀ-ਗਮੀ ਦਾ ਪ੍ਰਭਾਵ ਨਾ ਹੋਵੇ, ਇਹਨਾਂ ਨੂੰ ਹੁਕਮ ਦਾ ਹਿੱਸਾ ਹੀ ਸਮਝੇ। ਨਾ ਮਨ ਵਿੱਚ ਲੋਭ ਹੋਵੇ, ਨਾ ਮੋਹ ਅਤੇ ਨਾ ਹੀ ਅਹੰਕਾਰ। ਨਾ ਉਸਨੂੰ ਕਿਸੇ ਵਲੋਂ ਕੀਤੀ ਗਈ ਉਸਤਤ ਨਾਲ ਕੋਈ ਫ਼ਰਕ ਪੈਂਦਾ ਹੈ ਤੇ ਨਾ ਨਿੰਦਿਆ ਨਾਲ। ਦੁਨਿਆਵੀ ਪਦਾਰਥਾਂ ਦੀ ਚਕਾਚੌਂਦ ਉਸ ਨੂੰ ਬੇਚੈਨ ਨਾ ਕਰੇ। ਦੁਨਿਆਵੀ ਪਦਾਰਥ ਇਕੱਠੇ ਕਰਨ ਦੇ ਪਾਗਲਪਨ ਅਤੇ ਦਿਖਾਵੇ ਦੀ ਦੌੜ ’ਚੋਂ  ਬਾਹਰ ਹੋ ਜਾਵੇ। ਦੁਸ਼ਮਣ ਅਤੇ ਮਿੱਤਰ ਨੂੰ ਅਕਾਲ ਪੁਰਖ ਦਾ ਅੰਸ਼ ਮੰਨੇ। ਨਾ ਡਰੇ ਤੇ ਨਾ ਡਰਾਵੇ। ਔਗੁਣਾਂ ਨਾਲੋਂ ਪੱਕੇ ਤੌਰ ’ਤੇ ਨਾਤਾ ਤੋੜ ਦੇਵੇ। ਚਾਰੇ ਪਾਸੇ ਹੁਕਮ ਵਰਤਦਾ ਦੇਖ ਹਉਮੈਂ ਤਜ ਦੇਵੇ। ਭਵਿੱਖ ਦਾ ਡਰ ਖ਼ਤਮ ਕਰ ਲਵੇ ਅਤੇ ਦੁੱਖ ਦੇਣ ਵਾਲੀ ਦੁਰਮਤਿ ਛੱਡ ਦੇਵੇ। ਅਜਿਹੇ ਸਿੱਖ ਨੂੰ ਪਾਤਸ਼ਾਹ ਰੱਬ ਦਾ ਰੂਪ ਆਖ ਰਹੇ ਨੇ, ਉਸ ਨੂੰ ਗਿਆਨੀ ਦਾ ਦਰਜਾ ਦੇ ਰਹੇ ਨੇ। ਉਹ ਫੁਰਮਾਉਂਦੇ ਨੇ ਕਿ ਅਜਿਹਾ ਇਨਸਾਨ ਮੁਕਤ ਹੋ ਚੁੱਕਾ ਹੈ, ਉਸਦੀ ਅੰਤਰਾਤਮਾ ਵਿੱਚ ਅਕਾਲ ਪੁਰਖ ਦਾ ਵਾਸ ਹੋ ਚੁੱਕਾ ਹੈ, ਉਸ ਅਤੇ ਸਿਰਜਣਹਾਰ ਵਿੱਚ ਕੋਈ ਫ਼ਰਕ ਨਹੀਂ। ਇਸ ਨੂੰ ਪੜ੍ਹਕੇ ਆਪਾਂ ਸਭ ਨੇ ਖ਼ੁਦ ਹੀ ਫ਼ੈਸਲਾ ਲੈਣਾ ਹੈ ਕਿ ਅਸੀਂ ਵਿਅਕਤੀਗਤ ਤੌਰ ’ਤੇ ਇਸ ਸਫ਼ਰ ਦੇ ਕਿਹੜੇ ਪੜਾਅ ‘ਤੇ ਹਾਂ।

3. ਮਾਇਆ ਬਨਾਮ ਰੂਹਾਨੀ ਸਫ਼ਰ

ਗੁਰਮਤਿ ਵਿੱਚ ਮਾਇਆ ਦਾ ਭਾਵ ਧਨ-ਦੌਲਤ ਨਹੀਂ। ਧਨ ਦੌਲਤ ਕਿਸੇ ਇੱਕ ਲਈ ਮਾਇਆ ਹੋ ਸਕਦੀ ਹੈ ਤੇ ਦੂਜੇ ਲਈ ਨਹੀਂ। ਮਾਇਆ ਦਾ ਸੌਖਾ ਮਤਲਬ ਹੈ ਕਿ ਉਹ ਹਰ ਦੁਨਿਆਵੀ ਆਕਰਸ਼ਣ, ਜੋ ਇਨਸਾਨ ਲਈ ਸਚਿਆਰ ਬਣਨ ਦੇ ਰਾਹ ਵਿੱਚ ਅੜਿੱਕਾ ਹੋਵੇ, ਉਹ ਮਾਇਆ ਹੈ। ਇਹ ਦੂਜਿਆਂ ਤੋਂ ਵੱਧ ਧਨ ਦੌਲਤ ਇਕੱਠੀ ਕਰਨ ਦੀ ਸਨਕ ਵੀ ਹੋ ਸਕਦੀ ਹੈ, ਵਿਹਲਾ ਬੈਠ ਕੇ ਕੀਤੀਆਂ ਚੁਗਲੀਆਂ ਵੀ ਹੋ ਸਕਦੀਆਂ ਹਨ ਅਤੇ ਫਜ਼ੂਲ ਦੀ ਰਾਜਨੀਤਿਕ ਬਹਿਸ, ਲੋੜੋਂ ਵੱਧ ਦੇਖਿਆ ਟੀਵੀ, ਪਾਰਟੀਆਂ ਅਤੇ ਹੋਰ ਚਸਕੇ ਵੀ ਕਿਸੇ ਇਨਸਾਨ ਲਈ ਮਾਇਆ ਹੋ ਸਕਦੀ ਹੈ। ਇਸੇ ਨੂੰ ਗੁਰਮਤਿ ਵਿੱਚ ਜੰਜਾਲ, ਸੰਗਲ ਆਦਿ ਵੀ ਕਿਹਾ ਗਿਆ ਹੈ। ਆਪਣੀਆਂ ਘਰੇਲੂ ਅਤੇ ਸਮਾਜਿਕ ਜ਼ਿਮੇਵਾਰੀਆਂ ਪੂਰੀਆਂ ਕਰਨੀਆਂ ਮਾਇਆ ਨਹੀਂ।

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

ਅਰਥ: ਜਿਸ ਦੌਲਤ ਅਤੇ ਸੰਪਤੀ ਨੂੰ ਮੈਂ ਆਪਣਾ ਸਮਝ ਕੇ, ਉਸਦਾ ਰਖਵਾਲਾ ਬਣਿਆ ਹੋਇਆ ਹਾਂ; ਮੇਰੇ ਮਨ ਇਹ ਸੱਚਾਈ ਜਾਣ ਲੈ ਕਿ ਇਹਨਾਂ ਵਿੱਚੋਂ ਕੁੱਝ ਵੀ ਮੇਰੇ ਆਤਮਿਕ ਸਫ਼ਰ ਵਿੱਚ ਮੇਰਾ ਸਾਥੀ ਨਹੀਂ।


ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥

ਅਰਥ: ਬਾਹਰਲੀ ਦੁਨੀਆ ਵਿੱਚ ਹਰ ਸਮੇਂ ਗ੍ਰਸਿਆ ਮਨੁੱਖ ਇਨਸਾਨ ਹਰ ਵੇਲੇ ਦੁੱਖ-ਸੁੱਖ ਵਿੱਚ ਡੋਲਦਾ ਰਹਿੰਦਾ ਹੈ। ਕੋਈ ਵਿਰਲਾ ਹੀ ਹੈ ਨਾਨਕ, ਜਿਸ ਦੇ ਚੇਤੇ ਵਿੱਚ ਸਿਰਜਣਹਾਰ ਹੈ।

ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥

ਅਰਥ: ਬਾਹਰੀ ਦੁਨੀਆ ਦੇ ਆਕਰਸ਼ਣ ਵਿੱਚ ਆਤਮਿਕ ਸੁੱਖ ਦੇ ਸੱਚ ਤੋਂ ਅਣਜਾਣ ਮੂਰਖ ਲੋਕ ਦੁਨੀਆ ਵਿੱਚ ਵਿਚਰ ਰਹੇ ਨੇ। ਨਾਨਕ ਆਖਦੇ ਹਨ, ਬਿਨਾ ਸਰਬ ਵਿਆਪਕ ਅਕਾਲ ਪੁਰਖ ਨੂੰ ਅੰਦਰ ਵਸਾਏ, ਮਨੁੱਖੀ ਜਨਮ ਵਿਅਰਥ ਜਾ ਰਿਹਾ ਹੈ।

ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ॥ ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥

ਅਰਥ: ਮੇਰੇ ਦੋਸਤ ਮਨ, ਜ਼ਿੰਦਗੀ ਬਾਹਰੀ ਦੁਨੀਆ ਵਿੱਚ ਫਸੇ ਦੀ ਹੀ ਲੰਘ ਗਈ ਅਤੇ ਤੂੰ ਇਸ ਤੋਂ ਬਚ ਨਹੀਂ ਸਕਿਆ। ਨਾਨਕ, ਜਿਵੇਂ ਪੱਥਰ ਵਿੱਚ ਤਰਾਸ਼ੀ ਹੋਈ ਮੂਰਤ, ਪੱਥਰ ਤੋਂ ਅੱਡ ਨਹੀਂ ਹੋ ਸਕਦੀ। ਭਾਵ, ਮਾਇਆ ਮੇਰਾ ਨਾ ਅਲੱਗ ਹਨ ਵਾਲਾ ਹਿੱਸਾ ਬਣ ਚੁੱਕੀ ਹੈ।

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥

ਅਰਥ: ਇਸ ਦੁਨਿਆਵੀ ਜਾਲ ਵਿੱਚ, ਇਨਸਾਨ ਆਪਣੇ ਲਈ ਚਾਹੁੰਦਾ ਕੁੱਝ ਹੋਰ ਹੈ ਪਰ ਜੋ ਉਸ ਨੂੰ ਮਿਲਦਾ ਹੈ ਉਹ ਕੁੱਝ ਹੋਰ ਹੀ ਹੁੰਦਾ ਹੈ। ਭਾਵੇਂ ਇੱਛਾਵਾਂ ਦੂਜਿਆਂ ਨੂੰ ਠੱਗ ਕੇ ਪੂਰੀ ਕਰਨ ਦੀ ਹੁੰਦੀ ਹੈ ਪਰ ਖ਼ੁਦ ਹੀ ਆਪ ਬਣਾਏ ਜਾਲ ਵਿੱਚ ਫਸ ਜਾਂਦਾ ਹੈ।

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥

ਅਰਥ: ਮੈਂ ਸੰਸਾਰਕ ਵਸਤਾਂ ਨੂੰ ਆਪਣਾ ਸਮਝਿਆ ਪਰ ਇੱਥੇ ਕੁੱਝ ਵੀ ਕਿਸੇ ਦਾ ਹਮੇਸ਼ਾ ਲਈ ਨਹੀਂ ਹੈ। ਨਾਨਕ ਸਿਰਫ ਅਕਾਲ ਪੁਰਖ ਦਾ ਪਿਆਰ (ਜੇ ਪੈ ਜਾਵੇ) ਪੱਕਾ ਹੈ, ਤੂੰ ਆਪਣੇ ਮਨ ਵਿੱਚ ਇਹ ਪੈਦਾ ਕਰ।

