ਆਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
ਭਾਵ: ਇੱਕ ਭੌਰੇ ਵਾਂਗ, ਮੈਂ ਇੱਕ ਦੁਨਿਆਵੀ ਪਦਾਰਥ ਤੋਂ ਦੂਜੇ ਪਦਾਰਥ ਨੂੰ ਭੋਗਣ ਦੀ ਦੌੜ ਵਿੱਚ ਆਪਣੀ ਜ਼ਿੰਦਗੀ ਖ਼ਾਕ ਕਰ ਲਈ ਹੈ। ਦੁਨੀਆਦਾਰੀ ਵਿੱਚ ਵੱਡਾ ਬਣਨ ਦੇ ਮੋਹ ਨੇ ਮੈਨੂੰ ਇੰਨਾ ਜਕੜ ਲਿਆ ਹੈ ਕਿ ਪਦਾਰਥਾਂ ਦਾ ਚਸਕਾ ਮੇਰੇ ਗਲ੍ਹ ਵਿੱਚ ਪਏ ਸੰਗਲ ਵਾਂਗ ਹੈ, ਜਿਸ ਦੇ ਮੁਤਾਬਿਕ ਮੈਂ ਬੇਹੋਸ਼ (ਬੇਸੁੱਧ )ਹੋ ਕੇ ਚੱਲ ਰਿਹਾ ਹਾਂ।
ਅਸੀਂ ਪਹਿਲਾਂ ਇੱਕ ਲੇਖ ਵਿਚ ਹੁਕਮੁ, ਇੱਛਾਵਾਂ ਅਤੇ ਰਿਸ਼ਤਿਆਂ ਦੇ ਸਮੀਕਰਨ ਦੀ ਗੱਲ ਕੀਤੀ ਸੀ। ਜਿਸ ਵਿੱਚ ਚਰਚਾ ਕੀਤੀ ਸੀ ਕਿ ਕਿਵੇਂ ਅਸੀਂ ਕੁਦਰਤੀ ਹੁਕਮੁ ਦੇ ਉਲਟ ਜਾ ਕੇ ਆਪਣੇ ਕਰੀਬੀ ਰਿਸ਼ਤਿਆਂ ਤੋਂ ਉਮੀਦਾਂ ਰੱਖਦੇ ਹਾਂ, ਜੋ ਆਖਿਰਕਾਰ ਦੁੱਖਾਂ ਦਾ ਕਾਰਨ ਬਣਦੀਆਂ ਹਨ।
ਪਰ ਇਸ ਲੇਖ ਦਾ ਵਿਸ਼ਾ ਹੈ ਉਹ ਇੱਛਾਵਾਂ, ਜੋ ਇਨਸਾਨ ਨੂੰ ਆਪਣੇ-ਆਪ ਲਈ ਹੁੰਦੀਆਂ ਨੇ। ਤੇ ਕਿਸ ਤਰ੍ਹਾਂ ਇਹਨਾਂ ਵਿੱਚੋਂ ਕੁੱਝ ਇੱਛਾਵਾਂ ਸਦੀਵੀਂ ਆਨੰਦ ਅਤੇ ਕੁੱਝ ਇੱਛਾਵਾਂ ਜ਼ਿੰਦਗੀ ਵਿੱਚ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ। ਇਹ ਚਰਚਾ ਇਸ ਲਈ ਵੀ ਹੈ ਕਿ ਸਿੱਖੀ ਵਿੱਚ ਇੱਕ ਸਿੱਖ ਲਈ ਮੁੱਖ ਟੀਚਾ ਸਚਿਆਰ ਬਣਨਾ ਹੈ ਤੇ ਸਚਿਆਰ ਬਣਨ ਲਈ ਇੱਛਾਵਾਂ ਉਪਰ ਕਾਬੂ ਪਾਉਣਾ ਇੱਕ ਜ਼ਰੂਰੀ ਸ਼ਰਤ ਹੈ।
ਇੱਛਾਵਾਂ ਨੂੰ ਗੁਰਬਾਣੀ ਵਿੱਚ ਆਸ, ਭੁੱਖ, ਭੋਗ, ਕਾਮੁ, ਤ੍ਰਿਸ਼ਨਾ ਵੀ ਕਿਹਾ ਗਿਆ ਹੈ ਤੇ ਰੂਹਾਨੀ ਸਫ਼ਰ ਲਈ ਇਸਨੂੰ ਸੰਗਲ, ਬਿਖੁ ਆਦਿ ਵਿਸ਼ੇਸ਼ਣ ਵੀ ਦਿੱਤੇ ਗਏ ਹਨ। ਇਸ ਲਈ ਆਪਣੀਆਂ ਇੱਛਾਵਾਂ ਬਾਰੇ ਸਾਨੂੰ ਬੇਹੱਦ ਸੁਚੇਤ ਹੋਣ ਦੀ ਲੋੜ ਹੈ। ਇਹ ਕਿਵੇਂ ਬਣਦੀਆਂ ਨੇ, ਇਸਦਾ ਮੇਰੇ ਮਨ ਉੱਪਰ, ਸੁਭਾਅ ਉੱਪਰ, ਮੇਰੇ ਰੂਹਾਨੀ ਰਸਤੇ ਉੱਪਰ ਕੀ ਅਸਰ ਪਵੇਗਾ? ਇਹ ਮਾਨਸਿਕ ਮੁਸ਼ੱਕਤ ਸਾਨੂੰ ਕਰਨੀ ਪਵੇਗੀ ਤੇ ਇਹ ਲੇਖ ਮੇਰੀ ਅਤੇ ਤੁਹਾਡੀ ਇਸੇ ਮੁਸ਼ੱਕਤ ਵਿੱਚ ਸਹਿਯੋਗ ਕਰਨ ਦੀ ਇੱਕ ਕੋਸ਼ਿਸ਼ ਹੈ।
ਮੋਟੇ ਤੌਰ ‘ਤੇ ਇਨਸਾਨ ਦੀਆਂ ਇੱਛਾਵਾਂ ਹੇਠ ਲਿਖੀਆਂ ਇੱਛਾਵਾਂ ਦੀਆਂ ਸ਼੍ਰੇਣੀਆਂ ਵਿੱਚ ਫਿੱਟ ਹੋ ਜਾਂਦੀਆਂ ਨੇ :
