ਸੌ ਹੱਥ ਰੱਸਾ, ਸਿਰੇ ਤੇ ਗੰਢ।
ਗੁਰਬਾਣੀ ਵਿਚ ਬਾਬੇ ਨਾਨਕ ਨੇ ਵੀ ਅਜਿਹਾ ਇਕ ਸਿਰਾ ਸਾਡੇ ਹੱਥ ਫੜਾਇਆ ਹੈ ਜਿਸਨੂੰ ਫੜਕੇ ਅਸੀਂ ਗੁਰਬਾਣੀ ਦੇ ਸਾਰੇ ਐਸੇ ਨੁਕਤੇ ਸਮਝ ਸਕਦੇ ਹਾਂ ਜੋ ਪਹਿਲਾਂ ਕਦੇ ਸਮਝ ਨਹੀਂ ਆਏ। ਇਹ ਸਿਰਾ ਫੜੇ ਵਗੈਰ ਜਦੋਂ ਅਸੀਂ ਗੁਰਬਾਣੀ ਸਮਝਣ ਦਾ ਯਤਨ ਕਰਦੇ ਹਾਂ ਤਾਂ ਗੁਰਬਾਣੀ ਗੁੰਝਲਦਾਰ ਲਗਦੀ ਹੈ ਜਦੋਂ ਕਿ ਗੁਰਬਾਣੀ ਤਾਂ ਗੁਰੂਆਂ ਨੇ ਰਚੀ ਹੀ ਸਾਡੀਆਂ ਦਿਮਾਗੀ ਗੰਢਾਂ ਖੋਲਣ ਨੂੰ ਹੈ।
ਗੁਰਬਾਣੀ ਦੇ ਇਸ ਸਿਰੇ ਦਾ ਨਾਮ ਹੈ ‘ਹੁਕਮੁ’। ਕਾਇਨਾਤ ਦਾ ਜ਼ਰਾ-ਜ਼ਰਾ ਜਿਨ੍ਹਾਂ ਨਿਯਮਾਂ ਵਿਚ ਬੱਝਾ ਹੈ, ਉਸਨੂੰ ‘ਰੱਬੀ ਹੁਕਮੁ’ ਕਹਿੰਦੇ ਨੇ।
ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥ 1061
ਅਰਥ: ਪੂਰੀ ਕਾਇਨਾਤ ਅਤੇ ਇਸ ਵਿਚ ਦਿਖਣ ਵਾਲੀ ਹਰ ਸ਼ੈਅ ਵਿਚ ਉਸ ਪਰਮਾਤਮਾ ਦਾ ਹੁਕਮੁ ਵਰਤਦਾ ਹੈ ਜੋ ਕਦੇ ਕਿਸੇ ਵੀ ਕਾਰਨ ਬਦਲਦਾ ਨਹੀਂ। ਉਸੇ ਹੁਕਮੁ ਤਹਿਤ ਸਭ ਬਣਦਾ ਹੈ ਤੇ ਉਸੇ ਹੁਕਮੁ ਤਹਿਤ ਸਭ ਬਿਨਸ ਜਾਂਦਾ ਹੈ। ਅਤੇ ਹੁਕਮੁ ਅਨੁਸਾਰ ਹੀ ਜਿਓਂਦੇ ਜੀਅ, ਅਕਾਲ ਪੁਰਖ ਨਾਲ ਮੇਲ ਹੁੰਦਾ ਹੈ।
ਜਦੋਂ ਪਾਤਸ਼ਾਹ ਸਮਝਾ ਰਹੇ ਹਨ ਕਿ ਹੁਕਮੁ ਤੇ ਚਲਦਿਆਂ ਅਕਾਲ ਪੁਰਖ ਨਾਲ ਮੇਲ ਹੋ ਜਾਂਦਾ ਹੈ ਤਾਂ ਇਹ ਵੀ ਸੁਭਾਵਿਕ ਹੀ ਹੈ ਕਿ ਮਾਨਸਿਕ ਸੁਖ, ਸ਼ਾਂਤੀ, ਖੇੜਾ ਵੀ ਹੁਕਮੁ ਤੇ ਚੱਲ ਕੇ ਹੀ ਸੰਭਵ ਹੈ। ਇਸ ਨੁਕਤੇ ਨੂੰ ਵੀ ਪਾਤਸ਼ਾਹ ਅਗਲੇ ਸ਼ਬਦ ਵਿਚ ਪੁਖਤਾ ਕਰਦੇ ਹਨ :
ਪੂਰੈ ਸਤਿਗੁਰਿ ਬੂਝਿ ਬੁਝਾਇਆ ॥ ਹੁਕਮੇ ਹੀ ਸਭੁ ਜਗਤੁ ਉਪਾਇਆ ॥ ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥ 1055
ਅਰਥ: ਅਕਾਲ ਪੁਰਖ ਨਾਲ ਜੋੜਣ ਵਾਲੇ ਸਬਦਿ ਗੁਰੂ ਨੇ ਭਾਵ ਗੁਰਬਾਣੀ ਦੇ ਗਿਆਨ ਨੇ ਇਕ ਗੱਲ ਮੇਰੇ ਮਨ ਨੂੰ ਬੁਝਾ ਦਿਤੀ ਹੈ, ਮੇਰੇ ਮਨ ਵਿਚ ਵਸਾ ਦਿਤੀ ਹੈ ਕਿ ਹੁਕਮੁ ਤੋਂ ਸਾਰਾ ਜਗਤ ਉਪਜਿਆ ਹੈ। ਹੁਕਮੁ ਮੰਨ ਕਿ ਹੀ ਸੁਖ ਪਾਇਆ ਜਾ ਸਕਦਾ ਹੈ, ਹੁਕਮੁ ਨਾਲ ਹੀ ਮਨ ਵਿਚ ਪਰਮਾਤਮਾ ਦਾ ਵਾਸ ਹੁੰਦਾ ਹੈ।
