ਸੁਖੁ ਤੇਰਾ ਦਿਤਾ ਲਹੀਐ ॥

ਗੁਰੂ ਗ੍ਰੰਥ ਸਾਹਿਬ ਵਿਚ ਹਜ਼ਾਰਾਂ ਹੀ ਸ਼ਬਦ ਹਨ ਜਿਨ੍ਹਾਂ ਵਿਚ ਸਾਡੇ ਲਈ ਬੇਅੰਤ ਬਹੁਮੁੱਲੇ ਸੰਦੇਸ਼ ਪਰੋ ਕੇ ਰੱਖੇ ਹੋਏ ਹਨ। ਪਰ ਕਿਉਂਕਿ ਆਮ ਸਿੱਖ ਖੁਦ ਆਦਿ ਗ੍ਰੰਥ ਨੂੰ ਨਹੀਂ ਪੜ੍ਹਦੇ ਅਤੇ ਸਿਰਫ ਕੀਰਤਨੀਆਂ ਨੇ ਜੋ 20-25 ਸ਼ਬਦ ਗਾ-ਗਾ ਕੇ ਮਸ਼ਹੂਰ ਕਰ ਦਿੱਤੇਬਸ ਅਸੀਂ ਉਨ੍ਹਾਂ ਤੋਂ ਹੀ ਜਾਣੂ ਹਾਂ। ਇਹ ਸ਼ਬਦ ਸਾਡੀ ਜ਼ੁਬਾਨ ਉੱਤੇ ਤਾਂ ਚੜ੍ਹ ਗਏ ਹਨ ਪਰ ਦਿਮਾਗ ਵਿਚ ਸਹੀ ਤਰ੍ਹਾਂ ਨਹੀਂ ਬੈਠੇ। ਕਿਉਂਕਿ ਅਸੀਂ ਇਨ੍ਹਾਂ  ਸ਼ਬਦਾਂ ਦੇ ਸ਼ਬਦੀ ਅਰਥ ਕਰ ਲਏ ਹਨ ਅਤੇ ਗ਼ਲਤ ਸੰਦੇਸ਼ ਆਪਣੇ ਮਨ ਵਿਚ ਘਰ ਕਰ ਲਏ ਹਨ।                                                    

ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥ ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥ ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫

ਗੁਰਬਾਣੀ ਦਾ ਹਰ ਲਫ਼ਜ਼ , ਹਰ ਸ਼ਬਦ ਬੇਹੱਦ ਗਹਿਰਾ ਅਤੇ ਗੁੱਝੇ ਸੰਦੇਸ਼ਾਂ ਨਾਲ ਓਤ -ਪ੍ਰੋਤ ਹੈ। ਪਰ ਪੰਜਵੇਂ ਪਾਤਸ਼ਾਹ ਦਾ ਉਚਾਰਿਆ ਇਹ ਸ਼ਬਦ ਸਾਡੇ ਲਈ ਰੂਹਾਨੀ ਸੁਖ  ਦਾ ਨਕਸ਼ਾ ਖਿੱਚਦਾ ਹੈ ਜੋ ਕੇ ਸਾਡੇ ਲਈ ਜਾਣਨਾ ਬੇਹੱਦ ਜਰੂਰੀ ਹੈ। ਇਸ ਸ਼ਬਦ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਜੇ ਅਸੀਂ ਇਸਦੇ ਅਰਥ ਗੁਰਮਤਿ ਅਨੁਸਾਰ ਸਮਝ ਲਈਏ ਤਾਂ ਸਾਨੂੰ ਗੁਰਮਤਿ ਦੇ ਕਈ ਹੋਰ  ਫਲਸਫੇ ਸਮਝ ਆ ਜਾਣਗੇ। ਪਰ ਜਿੰਨਾ ਇਹ ਸ਼ਬਦ ਹਰਮਨ-ਪਿਆਰਾ ਹੈ ਉਹਨੇ ਹੀ ਭੁਲੇਖੇ ਇਸ ਸ਼ਬਦ ਨੂੰ ਲੈ ਕੇ ਪਾਏ ਹੋਏ ਹਨ। ਇਸ ਲਈ ਇਸ ਸ਼ਬਦ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਸ ਵਿਚਲੇ ਕੁਝ ਨੁਕਤਿਆਂ ਨੂੰ ਲੈ ਕੇ ਬਣੀਆਂ ਕਈ ਗ਼ਲਤ ਧਾਰਨਾਵਾਂ ਨੂੰ ਦੂਰ ਕਰ ਲੈਂਦੇ ਹਾਂ।  

ਗ਼ਲਤ ਧਾਰਨਾ 1:

ਇਸ ਸ਼ਬਦ ਵਿਚ ਕੁਝ ਅਜਿਹੇ ਵਾਕ-ਅੰਸ਼ ਹਨ ਜਿਥੋਂ ਸਾਨੂੰ ਇੰਜ ਲੱਗਦਾ ਹੈ ਕਿ ਭਾਵੇਂ ਆਮ ਜੀਵਨ ਹੋਵੇ ਜਾਂ ਫਿਰ ਰੂਹਾਨੀ ਜੀਵਨ, ਜੋ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ, ਅਸੀਂ ਕੁਝ ਵੀ ਨਹੀਂ ਕਰਨਾ। ਜਿਵੇਂ ਕਿ:

ੳ.   …ਆਪੇ ਕਰਣੈਹਾਰਾ

ਅ.   …ਜਿਉ ਰਾਖਹਿ ਤਿਉ ਰਹੀਐ

ੲ.   …ਤੁਧੁ ਭਾਵੈ ਤਾ ਨਾਮੁ ਜਪਾਵਹਿ।….