1. ਧਨ, ਦੌਲਤ, ਸਰਮਾਇਆ: ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜ਼ਰੂਰੀ ਪੈਸੇ ਤੋਂ ਲੈ ਕੇ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਣਨ ਤੱਕ ਦੀਆਂ ਇੱਛਾਵਾਂ।
2. ਤਾਕਤ: ਘਰ ਦੀ ਚੌਧਰ ਤੋਂ ਲੈ ਕੇ ਰਾਜਨੀਤਿਕ ਸ਼ਕਤੀ ਤੱਕ, ਜਿਸਮਾਨੀ ਤਾਕਤ ਤੋਂ ਲੈ ਕੇ ਦੂਜੇ ਗ੍ਰਹਿਆਂ ਉੱਪਰ ਕਬਜ਼ਾ ਕਰ ਲੈਣ ਦੀ ਤਾਕਤ ਦੀ ਇੱਛਾ।
3. ਖ਼ੂਬਸੂਰਤੀ: ਸਭ ਤੋਂ ਹਸੀਨ ਤੇ ਖ਼ੂਬਸੂਰਤ ਦਿਖਣ ਦੀ ਚਾਹਤ।
4. ਮਸ਼ਹੂਰੀ, ਸ਼ੌਹਰਤ: ਆਪਣੇ ਸਕੂਲ, ਪਿੰਡ, ਸ਼ਹਿਰ ਤੋਂ ਲੈ ਕੇ ਦੁਨੀਆ ਭਰ ਵਿੱਚ ਇੱਜ਼ਤ, ਮਾਣ ਤੇ ਨਾਮਣਾ ਖੱਟਣ ਦੀ ਇੱਛਾ।
5. ਬੇਹਤਰੀਨ ਹਮਸਫਰ: ਸਭ ਤੋਂ ਸਮਝਦਾਰ, ਖ਼ੂਬਸੂਰਤ ਅਤੇ ਬੇਹਤਰੀਨ ਹਮਸਫਰ ਪਾਉਣ ਦੀ ਇੱਛਾ।
6. ਐਸ਼ੋ-ਆਰਾਮ: ਘਰ ਦੇ ਕੰਮ ਲਈ ਨੌਕਰ ਰੱਖਣ ਤੋਂ ਲੈ ਕੇ ਨਿੱਜੀ ਜਹਾਜ਼ ਦੇ ਸਫ਼ਰਾਂ ਅਤੇ ਹਰ ਖ਼ੂਬਸੂਰਤ ਥਾਂ ਉੱਤੇ ਰਹਿਣ ਦੀ ਖ਼ਾਹਿਸ਼, ਦੁਨੀਆ ਦੀ ਹਰ ਖ਼ੂਬਸੂਰਤ ਸ਼ੈਅ ਦੇਖਣ ਤੋਂ ਲੈ ਕੇ ਪੁਲਾੜ ਤੱਕ ਦੇ ਸਫ਼ਰ ਦੀ ਇੱਛਾ, ਦੋ ਵਖਤ ਦੀ ਰੋਟੀ ਤੋਂ ਲੈ ਕੇ ਦੁਨੀਆ ਦਾ ਹਰ ਸਵਾਦੀ ਪਕਵਾਨ ਖਾਉਣ ਦੀ ਇੱਛਾ।
7. ਬਿਮਾਰੀ ਅਤੇ ਮੌਤ ਤੋਂ ਦੂਰ ਰਹਿਣਾ: ਤੰਦਰੁਸਤ ਰਹਿਣ ਤੋਂ ਲੈ ਕੇ ਆਪਣੇ ਲਈ ਨਿੱਜੀ ਹਸਪਤਾਲ ਬਨਾਉਣ ਦੀ ਇੱਛਾ ਅਤੇ ਕਦੇ ਵੀ ਨਾ-ਮਰਨ ਦੀ ਇੱਛਾ।
8. ਇੱਛਾ ਦੂਜਿਆਂ ਤੋਂ ਅੱਗੇ ਨਿਕਲਣ ਦੀ: ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ ਤੋਂ ਹਰ ਪੱਖੋਂ ਅੱਗੇ ਨਿਕਲਣ ਦੀ ਇੱਛਾ। ਮੈਂ, ਮੇਰਾ ਪਰਿਵਾਰ ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹੇ।
9. ਇੱਛਾ ਕੋਈ ਦੁੱਖ ਜਾਂ ਚਿੰਤਾ ਨਾ ਹੋਣ ਦੀ: ਐਸੇ ਦਿਨ ਦੀ ਆਸ ਜਦੋਂ ਕੋਈ ਦੁੱਖ, ਚਿੰਤਾ ਨਾ ਹੋਵੇ।
10. ਇੱਛਾ ਸਭ ਕੁੱਝ ਜਲਦੀ ਹੋਣ ਦੀ: ਹਰ ਇੱਛਾ ਜਲਦ, ਸਮੇਂ ਤੋਂ ਪਹਿਲਾਂ ਪੂਰੀ ਹੋਣ ਦੀ।
11. ਇੱਛਾ, ਸਾਰੀਆਂ ਇੱਛਾਵਾਂ ਪੂਰਨ ਹੋਣ ਦੀ: ਜ਼ਿੰਦਗੀ ਵਿੱਚ ਜੋ ਵੀ ਇੱਛਾ ਪੈਦਾ ਹੋਈ, ਉਹ ਪੂਰੀ ਹੋ ਜਾਣ ਦੀ ਇੱਛਾ।