ਸਾਡਾ ਗੁਰੂ ਸਾਨੂੰ ਸਾਫ ਸਾਫ ਇਹ ਦੱਸ ਰਿਹਾ ਹੈ ਕਿ ਜੇ ਜਿੰਦਗੀ ਵਿਚ ਸੁਖੀ ਰਹਿਣਾ ਹੈ ਤਾਂ ਹੁਕਮੁ ਨੂੰ ਬੁੱਝ, ਤੇ ਹੁਕਮੁ ਅਨੁਸਾਰ ਫੈਸਲੇ ਕਰ। ਆਮ ਜਿੰਦਗੀ ਦੇ ਬੜੇ ਐਸੇ ਪਹਿਲੂ ਨੇ ਜਿਥੇ ਅਸੀਂ ਹੁਕਮੁ ਨਾ ਬੁੱਝਣ ਕਾਰਨ ਗਲਤ ਫੈਸਲੇ ਕਰਦੇ ਹਾਂ, ਗਲਤ ਤਰਾਂ ਵਿਚਰਦੇ ਹਾਂ ਤੇ ਫਿਰ ਦੁਖੀ ਹੁੰਦੇ ਹਾਂ। ਪਰ ਇਸ ਲੇਖ ਦਾ ਵਿਸ਼ਾ ਸੀਮਿਤ ਹੈ, ਇਨਸਾਨੀ ਰਿਸ਼ਤਿਆਂ ਤੱਕ। ਕਿਵੇਂ ਅਸੀਂ ਆਪਣੇ ਕਰੀਬੀਆਂ ਨਾਲ ਵਿਚਰਨ ਵੇਲੇ ਇਨਸਾਨੀ ਫਿਤਰਤ ਉਪਰ ਲਾਗੂ ਹੋਣ ਵਾਲੇ ਹੁਕਮੁ ਨੂੰ ਭੁੱਲ ਜਾਂਦੇ ਹਾਂ ਤੇ ਹਮੇਸ਼ਾ ਖਿਝ, ਗੁੱਸੇ ਅਤੇ ਆਪਸੀ ਤਣਾਅ ਵਿਚ ਹੀ ਜਿੰਦਗੀ ਗੁਜ਼ਾਰ ਦਿੰਦੇ ਹਾਂ।
ਪਰ ਕਿਹੜਾ ਐਸਾ ਹੁਕਮੁ ਹੈ ਜੋ ਅਸੀਂ ਤੋੜਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਰਿਸ਼ਤੇ ਨਿਭਾਉਣ ਵੇਲੇ। ਉਹ ਨਿਯਮ ਹੈ ਇੱਛਾਵਾਂ ਦਾ, ਕਾਮਨਾਵਾਂ ਦਾ, ਉਮੀਦਾਂ ਦਾ। ਇਨਸਾਨ ਨੂੰ ਇੱਛਾਵਾਂ ਸਿਰਫ ਜਮੀਨ, ਜਾਇਦਾਦ ਬਾਰੇ ਹੀ ਨਹੀਂ ਹੁੰਦੀਆਂ ਸਗੋਂ ਆਪਸੀ ਰਿਸ਼ਤਿਆਂ ਤੋਂ ਸਾਡੀਆਂ ਬੇਹਿਸਾਬ ਉਮੀਦਾਂ, ਇੱਛਾਵਾਂ ਹੁੰਦੀਆਂ ਨੇ। ਸਾਡੇ ਮਾਂ- ਬਾਪ ਤੋਂ, ਭੈਣਾਂ ਭਰਾਵਾਂ ਤੋਂ, ਬੱਚਿਆਂ ਤੋਂ, ਰਿਸ਼ਤੇਦਾਰਾਂ ਤੋਂ, ਦੋਸਤਾਂ ਮਿੱਤਰਾਂ ਤੋਂ, ਗੁਆਂਢੀਆਂ ਤੋਂ, ਸਹਿ-ਕਰਮੀਆਂ ਤੋਂ। ਕਿਸੇ ਤੋਂ ਇੱਜ਼ਤ ਦੀ ਉਮੀਦ, ਕਿਸੇ ਤੋਂ ਪਿਆਰ ਦੀ, ਕਿਸੇ ਤੋਂ ਪੈਸੇ ਦੀ, ਕਿਸੇ ਤੋਂ ਮੱਦਦ ਦੀ, ਕਿਸੇ ਤੋਂ ਕੰਮ ਦੀ।
ਇਹਨਾਂ ਵਿਚੋਂ ਕੁਝ ਟਾਵੇਂ ਹੀ ਹੁੰਦੇ ਨੇ ਜਿਨ੍ਹਾਂ ਨਾਲ ਸਾਡਾ ਗੂੜਾ ਪਿਆਰ ਹੁੰਦੈ। ਗੂੜਾ ਪਿਆਰ ਵੀ ਉਹਨਾਂ ਨਾਲ ਹੀ ਹੁੰਦਾ, ਜੋ ਸਾਡੀਆਂ ਇੱਛਾਵਾਂ ਤੇ ਖਰੇ ਉਤਰਦੇ ਨੇ ਜਾਂ ਫੇਰ ਜਿਨ੍ਹਾਂ ਤੋਂ ਅਜੇ ਉਮੀਦਾਂ ਵਝੀਆਂ ਹੋਣ। ਪਰ ਬਹੁਤਿਆਂ ਤੋਂ ਸਾਡੀ ਕੋਈ ਨਾ ਕੋਈ ਸ਼ਿਕਾਇਤ ਹੁੰਦੀ ਹੈ ਤੇ ਕੁਝ ਐਸੇ ਜਿਨ੍ਹਾਂ ਨਾਲ ਅਸੀਂ ਗੱਲ ਵੀ ਨਹੀਂ ਕਰਨਾ ਚਾਹੁੰਦੇ ਤੇ ਕਈਆਂ ਨਾਲ ਤਾਂ ਮਸਲਾ ਕੋਰਟ ਕਚਹਿਰੀ ਤੱਕ ਪਹੁੰਚਿਆ ਹੁੰਦਾ। ਬਾਰੀਕੀ ਨਾਲ ਦੇਖੀਏ ਤਾਂ ਮਸਲਾ ਇੱਛਾਵਾਂ ਦਾ ਹੀ ਹੈ। ਇੱਛਾ ਪੂਰੀ ਹੋਈ ਤਾਂ ਪਿਆਰ, ਨਹੀਂ ਤਾਂ ਗੁੱਸਾ, ਤਕਲੀਫ, ਦੁੱਖ, ਸੰਤਾਪ।
ਇਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਕਰੀਬੀਆਂ ਤੋਂ ਸਾਡੀਆਂ ਇੱਛਾਵਾਂ ਵਾਜਿਬ ਹਨ ਜਾਂ ਗੈਰ ਵਾਜਿਬ। ਕਈ ਵਾਰ ਤਾਂ ਦੂਜੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਹਾਨੂੰ ਉਸ ਤੋਂ ਕੀ ਇੱਛਾਵਾਂ ਜਾਂ ਉਮੀਦਾਂ ਹਨ। ਕਈ ਵਾਰ ਦੂਜੇ ਦੀ ਏਨੀ ਸਮਰੱਥਾ ਹੀ ਨਹੀਂ ਹੁੰਦੀ ਕਿ ਉਹ ਤੁਹਾਡੀਆਂ ਉਮੀਦਾਂ ਤੇ ਖਰਾ ਉਤਰ ਸਕੇ। ਕਈ ਵਾਰ ਦੂਜਾ ਤੁਹਾਡੀਆਂ ਉਮੀਦਾਂ ਪੂਰੀਆਂ ਕਰਨਾ ਚਾਹੁੰਦਾ ਵੀ ਹੈ, ਪਰ ਕਿਸੇ ਮਜਬੂਰੀ ਕਾਰਨ ਅਜਿਹਾ ਨਹੀਂ ਕਰ ਪਾਉਂਦਾ ਤੇ ਨਾ ਹੀ ਦਿਲ ਦੀ ਗੱਲ ਦੱਸ ਪਾਉਂਦਾ ਹੈ। ਤੇ ਕਈ ਵਾਰ ਤੁਹਾਡੀ ਇੱਛਾ ਪੂਰੀ ਕਰਨੀ ਦੂਸਰੇ ਵਿਅਕਤੀ ਦੀ ਪ੍ਰਾਥਮਿਕਤਾ (Priority) ਹੀ ਨਹੀਂ ਹੁੰਦੀ। ਉਸਦੀ ਉਮਰ ਤੇ ਹਾਲਾਤਾਂ ਮੁਤਾਬਿਕ ਉਸਦੀਆਂ ਕੁਝ ਹੋਰ Priorities ਹੋ ਸਕਦੀਆਂ ਨੇ। ਵੈਸੇ ਆਮ ਤੌਰ ਤੇ ਸਾਨੂੰ ਵੀ ਪਤਾ ਨਹੀਂ ਹੁੰਦਾ ਕਿ ਮੈਂ ਖੁਦ ਦੂਜੇ ਤੋਂ ਕੀ ਚਾਹੁੰਦਾ ਹਾਂ। ਖ਼ੈਰ ਪਤਾ ਤਾਂ ਸਾਨੂੰ ਇਹ ਵੀ ਨਹੀਂ ਹੁੰਦਾ ਕਿ ਮੈਂ ਆਪਣੇ ਆਪ ਤੋਂ ਕੀ ਚਾਹੁੰਦਾ ਹਾਂ।
ਮੁੱਕਦੀ ਗੱਲ ਇਹ ਕਿ ਜਦੋਂ ਵੀ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਹੈ ਤਾਂ ਖਿਝ ਚੜਦੀ ਹੈ, ਨਿਰਾਸ਼ਾ ਹੁੰਦੀ ਹੈ, ਦੁੱਖ ਹੁੰਦਾ ਹੈ।
ਭਾਵੇਂ ਸਾਡੀ ਸੋਚ ਉਪਰ ਸਾਡੀ ਉਮਰ, ਤਜ਼ਰਬਾ, ਪੜਾਈ, ਲਿਖਾਈ, ਸਭਿਆਚਾਰ ਤੇ ਧਾਰਮਿਕ ਪਿਛੋਕੜ ਦਾ ਅਸਰ ਪੈਂਦਾ ਹੈ। ਪਰ ਕੁਝ ਪੱਖ ਇਨਸਾਨੀ ਫਿਤਰਤ ਵਿਚ ਸਾਂਝੇ (Common) ਹੁੰਦੇ ਨੇ। ਦੂਸਰੇ ਤੋਂ ਇੱਛਾਵਾਂ ਰੱਖਣ ਤੋਂ ਪਹਿਲਾਂ ਇਨਸਾਨੀ ਸੋਚ ਦੇ ਹੁਕਮੁ ਨੂੰ ਜਿਨ੍ਹਾਂ ਸਮਝ ਲਵਾਂਗੇ, ਓਹਨੇ ਸੁਖੀ ਰਹਾਂਗੇ।
ਮੈਂ ਇਥੇ ਕੁਝ ਉਧਾਹਰਣਾ ਦੇਣਾ ਚਾਹੁੰਦਾ ਹਾਂ ਜਿਥੇ ਅਸੀਂ ਕੁਦਰਤੀ ਹੁਕਮੁ ਦੇ ਵਿਰੁੱਧ ਜਾਕੇ ਇੱਛਾਵਾਂ ਰੱਖਦੇ ਹਾਂ ਜੋ ਦੁੱਖ ਦਾ ਕਾਰਨ ਬਣਦੀਆਂ ਨੇ:
ਪਤੀ-ਪਤਨੀ
ਪਤੀ-ਪਤਨੀ ਦੇ ਰਿਸ਼ਤੇ ਦੀ ਖ਼ੂਬੀ ਇਹ ਹੈ ਕਿ ਇਹ ਰਿਸ਼ਤਾ ਖੂਨ ਦਾ ਨਹੀਂ ਹੁੰਦਾ ਪਰ ਕਈ ਖੂਨ ਦੇ ਰਿਸ਼ਤਿਆਂ ਨੂੰ ਜਨਮ ਦਿੰਦਾ ਹੈ ਤੇ ਕਈ ਅਜਨਬੀਆਂ ਨੂੰ ਰਿਸ਼ਤਿਆਂ ਵਿਚ ਬੰਨ ਦਿੰਦਾ ਹੈ। ਇਸ ਰਿਸ਼ਤੇ ਵਿਚ ਭਾਵੇਂ ਦੋ ਇਨਸਾਨ ਬਾਕੀ ਦੀ ਉਮਰ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ ਪਰ ਕੁਦਰਤ ਨੇ ਬਣਾਏ ਤਾਂ ਦੋ ਅਲੱਗ ਇਨਸਾਨ ਹੀ ਹਨ। ਦੋਹਾਂ ਵਿਚ ਕੁਝ ਗੱਲਾਂ ਇਕੋ ਜਿਹੀਆਂ ਤੇ ਕੁਝ ਵੱਖਰੀਆਂ ਹੁੰਦੀਆਂ ਨੇ। ਇਕ ਦੂਜੇ ਦੇ ਕੁਦਰਤੀ ਵੱਖਰੇ-ਪਣ (ਵੱਖਰੀ ਸੋਚ, ਵੱਖਰੇ ਸ਼ੌਂਕ) ਨੂੰ ਜੇ ਦੋਹੇਂ ਸਤਿਕਾਰ ਦਿੰਦੇ ਨੇ ਤਾਂ ਰਿਸ਼ਤਾ ਖੁਸ਼ ਗਵਾਰ ਰਹਿੰਦਾ ਹੈ ਪਰ ਜੇ ਇੱਛਾ ਹਮੇਸ਼ਾ ਇਕ ਦੂਜੇ ਨੂੰ ਕੰਟਰੋਲ ਕਰਨ ਦੀ, ਇਕ ਦੂਜੇ ਨੂੰ ਬਦਲਣ ਦੀ ਹੀ ਰਹਿੰਦੀ ਹੈ ਤਾਂ ਇਹ ਇੱਛਾ, ਰਿਸ਼ਤੇ ਵਿਚ ਹਮੇਸ਼ਾ ਤਨਾਅ ਪੈਦਾ ਕਰੀ ਰੱਖਦੀ ਹੈ।
ਬੱਚੇ