ਇਨ੍ਹਾਂ ਸਲੋਕਾਂ ਤੋਂ ਇਹ ਸਮਝ ਆਇਆ ਕਿ ਧਨ-ਸੰਪਤੀ ਭਾਵੇਂ ਦੁਨੀਆਦਾਰੀ ਵਿੱਚ ਕੰਮ ਆਉਂਦੀ ਹੈ ਪਰ ਰੂਹਾਨੀ ਸਫ਼ਰ ਵਿੱਚ ਨਹੀਂ। ਦੂਜੀ ਗੱਲ ਇਹ ਕਿ ਨਿੱਤ ਦਿਨ ਦੁੱਖ ਅਤੇ ਸੁੱਖ ਵਿਚਕਾਰ ਡੋਲਣ ਦਾ ਕਾਰਨ, ਹਰ ਸਮੇਂ ਮਾਇਆ ਵਿੱਚ ਲੱਗਾ ਧਿਆਨ ਹੈ ਅਤੇ ਮਾਇਆ ਵਿੱਚੋਂ ਨਿਕਲਣਾ ਇੰਝ ਹੈ ਜਿਵੇਂ ਪੱਥਰ ਦੀ ਮੂਰਤ ਨੂੰ ਪੱਥਰ ਨਾਲੋਂ ਵੱਖ ਕਰਨਾ। ਮਾਇਆ ਦੇ ਵੱਸ ਵਿੱਚ ਆਕੇ ਇਨਸਾਨ ਦੂਜਿਆਂ ਨਾਲ ਠੱਗੀਆਂ ਮਾਰਦਾ-ਮਾਰਦਾ ਖ਼ੁਦ ਹੀ ਆਤਮਿਕ ਜ਼ਿੰਦੀਗ ਵਿੱਚ ਠੱਗਿਆ ਜਾਂਦਾ ਹੈ। ਇੱਕ ਹੋਰ ਨੁਕਤੇ ਦੀ ਗੱਲ ਇਹ ਕਿ ਇਨਸਾਨ ਪਦਾਰਥ ਇਕੱਠੇ ਕਰਦਾ ਹੈ, ਉਨ੍ਹਾਂ ਨਾਲ ਮੋਹ ਪਾਉਂਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਸੁੱਖ ਦਾ ਸਾਧਨ ਨੇ, ਪਰ ਕਿਉਂਕਿ ਕੋਈ ਵੀ ਪਦਾਰਥ ਸਦੀਵੀਂ ਨਹੀਂ ਇਸ ਲਈ ਸੁੱਖ ਵੀ ਸਦੀਵੀਂ ਨਹੀਂ ਰਹਿੰਦਾ ਬਜਾਏ ਅਕਾਲ ਪੁਰਖ ਨਾਲ ਪਏ ਪਿਆਰ ਜੋ ਅੰਤ ਤੱਕ ਸਾਥ ਨਿਭਾਉਂਦਾ ਹੈ।

4. ਉਹ ਅੰਦਰ ਹੀ ਹੈ

ਸਿੱਖੀ ਦੇ ਸਭ ਤੋ ਮੁੱਢਲੇ ਅਸੂਲ ਨੂੰ ਪਾਤਸ਼ਾਹ ਨੇ ਦੁਹਰਾਇਆ ਹੈ ਕਿ ਅਕਾਲ ਪੁਰਖ ਨਾਲ ਜੁੜਣ ਦਾ ਰਸਤਾ ਆਪਣਾ ਮਨ ਹੀ ਹੈ। ਮਨ ਤੋਂ ਬਾਹਰ ਉਸ ਨਾਲ ਜੁੜਨ ਦਾ ਰਾਹ ਗੁਰਮਤਿ ਵਿਚ ਹੈ ਹੀ ਨਹੀਂ।  

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

ਅਰਥ: ਹੇ ਮੇਰੇ ਮਨ, ਤੂੰ ਉਸ ਸਰਬ ਵਿਆਪਕ ਅਕਾਲ ਪੁਰਖ ਨਾਲ ਜੁੜ, ਜੋ ਤੇਰੇ ਅੰਦਰ ਹੀ ਸਮਾਇਆ ਹੋਇਆ ਹੈ। ਉਹ ਔਗੁਣਾਂ ਭਰੇ ਇਨਸਾਨਾਂ ਨੂੰ ਬਚਾਉਣ ਵਾਲਾ ਹੈ, ਡਰ ਖ਼ਤਮ ਕਰਨ ਵਾਲਾ ਹੈ ਅਤੇ ਆਤਮਿਕ ਤੌਰ ‘ਤੇ ਅਨਾਥਾਂ ਦਾ ਸਹਾਰਾ ਹੈ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥

ਅਰਥ: ਹੇ ਚਤੁਰ ਮਨ, ਤੈਨੂੰ ਪਤਾ ਹੈ ਕਿ ਉਸ ਅਕਾਲ ਪੁਰਖ ਨੇ ਮੇਰਾ ਸਰੀਰ ਅਤੇ ਇੰਦਰੀਆਂ ਰਚੀਆਂ ਅਤੇ ਇਸ ਸਰੀਰ ਵਿੱਚ ਜਾਨ ਪਾਈ। ਤਾਂ ਇਹ ਵੀ ਮੰਨ ਲੈ ਕਿ ਜਿਸ ਤੋਂ ਤੂੰ ਉਪਜਿਆ ਹੈਂ, ਉਹ ਤੇਰੇ ਵਿੱਚ ਹੀ ਸਮਾਇਆ ਹੋਇਆ ਹੈ।