12. ਇੱਛਾ ਸਭ ਮੇਰੇ ਹਿਸਾਬ ਨਾਲ ਚਲਣ ਦੀ: ਘਰ ਦੇ ਮੈਂਬਰਾਂ ਤੋਂ ਲੈ ਕੇ ਮੇਰੇ ਸੰਪਰਕ ਵਿੱਚ ਆਉਣ ਵਾਲਾ ਹਰ ਆਦਮੀ ਮੇਰੇ ਮੁਤਾਬਕ ਵਿਚਰੇ। ਮੇਰੀ ਪਸੰਦੀਦਾ ਟੀਮ, ਮੇਰੀ ਚਹੇਤੀ ਰਾਜਨੀਤਿਕ ਪਾਰਟੀ ਹੀ ਜਿੱਤੇ।
13. ਇੱਛਾਵਾਂ ਮੌਤ ਤੋਂ ਬਾਅਦ ਦੀਆਂ: ਇਨਸਾਨ ਦੀਆਂ ਇੱਛਾਵਾਂ ਇਸੇ ਜ਼ਿੰਦਗੀ ਤੱਕ ਸੀਮਿਤ ਨਹੀਂ ਹਨ। ਉਸਨੂੰ ਮੌਤ ਤੋਂ ਬਾਅਦ ਦੇ ਐਸ਼ੋ-ਆਰਾਮ ਦੀ ਵੀ ਓਨੀ ਹੀ ਇੱਛਾ ਹੈ ਜਿੰਨੀ ਕਿ ਮੌਜੂਦਾ ਜ਼ਿੰਦਗੀ ਵਿੱਚ। ਕਿਸੇ ਨੂੰ ਸਵਰਗ ਦੀ ਇੱਛਾ ਹੈ, ਕਿਸੇ ਨੂੰ ਬੇਹਤਰ ਜਨਮ ਦੀ ਤੇ ਕਿਸੇ ਨੂੰ ਦੁਬਾਰਾ ਜਨਮ ਨਾ ਲੈਣ ਦੀ।
ਇਸ ਤੋਂ ਇਲਾਵਾ ਕੁੱਝ ਇੱਛਾਵਾਂ ਪਦਾਰਥਵਾਦ (Materialism) ਅਤੇ ਸਵਾਰਥਵਾਦ ਤੋਂ ਪਰ੍ਹੇ ਵੀ ਹੁੰਦੀਆਂ ਨੇ:
14. ਇੱਛਾਵਾਂ ਦੂਜਿਆਂ ਲਈ ਕੁੱਝ ਕਰਨ ਦੀ: ਇਹ ਇੱਛਾ ਕਿ ਆਪਣੇ ਪਰਿਵਾਰ ਤੋਂ ਬਾਹਰ ਦੇ ਲੋਕਾਂ, ਸਮਾਜ, ਕੌਮ, ਦੇਸ਼ ਅਤੇ ਦੁਨਿਆਈ ਵਾਸਤੇ, ਪੂਰੀ ਮਨੁੱਖਤਾ ਦੇ ਭਲੇ ਲਈ, ਕੁੱਝ ਯੋਗਦਾਨ ਪਾਵਾਂ।
15. ਇੱਛਾ ਸਰਬੱਤ ਦੇ ਭਲੇ ਦੀ: ਦੁਨੀਆ ਦੇ ਹਰ ਕੋਨੇ ਦੇ, ਹਰ ਮਜ੍ਹਬ ਦੇ, ਹਰ ਫਿਰਕੇ ਦੇ, ਹਰ ਜਾਨਵਰ, ਪੰਛੀ, ਹਵਾ, ਪਾਣੀ ਦੇ ਭਲੇ ਦੀ ਇੱਛਾ।
16. ਇੱਛਾ ਸਚਿਆਰ ਬਣਨ ਦੀ: ਇੱਛਾ ਬਾਬੇ ਨਾਨਕ ਵੱਲੋਂ ਦੱਸੇ ਮਾਰਗ ਉਤੇ ਤੁਰਨ ਦੀ, ਇੱਛਾ ਬਾਬੇ ਦੇ ਦੱਸੇ ਟੀਚੇ ‘ਤੇ ਪਹੁੰਚਣ ਦੀ। ਇੱਛਾ ਹਰ ਹਾਲਾਤ ਵਿੱਚ ਖੇੜੇ ਅਤੇ ਸ਼ਾਂਤ ਮਨ ਦੀ। ਇੱਛਾ ਸਚਿਆਰ ਬਣਨ ਦੀ।
ਸਾਡੀਆਂ ਜ਼ਿਆਦਾਤਰ ਦੁਨਿਆਵੀ ਇੱਛਾਵਾਂ ਉਪਰੋਕਤ ਸੂਚੀ ਵਿੱਚ ਆ ਗਈਆਂ ਹੋਣਗੀਆਂ। ਹੁਣ ਕਿਸ ਤਰ੍ਹਾਂ ਨਿਪਟਾਰਾ ਹੋਵੇ ਕਿ ਕਿਹੜੀ ਇੱਛਾਆਂ ਸਾਡੇ ਰੂਹਾਨੀ ਸਫ਼ਰ ਲਈ, ਚੰਗੀਆਂ ਜਾਂ ਮਾੜੀਆਂ ਹਨ। ਇਹ ਜਾਨਣ ਲਈ ਸਾਡੇ ਕੋਲ ਕੇਵਲ ਇੱਕੋ-ਇੱਕ ਮਾਪਦੰਡ ਹੈ। ਉਹ ਹੈ ਗੁਰੂ ਦੀ ਮੱਤ, ਜੋ ਸਾਨੂੰ ਸਿਰਫ਼ ਅਤੇ ਸਿਰਫ਼ ਗੁਰਬਾਣੀ ਵਿੱਚੋਂ ਹੀ ਮਿਲਣੀ ਹੈ। ਗੁਰਮਤਿ ਦੀ ਕਸਵੱਟੀ ਹੀ ਦੱਸੇਗੀ ਕਿ ਕਿਹੜੀ ਇੱਛਾ ਗੁਰਮਤਿ ਦੇ ਰਾਹ ਵਿੱਚ ਰੋੜਾ ਹੈ, ਕੀ ਗੁਰਮਤਿ ਤੋਂ ਬਿਲਕੁਲ ਉਲਟ ਹੈ ਤੇ ਕੀ ਗੁਰਮਤਿ ਦੇ ਰਾਹ ਦਾ ਹਮਸਫ਼ਰ ਹੈ। ਆਓ, ਇਹ ਜਾਨਣ ਦੀ ਕੋਸ਼ਿਸ਼ ਕਰੀਏ।