1. ਉਮਰ ਤੋਂ ਜਿਆਦਾ ਸਮਝਦਾਰੀ ਦੀ ਉਮੀਦ: ਆਮ ਤੌਰ ਤੇ ਜਦੋਂ ਬੱਚੇ 6-7 ਸਾਲ ਦੀ ਉਮਰ ਟੱਪ ਜਾਂਦੇ ਹਨ ਤਾਂ ਮਾਂ-ਬਾਪ ਬੱਚਿਆਂ ਤੋਂ ਖਿਝੇ ਹੀ ਰਹਿੰਦੇ ਨੇ। ਅਸਲ ਵਿਚ ਉਹ ਬੱਚਿਆਂ ਤੋਂ ਜਿੰਨ੍ਹੀ ਸਮਝਦਾਰੀ ਦੀ ਉਮੀਦ ਕਰਦੇ ਨੇ, ਬੱਚੇ ਉਹਨੀ ਸਮਝਦਾਰੀ ਦਿਖਾਉਂਦੇ ਨਹੀਂ। ਇਹੀ ਵਜ੍ਹਾ ਖਿਝ ਅਤੇ ਨਿਰਾਸ਼ਾ ਦਾ ਕਾਰਨ ਬਣੀ ਰਹਿੰਦੀ ਹੈ। ਜਦੋਂ ਕਿ ਐਸੀ ਇੱਛਾ ਹੀ ਹੁਕਮੁ ਦੇ ਉਲਟ ਹੈ। ਇਕ 15 ਸਾਲ ਦੇ ਬੱਚੇ ਤੋਂ 45-50 ਸਾਲ ਵਾਲੇ ਵਿਅਕਤੀ ਵਾਲੀ Maturity ਦੀ ਉਮੀਦ ਹੀ ਗਲਤ ਹੈ ਕਿਓਂਕਿ ਜਿਨ੍ਹੀ ਪੜਾਈ, ਜਿਨ੍ਹਾ ਤਜ਼ਰਬਾ, 50 ਸਾਲ ਵਾਲੇ ਵਿਅਕਤੀ ਨੇ ਕੀਤਾ ਹੋਇਆ ਹੈ, ਓਹਨੀ ਜਿੰਦਗੀ 15 ਸਾਲ ਵਾਲੇ ਨੇ ਹਜੇ ਨਹੀਂ ਦੇਖੀ। ਜੇ ਮਨ ਇਸ ਤਰੀਕੇ ਨਾਲ ਸੈੱਟ ਕਰ ਲਿਆ ਜਾਵੇ ਤਾਂ 90% ਮੌਕਿਆਂ ਤੇ ਗੁੱਸਾ ਨਹੀਂ ਆਵੇਗਾ। ਬੱਚਾ ਜਿੰਦਗੀ ਦੀ ਜਿਸ ਸਟੇਜ ਵਿਚ ਹੈ, ਉਸੇ ਤਰਾਂ ਨਾਲ ਉਹ ਵਿਚਰੇਗਾ, ਸਾਨੂੰ ਹੀ ਆਪਣੀਆਂ ਇੱਛਾਵਾਂ ਕਾਬੂ ਵਿਚ ਰੱਖਣੀਆਂ ਪੈਣਗੀਆਂ।
2. ਕੋਈ ਨੀ ਬੱਚਾ ਹੈ: ਕਈ ਵਾਰ ਬੱਚੇ ਪਾਲਣ ਦਾ ਤਰੀਕਾ ਇਹ ਵੀ ਹੁੰਦਾ ਹੈ ਕਿ ਬੱਚਾ ਜੋ ਕਰਦਾ ਹੈ, ਕਰੀ ਜਾਣ ਦੋ, ਕੁਝ ਨੀ ਕਹਿਣਾ। ਇਹ ਵਿਧੀ ਵੀ ਹੁਕਮੁ ਦੇ ਉਲਟ ਹੀ ਨਜ਼ਰ ਆਉਂਦੀ ਹੈ, ਕਿਓਂਕਿ ਮਾਪਿਆਂ ਦੀ ਜਿੰਮੇਵਾਰੀ ਆਪਣੇ ਬੱਚਿਆਂ ਪ੍ਰਤੀ ਇਕ ਮਾਲੀ ਵਾਲੀ ਹੁੰਦੀ ਹੈ। ਉਸਦੀ ਲੋੜੀਂਦੀ ਸਾਂਭ ਸੰਭਾਲ ਕਰਨੀ ਹੀ ਪਵੇਗੀ। ਪਰ ਮਾਲੀ ਸੰਤਰੇ ਦੇ ਬੂਟੇ ਉਪਰ ਸੇਬ ਉਗਾਉਣ ਦੀ ਕੋਸ਼ਿਸ਼ ਵੀ ਨਾ ਕਰੇ।
3. ਇਕ ਵਾਰ ਸਮਝਾਏ ਤੋਂ ਸਮਝ ਜਾਣ ਦੀ ਉਮੀਦ: ਅਕਸਰ ਮਾਂ- ਬਾਪ ਇਹ ਕਹਿੰਦੇ ਨੇ ਕਿ ਤੈਨੂੰ ਕਿਨੇ ਬਾਰ ਇਹ ਗੱਲ ਸਮਝਾਈ ਹੈ, ਤੂੰ ਸਮਝਦਾ ਹੀ ਨਹੀਂ। ਅਸਲ ਵਿਚ ਇਹ ਵੀ ਸਾਡੀ ਗ਼ੈਰ-ਵਾਜਿਬ ਇੱਛਾ ਹੈ ਕਿ ਬੱਚਾ ਜਾਂ ਕੋਈ ਵੀ ਦੂਜਾ ਇਨਸਾਨ ਇਕ ਵਾਰ ਵਿਚ ਗੱਲ ਸਮਝ ਜਾਵੇ। ਇਨਸਾਨੀ ਦਿਮਾਗ ਵੱਡੇ ਅਤੇ ਨਵੇਂ ਨੁਕਤੇ ਸਮਝਣ ਵਿਚ ਸਮਾਂ ਲੈਂਦਾ ਹੈ, ਖਾਸਕਰ ਕਿ ਉਹ ਵਿਸ਼ੇ ਜੋ ਉਸਦੇ ਮਨ ਨੂੰ ਚੰਗੇ ਨਹੀਂ ਲਗਦੇ। ਕਈ ਵਾਰ ਬੱਚੇ ਨੂੰ ਸਮਝਾਉਣ ਦੀ ਨਹੀਂ, ਉਸ ਨੂੰ ਸੁਣਨ ਦੀ ਲੋੜ ਹੁੰਦੀ ਹੈ, ਉਸਦੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੁੰਦੀ ਹੈ। ਕਈ ਵਾਰ ਸਮਝਣ ਦੀ ਨਹੀਂ, ਕਰਕੇ ਦਿਖਾਉਣ ਦੀ ਲੋੜ ਹੁੰਦੀ ਹੈ। ਖੁਦ ਗੱਲ ਗੱਲ ਤੇ ਗੁੱਸਾ ਕਰੀ ਜਾਣਾ ਤੇ ਬੱਚਿਆਂ ਤੋਂ ਮਿਠਾਸ ਦੀ ਉਮੀਦ ਰੱਖਣਾ, ਸੰਭਵ ਨਹੀਂ। ਵੈਸੇ ਵੀ ਜੇ ਇਨਸਾਨ ਦਾ ਸਮਝਣਾ ਇਹਨਾਂ ਸੌਖਾ ਹੋਵੇ ਤਾਂ ਅਸੀਂ ਹੁਣ ਤੱਕ ਨਾਨਕ ਦੇ ਦੱਸੇ ਰਾਹ ਉਪਰ ਚੱਲ ਰਹੇ ਹੁੰਦੇ।