ਸ.   …ਸੁਖੁ ਤੇਰਾ ਦਿਤਾ ਲਹੀਐ

ਹ.   …ਜਿਸੁ ਤੂੰ ਆਪਿ ਕਰਾਇਹਿ

ਕ. …ਤੂੰ ਆਪੇ ਸਰਧਾ ਲਾਇਹਿ

ਆਮ ਕਥਾ ਵਾਚਕਾਂ ਨੇ ਵੀ ਅਜਿਹੇ ਅਰਥ ਹੀ ਕਰ ਦਿੱਤੇ ਹਨ ਕਿ ਪ੍ਰਮਾਤਮਾ ਹੀ ਸਾਡੇ ਹਾਲਾਤਾਂ ਲਈ ਜ਼ਿੰਮੇਵਾਰ ਹੈ, ਜੇ ਉਹ ਚਾਹੇਗਾ ਤਾਂ ਹੀ ਮੈਂ ਨਾਮ ਜਪ ਸਕਦਾ ਹਾਂ, ਜੇ ਉਹ ਚਾਹੇਗਾ ਤਾਂ ਹੀਂ ਮੇਰੀ ਸ਼ਰਧਾ ਬਣੇਗੀ। ਇਸ ਦਾ ਅਸਰ ਇਹ ਹੁੰਦਾ ਹੈ ਕਿ ਪ੍ਰਮਾਤਮਾ ਨਾਲ ਅਤੇ ਗੁਰਬਾਣੀ ਨਾਲ ਬਣੀ ਸਾਡੀ ਦੂਰੀ ਲਈ ਅਸੀਂ ਗੁਰੂ ਅਤੇ ਪ੍ਰਮਾਤਮਾ ਨੂੰ ਹੀ ਜ਼ਿੰਮੇਵਾਰ ਬਣਾ ਦਿੱਤਾ ਹੈ। ਜਦੋਂਕਿ ਅਸਲ ਵਿਚ ਗੁਰੂ ਸਾਨੂੰ ਪ੍ਰੇਰਨਾ ਦੇ ਰਿਹਾ ਹੈ ਕਿ ਦੇਖ ਇਹ ਮੰਜ਼ਿਲ ਬੜੀ ਪਿਆਰੀ ਹੈ ਜਿੱਥੇ ਮੈਂ ਚਾਹੁੰਦਾ ਹੈ ਕਿ ਤੂੰ ਪਹੁੰਚੇ, ਤੂੰ ਇਸ ਦਾ ਆਨੰਦ ਲਵੇਂ, ਮੈਂ ਤੈਨੂੰ ਇਸ ਦਾ ਰਾਹ ਵੀ ਦੱਸ ਰਿਹਾ ਹਾਂ, ਉੱਠ ਮੇਰਾ ਪੁੱਤ, ਕਰ ਹਿੰਮਤ।

ਗ਼ਲਤ ਧਾਰਨਾ 2:

35 ਮਹਾਂਪੁਰਖਾਂ ਨੇ ਜਦੋਂ ਬਾਣੀ ਉਚਾਰੀ, ਉਨ੍ਹਾਂ ਹਰਗਿਜ਼ ਨਹੀਂ ਸੋਚਿਆ ਹੋਵੇਗਾ ਕਿ ਸਿੱਖਾਂ ਦੇ ਗਿਆਨ ਦਾ ਪੱਧਰ ਇੰਨਾ ਨੀਵਾਂ ਹੋ ਜਾਵੇਗਾ ਕਿ ਦ੍ਰਿਸ਼ਟਾਂਤ/ਉਦਾਹਰਣ ਵਜੋਂ ਵਰਤੇ ਸ਼ਬਦਾਂ ਦੇ ਭਾਵ-ਅਰਥ ਵੀ ਨਹੀਂ ਸਮਝ ਸਕਣਗੇ।  

ਆਮ ਪੰਜਾਬੀ ਵਿਚ ਅਸੀਂ ਕੋਈ ਨੁਕਤਾ ਸਮਝਾਉਣ ਲਈ ਕਈ ਪ੍ਰਤੀਕਾਂ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ਕਿ ਗ਼ਰੀਬੀ ਨੇ ਸੁਖਦੇਵ ਦਾ ‘ਲੱਕ’ ਤੋੜਕੇ ਰੱਖ ਦਿੱਤਾ, ਟੀਵੀ ਦੇ ਰੌਲੇ ਕਾਰਨ ਮੇਰਾ ‘ਸਿਰ’ ਫਟ ਰਿਹਾ ਹੈ। ਹੁਣ ਇੱਕ ਬੱਚਾ ਵੀ ਜਾਣਦਾ ਹੈ ਕਿ ਸਰੀਰਕ ਰੂਪ ਵਿਚ ਸੁਖਦੇਵ ਦਾ ਲੱਕ ਨਹੀਂ ਟੁਟਿਆ ਹੈ ਅਤੇ ਨਾ ਹੀ ਸ਼ੋਰ-ਸ਼ਰਾਬੇ ਨਾਲ ਕਿਸੇ ਦਾ ਸਿਰ ਫਟ ਜਾਂਦਾ ਹੈ। ਲੱਕ ਟੁੱਟਣਾ ਪ੍ਰਤੀਕ ਹੈ ਵਿੱਤੀ ਪੱਖੋਂ ਕੰਗਾਲ ਹੋ ਜਾਣ ਦਾ ਅਤੇ ਸਿਰ ਫਟਣਾ ਪ੍ਰਤੀਕ ਹੈ ਬਹੁਤ ਜ਼ਿਆਦਾ ਹੋਣ ਵਾਲੇ ਸਿਰ ਦਰਦ ਦਾ।

ਪਰ ਜਦੋਂ ਗੁਰਬਾਣੀ ਵਿਚ ਸ਼ਬਦ ਆਇਆ ‘ਚਰਣ’ ਜਾਂ ‘ਚਰਣ ਧੂੜ’ ਤਾਂ ਅਸੀਂ ਠੱਗ ਸਾਧਾਂ ਪਿੱਛੇ ਲੱਗ ਕੇ ਚਰਣ ਸੱਚਮੁੱਚ ਦੇ ‘ਪੈਰ’ ਸਮਝ ਲਏ ਅਤੇ ‘ਧੂੜ’ ਤੋਂ ਸਮਝ ਲਿਆ ਪੈਰਾਂ ਨੂੰ ਲੱਗੀ ਮਿੱਟੀ। ਸਾਡੇ ਮਹਾਨ ਗੁਰੂ ਸਾਨੂੰ ਗੁਰਬਾਣੀ ਦਾ ਅੰਮ੍ਰਿਤ ਪਿਲਾਉਣਾ ਚਾਹੁੰਦੇ ਸਨ ਪਰ ਸਾਡੀ ਕੌਮ ਨੇ ਪਾਖੰਡੀ ਸਾਧਾਂ ਦੇ ਗੰਦੇ ਪੈਰ ਹੀ ਧੋ-ਧੋ ਕੇ ਪੀ ਲਏ। ਇਸ ਸ਼ਬਦ ਵਿਚ ‘ਚਰਣ’ ਲਫ਼ਜ਼ ਦੋ ਵਾਰ ਆਇਆ ਹੈ:   