1. ਇਸ ਸੰਸਾਰ ਵਿੱਚ ਵਿਚਰਨ ਲਈ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਗ਼ਲਤ ਨਹੀਂ ਹੈ, ਸਗੋਂ ਇਹ ਸਾਡੀ ਜ਼ਿੰਮੇਵਾਰੀ ਹੈ। ਇਸੇ ਲਈ ਬਾਬੇ ਨਾਨਕ ਨੇ ਜੋਗੀਆਂ ਨੂੰ ਪਹਾੜਾਂ ਦੀਆਂ ਕੰਦਰਾਂ (ਗੁਫਾਵਾਂ) ਛੱਡ ਕੇ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਪੂਰਨ ਕਰਦੇ ਹੋਏ ਹੀ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ। ਅਕਾਲ ਪੁਰਖ ਨਾਲ ਜੁੜਨ ਤੋਂ ਪਹਿਲਾਂ ਇਨਸਾਨ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਜ਼ਰੂਰੀ ਨੇ।
ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {ਪੰਨਾ 695}
ਇਸ ਸ਼ਬਦ ਵਿੱਚ ਭਗਤ ਧੰਨਾ ਜੀ ਧਰਤੀ ਦੇ ਪਾਲਣਹਾਰ ਅੱਗੇ ਇੱਕ ਭਗਤ (ਜਨ) ਦੀਆਂ ਲੋੜਾਂ ਦਾ ਜ਼ਿਕਰ ਕਰ ਰਹੇ ਹਨ ਕਿ: ਜੇ ਮੈਂ ਹੁਕਮੁ ਅਨੁਸਾਰ ਤੇਰੀ ਭਗਤੀ ਕਰਦਾ ਹਾਂ ਤਾਂ ਤੂੰ ਮੇਰਾ ਇਹ ਕੰਮ ਸੰਵਾਰ ਦਿੰਦਾ ਹੈਂ। ਪਰ ਮੈਂ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਤੇਰੇ ਨਾਲ ਜੁੜ ਸਕਾਂ, ਇਸ ਲਈ ਜ਼ਰੂਰੀ ਹੈ ਕਿ ਮੇਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ ਜਿਵੇਂ ਖਾਣ ਨੂੰ ਭੋਜਨ (ਦਾਲ, ਆਟਾ, ਘਿਓ), ਪਾਉਣ ਨੂੰ ਸੋਹਣੀ ਜੁੱਤੀ ਅਤੇ ਕੱਪੜਾ, ਦੁੱਧ ਦੇਣ ਵਾਲੀ ਗਾਂ ਜਾਂ ਮੱਝ, ਆਉਣ-ਜਾਣ ਦਾ ਸਾਧਨ (ਘੋੜੀ), ਅਤੇ ਘਰ ਵਸਾਉਣ ਲਈ ਚੰਗਾ ਜੀਵਨ ਸਾਥੀ।
2. ਜੇ ਧਨ-ਦੌਲਤ ਕਮਾਉਣ ਦੀ ਇੱਛਾ, ਕਿਸੇ ਨੂੰ ਮਾਰ ਕੇ, ਬਰਬਾਦ ਕਰਕੇ, ਹੱਕ ਮਾਰਕੇ, ਝੂਠ, ਠੱਗੀ, ਫਰੇਬ ਕਰਕੇ ਕਮਾਉਣ ਦੀ ਹੈ ਤਾਂ ਇਹ ਰਾਹ ਸਚਿਆਰ ਨਹੀਂ, ਕੂੜਿਆਰ ਵੱਲ ਨੂੰ ਜਾਂਦਾ ਹੈ। ਹੱਕ ਸੱਚ ਨਾਲ ਕੀਤੀ ਕਮਾਈ ਵਿੱਚ ਕੋਈ ਵੀ ਬੁਰਾਈ ਨਹੀਂ, ਚਾਹੇ ਤੁਹਾਡੇ ਕੋਲ ਪੂਰੀ ਦੁਨੀਆ ਦੀ ਦੌਲਤ ਹੀ ਕਿਉਂ ਨਾ ਹੋਵੇ। ਬਾਬਾ ਨਾਨਕ ਸਾਨੂੰ ਧਰਮ ਦੀ ਕਿਰਤ ਕਰਕੇ ਇੱਕ ਸੁਖੀ ਅਤੇ ਆਰਾਮਦਾਇਕ ਜ਼ਿੰਦਗੀ ਜਿਉਣ ਤੋਂ ਹਰਗਿਜ਼ ਨਹੀਂ ਰੋਕਦੇ। ਸਿੱਖੀ ਵਿੱਚ ਨਾ ਮਾਸ ਖਾਣ ਦੀ ਮਨਾਹੀ ਹੈ ਤੇ ਨਾ ਪੈਸਾ ਕਮਾਉਣ ਦੀ। ਮਨਾਹੀ ਹੈ ਬੱਸ ਮੁਰਦਾਰੁ ਖਾਣ ਦੀ। ਮੁਰਦਾਰੁ ਭਾਵ ਬੰਦੇ ਖਾਣ ਦੀ ਭਾਵ ਕਿਸੇ ਦਾ ਹੱਕ ਖਾਣ ਦੀ।