4. ਟੋਕਣ ਤੇ ਸਮਝਾਉਣ ਵਿਚ ਫਰਕ: 40-50 ਸਾਲ ਦੀ ਉਮਰ ਵਿਚ, ਕਿਸੇ ਗੱਲੋਂ ਜੇ ਕੋਈ ਸਾਨੂੰ ਟੋਕ ਦੇਵੇ ਕਿ ਤੂੰ ਫਲਾਣੀ ਚੀਜ਼ ਸਹੀ ਢੰਗ ਨਾਲ ਨਹੀਂ ਕੀਤੀ ਤਾਂ ਅੰਦਰ ਅੱਗ ਲੱਗ ਜਾਂਦੀ ਹੈ। ਪਰ ਬੱਚੇ ਨੂੰ ਔਸਤਨ ਦਿਨ ਵਿਚ 7-8 ਵਾਰ ਟੋਕ ਦਿਤਾ ਜਾਂਦਾ ਹੈ ਅਤੇ ਮਹੀਨੇ ਵਿਚ 250 ਵਾਰ। ਹੁਣ ਇਹ ਹੁਕਮੁ ਸਮਝਣਾ ਕਿੰਨਾ ਕੁ ਔਖਾ ਹੈ ਕਿ ਇਸਦਾ ਅਸਰ ਆਖ਼ਰਕਾਰ ਕੀ ਹੋਵੇਗਾ। ਹੋਵੇਗਾ ਇਹ ਕਿ ਉਸਨੂੰ ਤੁਹਾਡੇ ਨਾਲ ਗੱਲ ਕਰਨੀ ਵੀ ਚੰਗੀ ਨਹੀਂ ਲਗੇਗੀ। ਤੁਹਾਡੀ ਹਰ ਸਲਾਹ ਦੀ ਬੁੱਕਤ ਹੌਲੀ ਹੌਲੀ ਅਣਜਾਣ ਵਿਅਕਤੀਆਂ ਅਤੇ ਦੋਸਤਾਂ ਦੀ ਰਾਏ ਤੋਂ ਵੀ ਘੱਟ ਹੋ ਜਾਵੇਗੀ।
5. ਬੱਚਿਆਂ ਨੂੰ ਕੋਈ ਟੈਂਸ਼ਨ ਨਹੀਂ: ਅਕਸਰ ਮਾਂ ਬਾਪ ਨੂੰ ਲਗਦਾ ਕਿ ਜੇ ਬੱਚੇ ਨੂੰ ਚੰਗੇ ਸਕੂਲ ਵਿਚ ਪੜਨੇ ਪਾਤਾ, ਚੰਗੇ ਕਪੜੇ ਲੈ ਦਿੱਤੇ, ਘੁਮਾ ਫਿਰ ਦਿੱਤਾ ਤਾਂ ਬੱਚੇ ਨੂੰ ਹੁਣ ਹੋਰ ਕੀ ਚਾਹੀਦਾ, ਉਸਨੂੰ ਕਿਸ ਗੱਲ ਦੀ ਟੈਂਸ਼ਨ, ਕਿਸ ਗੱਲ ਦੀ ਪ੍ਰੇਸ਼ਾਨੀ। ਟੈਂਸ਼ਨ ਸਿਰਫ ਸਾਨੂੰ ਹੈ ਕਿਓਂਕਿ ਅਸੀਂ ਘਰ ਚਲਾਉਣਾ ਹੈ, ਪੈਸੇ ਕਮਾਉਣੇ ਨੇ। ਪਰ ਅਸਲ ਵਿਚ ਬੱਚੇ ਦੀ ਸੋਚ ਦਾ ਇਕ ਛੋਟਾ ਜਿਹਾ ਦਾਇਰਾ ਹੁੰਦਾ ਹੈ। ਉਸ ਲਈ ਪੰਜ ਰੁਪਏ ਦਾ ਖਿਲੌਣਾ ਗੁੰਮ ਜਾਣ ਦਾ ਦੁੱਖ, ਤੁਹਾਡੇ 50000 ਦੇ ਨੁਕਸਾਨ ਤੋਂ ਵੱਡਾ ਹੋ ਸਕਦਾ ਹੈ। ਉਸਦੇ ਖਾਸ ਦੋਸਤ ਨਾਲ ਟੁੱਟੀ ਦੋਸਤੀ ਦਾ ਬੋਝ, ਉਸਦੇ ਛੋਟੇ ਜਿਹੇ ਮਨ ਲਈ ਬਹੁਤ ਭਾਰਾ ਹੋ ਸਕਦਾ।
ਵੈਸੇ ਵੀ ਆਪਾਂ ਨੂੰ ਹਮੇਸ਼ਾ ਆਪਣੀ ਮੁਸ਼ਕਿਲ ਹੀ ਸਭ ਤੋਂ ਵੱਡੀ ਲਗਦੀ ਹੈ। ਇਸ ਲਈ ਦੂਸਰੇ ਦੀ ਮੁਸ਼ਕਿਲ ਪੁੱਛਣ ਸਮਝਣ ਦਾ ਖਿਆਲ ਵੀ ਨਹੀਂ ਆਉਂਦਾ। ਫਿਰ ਚਾਹੇ ਬੱਚਾ ਹੋਵੇ ਜਾ ਵੱਡਾ।
ਮਾਂ ਬਾਪ
ਮਾਂ ਬਾਪ ਅਸਲ ਵਿਚ ਉਹ ਇਕਲੌਤੇ GPS ਹਨ ਜੋ ਬੱਚੇ ਨੂੰ ਕਾਫੀ ਉਮਰ ਤੱਕ ਇਹ ਦੱਸ ਸਕਦੇ ਹਨ ਕਿ ਜਿਸ ਰਾਹ ਉਪਰ ਉਹ ਚੱਲ ਰਿਹਾ ਹੈ, ਉਹ ਕਿਸ ਮੰਜ਼ਿਲ ਵੱਲ ਜਾਕੇ ਖ਼ਤਮ ਹੋਵੇਗਾ। ਬਲਕਿ ਇਹ ਵੀ ਦੱਸ ਸਕਦੇ ਹਨ ਕਿ ਉਸ ਰਾਹ ਵਿਚ ਕਿਹੋ ਜਿਹੇ ਲੋਕ ਮਿਲਣਗੇ, ਕਿਥੇ ਔਕੜਾਂ ਤੇ ਕਿਥੇ ਰਾਹ ਸਾਫ ਮਿਲੇਗਾ। ਜਦੋਂ ਬੱਚਾ ਛੋਟਾ ਹੁੰਦਾ ਹੈ, ਓਦੋਂ ਤਾਂ ਉਹ ਇਸ GPS ਤੇ ਸਭ ਤੋਂ ਜ਼ਿਆਦਾ ਭਰੋਸਾ ਕਰਦਾ ਹੈ ਪਰ ਸਮਾਂ ਪਾ ਕੇ ਉਹ ਇਸ ਨੂੰ ਵਰਤਣ ਤੋਂ ਗੁਰੇਜ਼ ਹੀ ਕਰਦਾ ਹੈ। ਪਰ ਹੁਕਮੁ ਇਹੋ ਹੈ ਕਿ ਜੇ ਜਿੰਦਗੀ ਵਿਚ ਧੱਕੇ ਘੱਟ ਖਾਣੇ ਨੇ ਤਾਂ ਤਜ਼ਰਬੇ ਦੇ ਇਸ ਮੁਫ਼ਤ ਭੰਡਾਰ ਦਾ ਵੱਧ ਤੋਂ ਵੱਧ ਲਾਹਾ ਲੈਂਦੇ ਰਹਿਣਾ ਚਾਹੀਦਾ ਹੈ। ਤੇ ਵੱਡੀ ਗੱਲ ਇਹ ਕਿ ਇਸ ਭੰਡਾਰ ਦੇ ਮਾਲਿਕ ਇਹ ਖਜ਼ਾਨਾ ਸੌਂਪਣ ਲਈ ਕਾਹਲੇ ਹੁੰਦੇ ਨੇ।
ਫਿਰ ਇਕ ਐਸਾ ਦੌਰ ਵੀ ਆ ਜਾਂਦਾ ਹੈ ਜਦੋਂ ਇਨਸਾਨ ਦੀ ਖੁਦ ਦੀ ਪੜਾਈ ਅਤੇ ਤਜ਼ਰਬਾ ਮਾਂ ਬਾਪ ਤੋਂ ਵੱਧ ਜਾਂਦਾ ਹੈ। ਪੈਸੇ ਵੀ ਕਾਫੀ ਕਮਾ ਲੈਂਦਾ ਹੈ ਤੇ Technology ਦਾ ਵੀ ਮਾਹਿਰ ਹੋ ਜਾਂਦਾ ਹੈ। ਉਸ ਵੇਲੇ ਇਹ ਇੱਛਾ ਰੱਖਣੀ ਕਿ ਮਾਂ ਬਾਪ ਹੁਣ ਮੈਨੂੰ ਕੁਝ ਬੋਲੇ ਹੀ ਨਾ, ਕੁਦਰਤੀ ਹੁਕਮੁ ਦੇ ਹੀ ਖਿਲਾਫ ਹੈ।
ਭੈਣ, ਭਰਾ ਤੇ ਰਿਸ਼ਤੇਦਾਰ
ਇਨਸਾਨ ਦੇ ਅਮੀਰ ਹੋਣ ਦੀ ਭੁੱਖ ਦਾ ਕੋਈ ਸਿਰਾ ਨਹੀਂ ਪਰ ਇਕ ਗੱਲ ਸਾਡੀ ਕੌਮ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿ ਹਰ ਕੋਈ ਆਪਣੇ ਕਰੀਬੀਆਂ, ਆਪਣੇ ਕੁਨਬੇ ਵਿਚੋਂ ਸਭ ਤੋਂ ਅਮੀਰ ਜਾਂ ਰਸੂਖ਼ਦਾਰ ਹੋਣਾ ਚਾਹੁੰਦਾ ਹੈ। ਇਸ ਦੌੜ ਵਿਚ ਜੇ ਅੱਗੇ ਨਿਕਲ ਗਏ ਤਾਂ ਹੰਕਾਰ ਤੇ ਪਿੱਛੇ ਰਹਿ ਗਏ ਤਾਂ ਸਾੜਾ। ਇਹ ਦੌੜ ਤੇ ਇਹ ਇੱਛਾ ਹੀ ਗ਼ਲਤ ਹੈ। ਅਮੀਰ ਹੋਣ ਵਿਚ ਕੋਈ ਬੁਰਾਈ ਨਹੀਂ ਪਰ ਕਿਸੇ ਨੂੰ ਸਾੜਨ ਲਈ ਅਮੀਰ ਹੋਣਾ, ਕਿਸੇ ਨੂੰ ਨੀਵਾਂ ਦਿਖਾਉਣਾ ਘੱਟੋ- ਘੱਟ ਬਾਬੇ ਨਾਨਕ ਦਾ ਰਾਹ ਤਾਂ ਨਹੀਂ ਹੈ। ਜੇ ਅਜਿਹਾ ਕਰ ਵੀ ਲਿਆ ਤਾਂ ਮਨ ਨੂੰ ਸ਼ਾਂਤੀ ਮਿਲੇ ਜਾਂ ਨਾ ਮਿਲੇ, ਰਿਸ਼ਤੇ ਜਰੂਰ ਖਰਾਬ ਹੋ ਜਾਂਦੇ ਨੇ। ਮੈਂ ਜ਼ਿਆਦਾ ਸਮਾਂ ਸ਼ਹਿਰ ਵਿਚ ਹੀ ਪਲਿਆ ਹਾਂ ਤੇ ਜਦੋਂ ਮੈਂ ਜਿੰਦਗੀ ਵਿਚ ਪਹਿਲੀ ਵਾਰ ਸਮਝਿਆ ਸੀ ਕਿ ‘ਸ਼ਰੀਕੇ-ਬਾਜੀ’ ਕੀ ਹੁੰਦੀ ਹੈ ਤਾਂ ਮੈਨੂੰ ਬੜੀ ਸ਼ਰਮ ਆਈ ਕਿ ਸਾਡੀ ਕੌਮ ਵਿਚ ਕਿੰਨਾ ਨਿਘਾਰ ਆ ਚੁੱਕਾ ਹੈ, ਬੱਸ ਸਿਰਫ ਫੜਾਂ ਹੀ ਪੱਲੇ ਨੇ।
ਅਸੀਂ ਜੇ ਆਪਣੇ ਹਾਲਾਤਾਂ ਮੁਤਾਬਿਕ, ਇਮਾਨਦਾਰੀ ਨਾਲ ਮਿਹਨਤ ਕੀਤੀ, ਆਪਣੀ ਪੂਰੀ ਵਾਹ ਲਾਈ, ਤਾਂ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ। ਇਮਾਨਦਾਰੀ ਨਾਲ ਮਿਹਨਤ ਕਰਨਾ ਹੀ ਰੱਬੀ ਹੁਕਮੁ ਹੈ। ਕਾਮਯਾਬੀ ਜਾਂ ਨਾ-ਕਾਮਯਾਬੀ ਪਿੱਛੇ ਬਹੁਤ ਕਾਰਨ ਹੁੰਦੇ ਨੇ, ਜਿੰਨਾ ਵਿਚੋਂ ਕਈ ਸਾਡੇ ਹੱਥ ਵਿਚ ਵੀ ਨਹੀਂ ਹੁੰਦੇ। ਜੇ ਕਿਸੇ ਨੇ ਬੇਇਮਾਨੀ ਨਾਲ ਪੈਸਾ ਰੁਤਬਾ ਕਮਾ ਵੀ ਲਿਆ ਤਾਂ ਉਸ ਨਾਲ ਕੈਸੀ ਈਰਖਾ। ਉਹ ਬੰਦਾ ਪੈਸੇ ਖਾਤਰ ਆਪਣੇ ਪਰਮਾਤਮਾ ਤੋਂ ਦੂਰ ਹੋ ਗਿਆ, ਉਸ ਉਪਰ ਤਾਂ ਤਰਸ ਆਉਣਾ ਚਾਹੀਦਾ। ਤੇ ਜੇ ਕਿਸੇ ਨੇ ਸੱਚ ਮੁੱਚ ਹੀ ਮਿਹਨਤ ਨਾਲ ਕਾਮਯਾਬੀ ਪ੍ਰਾਪਤ ਕੀਤੀ ਹੈ ਤਾਂ ਉਸ ਕੋਲੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ।
ਘਬਰਾਹਟ/ਕਾਹਲ (Anxiety)
ਜੋ ਪਰਸੋ ਨੂੰ ਹੋਣਾ ਹੈ, ਉਹ ਅੱਜ ਹੀ ਹੋ ਜਾਵੇ। ਇਹ ਇੱਛਾ ਬੇਲੋੜੀ ਘਬਰਾਹਟ (Anxiety) ਦਾ ਕਾਰਨ ਬਣਦੀ ਹੈ। ਜੇ ਰੋਟੀ ਬਣਨ ਨੂੰ 30 ਮਿੰਟ ਲੱਗਣੇ ਨੇ ਤਾਂ ਲੱਗਣੇ ਨੇ, 5 ਮਿੰਟ ਵਿਚ ਨਹੀਂ ਬਣ ਜਾਣੀ। ਜੇ ਬਿਮਾਰੀ ਠੀਕ ਹੋਣ ਨੂੰ 10 ਮਹੀਨੇ ਲੱਗਣੇ ਨੇ ਤਾਂ ਲੱਗਣੇ ਨੇ, ਰੋਣ ਨਾਲ, ਰੱਬ ਨੂੰ ਮੇਹਣੇ ਦੇਕੇ ਕੁਝ ਨੀ ਹੋਣਾ। ਜੇ ਵੀਜ਼ੇ ਵਿਚ, ਨੌਕਰੀ ਵਿਚ, ਵਿਆਹ ਵਿਚ, ਵਪਾਰ ਵਿਚ ਟਾਈਮ ਲੱਗਣਾ ਹੈ ਤਾਂ ਲੱਗਣਾ ਹੀ ਹੈ। ਅੱਜ ਉਸ ਨੂੰ ਲੈ ਕੇ ਅਸ਼ਾਂਤ ਹੋਣ ਦਾ ਕੋਈ ਫਾਇਦਾ ਨਹੀਂ। ਹਾਂ ਕਿਸੇ ਚੀਜ਼ ਨੂੰ ਮਿਹਨਤ ਅਤੇ ਦਿਮਾਗ ਨਾਲ ਜਲਦੀ ਕਰ ਲੈਣ ਵਿਚ ਕੋਈ ਖਰਾਬੀ ਨਹੀਂ। ਪਰ ਜਦੋਂ ਅਸੀਂ ਉਹ ਸਭ ਕਰ ਹਟੇ ਜੋ ਕਰ ਸਕਦੇ ਸੀ ਤਾਂ ਉਸ ਤੋਂ ਬਾਅਦ ਮਨ ਸ਼ਾਂਤ ਹੋਣਾ ਚਾਹੀਦਾ ਹੈ। ਅਜਿਹਾ ਬੰਦਾ ਅਸਲ ਵਿਚ ਖੁਦ ਤਾਂ ਦੁਖੀ ਰਹਿੰਦਾ ਹੀ ਹੈ, ਆਪਣੇ ਨਾਲ ਦਿਆਂ ਨੂੰ ਵੀ ਆਪਣੀ ਘਬਰਾਹਟ ਦਾ ਸ਼ਿਕਾਰ ਬਣਾਈ ਰੱਖਦਾ ਹੈ।
ਕੋਈ ਕਿਸੇ ਦਾ ਮਾਲਿਕ ਨਹੀਂ
ਘਰ ਦੇ ਹਰ ਮੈਂਬਰ ਦੀ ਆਪਣੀ ਜਿੰਦਗੀ ,ਆਪਣੀਆਂ ਖੁਆਇਸ਼ਾਂ, ਆਪਣਾ ਰਾਹ ਹੁੰਦਾ ਹੈ। ਘਰ ਦਾ ਮੁਖੀ ਹਾਂ ਤਾਂ ਸਭ ਕੁਝ ਮੇਰੇ ਮੁਤਾਬਕ ਚੱਲੇ, ਜੋ ਮੈਨੂੰ ਚੰਗਾ ਲੱਗੇ, ਓਹੀ ਦੂਸਰਿਆਂ ਨੂੰ ਚੰਗਾ ਲਗੇ – ਖਾਣਾ, ਗਾਣਾ, ਫਿਲਮ, ਗੁਰਦਵਾਰਾ ਸਭ ਕੁਝ। ਜੋ ਮੈਂ ਸੋਚ ਲਿਆ, ਜਿਥੇ ਮੈਂ ਪਹੁੰਚ ਗਿਆ, ਉਹ ਦੂਜੇ ਸਮਝ ਕਿਉਂ ਨਹੀਂ ਰਹੇ। ‘ਇਹ ਸਭ ਪਛਤਾਉਣਗੇ’, ‘ਤੰਗ ਹੋਣਗੇ’ ਅਕਸਰ ਸੁਣਿਆ ਜਾਂਦਾ ਹੈ। ਅਸਲ ਵਿਚ ਇਹ ਸਭ ਹਉਮੈਂ ਹੈ ਤੇ ਹਉਮੈਂ ਉਦੋਂ ਆਉਂਦੀ ਹੈ ਜਦੋਂ ਅਸੀਂ ਹੁਕਮੁ ਦੇ ਉਲਟ ਚਲਦੇ ਹਾਂ। ਹਰ ਇਨਸਾਨ ਇਸ ਦੁਨੀਆ ਵਿਚ ਆਪਣੀ ਜਿੰਦਗੀ ਜਿਉਣ ਆਇਆ ਹੈ, ਕੋਈ ਕਿਸੇ ਦੀ ਜਿੰਦਗੀ ਦਾ ਮਾਲਿਕ ਨਹੀਂ। ਕਿਸੇ ਦਾ ਖਿਆਲ ਰੱਖਣਾ ਤੇ ਉਸਦਾ ਮਾਲਿਕ ਬਣ ਜਾਣਾ, ਦੋ ਵੱਖਰੀਆਂ ਗੱਲਾਂ ਨੇ।
ਕੀ ਇਕ ਦੂਜੇ ਤੋਂ ਇੱਛਾਵਾਂ ਰੱਖਣੀਆਂ ਗਲਤ ਨੇ ?