ੳ. ਚਰਣ ਧੂੜਿ ਤੇਰੀ ਸੇਵਕੁ ਮਾਗੈ

ਅ. ਚਰਣ ਕਮਲ ਤੇਰੇ ਧੋਇ ਧੋਇ ਪੀਵਾ

ਸਾਨੂੰ ਸਮਝਣਾ ਚਾਹੀਦਾ ਸੀ ਕਿ ਜੇ ਸਾਡਾ ਗੁਰੂ ਸ਼ਬਦ ਹੈ ਭਾਵ ਗਿਆਨ ਹੈ ਤਾਂ ਉਸ ਦੇ ਪੈਰ ਉਸ ਦਾ ਸੰਦੇਸ਼ ਹੋਵੇਗਾ। ਪੈਰ ਸਾਡੇ ਸਰੀਰ ਦੇ ਉਹ ਅੰਗ ਹਨ ਜੋ ਸਾਨੂੰ ਕਿਸੇ ਦਿਸ਼ਾ ਵੱਲ ਜਾਣ ਵਿਚ ਮਦਦ ਕਰਦੇ ਹਨ ਉਸੇ ਤਰ੍ਹਾਂ ਗੁਰੂ ਦਾ ਸੰਦੇਸ਼ ਵੀ ਸਾਨੂੰ ਇਕ ਖਾਸ ਦਿਸ਼ਾ ਵੱਲ ਜਾਣ ਦੀ ਤਾਕੀਦ ਕਰਦਾ ਹੈ। ਇਸੇ ਲਈ ਗੁਰਬਾਣੀ ਵਿਚ ਪ੍ਰਤੀਕ ਦੇ ਰੂਪ ਵਿਚ ‘ਚਰਣ’, ‘ਚਰਣ ਧੂੜ’, ‘ਚਰਣ ਕਮਲ’ ਆਦਿ ਲਫਜ਼ਾਂ ਦਾ ਇਸਤੇਮਾਲ ਗੁਰੂ ਦੇ ਗਿਆਨ ਅਤੇ ਉਸ ਵਿਚਲੇ ਸੰਦੇਸ਼ ਲਈ ਕੀਤਾ ਗਿਆ ਹੈ। 

ਇਹ ਸ਼ਬਦ ਸੂਹੀ ਰਾਗ ਵਿਚ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ-749 ਉੱਤੇ ਦਰਜ ਹੈ।

ਮੁੱਖ ਲਫ਼ਜ਼ਾਂ ਦੇ ਅਰਥ:

ਪਾਰਬ੍ਰਹਮ ਪਰਮੇਸ਼ਰ-ਅਕਾਲ ਪੁਰਖ, ਸਤਿਗੁਰ- ਪ੍ਰਮਾਤਮਾ ਨਾਲ ਜੋੜਨ ਵਾਲਾ ਗੁਰੂ, ਆਪੇ-ਖੁਦ, ਕਰਣੈਹਾਰਾ- ਕਰਨ ਸਕਣ ਵਾਲਾ ॥ ਚਰਣ-ਧੂੜਿ- ਗੁਰੂ ਦਾ ਸੰਦੇਸ਼,  ਸੇਵਕੁ-ਸਿੱਖ, ਮਾਗੈ-ਮੰਗਣਾ/ ਲੋਚਣਾ/ਚਾਹੁਣਾ/ਟੀਚਾ, ਦਰਸਨ- ਫਲਸਫਾ, ਕਉ- ਲਈ, ਬਲਿਹਾਰਾ- ਜਾਣ ਤੋਂ ਪਿਆਰਾ, ਰਾਮ ਰਾਇ- ਅਕਾਲ ਪੁਰਖ, ਤੁਧੁ ਭਾਵੈ- ਤੇਰਾ ਹੁਕਮੁ/ਭਾਣਾ/ਨਾਉ,  ਨਾਮੁ- ਰੱਬੀ ਗੁਣ, ਜਪਾਵਹਿ- ਇਹਸਾਸ/ ਅਨੁਭਵ ਕਰਾਵੇ, ਮੁਕਤਿ- ਵਿਕਾਰਾਂ ਤੋਂ ਛੁਟਕਾਰਾ, ਭੁਗਤਿ- ਭੋਗਣਾ/ਆਨੰਦ ਲੈਣਾ, ਜੁਗਤਿ- ਢੰਗ, ਸੇਵਾ- ਸੇਵਨ/ਗ੍ਰਹਿਣ ਕਰਨਾ, ਬੈਕੁੰਠੁ- ਸਵਰਗ/ਆਨੰਦ ਦੀ ਸਥਿਤੀ, ਕੀਰਤਨੁ- ਮਨ ਅੰਦਰੋਂ ਅਕਾਲ ਪੁਰਖ ਦੇ ਗੁਣਾ ਦੀ ਵਡਿਆਈ/Deep Admiration, ਸਰਧਾ- ਲਗਨ, ਸਿਮਰਿ- ਗੁਰੂ ਦੀ ਸਿੱਖਿਆ ਹਰ ਸਮੇਂ ਚੇਤੇ ਰੱਖਣੀ, ਨਾਮੁ ਜੀਵਾ- ਗੁਣਾ ਮੁਤਾਬਕ ਜਿਓਣਾ, ਨਿਹਾਲਾ- ਖ਼ੇੜੇ ਨਾਲ ਭਰ ਜਾਣਾ, ਚਰਣ ਕਮਲ- ਫੁੱਲ ਵਰਗਾ ਖੂਬਸੂਰਤ ਗਿਆਨ, ਧੋਇ ਧੋਇ ਪੀਵਾ- ਦਿਮਾਗ ਅਤੇ ਬਾਰੀਕ ਬੁੱਧੀ ਨਾਲ ਸਮਝ ਕੇ ਅਤੇ ਮੁਸ਼ੱਕਤ ਕਰਕੇ ਆਪਣੇ ਅੰਦਰ ਪਾਉਣਾ, ਦੀਨ-ਦਇਆਲਾ- Full of Compassion/ਦਇਆ ਨਾਲ ਭਰਿਆ ਹੋਇਆ, ਕੁਰਬਾਣੁ ਜਾਈ- ਜਾਨ ਵਾਰਨ ਵਾਲਾ, ਸੁਹਾਵੀ- ਸੋਹਣਾ, ਜਿਤੁ- ਜਿਹੜਾ, ਦੁਆਰੈ – ਦਰ ਉਤੇ

ਵਿਆਖਿਆ
ਅਸੀਂ ਜਾਣਦੇ ਹਾਂ ਕਿ ਰਹਾਉ ਦੀ ਪੰਕਤੀ ਕਿਸੇ ਭੀ ਸ਼ਬਦ ਦੀ ‘ਜੜ੍ਹ/ਸਿਰਲੇਖ’ ਪੰਕਤੀ ਹੁੰਦੀ ਹੈ। ਪੂਰੇ ਸ਼ਬਦ ਦਾ ਨਿਚੋੜ ਇਸ ਪੰਕਤੀ ਵਿਚ ਹੁੰਦਾ ਹੈ। ਰਹਾਉ ਪੰਕਤੀ ਉਹ ਦੀਵਾ ਹੁੰਦੀ ਹੈ ਜਿਸਦੀ ਰੌਸ਼ਨੀ ਵਿਚ ਅਸੀਂ ਬਾਕੀ ਦਾ ਸ਼ਬਦ ਸਮਝਣਾ ਹੁੰਦਾ ਹੈ। ਰਹਾਉ ਤੋਂ ਹੀ ਸਾਨੂੰ ਸ਼ਬਦ ਦੇ ਸੰਦਰਭ (Context) ਦਾ ਪਤਾ ਲਗਦਾ ਹੈ ਕਿ ਇਹ ਸ਼ਬਦ ਕਿਸ ਬਾਰੇ ਵਿਚ ਹੈ। ਤਾਂ ਆਓ ਪਹਿਲਾਂ ਰਹਾਉ ਦੀਆਂ ਪੰਕਤੀਆਂ ਦੇ ਅਰਥ ਕਰਦੇ ਹਾਂ।

ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥੧॥ ਰਹਾਉ॥

ਸਿੱਖੀ ਸਮਝਣ ਲਈ ਜੇ ਕੋਈ ਨੁਕਤਾ ਸਭ ਤੋਂ ਅਹਿਮ ਹੈ ਤਾਂ ਉਹ ਹੈ ‘ਹੁਕਮੁ’* ਦਾ ਨੁਕਤਾ। ਜਿਸਨੂੰ ਗੁਰੂ ਨਾਨਕ ਸਾਹਿਬ ਖੁਦ ਤਫ਼ਸੀਲ ਨਾਲ ਜਪੁ ਬਾਣੀ ਵਿਚ ਸਮਝਾਉਂਦੇ ਹਨ। ਸੰਖੇਪ ਵਿਚ ਗੱਲ ਕਰੀਏ ਤਾਂ ਇਸ ਪੂਰੀ ਸ੍ਰਿਸ਼ਟੀ ਨੂੰ ਚਲਾਉਣ ਲਈ ਅਕਾਲ ਪੁਰਖ ਨੇ ਕੁਝ ਕਦੇ ਨਾ ਬਦਲਣ ਵਾਲੇ ਨਿਯਮ ਬਣਾਏ ਹੋਏ ਹਨ, ਉਹਨਾਂ ਨਿਯਮਾਂ ਨੂੰ ਹੀ ਹੁਕਮ ਕਿਹਾ ਜਾਂਦਾ ਹੈ। ਜਿਥੇ ਹਰ ਛੋਟੀ ਕ੍ਰਿਯਾ ਲਈ ਨਿਯਮ ਹੈ ਉਸੇ ਤਰਾਂ ਅਕਾਲ ਪੁਰਖ ਨਾਲ ਜੁੜਣ ਲਈ ਵੀ ਹੁਕਮੁ (ਨਿਯਮ) ਹਨ ਜਿੰਨਾ ਵਾਰੇ ਗੁਰਬਾਣੀ ਸਾਨੂੰ ਥਾਂ-ਥਾਂ ਉੱਪਰ ਜਾਣੂੰ ਕਰਵਾਉਂਦੀ ਰਹਿੰਦੀ ਹੈ। ਉਪਰੋਕਤ ਪੰਕਤੀਆਂ ਦੇ ਅਰਥ:     

ਅਕਾਲ ਪੁਰਖ ਦੇ ਹੁਕਮ (ਤੁਧੁ ਭਾਵੈ) ਵਿਚ ਚਲਦਿਆਂ ਹੀ ਉਸਦੇ ਗੁਣਾਂ ਦਾ ਅਸੀਂ ਅਹਿਸਾਸ ਕਰ ਸਕਦੇ ਹਾਂ। ਜਿਵੇਂ-ਜਿਵੇਂ ਉਸਦੇ ਨਿਯਮਾਂ ਦਾ ਅਹਿਸਾਸ ਅਸੀਂ ਕਰਦੇ ਜਾਂਦੇ ਹਾਂ ਉਸਦੀ ਵਿਸ਼ਾਲਤਾ ਦਾ ਅਨੁਭਵ ਸਾਡੇ ਅੰਦਰ ਭਰਦਾ ਜਾਂਦਾ ਹੈ ਇਹ ਅਹਿਸਾਸ ਇੱਕ ਰੂਹਾਨੀ ਸੁੱਖ ਦੇ ਰੂਪ ਵਿਚ ਸਾਨੂੰ ਮਿਲਦਾ ਹੈ। ਮੇਰੇ ਸਰਬ-ਵਿਆਪਕ ਪ੍ਰਮਾਤਮਾ ਦਾ ਰਚਿਆ ਹੁਕਮ ਹੀ ਨਿਸ਼ਚਿਤ ਕਰਦਾ ਹੈ ਸਾਡਾ ਦੁੱਖ ਜਾਂ ਸੁੱਖ। ਜਿਸ ਤਰ੍ਹਾਂ ਦੇ ਕੰਮ ਅਸੀਂ ਕਰਦੇ ਹਾਂ, ਹੁਕਮ ਅਨੁਸਾਰ ਦੁੱਖ ਜਾਂ ਸੁੱਖ ਸਾਨੂੰ ਮਿਲ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਕਹਿ ਰਹੇ ਨੇ ‘ਜਿਉ ਰਾਖਹਿ ਤਿਉ ਰਹੀਐ।