5. ਸੁਫ਼ਨੇ ਵਰਗਾ ਸੰਸਾਰ

ਇਨਸਾਨ ਧਨ ਦੌਲਤ ਵਾਸਤੇ, ਇੱਕ ਜ਼ਮੀਨ ਦੇ ਟੁਕੜੇ ਵਾਸਤੇ ਆਪਣੇ ਇਮਾਨ ਤੋਂ ਗਿਰ ਜਾਂਦਾ ਹੈ। ਸੱਤਾ ਦੇ ਨਸ਼ੇ ਵਿੱਚ ਹਜ਼ਾਰਾਂ, ਲੱਖਾਂ ਬੇਕਸੂਰ ਲੋਕਾਂ ਦੀ ਜਾਨ ਲੈਣ ਨੂੰ ਤਿਆਰ ਹੋ ਜਾਂਦਾ ਹੈ। ਆਪਣਾ ਨਾਮ ਇਤਿਹਾਸ ਵਿੱਚ ਦਰਜ ਕਰਾਉਣ ਦੇ ਲਾਲਚ ਵੱਸ ਆਪਣੀ ਝੂਠੀ ਸ਼ਾਨੋ-ਸ਼ੌਕਤ ਲਈ ਲੱਖਾਂ ਲੋਕਾਂ ਨੂੰ ਭੁੱਖੇ ਮਾਰ ਦਿੰਦਾ ਹੈ। ਇਹ ਸਭ ਘਿਨਾਉਣੇ ਕੰਮ ਕਰਨ ਵੇਲੇ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਇੱਕ ਦਿਨ ਉਸ ਨੇ ਇਸ ਦੁਨੀਆ ਉੱਪਰ ਨਹੀਂ ਰਹਿਣਾ ਅਤੇ ਨਹੀਂ ਰਹਿਣਾ ਉਹ ਕੋਈ ਵੀ ਇਨਸਾਨ, ਜੋ ਉਸਨੂੰ ਪਿਆਰ ਕਰਦਾ ਹੈ, ਜਾਣਦਾ ਹੈ ਜਾਂ ਉਸਦਾ ਨਾਮ ਲੈਂਦਾ ਹੈ, ਸਭ ਨੇ ਚਲੇ ਜਾਣਾ ਹੈ। ਇੱਕ ਦਿਨ ਇਹ ਜਹਾਨ ਵੀ ਨਹੀਂ ਰਹਿਣਾ। ਜਿਸ ਜ਼ਮੀਨ ਅਤੇ ਆਲੀਸ਼ਾਨ ਘਰ ਦੇ ਨਸ਼ੇ ਵਿੱਚ ਗਰੀਬ ਬੰਦੇ ਨੂੰ ਬੰਦਾ ਨਹੀਂ ਸਮਝਦਾ, ਉਸੇ ਜ਼ਮੀਨ ֹ’ਤੇ ਕਿਸੇ ਵੇਲੇ ਡਾਇਨਾਸੋਰ ਚਲਦੇ ਸੀ, ਫਿਰ ਕਦੇ ਰਾਜੇ ਸੁਲਤਾਨ, ਅੱਜ ਜੇ ਤੇਰਾ ਕਬਜ਼ਾ ਹੈ ਤਾਂ ਕਿਸੇ ਦਿਨ ਇਸੇ ਥਾਂ ’ਤੇ ਖੰਡਰ ਹੋਣਗੇ। ਇਹ ਪੂਰੀ ਧਰਤੀ ਹੀ ਕਈ ਵਾਰ ਖ਼ਤਮ ਹੋ ਚੁੱਕੀ ਹੈ ਅਤੇ ਦੁਬਾਰਾ ਵੀ ਹੋਵੇਗੀ। ਨਾ ਸਿਰਫ਼ ਧਰਤੀ ਸਗੋਂ ਚੰਦ, ਤਾਰਿਆਂ ਸਮੇਤ ਹਰ ਚੀਜ਼ ਖ਼ਤਮ ਹੋਣ ਦੀ ਤਾਰੀਕ ਨਾਲ ਲੈ ਕੇ ਪੈਦਾ ਹੋਈ ਹੈ। ਇਸੇ ਲਈ ਪਾਤਸ਼ਾਹ ਵਾਰ-ਵਾਰ ਸਾਡੇ ਖਾਨੇ ਵਿੱਚ ਪਾਉਣਾ ਚਾਹੁੰਦੇ ਨੇ ਕਿ ਇਸ ਸੰਸਾਰ ਨੂੰ ਇੱਕ ਸੁਫ਼ਨੇ ਵਾਂਗ ਜਾਣ। ਇਸ ਤਰ੍ਹਾਂ ਜਾਣੇਗਾ ਤਾਂ ਤੇਰੀ ਚਿੰਤਾ ਵੀ ਘਟੇਗੀ ਅਤੇ ਮਨ ਵਿੱਚੋਂ ਮੈਲ ਵੀ।

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥

ਅਰਥ: ਹੇ ਮਨ, ਤੂੰ ਇਸ ਦੁਨੀਆ ਨੂੰ ਸੁਪਨੇ ਦੇ ਇੱਕ ਦ੍ਰਿਸ਼ ਵਾਂਗ ਦੇਖ ਕਿਉਂਕਿ ਇਸ ਦੁਨੀਆ ਵਿੱਚ ਕੁੱਝ ਵੀ ਸੱਚਾ, ਭਾਵ ਹਮੇਸ਼ਾ ਰਹਿਣ ਵਾਲਾ ਨਹੀਂ ਹੈ।

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥

ਅਰਥ: ਜਿਵੇਂ ਪਾਣੀ ‘ਤੇ ਬੁਲਬੁਲੇ ਲਗਾਤਾਰ ਬਣਦੇ ਤੇ ਟੁੱਟਦੇ ਨੇ, ਨਾਨਕ ਦੁਨਿਆਵੀ ਢਾਂਚਾ ਵੀ ਉਸੇ ਤਰ੍ਹਾਂ ਬਣਾਇਆ ਗਿਆ ਹੈ, ਹੇ ਮਨ, ਤੂੰ ਇਹ ਗੱਲ ਆਪਣੇ ਅੰਦਰ ਬਿਠਾਅ ਲੈ।

ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥ ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥

ਅਰਥ: ਦੁਨਿਆਵੀ ਪਦਾਰਥਾਂ ਦਾ ਕੀ ਮਾਣ ਕਰਨਾ ਜਦੋਂ ਪਤਾ ਹੈ ਕਿ ਜ਼ਿੰਦਗੀ ਇੱਕ ਸੁਪਨੇ ਵਰਗੀ ਹੈ। ਨਾਨਕ, ਤੂੰ ਇਹ ਸਮਝ, ਹੇ ਮਨ, ਕਿ ਦੁਨੀਆ ਵਿੱਚ ਕੁੱਝ ਵੀ ਤੇਰਾ ਨਹੀਂ।