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ {ਪੰਨਾ 141}
ਭਾਵ: ਕਿਸੇ ਹੋਰ ਦਾ ਹੱਕ ਖਾਣਾ ਮੇਰੇ ਲਈ ਓਨਾ ਹੀ ਮਾੜਾ ਹੈ ਜਿਨਾ ਕਿਸੇ ਹੋਰ ਧਾਰਮਿਕ ਵਿਅਕਤੀ ਲਈ ਸੂਰ ਜਾਂ ਗਾਂ ਖਾਣਾ। ਮੇਰਾ ਗੁਰੂ ਸਚਿਆਰਤਾ ਦੇ ਰਾਹ ਉੱਪਰ ਹਾਮੀ ਤਾਂਹੀਓਂ ਭਰੇਗਾ (ਮਨਜ਼ੂਰ ਕਰੇਗਾ) ਜੇ ਮੈਂ ਕਿਸੇ ਹੋਰ ਦਾ ਹੱਕ ਨਾ ਖਾਵਾਂ।
3. ਇੱਛਾਵਾਂ ਜਦੋਂ ਹੁਕਮੁ ਦੇ ਉਲਟ ਹੋਣ ਤਾਂ ਦੁੱਖ ਲਾਜ਼ਮੀ ਹੈ। ਭਾਵ ਇੱਛਾ ਆਪਣੀ ਔਕਾਤ (Capacity to Achieve) ਤੋਂ 100 ਗੁਣਾ ਵੱਡੀ ਪੈਦਾ ਕਰ ਲੈਣੀ ਪਰ ਉਸ ਮੁਤਾਬਿਕ ਮਿਹਨਤ ਨਾ ਕਰਨੀ। ਇਸ ਨਾਲ ਸਿਰਫ਼ ਉਲਾਂਭੇ ਤੇ ਖਿਝ ਹੀ ਪੈਦਾ ਹੁੰਦੀ ਹੈ। ਸਮੇਂ ਤੋਂ ਪਹਿਲਾਂ ਹਾਸਿਲ ਕਰਨ ਦੀ ਇੱਛਾ, ਕਦੇ ਮੁਸ਼ਕਲ ਸਮਾਂ ਨਾ ਦੇਖਣ ਦੀ ਇੱਛਾ, ਸਭ ਇੱਛਾਵਾਂ ਪੂਰੀਆਂ ਹੋਣ ਦੀ ਇੱਛਾ, ਅਸਲ ਵਿੱਚ ਕੁਦਰਤੀ ਤੌਰ ’ਤੇ ਸੰਭਵ ਹੀ ਨਹੀਂ। ਇਹ ਹੈ ਹੀ ਕੁਦਰਤੀ ਨਿਯਮਾਂ ਦੇ ਵਿਰੁੱਧ।
ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ॥ ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥{ਪੰਨਾ 1094}
ਭਾਵ: ਮੈਂ ਬਾਰ–ਬਾਰ ਇਹ ਵੇਖਦਾ ਹਾਂ ਕਿ ਹਰ ਪਾਸੇ ਉਸ ਸਦੀਵੀਂ ਅਕਾਲ ਪੁਰਖ ਦਾ ਹੁਕਮੁ ਵਰਤ ਰਿਹਾ ਹੈ । ਜੇ ਮੈਂ ਉਸ ਮਾਲਿਕ ਦਾ ਹੁਕਮੁ ਨਹੀਂ ਪਛਾਣਦਾ ਤਾਂ ਮੈਂ ਸਚਿਆਰ ਬਣਨ ਲਈ ਹਾਲੇ ਕੱਚਾ ਹਾਂ, ਭਾਵ ਕਾਬਿਲ ਨਹੀਂ ਹਾਂ।
4. ਇਹ ਭਰਮ ਵੀ ਹੁਕਮੁ ਦੇ ਵਿਰੁੱਧ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੁਨਿਆਵੀ ਪਦਾਰਥ, ਤਾਕਤ ਆਦਿ ਇਕੱਠਾ ਕਰਨਾ ਹੀ ਮੈਨੂੰ ਖ਼ੁਸ਼ੀ, ਸੁੱਖ ਤੇ ਖੇੜੇ ਵਿੱਚ ਰੱਖੇਗਾ, ਜਦੋਂਕਿ ਇਹ ਭਰਮ ਸਾਡੀ ਰੂਹਾਨੀ ਜ਼ਿੰਦਗੀ ਲਈ, ਸਾਡੇ ਸੁੱਖ-ਚੈਨ ਲਈ ਜ਼ਹਿਰ ਹੈ। ਇਸੇ ਨੂੰ ਗੁਰਬਾਣੀ ਵਿੱਚ ਭੁੱਖ, ਕਾਮੁ, ਤ੍ਰਿਸ਼ਨਾ, ਬਿਖ ਆਖਿਆ ਗਿਆ ਹੈ। ਮਿਸਾਲ ਵਜੋਂ, ਬਹੁਤੀ ਵਾਰ ਅਸੀਂ ਕੋਈ ਬਹੁਤ ਵੱਡੀ ਕਾਰ, ਲੋੜ ਤੋਂ ਵੱਡਾ ਘਰ, ਸਿਰਫ਼ ਤੇ ਸਿਰਫ਼ ਇਸ ਲਈ ਖਰੀਦ ਲੈਂਦੇ ਹਾਂ ਕਿ ਸਾਡੇ ਰਿਸ਼ਤੇਦਾਰਾਂ ਅੱਗੇ ਸਾਡੀ ਟੌਰ ਤੇ ਠੁੱਕ ਬਣੀ ਰਹੇ, ਭਾਵੇਂ ਵੱਡੇ-ਵੱਡੇ ਕਰਜੇ ਕਿਉਂ ਨਾ ਲੈਣੇ ਪੈਣ। ਬਾਅਦ ਵਿੱਚ ਇਹ ਕਰਜੇ ਘਰੇਲੂ ਕਲੇਸ਼, ਡਿਪਰੈਸ਼ਨ ਅਤੇ ਅਪਰਾਧ ਦਾ ਕਾਰਨ ਬਣਦੇ ਹਨ। ਇਹ ਦੌੜ, ਇਹ ਭੁੱਖ ਹੀ ਅਸਲ ਦੁੱਖ ਦਾ ਕਾਰਨ ਹੈ, ਕੂੜ ਹੈ, ਆਤਮਿਕ ਜੀਵਨ ਲਈ ਮੌਤ ਹੈ।
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥ {ਪੰਨਾ 647}
ਭਾਵ: ਮੇਰੇ ਅੰਦਰ ਦੁਨਿਆਵੀ ਪਦਾਰਥਾਂ ਦੀ ਨਾ-ਖ਼ਤਮ ਹੋਣ ਵਾਲੀ ਭੁੱਖ ਹੈ। ਇਸੇ ਮੂਰਖਤਾਈ ਭੁੱਖ ਕਾਰਨ ਮੈਂ ਗਵਾਰ ਆਤਮਿਕ ਮੌਤ ਮਰ ਚੁੱਕਿਆ ਹਾਂ।
5. ਇਹ ਪਤਾ ਲਾਉਣ ਦਾ ਕਿ ਮੇਰੀ ਇੱਛਾ ਮੇਰੇ ਰੂਹਾਨੀ ਸਫ਼ਰ ਲਈ ਚੰਗੀ ਹੈ ਜਾਂ ਮਾੜੀ, ਇਸ ਦਾ ਸਭ ਤੋਂ ਆਸਾਨ ਤਰੀਕਾ ਹੈ ਇੱਛਾ ਨੂੰ ਸਚਿਆਰਤਾ ਦੀ ਕਸਵੱਟੀ ‘ਤੇ ਪਰਖਣਾ। ਇਹ ਦੇਖਣਾ ਕਿ ਮੈਂ ਇਹ ਇੱਛਾ ਪੈਦਾ ਕਰਕੇ ਜਾਂ ਇਸ ਨੂੰ ਪੂਰਾ ਕਰਨ ਲਈ ਉਪਰਾਲੇ ਕਰਕੇ ਜਾਂ ਇੱਛਾ ਪੂਰੀ ਹੋਣ ਤੋਂ ਬਾਅਦ, ਮੈ ਸਚਿਆਰਤਾ ਵੱਲ ਜਾਵਾਂਗਾ ਜਾਂ ਉਸ ਤੋਂ ਦੂਰ। ਮੈ ਉਸ ਸਿਰਜਣਹਾਰ ਦੇ ਨੇੜੇ ਹੋ ਜਾਵਾਂਗਾ ਜਾਂ ਦੂਰ? ਕੀ ਨਤੀਜੇ ਵਜੋਂ ਮੇਰੇ ਅੰਦਰ ਰੱਬੀ ਗੁਣ ਪੈਦਾ ਹੋ ਰਹੇ ਨੇ ਜਾਂ ਫਿਰ ਅਉਗਣ?
6. ਇੱਛਾ ਪੈਦਾ ਕਰਨਾ ਆਪਣੇ ਵੱਸ ਵਿੱਚ ਹੋਣਾ ਚਾਹੀਦਾ ਹੈ। ਸਾਨੂੰ ਧਿਆਨ ਦੇਣਾ ਪਵੇਗਾ ਕਿ ਇੱਛਾ ਸਾਡੇ ਮਨ ਵਿੱਚ ਸਾਡੀ ਮਰਜ਼ੀ ਤੋਂ ਬਿਨਾ ਤਾਂ ਨਹੀਂ ਪੈਦਾ ਹੋ ਰਹੀ। ਬਹੁਤ ਡੂੰਘਾਈ ਨਾਲ ਦੇਖਣਾ ਪਵੇਗਾ ਕਿ ਸਾਡੀ ਖਾਸ ਇੱਛਾ ਪਿੱਛੇ ਅਸਲ ਵਜ੍ਹਾ ਕਿਹੜੀ ਹੈ? ਕੀ ਉਹ ਇੱਛਾ ਜ਼ਰੂਰਤ ਵਿੱਚੋਂ ਪੈਦਾ ਹੋਈ ਹੈ ਜਾਂ ਈਰਖਾ ਵਿੱਚੋਂ ਜਾਂ ਹੀਣ ਭਾਵਨਾ ਵਿਚੋਂ ? ਕੀ ਇਹ ਇੱਛਾ ਕਿਸੇ ਨੂੰ ਨੀਵਾਂ ਦਿਖਾਉਣ ਨੂੰ, ਦਬਾਉਣ ਨੂੰ ਪੈਦਾ ਹੋਈ ਹੈ ?