ਸੋ ਇਸ ਸ਼ਬਦ ਦਾ ਕੇਂਦਰੀ ਭਾਵ ਹੁਕਮ ਰਾਹੀਂ ਰੱਬੀ ਗੁਣਾ ਦਾ ਅਹਿਸਾਸ/ਅਨੁਭਵ ਹੈ ਅਤੇ ਉਸ ਤੋਂ ਮਿਲਣ ਵਾਲਾ ਸੁੱਖ ਹੈ।
ਨੁਕਤਾ: ‘ਨਾਮੁ ਜਪਾਵਹਿ’ ਅਤੇ ‘ਸੁਖੁ ਤੇਰਾ ਦਿਤਾ ਲਹੀਐ’ ਦਾ ਭਾਵ ਇਹ ਹੈ ਕਿ ਅਹਿਸਾਸ (ਜਪ) ਅਤੇ ਸੁੱਖ ਸਾਨੂੰ ਅਕਾਲ ਪੁਰਖ ਕਾਰਨ ਹੀ ਮਿਲੇਗਾ ਪਰ ਉਸ ਲਈ ਕੰਮ ਸਾਨੂੰ ਹੀ ਕਰਨਾ ਪਵੇਗਾ। ਇਕ ਕੀੜੀ ਨੂੰ ਭਾਵੇਂ ਪ੍ਰਮਾਤਮਾ ਖਾਣ ਨੂੰ ਦਿੰਦਾ ਹੈ ਪਰ ਕੀੜੀ ਨੂੰ ਮਿਹਨਤ ਕਰਨ ਲਈ ਵੀ ਮਜਬੂਰ ਕਰਦਾ ਹੈ, ਇੱਥੇ ਤਾਂ ਗੱਲ ਇਨਸਾਨ ਦੀ ਹੈ ਅਤੇ ਉਪਰੋਂ ਰੱਬੀ ਸੁੱਖ ਪ੍ਰਾਪਤ ਕਰਨ ਦੀ, ਇਸ ਵਿਚ ਭਲਾਂ ਮਿਹਨਤ ਕਿਉਂ ਨਾ ਹੋਵੇਗੀ ।

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ॥੧॥

ਪਹਿਲੀ ਪੰਕਤੀ ਵਿਚ ਲਿਖਿਆ ‘ਸਤਿਗੁਰ’ ਦੂਜੀ ਪੰਕਤੀ ਨਾਲ ਜੋੜ ਕੇ ਪੜ੍ਹਿਆ ਜਾਣਾ ਹੈ। ਪਹਿਲੀ ਪੰਕਤੀ ਵਿਚ ‘ਆਪੇ ਕਰਣੈਹਾਰਾ’ ਤੋਂ ਭਾਵ ਕਿ ਉਹ ਖੁਦ ਹੀ ਹੁਕਮ ਰਚਣ ਵਾਲਾ ਹੈ, ਹੁਕਮ ਅਨੁਸਾਰ ਦੁੱਖ-ਸੁੱਖ ਦੀ ਖੇਡ ਵੀ ਉਸ ਦੀ ਅਤੇ ਹੁਕਮ ਅਨੁਸਾਰ ਰੱਬ ਤੋਂ ਦੂਰ/ਨੇੜੇ, ਇਹ ਖੇਡ ਵੀ ਉਸ ਦੀ। ਇਸੇ ਲਈ ਕਿਹਾ ਗਿਆ ‘ਆਪੇ ਕਰਣੈਹਾਰਾ’। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਨੂੰ ਰੱਬ ਨੇ ਖਾਣ ਅਤੇ ਸੌਣ ਲਈ ਹੀ ਧਰਤੀ ਉਤੇ ਭੇਜਿਆ ਹੈ। ਸੋ ਪੰਕਤੀਆਂ ਦੇ ਅਰਥ ਇਹ ਹਨ:-   

ਉਸ ਅਕਾਲ ਪੁਰਖ ਦੇ ਹੁਕਮ ਸਦਕਾ ਹੀ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ ਕਿਉਂਕਿ ਉਸਨੇ ਹੀ ਹੁਕਮ ਬਣਾਇਆ ਅਤੇ ਉਸ ਨੇ ਹੀ ਸਾਨੂੰ (ਮਨੁੱਖ) ਹੁਕਮ ਵਿਚ ਚਲਕੇ ਪ੍ਰਮਾਤਮਾ ਨਾਲ ਜੁੜਣ ਦੀ ਸਮਰੱਥਾ ਬਖਸ਼ੀ ਹੈ। (ਇਸੇ ਦਾ ਮਤਲਬ ਹੈ  ‘ਆਪੇ ਕਰਣੈਹਾਰਾ’)  ਹੇ ਸਤਿ (ਪਰਮਾਤਮਾ) ਨਾਲ ਮਿਲਾਉਣ ਵਾਲੇ ਗੁਰੂ ਆਪਣੀ ਮੱਤ ਦੀ ਮੈਨੂੰ ਬਖਸ਼ਿਸ਼ ਕਰ ਤਾਂ ਜੋ ਮੈਂ ਹੁਕਮ ਬਾਰੇ ਸਮਝ ਸਕਾਂ, ਉਸ ਮੁਤਾਬਿਕ ਜਿਉਣ ਦੀ ਜਾਂਚ ਸਿੱਖ ਸਕਾਂ। ਮੇਰੇ ਗੁਰੂ ਤੇਰੀ ਮੱਤ, ਤੇਰਾ ਬਖਸ਼ਿਆ ਗਿਆਨ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰਾ ਹੈ।

ਨੁਕਤਾ: ਗੁਰੂ ਦੇ ਗਿਆਨ ਦੀ ਬਖਸ਼ਿਸ਼ ਗੁਰਬਾਣੀ ਦੇ ਰੂਪ ਵਿਚ ਹੋ ਚੁੱਕੀ ਹੈ। ਮੁੱਦਾ ਹੁਣ ਬਖਸ਼ਿਸ਼ ਪ੍ਰਾਪਤ ਕਰਨ ਦਾ ਹੈ ਜਿਸ ਲਈ ਖੁਦ ਮਿਹਨਤ ਕਰਨੀ ਪਵੇਗੀ। ਜੇ ਤੁਸੀਂ ਇਹ ਸੋਚ ਰਹੇ ਹੋ ਕਿ ਉਕਤ ਪੰਕਤੀ ਵਿਚ ਮਾਗੈ (ਮਾਂਗੇ) ਤੋਂ ਭਾਵ ਅਰਦਾਸ ਹੈ ਤਾਂ ਤੁਸੀਂ  ਗਲਤ ਹੋ। ਮਾਂਗੇ ਦਾ ਅਰਥ ਹੈ ਚਾਹੁਣਾ /ਕੋਸ਼ਿਸ਼/ਟੀਚਾ। ਗੁਰੂ ਦੇ ਦਿੱਤੇ ਗਿਆਨ ਨੂੰ ਸਮਝਣ ਦੀ ਕੋਸ਼ਿਸ਼, ਗਿਆਨ ਬਣ ਜਾਣ ਦੀ ਟੀਚਾ। 

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥

ਮੁਕਤੀ, ਭੋਗ, ਜੁਗਤ, ਸੇਵਾ, ਬੈਕੁੰਠੁ, ਕੀਰਤਨ ਆਦਿ ਦਾ ਫਲਸਫਾ ਹਰ ਧਰਮ ਵਿਚ ਵੱਖਰਾ ਹੋ ਸਕਦਾ ਹੈ। ਪਰ ਆਪਾਂ ਇਨ੍ਹਾਂ ਫਲਸਫਿਆਂ ਦੇ ਅਰਥ ਗੁਰਮਤਿ ਮੁਤਾਬਿਕ ਹੀ ਕਰਾਂਗੇ। 

ਓ ਮੇਰੇ ਗੁਰੂ (ਗੁਰਬਾਣੀ ਦਾ ਗਿਆਨ) ਤੇਰੀ ਸੇਵਾ ਨਾਲ ਹੀ ਭਾਵ ਤੇਰੀ ਸਿਖਿਆ ਦੇ ਸੇਵਨ ਨਾਲ ਹੀ ਵਿਕਾਰਾਂ ਤੋਂ ਛੁਟਕਾਰਾ ਹੋਣਾ ਹੈ, ਇਸੇ ਦਾ ਹੀ ਮੈਂ ਆਨੰਦ/ਸਵਾਦ ਲੈਣਾ ਹੈ ਅਤੇ ਇਹੋ ਮੇਰੀ ਜੁਗਤ ਭਾਵ ਤਰੀਕਾ ਹੈ ਅਕਾਲ ਪੁਰਖ ਨਾਲ ਜੁੜਣ ਦਾ ਅਤੇ ਇਹ ਸਭ ਤੁਸੀਂ ਹੀ ਕਰਵਾਉਂਦੇ ਹੋ, ਆਪਣੀ ਸਿਖਿਆ ਨਾਲ। ਜਿਸ ਹਿਰਦੇ ਵਿਚ ਤੇਰੇ ਗੁਣਾ ਦਾ ਕੀਰਤਨ ਭਾਵ ਗੁਣਾ ਪ੍ਰਤੀ ਤਾਂਗ/ਖਿੱਚ (Deep Admiration) ਹੈ, ਉਸ ਹਿਰਦੇ ਵਿਚ ਸਮਝੋ ਸਵਰਗ ਹੈ। ਪਰ ਗੁਣਾ ਪ੍ਰਤੀ ਖਿੱਚ ਪੈਦਾ ਹੁੰਦੀ ਹੈ ਸ਼ਰਧਾ/ਲਗਨ/ਦਿਲਚਸਪੀ ਨਾਲ ਅਤੇ ਗੁਰੂ ਦੀ ਸਿੱਖਿਆ ਹੀ ਇਹ ਸ਼ਰਧਾ ਪੈਦਾ ਕਰ ਦਿੰਦੀ ਹੈ।

ਨੁਕਤਾ: ਇਕ ਕਿਸਾਨ ਕਰਜ਼ੇ ਹੇਠ ਆ ਕੇ ਆਤਮ ਹੱਤਿਆ ਕਰਨ ਲਗਿਆ ਤਾਂ ਪਿੰਡ ਦਾ ਇਕ ਗੁਰਸਿੱਖ ਜ਼ਿਮੀਂਦਾਰ ਉਸ ਨੂੰ ਗ਼ਰੀਬੀ ਵਿੱਚੋ ਕੱਢਣ ਲਈ ਇੱਕ ਕਿੱਲਾ ਜ਼ਮੀਨ ਵਾਹੁਣ ਨੂੰ ਦੇ ਦਿੰਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਤੂੰ ਇਸ ਜ਼ਮੀਨ ਵਿਚ ਆਪਣਾ ਘਰ ਬਣਾ ਲੈ, ਇਥੇ ਸਬਜ਼ੀ ਬੀਜਕੇ ਆਪਣੇ ਬੱਚਿਆਂ ਨੂੰ ਖਵਾ ਸਕਦਾ ਹੈ ਅਤੇ ਬਾਕੀ ਦੀ ਵੇਚ ਕੇ ਗੁਜਾਰੇ ਲਾਇਕ ਪੈਸੇ ਵੀ ਕਮਾ ਸਕਦਾ ਹੈ। ਮੈਂ ਤੇਰੇ ਤੋਂ ਕੋਈ ਠੇਕਾ ਵੀ ਨਹੀਂ ਲਵਾਂਗਾ ਅਤੇ ਜ਼ਮੀਨ ਲਈ ਪਾਣੀ ਤੂੰ ਮੇਰੀ ਮੋਟਰ ਤੋਂ ਲੈ ਸਕਦਾ ਹੈ। ਕੁਝ ਸਾਲ ਬਾਅਦ ਉਹ ਕਿਸਾਨ ਆਪਣੇ ਪੈਰਾਂ ਉਪਰ ਖੜ੍ਹਾ ਹੋ ਜਾਂਦਾ ਹੈ ਅਤੇ ਬੱਚਿਆਂ ਨੂੰ ਪੜ੍ਹਾ-ਲਿਖਾ ਵੀ ਲੈਂਦਾ ਹੈ।

ਹੁਣ ਤੁਸੀਂ ਦੱਸੋ ਕਿ ਜਦੋਂ ਉਹ ਕਿਸਾਨ ਜ਼ਿਮੀਂਦਾਰ ਦੇ ਸਨਮੁਖ ਹੋਵੇਗਾ ਤਾਂ ਉਸ ਨੂੰ ਕੀ ਇਹ ਕਹੇਗਾ ਕਿ ਮੈਂ ਇਹ ਸਭ ਕੁਝ ਆਪਣੇ ਦਮ ਉਤੇ ਕਰ ਲਿਆ ਹੈ ਜਾਂ ਇਹ ਕਹੇਗਾ ਕਿ ਇਹ ਸਭ ਤੁਹਾਡੀ ਕਿਰਪਾ ਹੈ। ਨਿਸ਼ਚਿਤ ਤੌਰ ਉਤੇ ਕਿਸਾਨ ਨੇ ਮਿਹਨਤ ਕੀਤੀ ਤਾਂਹੀਓਂ ਥੋੜ੍ਹੀ ਜਿਹੀ ਜ਼ਮੀਨ ਨਾਲ ਆਪਣਾ ਪਰਿਵਾਰ ਪਾਲ ਲਿਆ ਪਰ ਜ਼ਿਮੀਂਦਾਰ ਬਿਨਾਂ ਤਾਂ ਇਹ ਮਿਹਨਤ ਵੀ ਕਿਸੇ ਕੰਮ ਦੀ ਨਹੀਂ ਸੀ ਹੋਣੀ।