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥੪੯॥

ਅਰਥ: ਇਹ ਜਗਤ ਚਲਣਹਾਰ ਹੈ, ਹੇ ਮੇਰੇ ਮਿੱਤਰ ਮਨ ਇਹ ਸਮਝ ਲੈ। ਨਾਨਕ ਕਹਿੰਦੇ ਨੇ ਕਿ ਇਹ ਜਗਤ ਰੇਤੇ ਦੇ ਮਹਿਲ ਵਾਂਗ ਹਮੇਸ਼ਾ ਲਈ ਨਹੀਂ ਹੈ।

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥

ਅਰਥ: ਰਾਮਚੰਦਰ ਅਤੇ ਰਾਵਣ ਆਪਣੇ ਵੱਡੇ ਪਰਿਵਾਰਾਂ ਸਮੇਤ ਦੁਨੀਆ ਤੋਂ ਚਲੇ ਗਏ। ਨਾਨਕ ਆਖਦੇ ਹਨ, ਕੁੱਝ ਵੀ ਹਮੇਸ਼ਾ ਲਈ ਨਹੀਂ ਰਹਿ ਸਕਦਾ, ਇਹ ਦੁਨੀਆ ਸੁਪਨੇ ਵਾਂਗ ਛੋਟੀ ਹੈ।

6. ਸਮਰਪਣ

ਜੇ ਪੰਜ ਵੱਡੇ ਔਗੁਣਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਤੋਂ ਬਚਣਾ ਹੈ, ਜੇ ਪੱਕੇ ਤੌਰ ‘ਤੇ ਸੁੱਖ ਦੀ ਭਾਲ ਹੈ ਤਾਂ ਹਰਿ ਭਜਨ ਪ੍ਰਤੀ ਸਮਰਪਿਤ ਹੋਣਾ ਪਵੇਗਾ। ਇਸ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ। ਜਿਸ ਵੇਲੇ ਮਨ ਅਤੇ ਇੰਦਰੀਆਂ, ਪੰਜ ਔਗੁਣਾਂ ਨੂੰ ਹਰਾਉਣ ਵਿੱਚ ਅਸਮਰੱਥ ਲੱਗਣ ਤਾਂ ਹਰਿ ਦੀ ਸ਼ਰਨ ਭਾਵ ਹਰਿ ਭਜਨ ਹੀ ਇੱਕੋ ਇੱਕ ਸਹਾਰਾ ਹੈ।

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥

ਅਰਥ: ਉਹ ਜੋ ਸਦਾ ਵਾਸਤੇ ਆਤਮਿਕ ਸੁੱਖ ਦੀ ਚਾਹਨਾ ਰੱਖਦਾ ਹੈ, ਉਹ ਅੰਦਰ ਵਸਦੇ ਅਕਾਲ ਪੁਰਖ ਅੱਗੇ ਸਮਰਪਣ ਕਰ ਦੇਵੇ। ਭਾਵ ਬਗੈਰ ਕਿਸੇ ਕਿੰਤੂ-ਪ੍ਰੰਤੂ, ਬਗੈਰ ਕਿਸੇ ਸ਼ੱਕ ਦੇ ਹਰਿ ਭਜਨ ਕਰ ਲਵੇ। ਨਾਨਕ ਆਖਦੇ ਹਨ, ਹੇ ਮਨਾ, ਤੂੰ ਵੀ ਅਜਿਹੀ ਮਨੋ-ਅਵਸਥਾ ਵਿੱਚ ਰਹਿ ਕਿਉਂਕਿ ਇਨਸਾਨੀ ਜ਼ਿੰਦਗੀ ਬੜੀ ਬੇਸ਼ਕੀਮਤੀ ਹੈ।

ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥ ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥

ਅਰਥ: ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਪਰ ਮੇਰੇ ਮਨ ਦੀ ਹਉਮੈ ਨਾ ਮਿਟੀ। ਮੇਰੇ ਮਾੜੀ ਮੱਤ ਵਿੱਚ ਫਸੇ ਦਾ ਇੱਕੋ ਹੱਲ ਹੈ ਕਿ ਸਿਰਜਣਹਾਰ ਨੂੰ ਆਪਣੇ ਅੰਦਰ ਵਸਾਵਾਂ।

ਦੋਹਰਾ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥੫੩॥

ਅਰਥ: ਦੁਨਿਆਵੀ ਜੰਜਾਲਾਂ ਨੇ ਮੇਰੀ ਅਧਿਆਤਮਿਕ ਸਮਰੱਥਾ ਖ਼ਤਮ ਕਰ ਦਿੱਤੀ ਹੈ ਅਤੇ ਮੈਨੂੰ ਇੰਝ ਜਕੜਿਆ ਜਿਸ ਵਿੱਚੋਂ ਨਿਕਲਣ ਦਾ ਕੋਈ ਹੋਰ ਤਰੀਕਾ ਜਾਂ ਜੁਗਤ ਮੇਰੇ ਕੋਲ ਨਹੀਂ ਹੈ। ਨਾਨਕ, ਮੈਂ ਹੁਣ ਸਰਬ ਵਿਆਪਕ ਸਿਰਜਣਹਾਰ ਦੀ ਸ਼ਰਣ ਵਿੱਚ ਆ ਗਿਆ ਹਾਂ, ਹੁਣ ਓਹੀ ਮੈਨੂੰ ਹਾਥੀ ਵਰਗਾ ਬਲ ਬਖਸ਼ਣਗੇ।

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ੫੪

ਅਰਥ: ਇਹ ਬਲ ਹੀ ਸਾਰੀ ਮੁਸੀਬਤ ਦਾ ਹੱਲ ਹੈ, ਇਸਦੀ ਮਦਦ ਨਾਲ ਹੀ ਮੈਂ ਦੁਨਿਆਵੀ ਬੰਧਨ ਤੋੜ ਪਾਇਆ। ਨਾਨਕ, ਹੇ ਅਕਾਲ ਪੁਰਖ, ਮੈਂ ਪੂਰੀ ਤਰ੍ਹਾਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ। ਹੁਣ ਸਿਰਫ਼ ਤੂੰ ਹੀ ਮੇਰੇ ਬਲ ਦਾ ਸਰੋਤ ਹੈਂ।