ਸਾਡੇ ਮਨ ਉੱਪਰ ਸਾਡਾ ਐਸਾ ਕੰਟਰੋਲ ਚਾਹੀਦਾ ਹੈ ਕਿ ਇਹ ਸਾਡੇ ਸੁਚੇਤ ਮਨ ਦੀ ਮਰਜ਼ੀ ਤੋਂ ਬਿਨਾ ਕੋਈ ਇੱਛਾ ਪੈਦਾ ਨਾ ਕਰੇ। ਜੇ ਅਸੀਂ ਬਾਰੀਕੀ ਨਾਲ ਆਪਣੇ ਮਨ ਨੂੰ ਵਾਚੀਏ ਤਾਂ ਦੇਖਾਂਗੇ ਕਿ ਕਿਸੇ ਚੰਗੀ ਸ਼ਾਪਿੰਗ ਮਾਲ ਵਿਚੋਂ ਦੀ ਲੰਗ ਜਾਈਏ ਜਾਂ ਕਾਰਾਂ ਦੇ ਸ਼ੋਰੂਮ ਅੱਗੋਂ ਦੀ ਲੰਘ ਜਾਈਏ, ਘਰਾਂ ਦੀ ਕਿਸੇ ਨਵੀਂ ਕਾਲੌਨੀ ਵਿੱਚ ਜਾ ਆਈਏ, ਜਾਂ ਕਿਸੇ ਮਹਾਂ ਅਮੀਰ ਦੇ ਬੱਚੇ ਦਾ ਵਿਆਹ ਟੀਵੀ ਉਪਰ ਦੇਖ ਲਈਏ ਤਾਂ ਜਾਂ ਮਨ ਉਦਾਸ ਹੋ ਜਾਂਦਾ ਹੈ ਜਾਂ ਜਾਣੇ-ਅਣਜਾਣੇ ਸੈਂਕੜੇ ਇੱਛਾਵਾਂ ਮਨ ਵਿੱਚ ਪੈਦਾ ਹੋ ਜਾਂਦੀਆਂ ਨੇ। ਪੈਦਾ ਹੋਈਆਂ ਇੱਛਾਵਾਂ ਵਿਚੋਂ ਬਹੁਤੀਆਂ ਕਦੇ ਪੂਰੀਆਂ ਨਹੀਂ ਹੋਣੀਆਂ। ਜੇ ਕੁੱਝ ਪੂਰੀਆਂ ਹੋ ਵੀ ਗਈਆਂ ਤਾਂ ਜੋ ਨਹੀਂ ਹੋਈਆਂ, ਉਹਨਾਂ ਕਰਕੇ ਦੁੱਖ ਦੀ ਗਰੰਟੀ ਹੈ। ਮੌਜੂਦਾ ਯੁੱਗ ਵਿੱਚ ਇੱਛਾਵਾਂ ਉੱਪਰ ਕਾਬੂ ਪਾਉਣਾ ਪਹਿਲਾਂ ਨਾਲੋਂ ਜ਼ਿਆਦਾ ਔਖਾ ਹੋ ਗਿਆ ਹੈ ਕਿਉਂਕਿ ਹੁਣ ਮਾਲ ਬੇਚਣ ਵਾਲੀਆਂ ਹਜਾਰਾਂ ਕੰਪਨੀਆਂ ਵਿੱਚ ਲੱਖਾਂ ਲੋਕਾਂ ਦਾ ਸਿਰਫ਼ ਇੱਕੋ ਕੰਮ ਹੈ ਕਿ ਕਿਸ ਤਰ੍ਹਾਂ ਆਮ ਲੋਕਾਂ ਵਿੱਚ ਉਹਨਾਂ ਦੇ ਮਾਲ ਪ੍ਰਤੀ ਇੱਛਾ ਪੈਦਾ ਕੀਤੀ ਜਾਵੇ ਫਿਰ ਉਹਨਾਂ ਨੂੰ ਉਸ ਚੀਜ਼ ਦੀ ਲੋੜ ਹੋਵੇ ਜਾਂ ਨਾ ਹੋਵੇ। ਕਿਵੇਂ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਜੇ ਤੁਸੀਂ ਉਹਨਾਂ ਦਾ ਮਾਲ ਨਹੀਂ ਖ਼ਰੀਦੋਗੇ ਤਾਂ ਤੁਸੀਂ ਇੱਕ ਨਾਕਾਮਯਾਬ ਇਨਸਾਨ ਹੋ, ਤੁਸੀਂ ਇੱਕ ਚੰਗੇ ਪਤੀ ਜਾਂ ਇੱਕ ਚੰਗੇ ਪਿਤਾ ਨਹੀਂ ਹੋ। ਇਸ ਕੰਮ ਲਈ ਬਾਕਾਇਦਾ ਕਈ ਕਈ ਸਾਲ ਬਿਜਨੈੱਸ ਸਕੂਲਾਂ ਵਿੱਚ Advertising & Marketing ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਲਈ ਇੱਛਾਵਾਂ ਉੱਪਰ ਕਾਬੂ ਰੱਖਣ ਦਾ ਕੰਮ ਪਹਿਲਾਂ ਨਾਲੋਂ ਜ਼ਿਆਦਾ ਮੁਸ਼ੱਕਤ ਵਾਲਾ ਹੋ ਗਿਆ ਹੈ।
7. ਇੱਛਾ ਪੈਦਾ ਕਰਨ ਤੋਂ ਪਹਿਲਾਂ ਉਸਦੇ ਹਰ ਪੱਖ ਬਾਰੇ ਸੋਚ ਲੈਣਾ ਚਾਹੀਦਾ ਹੈ। ਉਸਦੇ ਪੈਦਾ ਹੋਣ, ਪੂਰਾ ਕਰਨ ਦੀ ਪ੍ਰਕਿਰਿਆ ਅਤੇ ਉਸਦੇ ਪੂਰੇ ਹੋਣ ਅਤੇ ਪੂਰੇ ਨਾ ਹੋਣੇ ਦੇ ਖ਼ਾਮਿਆਜੇ ਦਾ ਹਿਸਾਬ ਲਾਉਣਾ ਜ਼ਰੂਰੀ ਹੈ।
ਮਿਸਾਲ ਦੇ ਤੌਰ ‘ਤੇ:
ੳ. ਮੇਰੀ ਇੱਛਾ ਦਾ ਸਰੋਤ ਕੀ ਹੈ? ਇਹ ਮੇਰੇ ਅੰਦਰ ਪੈਦਾ ਕਿਉਂ ਹੋ ਰਹੀ ਹੈ ? ਇਸਦਾ ਕਾਰਨ ਮੇਰੀ ਜ਼ਿੰਮੇਵਾਰੀ, ਦਇਆ, ਸਰਬੱਤ ਦਾ ਭਲਾ ਹੈ ਜਾਂ ਈਰਖਾ, ਗੁੱਸਾ, ਬਦਲਾ, ਹਉਮੈਂ ਤੇ ਹੀਣ ਭਾਵਨਾ?