ਬਸ ਇਹੋ ਹਾਲ ਹੁੰਦਾ ਹੈ ਉਸ ਵਿਅਕਤੀ ਦਾ ਜੋ ਗੁਰੂ ਦੇ ਮਾਰਗ-ਦਰਸ਼ਨ ਸਦਕਾ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਉਹ ਇਹ ਕਦੇ ਨਹੀਂ ਕਹਿੰਦਾ ਕਿ ਮੈਂ ਮਿਹਨਤ ਕੀਤੀ ਤਾਂ ਮੈਂ ਰੱਬ ਪਾ ਲਿਆ ਕਿਉਂਕਿ ਉਹ ਆਪਣੇ ਗੁਰੂ ਦੇ ਯੋਗਦਾਨ ਤੋਂ ਭਲੀ-ਭਾਂਤ ਵਾਕਿਫ ਹੁੰਦਾ ਹੈ। ਪਿਆਰ ਅਤੇ ਅਹਿਸਾਨ ਵਿਚ ਭਿੱਜਿਆ ਉਹ ਸਾਰਾ ਸਿਹਰਾ ਗੁਰੂ ਜਾਂ ਅਕਾਲ ਪੁਰਖ ਦੇ ਸਿਰ ਹੀ ਬਣਨਾ ਚਾਹੁੰਦਾ ਹੈ। ਇਸ ਲਈ ਉਹ ਹਮੇਸ਼ਾ ਗੁਰੂ ਦੀ ਕਿਰਪਾ, ਸੁਖੁ ਤੇਰਾ ਦਿਤਾ ਲਹੀਐ, ਤੂੰ ਆਪੇ ਸਰਧਾ ਲਾਇਹਿ ਵਰਗੇ ਪਿਆਰ ਨਾਲ ਭਿੱਜੇ ਲਫਜ਼ਾਂ ਦਾ ਇਸਤੇਮਾਲ ਕਰਦਾ ਹੈ।

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥

ਨੁਕਤਾ:  ਉਪਰੋਕਤ ਪੰਕਤੀਆਂ ਵਿਚ ਗੁਰੂ ਦੇ ਗਿਆਨ ਦੇ ਸੇਵਨ (ਗ੍ਰਹਿਣ) ਦੀ ਗੱਲ ਕੀਤੀ ਗਈ ਹੈ ਅਤੇ ਇਨ੍ਹਾਂ ਪੰਕਤੀਆਂ ਵਿਚ ਹੁਣ ਗੁਰੂ ਸਾਹਿਬ ਤਰੀਕਾ ਦਸ ਰਹੇ ਹਨ ਕਿ ਕਿਸ ਤਰ੍ਹਾਂ ਗੁਰੂ ਤੋਂ ਮਿਲੇ ਗਿਆਨ ਦਾ ਇਸਤੇਮਾਲ ਕਰਕੇ ਉਸ ਨੂੰ ਜੀਵਨ ਦਾ ਹਿੱਸਾ ਬਣਾ ਲੈਣਾ ਹੈ। ਕਿਉਂਕਿ ਕੋਈ ਨੁਕਤਾ/ਗੁਰ ਸਮਝ ਲੈਣਾ ਇਕ ਗੱਲ ਹੈ ਅਤੇ ਉਸਦਾ ਇਸਤੇਮਾਲ ਕਰਨਾ ਦੂਜਾ। ਇਸ ਦੂਜੇ ਪੜਾਅ ਤੱਕ ਪਹੁੰਚਣ ਦੀ ਪ੍ਰਕਿਰਿਆ ਦਾ ਨਾਮ ਹੈ ‘ਸਿਮਰਨਾ’। ਪਰ ਗੁਰਮਤਿ ਅਨੁਸਾਰ ਇਹ ਉਹ ਸਿਮਰਨ ਨਹੀਂ ਜੋ ਚੌਂਕੜੇ ਮਾਰਕੇ ਅਤੇ ਅੱਖਾਂ ਬੰਦ ਕਰਕੇ ਕੀਤਾ ਜਾਂਦਾ ਹੈ। ਮਨ ਲਉ ਤੁਸੀਂ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਇਕ ਚੀਨੀ ਪਕਵਾਨ ਬਨਾਉਣ ਦਾ ਫੈਸਲਾ ਲਿਆ ਹੈ। ਇਸ ਲਈ ਤੁਸੀਂ YouTube ਉਪਰ ਇਕ ਵੀਡੀਓ ਧਿਆਨ ਨਾਲ ਦੇਖੀ (ਉਸ ਵਿਚ ਦਿੱਤੇ ਗਿਆਨ ਦਾ ਸੇਵਨ ਕਰ ਲਿਆ)। ਪਰ ਹੁਣ ਵੀਡੀਓ ਵਿਚਲੇ ਗਿਆਨ ਦਾ ਫਾਇਦਾ ਤਾਂ ਹੀ ਹੈ ਜੇ ਉਹ ਪਕਵਾਨ ਪਕਾਉਣ ਵੇਲੇ ਹਰ ਕਦਮ ਉੱਪਰ ਉਹ ਗਿਆਨ ਤੁਹਾਡੇ ਚੇਤੇ ਰਹੇ। ਬਸ ਉਹ ਚੇਤੇ ਰੱਖਣ ਨੂੰ ਹੀ ਸਿਮਰਨ ਕਹਿੰਦੇ ਹਨ।   
ਅਰਥ : ਲਗਾਤਾਰ, ਹਰ ਪਲ, ਹਰ ਸਮੇਂ, ਸੋਚਣ ਲੱਗਿਆਂ, ਬੋਲਣ ਲੱਗਿਆਂ, ਹਰ ਛੋਟਾ ਵੱਡਾ ਫੈਸਲਾ ਲੈਣ ਲੱਗਿਆਂ, ਗੁਰੂ ਦੀਆਂ ਸਿਖਾਈਆਂ ਗੱਲਾਂ ਚੇਤੇ ਰੱਖਣੀਆਂ ਹਨ। ਇਸ ਤਰ੍ਹਾਂ ਲਗਾਤਾਰ ਸਿਮਰਨ ਕਰਨ ਨਾਲ ਅਕਾਲ ਪੁਰਖ ਦੇ ਗੁਣ/ਗੁਰੂ ਦੀ ਸਿੱਖਿਆ ਸਾਡੇ ਕਿਰਦਾਰ (Personality) ਦਾ ਹਿੱਸਾ ਬਣ ਜਾਵੇ। (ਇਸੇ ਨੂੰ ਉਪਰਲੀਆਂ ਪੰਕਤੀਆਂ ਵਿਚ ਕਿਹਾ ਗਿਆ ਹੈ ‘ਨਾਮੁ ਜੀਵਾ’ ।) ਮੈਂ ਇਹ ਪ੍ਰਕਿਰਿਆ ਪੂਰੀ ਕਰ ਲਵਾਂ ਤਾਂ ਜੋ  ਫਿਰ ਮਨ ਅਤੇ ਤਨ ਹਮੇਸ਼ਾ ਖੇੜੇ ਵਿਚ ਰਹੇ। ਓ ਮੇਰੇ ਦਿਆਲੂ ਗੁਰੂ, ਮੈਂ ਤੁਹਾਡੀ ਬਾਣੀ ਨੂੰ ਮਿਹਨਤ ਨਾਲ ਖੋਜ ਕੇ (ਧੋਇ-ਧੋਇ) ਪੜ੍ਹਦਾ ਰਿਹਾ, ਉਸ ਦੇ ਉਹੀ ਅਰਥ ਸਮਝਾਂ ਜੋ ਤੁਸੀਂ ਮੈਨੂੰ ਸਮਝਾਉਣਾ ਚਾਹੁੰਦੇ ਹੋ ਕਿਉਂਕਿ ਮੈਂ ਸਮਝ ਗਿਆ ਕੇ ‘ਨਾਮ ਜੀਵਾਂ’ ਲਈ ਇੰਝ ਕਰਨਾ ਬੇਹੱਦ ਜ਼ਰੂਰੀ ਹੈ।