ਇਹ ਕੁਦਰਤੀ ਹੈ (ਹੁਕਮੁ) ਕਿ ਸਾਡੇ ਅੰਦਰ ਇੱਛਾਵਾਂ/ਕਾਮਨਾਵਾਂ ਪੈਦਾ ਹੋਣ। ਇੱਛਾ ਬਿਨਾ ਤਾਂ ਇਨਸਾਨ ਮਰੇ ਸਮਾਨ ਹੈ। ਜੇ ਇਨਸਾਨ ਅੰਦਰ ਜਿਉਣ ਦੀ ਇੱਛਾ ਖਤਮ ਹੋ ਜਾਵੇ ਤਾਂ ਬੰਦਾ ਰੋਟੀ ਵੀ ਨਾ ਖਾਵੇ। ਸੋ ਇਹ ਹੁਕਮੁ ਦਾ ਹੀ ਹਿੱਸਾ ਹੈ ਕਿ ਇਨਸਾਨ ਵਿਚ ਇੱਛਾਵਾਂ ਪੈਦਾ ਹੋਣ, ਇਹ ਜਰੂਰੀ ਹੈ ਇਕ ਇਨਸਾਨ ਦੇ ਜਿਉਂਦਾ ਰਹਿਣ ਲਈ, ਦੁਨੀਆਂ ਵਿਚ ਵਿਚਰਨ ਲਈ। ਇਸ ਲਈ ਆਪਣਿਆਂ ਤੋਂ ਇੱਛਾਵਾਂ ਹੋਣਾ ਵੀ ਸੁਭਾਵਿਕ ਹੈ।
ਪਰ ਕਾਮਨਾਵਾਂ ਤੇ ਅੱਗ ਵਿਚ ਬਹੁਤ ਸਮਾਨਤਾਵਾਂ ਹਨ। ਅੱਗ ਊਰਜਾ ਪੈਦਾ ਕਰਦੀ ਹੈ ਜਿਸ ਨਾਲ ਚੁੱਲ੍ਹਾ ਮਚਾਉਣ ਤੋਂ ਲੈ ਕੇ ਰਾਕਟ ਉਡਾਉਣ ਤਕ ਅਣਗਿਣਤ ਕੰਮ ਹੁੰਦੇ ਨੇ। ਓਵੇਂ ਹੀ ਇਨਸਾਨ ਦੇ ਮਨ ਵਿਚ ਪੈਦਾ ਹੋਈ ਇੱਛਾ ਇਨਸਾਨ ਨੂੰ ਚੰਦ ਤੇ ਪਹੁੰਚਾ ਦਿੰਦੀ ਹੈ, ਨਾਨਕ ਸਮਝਾ ਦਿੰਦੀ ਹੈ, ਰੱਬ ਨਾਲ ਜੋੜ ਦਿੰਦੀ ਹੈ। ਪਰ ਜੇ ਅੱਗ ਬੇਕਾਬੂ ਹੋ ਜਾਵੇ ਤਾਂ ਘਰਾਂ ਦੇ ਘਰ ਸਾੜ ਕੇ ਸਵਾਹ ਕਰ ਦਿੰਦੀ ਹੈ ਤੇ ਜੇ ਇੱਛਾਵਾਂ ਬੇਕਾਬੂ ਹੋ ਜਾਣ ਤਾਂ ਜਿੰਦਗੀ ਖ਼ਾਕ ਕਰ ਦਿੰਦੀਆਂ ਨੇ।
ਤਾਂ ਹੀ ਗੁਰਬਾਣੀ ਸਾਨੂੰ ਕਾਮ (ਕਾਮਨਾਵਾਂ), ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖਤਮ ਕਰਨ ਲਈ ਨਹੀਂ ਕਹਿੰਦੀ ਸਗੋਂ ਇਹਨਾਂ ਨੂੰ ਕਾਬੂ ਕਰਨ ਨੂੰ ਕਹਿੰਦੀ ਹੈ।
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਇਸ ਲਈ ਇਨਸਾਨੀ ਰਿਸ਼ਤਿਆਂ ਵਿਚ ਜੇ ਇੱਛਾਵਾਂ ਵਾਜਿਬ ਹੋਣ, ਕਾਬੂ ਵਿਚ ਹੋਣ ਤਾਂ ਖੁਦ ਲਈ ਅਤੇ ਦੂਜਿਆਂ ਲਈ ਖੁਸ਼ੀ ਦਾ ਸਵੱਬ ਬਣ ਸਕਦੀਆਂ ਨੇ ਅਤੇ ਜੇ ਬੇਕਾਬੂ, ਬੇ-ਲੋੜੀਆਂ ਹੋਣ, ਇਨਸਾਨੀ ਫਿਤਰਤ ਦੇ ਹੁਕਮੁ ਦੇ ਉਲਟ ਹੋਣ ਤਾਂ ਦੁੱਖ ਅਤੇ ਸੰਤਾਪ ਦਾ ਕਾਰਨ ਬਣ ਜਾਂਦੀਆਂ ਹਨ। ਵੱਡੀਆਂ ਕੰਪਨੀਆਂ ਅੱਜ ਕੱਲ ਉਚੇ ਅਹੁਦੇ ਉਪਰ ਬੈਠਣ ਵਾਲਿਆਂ ਦੀ Emotional Intelligence ਚੈੱਕ ਕਰਨ ਲੱਗ ਗਈਆਂ ਹਨ। ਜਿਸਦਾ ਭਾਵ ਹੈ ਕਿ ਕੋਈ ਇਨਸਾਨ ਆਪਣੇ ਅਤੇ ਦੂਜੇ ਦੇ ਜਜ਼ਬਾਤਾਂ ਨੂੰ ਕਿੰਨੇ ਚੰਗੇ ਢੰਗ ਨਾਲ ਸਮਝਦਾ ਹੈ ਤੇ ਉਹਨਾਂ ਨਾਲ ਨਜਿੱਠਦਾ ਹੈ। ਸਾਡਾ ਬਾਬਾ ਤਾਂ ਸਾਨੂੰ ਇਹ ਨੁਕਤੇ ਕਈ ਸਦੀਆਂ ਪਹਿਲਾਂ ਹੀ ਦੱਸ ਗਿਆ ਹੈ।
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥ ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥ ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥ 66
ਰੱਬੀ ਹੁਕਮੁ ਨਾ ਸਮਝਣ ਕਾਰਨ ਮੂਰਖਾਂ ਦੀ ਤਰਾਂ ਗਲਤ ਤਰੀਕੇ ਹੀ ਜਿੰਦਗੀ ਜਿਉਂ ਰਹੇ ਹਾਂ। ਹੁਕਮੁ ਨੂੰ ਛੱਡ ਮਨ ਦੀ ਜਿੱਦ ਪਿੱਛੇ ਲੱਗ ਕੇ ਹੀ ਸਾਰੇ ਕੰਮ ਕਰਦੇ ਹਾਂ ਇਸੇ ਲਈ ਜਿੰਦਗੀ ਵਿਚ ਖੱਜਲ ਖੁਆਰੀ ਚੱਲ ਰਹੀ ਹੈ। ਇਸੇ ਕਾਰਨ ਮਨ ਵਿਚ ਸ਼ਾਂਤੀ ਨਹੀਂ ਆਉਂਦੀ ਤੇ ਇਸੇ ਕਾਰਨ ਰੱਬ ਨਾਲ ਪਿਆਰ ਨਹੀਂ ਪੈਂਦਾ।
ਇਸ ਲੇਖ ਵਿਚ ਜੋ ਵੀ ਉਧਾਹਰਣਾਂ ਮੈਂ ਦਿੱਤੀਆਂ ਨੇ, ਇਹ ਜਰੂਰੀ ਨਹੀਂ ਕਿ ਸਭ ਤੇ ਲਾਗੂ ਹੋਣ। ਹਰ ਕਿਸੇ ਨੂੰ ਇਕ ਰਿਸ਼ਤੇ ਵਿਚ ਬੱਝੇ ਇਨਸਾਨ ਨਾਲ ਲਾਗੂ ਹੁਕਮੁ ਬੁੱਝਣਾ ਪਵੇਗਾ। ਨੁਕਤਾ ਇਹੀ ਹੈ ਕਿ ਇਕ ਦੂਜੇ ਤੋਂ ਇੱਛਾਵਾਂ ਵਾਜਿਬ ਵੀ ਹੋਣ ਤੇ ਕਾਬੂ ਵਿਚ ਵੀ। ਜਿੰਨੀਆਂ ਇੱਛਾਵਾਂ ਘੱਟ, ਓਹਨੀ ਸੌਖੀ ਜਿੰਦਗੀ।
ਧੰਨਵਾਦ
ਮਨਿੰਦਰ ਸਿੰਘ
20 ਜਨਵਰੀ 2024

Leave a Reply