ਅ. ਇੱਛਾ ਪੂਰੀ ਕਰਨ ਲਈ ਕੀਤੇ ਕੰਮ ਦੀ ਪ੍ਰਕਿਰਿਆ ਦਾ ਅਹਿਸਾਸ ਕਿਹੋ ਜਿਹਾ ਹੋਵੇਗਾ ? ਖ਼ੁਸ਼ੀ, ਤਸੱਲੀ, ਖੇੜਾ, ਵਿਸਮਾਦ, ਤੰਦਰੁਸਤੀ, ਸ਼ਾਂਤੀ , ਗਿਆਨ ਜਾਂ ਤਣਾਅ, ਡਰ, ਖਿਝ, ਘਬਰਾਹਟ, ਗੁੱਸਾ।
ੲ. ਇੱਛਾ ਪੂਰੀ ਹੋਣ ਜਾਂ ਪੂਰੀ ਨਾ ਹੋਣ ਦਾ ਨਤੀਜਾ ਕੀ ਹੋ ਸਕਦਾ ਹੈ ? ਸ਼ੁਕਰਾਨਾ, ਖੇੜਾ, ਸਦੀਵੀਂ ਖ਼ੁਸ਼ੀ, ਸ਼ਾਂਤੀ, ਤਸੱਲੀ, ਸਬਰ, ਦਇਆ ਜਾਂ ਕੁੱਝ ਦਿਨਾਂ ਦੀ ਖ਼ੁਸ਼ੀ, ਨਿਰਾਸ਼ਾ, ਸੰਤਾਪ, ਪਛਤਾਵਾ, ਤਾਹਨੇ, ਹੀਣ ਭਾਵਨਾ, ਹਿਤਾਸ਼ਾ, ਹਉਮੈਂ।
ਆਪਣੇ-ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਇੱਛਾ ਪੂਰੀ ਕਰਨ ਲਈ ਜ਼ਰੂਰੀ ਜ਼ੋਰ, ਤਾਕਤ ਅਤੇ ਮਿਹਨਤ ਮੈਂ ਕਰ ਵੀ ਸਕਦਾ ਹਾਂ ਜਾਂ ਨਹੀਂ। ਜਾਂ ਫੇਰ ਇਹ ਇੱਛਾ ਸਿਰਫ਼ ਉਮੀਦ ’ਤੇ ਹੀ ਕਾਇਮ ਹੈ ਜਿਸਨੂੰ ਅੰਗਰੇਜ਼ੀ ਵਿੱਚ Wishful thinking ਕਹਿੰਦੇ ਨੇ। ਦੂਜੇ ਪਾਸੇ ਜੇ ਇੱਛਾ ਪੂਰੀ ਨਾ ਹੋਈ ਤਾਂ ਉਸ ਲਈ ਕੀਤੀ ਮਿਹਨਤ, ਪੈਸਾ ਤੇ ਸਮੇਂ ਦੀ ਭਰਪਾਈ ਕਿਵੇਂ ਹੋਵੇਗੀ। ਕੀ ਇੱਛਾ ਪੂਰੀ ਨਾ ਹੋਣ ਦੀ ਨਿਰਾਸ਼ਾ ਤੇ ਦੁੱਖ ਮੇਰਾ ਮਨ ਹੈਂਡਲ ਕਰ ਸਕੇਗਾ ਜਾਂ ਨਹੀਂ। ਮਰੀਆਂ ਹੋਈਆਂ ਇੱਛਾਵਾਂ ਨੂੰ ਸਾਰੀ ਉਮਰ ਢੋਹਣਾ ਸੌਖਾ ਨਹੀਂ ਹੁੰਦਾ। ਉਹਨਾਂ ਦੀ ਸੜਹਾਂਦ ਇਨਸਾਨ ਦੇ ਸੁਭਾਅ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ।
ਵੈਸੇ, ਇੱਛਾਵਾਂ ਘੱਟ ਹੋਣਗੀਆਂ ਤਾਂ ਪੂਰੀਆਂ ਹੋਣ ਦੇ ਆਸਾਰ ਵੀ ਜ਼ਿਆਦਾ ਹੋਣਗੇ। ਇਸ ਲਈ ਇੱਛਾਵਾਂ ਸਾਡੇ ਕਬਜ਼ੇ ਵਿੱਚ ਹੋਣੀਆਂ ਚਾਹੀਦੀਆਂ ਨੇ, ਨਾ ਕਿ ਖ਼ੁਦ ਇੱਛਾਵਾਂ ਦੇ ਕਬਜ਼ੇ ਵਿੱਚ ਰਹੀਏ। ਇੱਛਾਵਾਂ ਸਬੰਧੀ ਏਹੀ ਸਾਡਾ ਟੀਚਾ ਹੈ। ਅਸੀਂ ਇਹਨਾਂ ਨੂੰ ਵੱਸ ਵਿੱਚ ਕਰਨਾ ਹੈ ਨਾ ਕਿ ਖ਼ਤਮ।
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਭਾਵ: ਸ਼ਬਦਿ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਪੰਜੇ ਅਉਗਣ ਕਾਬੂ ਕਰ ਲਏ ਹਨ ਅਤੇ ਮੌਤ ਦਾ ਡਰ ਖ਼ਤਮ ਕਰ ਦਿੱਤਾ ਹੈ। (ਪੰਜ ਅਉਗਣ = ਕਾਮੁ (ਕਾਮਨਾਵਾਂ), ਕ੍ਰੋਧ, ਲੋਭ, ਮੋਹ, ਅਹੰਕਾਰ।)
ਅੰਤਿਮ ਟੀਚਾ
ਸਿੱਖ ਦਾ ਸਚਿਆਰਤਾ ਦੇ ਰਾਹ ਉੱਪਰ ਅਸਲ ਟੀਚਾ ਆਪਣੀਆਂ ਪਰਿਵਾਰਕ, ਸਮਾਜਿਕ, ਕੌਮੀ ਤੇ ਮਨੁੱਖੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਸ ਮਾਨਸਿਕ ਸਥਿਤੀ ਵਿੱਚ ਪਹੁੰਚਣਾ ਹੈ ਜਿਥੇ ਮੇਰੀ ਆਤਮਿਕ ਖੁਸ਼ੀ ਅਤੇ ਖੇੜਾ, ਮੇਰੀ ਕਿਸੇ ਦੁਨਿਆਵੀ ਇੱਛਾ ਉੱਪਰ ਨਿਰਭਰ ਨਾ ਹੋਵੇ।
ਮਾਝ ਮਹਲਾ ੫ ॥ ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥ ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥ ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥
ਭਾਵ: ਮੇਰੇ ਅੰਦਰਲੇ ਬ੍ਰਹਮੰਡ ਦੇ ਮਾਲਕ ਨੇ ਆਪਣੀ ਕਿਰਪਾ ਦਾ ਬੱਦਲ ਭੇਜ ਮੇਰੇ ਮਨ ਦੀ ਹਰ ਦਿਸ਼ਾ ਵਿੱਚ ਕਿਰਪਾ ਦਾ ਮੀਂਹ ਬਰਸਾਇਆ ਜਿਥੇ ਤ੍ਰਿਸ਼ਨਾ ਦੀ ਅੱਗ ਮੱਚਦੀ ਸੀ। ਜਿਸ ਕਾਰਨ ਮੇਰਾ ਮਨ ਹੁਣ ਹਰ ਪਾਸਿਓਂ ਸ਼ਾਂਤੀ ਅਤੇ ਆਨੰਦ ਨਾਲ ਲਬਰੇਜ਼ ਹੋ ਗਿਆ।
ਮਨਿੰਦਰ ਸਿੰਘ
25 ਜਨਵਰੀ 2025
terahukum@gmail.com

Leave a Reply