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ॥ ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥

ਮੇਰੀ ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਅਹਿਮ ਸਮਾਂ ਸੀ ਜਦੋਂ ਮੈਂ ਅਕਾਲ ਪੁਰਖ ਨਾਲ ਜੁੜਣ ਲਈ ਗੁਰਬਾਣੀ ਦਾ ਲੜ ਫੜਿਆ। ਨਾਨਕ, ਅਕਾਲ ਪੁਰਖ ਦੀ ਮੇਰੇ ਉੱਪਰ ਇਹ ਕਿਰਪਾ ਹੀ ਹੋਈ ਹੈ ਕਿ ਮੈਂ ਇਕ ਪੂਰਾ ਭਾਵ ਇੱਕ ਕਾਬਿਲ ਗੁਰੂ ਪਾਇਆ ਜੋ ਸਮਰੱਥ ਹੈ ਮੈਨੂੰ ਅਕਾਲ ਪੁਰਖ ਨਾਲ ਜੋੜਣ ਵਿਚ।

ਨੁਕਤਾ: ‘ਕੁਰਬਾਣੁ ਜਾਈ’ ਲਫਜ਼ ਦਾ ਇਸਤੇਮਾਲ ਦੱਸਦਾ ਹੈ ਕਿ ਗੁਰੂ ਦੀਆਂ ਨਜ਼ਰਾਂ ਵਿਚ ਗੁਰਬਾਣੀ ਦਾ ਲੜ ਫੜਨਾ ਜ਼ਿੰਦਗੀ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ (Top Priority) ਹੋਣੀ ਚਾਹੀਦੀ ਹੈ।    

ਨਿਚੋੜ :

ਇਸ ਸ਼ਬਦ ਵਿਚ ਕੁਲ 5 ਪਦੇ ਹਨ ਜਿਸ ਵਿਚ ਇੱਕ ਪਦਾ ਰਹਾਉ ਦਾ ਸ਼ਾਮਿਲ ਹੈ।

1  ਰਹਾਉ ਪਦ ਸਾਨੂੰ ਦਸਦਾ ਹੈ ਕਿ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੀਆਂ ਉਸ ਦੇ ਗੁਣਾ ਦਾ ਅਹਿਸਾਸ ਕਰਕੇ ਰੂਹਾਨੀ ਸੁੱਖ ਪ੍ਰਾਪਤ ਕਰਨ ਬਾਰੇ। ਅਗਲੀਆਂ ਪੰਕਤੀਆਂ ਵਿਚ ਇਸ ਦੀਆਂ ਪੌੜੀਆਂ (Steps) ਦਿੱਤੀਆਂ ਗਈਆਂ ਹਨ। 

2  ਪਹਿਲੇ ਪਦੇ ਵਿਚ ਸਿੱਖ ਇਹ ਟੀਚਾ ਬਣਾਉਂਦਾ ਹੈ ਕਿ ਮੈਂ ਇਸ ਸਬੰਧੀ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਹੈ।

3  ਦੂਜੇ ਪਦੇ ਵਿਚ ਗੱਲ ਹੈ ਸੇਵਾ ਦੀ ਭਾਵ ਗੁਰੂ ਦਾ ਗਿਆਨ ਗ੍ਰਹਿਣ ਕਰਨ ਦੀ।

4 ਤੀਜੇ ਪਦੇ ਵਿਚ ਗੱਲ ਹੈ ਸਿਮਰ ਕੇ ਨਾਮ ਜੀਵਨ ਦੀ ਭਾਵ ਗ੍ਰਹਿਣ ਕੀਤਾ ਗਿਆਨ ਹਰ ਵੇਲੇ ਚੇਤੇ ਰੱਖ ਕੇ ਜ਼ਿੰਦਗੀ ਜਿਉਣ ਦੀ।

5 ਚੌਥੇ ਪਦੇ ਵਿਚ ਪਰਮਾਤਮਾ ਦਾ ਸ਼ੁਕਰ ਕੀਤਾ ਗਿਆ ਹੈ ਬਾ-ਕਮਾਲ ਗੁਰੂ ਬਖਸ਼ਣ ਲਈ।

ਸੋ ਜਿਸ ਰੂਹਾਨੀ ਸੁਖ ਦੀ ਤਲਾਸ਼ ਵਿਚ ਹਰ ਜੀਵ ਹੈ, ਉਹ ਸੁਖ ਕਿਵੇਂ ਮਿਲੇਗਾ ਉਸਦਾ ਖਾਕਾ ਗੁਰੂ ਨੇ ਖਿੱਚ ਦਿੱਤਾ ਹੈ ਅਤੇ ਹੁਣ ਅਸੀਂ ਕਰਨਾ ਕੀ ਹੈ, ਉਹ ਚਿੱਟੇ ਦੁੱਧ ਵਾਂਗ ਗੁਰੂ ਨੇ ਸਾਫ ਕਰ ਦਿੱਤਾ ਹੈ। ਤਾਂ ਚਲੋ ਲਗੀਏ ਕੰਮ ਉਤੇ।     

ਮਨਿੰਦਰ ਸਿੰਘ
28 ਅਪ੍ਰੈਲ 2020
terahukum@gmail.com
(ਲੌਕਡਾਊਨ ਦੌਰਾਨ)

Leave a Reply

Your email address will not be published. Required fields are marked *