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

ਅਰਥ: ਮੇਰੀਆਂ ਸਭ ਇੰਦਰੀਆਂ ਮੇਰਾ ਸਾਥ ਛੱਡ ਗਈਆਂ। ਕਿਸੇ ਨੇ ਵੀ ਮੇਰੀ ਸਹਾਇਤਾ ਕਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਨਾਨਕ ਕਹਿੰਦੇ ਨੇ ਇਸ ਲਈ ਏਹਨਾਂ ਦੁਨਿਆਵੀ ਜੰਜਾਲਾਂ ਦੀ ਮੁਸੀਬਤ ਵਿੱਚ ਮੈਨੂੰ ਸਿਰਫ਼ ਉਸ ਇੱਕ ਮਾਲਕ ਦੀ ਹੀ ਟੇਕ ਹੈ।


7. ਸਮਾਂ ਬਰਬਾਦ ਨਾ ਕਰੋ

ਆਮ ਇਨਸਾਨ ਸਾਰੀ ਉਮਰ ਰੂਹਾਨੀਅਤ ਨੂੰ ਜ਼ਿੰਦਗੀ ਦੀਆਂ ਤਰਜੀਹਾਂ (Priorities) ਵਿੱਚ ਸਭ ਤੋਂ ਹੇਠਾਂ ਰੱਖਦਾ ਹੈ। ਬਚਪਨ ਵਿੱਚ ਮਾਪਿਆਂ ਨੂੰ ਲਗਦਾ ਹੈ ਕਿ ਇਸ ਸਫ਼ਰ ਲਈ ਹਜੇ ਇਹ ਛੋਟਾ ਹੈ, ਜਵਾਨ ਹੋ ਕੇ ਇੰਝ ਲਗਦਾ ਹੈ ਕਿ ਪੈਸਾ ਕਮਾਉਣਾ ਹੀ ਸਿਰਫ਼ ਇੱਕੋ-ਇੱਕ ਟੀਚਾ ਹੈ ਅਤੇ ਬੁਢਾਪੇ ਵਿੱਚ ਸਫ਼ਰ ਬੇਹੱਦ ਔਖਾ ਹੋ ਜਾਂਦਾ ਹੈ। ਇਸ ਲਈ ਗੁਰਮਤਿ ਦਾ ਸਫ਼ਰ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰਨਾ ਚਾਹੀਦਾ ਹੈ।

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

ਅਰਥ: ਔਗੁਣ ਰੂਪੀ ਜਮਦੂਤਾਂ ਕਾਰਨ ਮੇਰੀ ਜਵਾਨੀ ਤਾਂ ਵਿਅਰਥ ਗਈ ਹੀ ਸਗੋਂ ਮੇਰੇ ਬੁਢਾਪੇ ਵਿੱਚ ਵੀ ਮੇਰੀਆਂ ਇੰਦਰੀਆਂ ਇਹਨਾਂ ਅੱਗੇ ਹਾਰ ਗਈਆਂ। ਨਾਨਕ ਕਹਿੰਦੇ ਨੇ ਕਿ ਤੂੰ ਸਰਬ ਵਿਆਪਕ ਹਰਿ ਨੂੰ ਭਜੁ ਭਾਵ ਆਪਣੇ ਅੰਦਰ ਵਸਾ ਕਿਉਂਕਿ ਤੇਰੀ ਉਮਰ ਘਟਦੀ ਜਾ ਰਹੀ ਹੈ।

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥

ਅਰਥ: ਇਸ ਤੋਂ ਪਹਿਲਾਂ ਕਿ ਮੈਨੂੰ ਸੋਝੀ ਆਉਂਦੀ, ਬੁਢਾਪਾ ਆ ਗਿਆ ਅਤੇ ਹੁਣ ਮੌਤ ਮੇਰਾ ਇੰਤਜ਼ਾਰ ਕਰ ਰਹੀ ਹੈ। ਨਾਨਕ ਕਹਿ ਰਹੇ ਨੇ ਕਿ ਮੂਰਖ ਮਨ, ਤੂੰ ਹਜੇ ਵੀ ਉਸ ਅਕਾਲ ਪੁਰਖ ਨਾਲ ਕਿਉਂ ਨਹੀਂ ਜੁੜ ਰਿਹਾ।

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

ਅਰਥ: ਜਿਸ ਅਕਾਲ ਪੁਰਖ ਨੇ ਤੈਨੂੰ ਇੰਦਰੀਆਂ ਦੀ ਬਖਸ਼ਿਸ਼ ਕੀਤੀ, ਤੂੰ ਬਦਲੇ ਵਿੱਚ ਉਸ ਨਾਲ ਪਿਆਰ ਨਾ ਪਾਇਆ। ਨਾਨਕ ਕਹਿ ਰਹੇ ਨੇ ਕਿ ਮੂਰਖ ਮਨਾ, ਤੂੰ ਹਜੇ ਵੀ ਉਸ ਨਾਲ ਜੁੜਨ ਤੋਂ ਮੁਨਕਰ ਕਿਉਂ ਹੈਂ।

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

ਅਰਥ: ਉਹ ਜਿਸਨੇ ਮੈਨੂੰ ਇੰਦਰੀਆਂ ਬਖਸ਼ੀਆਂ, ਬੇਸ਼ਕੀਮਤੀ ਜ਼ਿੰਦਗੀ ਦਾ ਸੁੱਖ ਬਖਸ਼ਿਆ ਅਤੇ ਜਿਸਨੇ ਬਾਕਮਾਲ ਸਰੀਰ ਦਿੱਤਾ; ਨਾਨਕ ਕਹਿੰਦੇ ਨੇ, ਹੈ ਮਨਾ ਤੂੰ ਫਿਰ ਵੀ ਉਸ ਹਰ ਥਾਂ ਰਮੇ ਹੋਏ ਅਕਾਲ ਪੁਰਖ ਨੂੰ ਯਾਦ ਨਹੀਂ ਕਰਦਾ।

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥

ਅਰਥ: ਬਚਪਨ, ਜਵਾਨੀ ਅਤੇ ਫੇਰ ਬੁਢਾਪਾ, ਜ਼ਿੰਦਗੀ ਦੀਆਂ ਤਿੰਨ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ। ਨਾਨਕ ਕਹਿੰਦੇ ਨੇ ਕਿ ਹਰਿ ਨੂੰ ਭਜੇ ਵਗੈਰ ਸਾਰੀਆਂ ਹੀ ਵਿਅਰਥ ਮੰਨ।

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ॥ ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥

ਅਰਥ: ਲਾਲਚ ਦੇ ਵਿੱਚ ਫਸ ਕੇ, ਉਹ ਕੰਮ ਨਾ ਕੀਤੇ ਜੋ ਕਰਨਾ ਚਾਹੀਦੇ ਸਨ ਭਾਵ ਅਕਾਲ ਪੁਰਖ ਨਾਲ ਨਾ ਜੁੜਿਆ। ਨਾਨਕ, ਜ਼ਿੰਦਗੀ ਇਹਨਾਂ ਜੰਜਾਲਾਂ ਵਿੱਚ ਫਸੇ ਹੋਏ ਦੀ ਹੀ ਲੰਘ ਗਈ, ਹੈ ਮਨ ਹੁਣ ਪਛਤਾਉਣ ਦਾ ਕੀ ਫਾਇਦਾ।

ਏਕ ਭਗ ਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥

ਅਰਥ: ਉਹ ਇਨਸਾਨ ਜਿਸਦੇ ਦੇ ਮਨ ਵਿੱਚ ਅਕਾਲ ਪੁਰਖ ਲਈ ਪਿਆਰ ਨਹੀਂ। ਨਾਨਕ, ਉਹ ਅਜਿਹੀ ਜ਼ਿੰਦਗੀ ਜਿਉਂ ਰਿਹਾ ਹੈਂ ਜੋ ਇੱਛਾਵਾਂ ਅਤੇ ਲਾਲਚ ਨਾਲ ਭਰੀ ਹੋਈ ਹੈ।

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥

ਅਰਥ: ਮੇਰਾ ਸਿਰ ਕੰਬਦੈ, ਪੈਰ ਡਗਮਗਾਉਂਦੇ ਨੇ ਅਤੇ ਅੱਖਾਂ ਤੋਂ ਦਿਖਦਾ ਨਹੀਂ। ਨਾਨਕ ਅਜਿਹੇ ਮੇਰੇ ਹਾਲਾਤ ਹੋ ਚੁੱਕੇ ਹਨ ਪਰ ਹਜੇ ਵੀ ਮੈਂ ਰਮੇ ਹੋਏ ਦਾ ਰਸ ਨਾ ਮਾਣ ਸਕਿਆ।

8. ਹੁਕਮ, ਕਰਮਕਾਂਡ, ਮੌਤ ਦੀ ਚਿੰਤਾ ਅਤੇ ਗੁਰੂ

ਅਸੀਂ ਜੋ ਉੱਪਰ ਮੁੱਖ ਤੱਤ ਵਿਚਾਰੇ, ਉਸ ਤੋਂ ਇਲਾਵਾ ਵੀ ਅਨੇਕਾਂ ਹੋਰ ਨੁਕਤਿਆਂ ਉੱਪਰ ਪਾਤਸ਼ਾਹ ਨੇ ਚਾਨਣ ਪਾਇਆ ਹੈ। ਜਿਵੇਂ ਪਾਤਸ਼ਾਹ ਹੁਕਮ ਬਾਰੇ ਫੁਰਮਾਉਂਦੇ ਹਨ ਕਿ ਖੁਸ਼ੀ ਅਤੇ ਗਮੀ, ਅਕਾਲ ਪੁਰਖ ਦਾ ਹੁਕਮ ਨਿਸ਼ਚਿਤ ਕਰਦਾ ਹੈ, ਇਸ ਲਈ ਉਸ ਨੂੰ ਪਛਾਣੀਏ। ਦੂਜਾ, ਵੱਖ-ਵੱਖ ਧਾਰਮਿਕ ਕਰਮਕਾਂਡਾਂ ਨੂੰ ਪਾਤਸ਼ਾਹ ਹਾਥੀ ਦੇ ਨਹਾਉਣ ਬਰਾਬਰ ਹੀ ਮੰਨਦੇ ਹਨ। ਤੀਜਾ, ਮੌਤ ਦੀ ਚਿੰਤਾ ਬਾਰੇ ਪਾਤਸ਼ਾਹ ਫੁਰਮਾਉਂਦੇ ਨੇ ਇਹ ਗੱਲ ਘਰ ਕਰ ਲਈਏ ਕਿ ਇਸ ਸੰਸਾਰ ਵਿੱਚ ਕੁੱਝ ਵੀ ਥਿਰ ਨਹੀਂ ਹੈ। ਅੰਤ ਵਿੱਚ, ਪਾਤਸ਼ਾਹ ਕਹਿੰਦੇ ਨੇ ਕਿ ਇਹ ਪੂਰਾ ਆਤਮਿਕ ਸਫ਼ਰ ਗੁਰੂ ਵਲੋਂ ਬਖਸ਼ੇ ਗੁਰ ਨਾਲ ਹੀ ਸ਼ੁਰੂ ਹੋਣਾ ਹੈ, ਬਚਿਆ ਰਹਿਣਾ ਹੈ ਅਤੇ ਸਿਰੇ ਲੱਗਣਾ ਹੈ।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥

ਅਰਥ: ਮੈਂ ਖੁਸ਼ ਹੋਣ ਲਈ ਬਹੁਤ ਯਤਨ ਕੀਤੇ ਅਤੇ ਦੁਖੀ ਹੋਣ ਲਈ ਕੋਈ ਵੀ ਨਹੀਂ। ਨਾਨਕ ਆਖਦੇ ਹਨ, ਹੇ ਮਨ ਇਹ ਗੱਲ ਘਰ ਕਰ ਲੈ ਕਿ ਅਕਾਲ ਪੁਰਖ ਦਾ ਹੁਕਮ ਹੀ ਖੁਸ਼ੀ ਅਤੇ ਦੁੱਖ ਤੈਅ ਕਰਦਾ ਹੈ।

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥

ਅਰਥ: ਤੀਰਥਾਂ ’ਤੇ ਜਾਣਾ, ਵਰਤ ਰੱਖਣੇ ਅਤੇ ਅਤੇ ਦਾਨ ਕਰਨਾ ਸਿਰਫ਼ ਆਪਣੀ ਹਉਮੈ ਨੂੰ ਪੱਠੇ ਪਾਉਣਾ ਹੀ ਹੈ। ਨਾਨਕ ਇਹ ਸਭ ਕਰਮਕਾਂਡ ਹਾਥੀ ਦੇ ਨਹਾਉਣ ਵਾਂਗ ਹੈ ਭਾਵ ਵਿਅਰਥ ਹਨ।

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥

ਅਰਥ: ਮੌਤ ਦੀ ਚਿੰਤਾ (Anxiety) ਤਾਂ ਹੋਵੇ ਜੇ ਇਹ ਕੋਈ ਅਣਹੋਣੀ ਹੋਵੇ। ਮੇਰੀ ਚਿੰਤਾ ਇਸ ਗੱਲੋਂ ਖ਼ਤਮ ਹੋ ਜਾਂਦੀ ਹੈ ਕਿ ਇਸ ਜੱਗ ਵਿੱਚ ਕੋਈ ਵੀ ਹਮੇਸ਼ਾ ਲਈ ਨਹੀਂ ਰਹਿੰਦਾ।

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ॥ ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥

ਅਰਥ: ਉਸ ਨੇ ਹੀ ਰੱਬੀ ਗੁਣ ਅੰਦਰ ਵਸਾਏ, ਗੁਰੂ ਅੰਦਰ ਵਸਾਇਆ ਅਤੇ ਗੁਰੂ ਦਾ ਰੱਬੀ ਗਿਆਨ ਅੰਦਰ ਵਸਾਇਆ। ਨਾਨਕ, ਜਿਸਨੇ ਆਤਮਿਕ ਸਫ਼ਰ ਵਿੱਚ ਗੁਰੂ ਦਾ ਮੰਤਰ ਭਾਵ ਗੁਰ ਅਹਿਸਾਸ ਕਰ ਲਿਆ।

ਤੱਤ ਸਾਰ: ਕੁੱਲ ਮਿਲਾ ਕੇ ਨੌਵੇਂ ਪਾਤਸ਼ਾਹ ਦੀ ਇਹ ਬਾਣੀ ਸਾਨੂੰ ਇੱਕ ਆਤਮਿਕ ਟੀਚਾ ਦਿੰਦੀ ਹੈ, ਜਿੱਥੇ ਇੱਕ ਸਿੱਖ ਪਹੁੰਚ ਸਕਦਾ ਹੈ ਅਤੇ ਉਹ ਹੱਦ ਹੈ ਰੱਬੀ ਇਨਸਾਨ ਬਣਨ ਦੀ ਜੋ ਖ਼ੁਦ ਰੱਬ ਦੀ ਮੂਰਤ ਹੋਵੇ। ਪਾਤਸ਼ਾਹ ਸਿਰਫ਼ ਟੀਚਾ ਹੀ ਨਹੀਂ ਸਗੋਂ ਉਹ ਮੰਤਰ ਵੀ ਦਿੰਦੇ ਨੇ ਜਿਸ ਨਾਲ ਇਹ ਚਮਤਕਾਰ ਹੋ ਸਕਦਾ ਹੈ। ਉਹ ਮੰਤਰ ਹੈ ਹਰਿ ਭਜਨ ਦਾ। ਇਹੀ ਮੰਤਰ ਸੁੱਖਾਂ ਦਾ ਸਰੋਤ ਹੈ ਅਤੇ ਇਹੋ ਮਾਇਆ ਨੂੰ ਕਾਬੂ ਕਰਨ ਦਾ ਕਾਰਗਾਰ ਹਥਿਆਰ। ਪਾਤਸ਼ਾਹ ਇਹ ਵੀ ਫੁਰਮਾਉਂਦੇ ਹਨ ਕਿ ਇਹ ਸਫ਼ਰ ਤੈਅ ਕਰਨ ਲਈ ਕੋਈ ਵੀਜ਼ਾ ਨਹੀਂ ਲਗਵਾਉਣਾ, ਇਹ ਪੂਰਾ ਸਫ਼ਰ ਆਪਣੇ ਮਨ ਵਿੱਚ ਹੀ ਤੈਅ ਹੋਣਾ ਹੈ, ਮੰਜ਼ਿਲ ਵੀ ਇੱਥੇ ਹੀ ਮਿਲੇਗੀ ਅਤੇ ਮੰਜ਼ਿਲ ਪਾਉਣ ਦਾ ਰਸ ਵੀ। ਇਹ ਸਫ਼ਰ ਤੈਅ ਕਰਨ ਦਾ ਸਭ ਤੋਂ ਸਹੀ ਸਮਾਂ ‘ਹੁਣ’ ਹੈ। ਸੋ ਬਿਨਾ ਸਮਾਂ ਬਰਬਾਦ ਕੀਤਿਆਂ, ਕਰਮਕਾਂਡਾਂ ਤੋਂ ਦੂਰ ਰਹਿ ਕੇ ਗੁਰੂ ਦਾ ਪੱਲਾ ਫੜ ਕੇ ਇਹ ਸਫ਼ਰ ਹੁਣੇ ਸ਼ੁਰੂ ਕਰ ਲਿਆ ਜਾਵੇ।

ਮਨਿੰਦਰ ਸਿੰਘ ਕੈਨੇਡਾ

18 ਜਨਵਰੀ, 2026