ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥
ਦਿਮਾਗ ਦੀਆਂ ਅੱਖਾਂ ਖੋਲ ਦੇਣ ਵਾਲਾ ਇਹ ਸ਼ਬਦ ਅਧਿਆਤਮਿਕ ਦੁਨੀਆ ਦਾ ਇਕ ਇਨਕਲਾਬੀ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 555 ਉਪਰ ਦਰਜ ਇਹ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ। ਇਹ ਸ਼ਬਦ ਹਰ ਇਕ ਸਿੱਖ ਦੇ ਕੰਨਾਂ ਵਿਚ ਕਦੇ ਨਾ ਕਦੇ ਜਰੂਰ ਪਿਆ ਹੋਵੇਗਾ ਪਰ ਜ਼ਿਆਦਾਤਰ ਸਿੱਖਾਂ ਦੇ ਮਨ ਵਿਚ ਉਤਰਿਆ ਕਦੇ ਨਹੀਂ। ਮੈਂ ਖੁਦ ਇਹ ਸ਼ਬਦ ਸੈਂਕੜਿਆਂ ਵਾਰ ਸੁਣਿਆ ਹੈ ਪਰ ਹਮੇਸ਼ਾ ਕੰਨਾਂ ਨਾਲ ਹੀ ਸੁਣਿਆ, ਮਨ ਨਾਲ ਕਦੇ ਵੀ ਨਹੀਂ। ਭਾਵ ਇਹ ਕੋਸ਼ਿਸ਼ ਕਦੇ ਵੀ ਨਹੀਂ ਕੀਤੀ ਕਿ ਗੁਰੂ ਸਾਹਿਬ ਆਖਰਕਾਰ ਇਸ ਸ਼ਬਦ ਰਾਹੀਂ ਸਾਨੂੰ ਕਹਿਣਾ ਕੀ ਚਾਹੁੰਦੇ ਹਨ।
ਪਰ ਮੇਰੀ ਤਰਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਜਦੋਂ ਇਸ ਸ਼ਬਦ ਦੇ ਅਰਥ ਵਿਚਾਰੋਗੇ। ਪਹਿਲਾਂ ਇਹਨਾਂ ਪੰਕਤੀਆਂ ਵਿਚਲੇ ਮੁਖ ਸ਼ਬਦਾਂ ਦੇ ਅਰਥ ਸਮਝ ਲੈਂਦੇ ਹਾਂ :
ਰਾਮੁ= ਕਣ-ਕਣ ਵਿਚ ਵਸਿਆ ਪਰਮਾਤਮਾ, ਰਾਮੁ ਰਾਮੁ= ਰਾਮ-ਰਾਮ ਦੇ ਰਟਨ ਦੀ ਪ੍ਰਕਿਰਿਆ, ਜਗੁ= ਉਹ ਸਾਰੇ ਲੋਕ ਜੋ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਹਨ ਜਾਂ ਉਸਦਾ ਅਹਿਸਾਸ ਕਰਨਾ ਚਾਹੁੰਦੇ ਹਨ, ਨ ਪਾਇਆ ਜਾਇ= ਜੁੜਿਆ ਨਹੀਂ ਜਾ ਸਕਦਾ, ਅਗਮੁ = ਜੋ ਚੀਜ਼ ਦਿਮਾਗ/ਸੋਚ ਦੀ ਪਹੁੰਚ ਤੋਂ ਬਾਹਰ ਹੋਵੇ, ਅਗੋਚਰ= ਜੋ ਇੰਦਰੀਆਂ ਦੀ ਪਕੜ ਤੋਂ ਬਾਹਰ ਹੋਵੇ ਭਾਵ ਦੇਖੀ, ਸੁਣੀ, ਸੁੰਘੀ ਨਾ ਜਾ ਸਕੇ, ਜਿਸ ਨੂੰ ਛੋਹ ਕੇ ਮਹਿਸੂਸ ਨਾ ਕੀਤਾ ਜਾ ਸਕੇ, ਜਿਸਦਾ ਜੀਭ ਨਾਲ ਸਵਾਦ ਨਾ ਲਿਆ ਜਾ ਸਕੇ, ਅਤੁਲ= ਜੋ ਤੋਲਿਆ ਨਾ ਜਾ ਸਕੇ, ਤੁਲਿਆ= ਕਿਸੇ ਚੀਜ ਦਾ ਵਜਨ ਕਰਕੇ ਉਸਨੂੰ ਗਿਣਤੀ ਵਿਚ ਬਿਆਨ ਕਰਨਾ ਕਿ ਇਹ ਚੀਜ਼ 50 ਜਾਂ 100 ਕਿਲੋ ਦੀ ਹੈ, ਕੀਮਤਿ= ਜਿਸ ਭਾਅ ਉਪਰ ਕਿਸੇ ਖਾਸ ਚੀਜ਼ ਨੂੰ ਖਰੀਦਿਆ ਜਾ ਸਕੇ, ਨ ਲਇਆ ਜਾਇ= ਖਰੀਦਿਆ ਨਾ ਜਾ ਸਕੇ, ਸਬਦਿ= ਗੁਰਬਾਣੀ ਦਾ ਗਿਆਨ, ਭੇਦਿਆ= ਅਸਲ ਰਹੱਸ ਦਾ ਪਤਾ ਲਾਉਣਾ, ਉਸ ਚੀਜ ਤਕ ਪਹੁੰਚ ਜਾਣਾ ਜਿਥੇ ਬਹੁਤੇ ਲੋਕ ਨਾ ਪਹੁੰਚੇ ਹੋਣ, ਬਿਧਿ= ਤਰੀਕਾ, ਅਮੇਉ= ਜੋ ਮਿਣਿਆ ਨਹੀਂ ਜਾ ਸਕਦਾ, ਮਿਣਨਾ= ਜਿਵੇਂ ਆਪਾਂ ਕਿਸੇ ਚੀਜ ਦੀ ਲੰਬਾਈ ਮਾਪ ਦੇ ਹਾਂ ਜਾਂ ਕੋਈ ਤਰਲ ਪਦਾਰਥ ਮਾਪਕੇ ਕੇ ਉਸਨੂੰ ਗਿਣਤੀ ਵਿਚ ਪ੍ਰਗਟ ਕਰਦੇ ਹਾਂ ਜਿਵੇਂ ਇਹ ਸੜਕ 10 ਕਿਲੋਮੀਟਰ ਲੰਬੀ ਹੈ ਜਾਂ ਇਸ ਬਾਲਟੀ ਵਿਚ 10 ਕਿਲੋ ਦੁੱਧ ਹੈ, ਗੁਰ ਕਿਰਪਾ= ਗੁਰੂ ਦਾ ਬਖਸ਼ਿਆ ਗਿਆਨ ਪੱਲੇ ਪੈ ਜਾਣਾ, ਰਹਿਆ ਸਮਾਇ= ਪਰਮਾਤਮਾ ਨਾਲ ਅੰਦਰੋਂ ਜੁੜੇ ਰਹਿਣਾ, ਆਪੇ= ਇਸੇ ਵਿਧੀ ਨਾਲ
ਇਸ ਸ਼ਬਦ ਦੀਆਂ ਕੁਲ ਛੇ ਪੰਕਤੀਆਂ ਹਨ। ਪਹਿਲੀਆਂ ਤਿਨ ਵਿਚ ਗੁਰੂ ਸਾਹਿਬ ਸਮੱਸਿਆ ਦਾ ਜਿਕਰ ਕਰਦੇ ਹਨ ਅਤੇ ਅਗਲੀਆਂ ਤਿਨ ਵਿਚ ਸਮੱਸਿਆ ਦਾ ਹੱਲ ਦਿੰਦੇ ਹਨ।
ਪਹਿਲੀਆਂ ਤਿਨ ਪੰਕਤੀਆਂ:
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥
ਅਰਥ: ਰਾਮ-ਰਾਮ ਦੇ ਰਟਨ ਨਾਲ ਰਾਮ (ਪਰਮਾਤਮਾ) ਨਾਲ ਜੁੜਿਆ ਨਹੀਂ ਜਾ ਸਕਦਾ। ਜੋ ਪਰਮਾਤਮਾ ਇਨਸਾਨੀ ਦਿਮਾਗ ਅਤੇ ਇੰਦਰੀਆਂ ਤੋਂ ਪਰੇ ਹੈ, ਉਹ ਇਨਸਾਨ ਦਵਾਰਾ ਬਣਾਏ ਗਏ ਕਿਸੇ ਤਰਾਜੂ ਵਿਚ ਤੋਲਿਆ ਨਹੀਂ ਜਾ ਸਕਦਾ। ਕਿਸੇ ਵੀ ਗਿਣਤੀ ਮਿਣਤੀ ਨਾਲ ਉਸਦੀ ਕੀਮਤ ਤੈਅ ਕਰਕੇ ਉਸਨੂੰ ਖਰੀਦਿਆ ਨਹੀਂ ਜਾ ਸਕਦਾ।
ਭਾਵ: ਅਸਲ ਵਿਚ ਗੁਰੂ ਸਾਹਿਬ ਇਥੇ ਦੋ ਮਿੱਥਾਂ ਦਾ ਖੰਡਨ ਕਰ ਰਹੇ ਹਨ। ਪਹਿਲਾ, ਇਨਸਾਨ ਵਲੋਂ ਤੈਅ ਕੀਤੇ ਕਿਸੇ ਨਾਮ ਨਾਲ ਪਰਮਾਤਮਾ ਦੀ ਪ੍ਰਾਪਤੀ ਅਤੇ ਦੂਜਾ ਉਹ ਨਾਮ ਲੈਣ ਦੀਆਂ ਖਾਸ ਗਿਣਤੀਆਂ ਮਿਣਤੀਆਂ ਜਿਨ੍ਹਾਂ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਦੋਵੇਂ ਇਕੋ ਝਟਕੇ ਰੱਦ ਕਰ ਦਿੱਤੇ ਗਏ ਹਨ। ਅਸਲ ਵਿਚ ਇਨਸਾਨ ਵਲੋਂ ਰੱਖੇ ਪਰਮਾਤਮਾ ਦੇ ਕਿਸੇ ਨਾਮ ਦਾ ਰਟਨ ਕਰਕੇ ਪਰਮਾਤਮਾ ਨੂੰ ਪਾਉਣ ਦਾ ਇਹ ਤਰੀਕਾ ਬੜਾ ਪੁਰਾਣਾ ਹੈ ਤੇ ਕਈ ਵੱਡੇ ਧਰਮਾਂ ਵਿਚ ਵੱਖ ਵੱਖ ਗਿਣਤੀ ਦੇ ਮਣਕਿਆਂ ਵਾਲੀ ਮਾਲਾ, ਜਪਮਾਲਾ, ਤਸਬੀ, ਸਿਮਰਨੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸਦਾ ਮੁਖ ਮਕਸਦ ਹੁੰਦਾ ਹੈ, ਰੱਬ ਦਾ ਕੋਈ ਖਾਸ ਨਾਮ ਜਾਂ ਉਸਦੀ ਉਸਤਤ ਇਕ ਖਾਸ ਗਿਣਤੀ ਤਕ ਕਰਨਾ। ਕਈ ਧਰਮਾਂ ਵਿਚ ਮਾਲਾ ਨੂੰ ਇਕ ਵਾਰ ਵਿਚ 100 ਵਾਰ, ਕਈਆਂ ਵਿਚ 108 ਵਾਰ ਤੇ ਹੋਰ ਤੈਅ ਗਿਣਤੀਆਂ ਵਿਚ ਫੇਰਿਆ ਜਾਂਦਾ ਹੈ। ਮਾਲਾ ਵਿਚ ਮਣਕਿਆਂ ਦੀ ਗਿਣਤੀ ਦਾ ਵੀ ਪੂਰਾ ਹਿਸਾਬ ਰਖਿਆ ਜਾਂਦਾ ਹੈ। ਜੋ ਜਿਆਦਾ ਮਾਲਾ ਫੇਰੇਗਾ, ਉਹ ਓਨ੍ਹਾਂ ਧਰਮੀ। ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਸੈਂਕੜੇ ਸਾਲ ਪਹਿਲਾਂ ਸ਼ੁਰੂ ਹੋਏ ਧਰਮਾਂ, ਸੰਪਰਦਾਵਾਂ ਵਿਚ ਮਾਲਾ ਫੇਰਨੀ ਪ੍ਰਚਲਤ ਹੈ। ਇਥੋਂ ਤਕ ਕਿ ਵਿਚਾਰਧਾਰਾ ਪੱਖੋਂ ਇਕ ਦੂਜੇ ਦੇ ਧੁਰ ਵਿਰੋਧੀ ਧਰਮਾਂ ਵਿਚ ਵੀ ਮਾਲਾ ਫੇਰਨ ਨੂੰ ਇਕ ਧਰਮੀ ਕੰਮ ਮੰਨਿਆ ਜਾਂਦਾ ਹੈ। ਪਰ ਸਿੱਖੀ ਨੂੰ ਇਸੇ ਲਈ ਅਧਿਆਤਮਿਕ ਦੁਨੀਆ ਵਿਚ ਇਕ ਇਨਕਲਾਬ ਕਿਹਾ ਜਾਂਦਾ ਹੈ ਕਿਉਂਕਿ ਸਦੀਆਂ ਪੁਰਾਣੇ ਕਰਮਕਾਂਡਾਂ ਨੂੰ ਗੁਰੂ ਸਾਹਿਬਾਨਾਂ ਨੇ ਇਕ ਸਿਰਿਉਂ ਹੀ ਨਕਾਰ ਦਿੱਤਾ।
ਤੀਸਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਜਿਸ ਪਰਮਾਤਮਾ ਦੀ ਇਹਨੀ ਵੱਡੀ ਹਸਤੀ ਹੈ ਕਿ ਇਸ ਪੂਰੇ ਬ੍ਰਹਿਮੰਡ ਦਾ ਮਾਲਕ ਹੋਣ ਦੇ ਬਾਵਜੂਦ ਅਤੇ ਇਸੇ ਕਾਇਨਾਤ ਵਿਚ ਵਸੇ ਹੋਣ ਦੇ ਬਾਵਜੂਦ, ਉਹ ਪੂਰੀ ਤਰਾਂ ਸਾਡੇ ਦਿਮਾਗ ਤੇ ਸਾਡੀਆਂ ਇੰਦਰੀਆਂ ਦੀ ਪਕੜ ਵਿਚ ਨਹੀਂ ਆ ਸਕਦਾ, ਭਾਵ ਜਿਸ ਨੂੰ ਅਸੀਂ ਪੂਰਾ ਸੋਚ ਨਹੀਂ ਸਕਦੇ, ਜਿਸ ਨੂੰ ਦੇਖ ਨੀ ਸਕਦੇ, ਸੁਣ ਨਹੀਂ ਸਕਦੇ, ਸੁੰਘ ਨਹੀਂ ਸਕਦੇ, ਛੂਹ ਕੇ ਮਹਿਸੂਸ ਨਹੀਂ ਕਰ ਸਕਦੇ, ਜਿਸ ਦਾ ਜੀਭ ਨਾਲ ਸਵਾਦ ਨਹੀਂ ਲੈ ਸਕਦੇ, ਐਸੇ ਪਰਮਾਤਮਾ ਨੂੰ ਤੁਸੀਂ ਕਿਸੇ ਮਿਣਤੀ ਗਿਣਤੀ ਵਿਚ ਬੰਨ ਕੇ ਪ੍ਰਾਪਤ ਨਹੀਂ ਕਰ ਸਕਦੇ। ਕਿੰਨਾ ਹਾਸੋਹੀਣਾ ਹੈ ਕਿ ਇਨਸਾਨ ਨੇ ਖੁਦ ਹੀ ਬੋਲੀ ਬਣਾਈ, ਫਿਰ ਉਸ ਬੋਲੀ ਵਿਚ ਪਰਮਾਤਮਾ ਦਾ ਇਕ ਨਾਮ ਰੱਖ ਲਿਆ, ਫਿਰ ਦੁਨਿਆਵੀ ਕੰਮ-ਕਾਰ ਲਈ ਗਿਣਤੀ ਬਣਾਈ ਤੇ ਫਿਰ ਖੁਦ ਹੀ ਤੈਅ ਕਰ ਲਿਆ ਕਿ ਫਲਾਣਾ ਨਾਮ, ਇੰਨੀ ਬਾਰ ਰਟਨ ਨਾਲ ਪਰਮਾਤਮਾ ਮਿਲ ਜਾਵੇਗਾ। ਇਸੇ ਲਈ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਅਤੁਲੁ ਅਤੇ ਅਮੇਉ ਕਿਹਾ। ਜਿਸਨੂੰ ਇਨਸਾਨ ਨਾ ਤੋਲ ਸਕਦਾ ਹੈ, ਨਾ ਮਿਣ ਸਕਦਾ ਹੈ। ਜੇ ਇਨਸਾਨ ਨੇ ਆਪਣੇ ਦਿਤੇ ਨਾਮ ਅਤੇ ਆਪਣੀ ਗਿਣਤੀ ਨਾਲ ਹੀ ਉਸ ਪ੍ਰਮਾਤਮਾ ਨੂੰ ਪਾ ਲਿਆ ਫਿਰ ਤਾਂ ਪਰਮਾਤਮਾ ਇਨਸਾਨ ਤੋਂ ਛੋਟਾ ਹੋ ਗਿਆ। ਪਾਤਸ਼ਾਹ ਫਰਮਾਉਂਦੇ ਹਨ ਕਿ ਕੋਈ ਵੀ ਉਸਦੀ ਕੀਮਤ ਤਹਿ ਨਹੀਂ ਕਰ ਸਕਦਾ ਕਿ ਉਸਦਾ ਭਾਅ ਇਕ ਸੌ ਰਟਨ ਹੈ ਜਾਂ ਇਕ ਲੱਖ। ਉਹ ਕਿਸੇ ਵਪਾਰੀ ਦਾ ਸਮਾਨ ਨਹੀਂ ਕਿ ਬਾਜ਼ਾਰ ਵਿਚ ਖੁਦ ਹੀ ਉਸਦੀ ਕੀਮਤ ਤੈਅ ਕਰ ਦਿਤੀ ਜਾਵੇ ਅਤੇ ਤੈਅ ਕੀਤੀ ਕੀਮਤ ਅਦਾ ਕਰਨ ਵਾਲੇ ਨੂੰ ਪਰਮਾਤਮਾ ਝੋਲੇ ਵਿਚ ਪਾਕੇ ਫੜਾ ਦਿਤਾ ਜਾਵੇ।
ਸ਼ਬਦ ਦੀਆਂ ਅਗਲੀਆਂ ਤਿਨ ਪੰਕਤੀਆਂ ਵਿਚ ਫਿਰ ਗੁਰੂ ਸਾਹਿਬ ਦਸਦੇ ਹਨ ਕਿ ਜੇ ਰਟਨ ਅਸਲੀ ਰਾਹ ਨਹੀਂ ਹੈ ਤਾਂ ਫੇਰ ਅਸਲੀ ਰਾਹ ਦਿਖੇਗਾ ਕਿਥੋਂ :
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥
ਅਰਥ: ਪਾਤਸ਼ਾਹ ਫਰਮਾਉਂਦੇ ਹਨ ਕਿ ਪਰਮਾਤਮਾ ਨਾਲ ਜੁੜਨ ਦਾ ਭੇਦ ਗੁਰੂ ਦਾ ਸ਼ਬਦ ਖੋਲ੍ਹਦਾ ਹੈ ਭਾਵ ਗੁਰੂ ਦਾ ਬਖਸ਼ਿਆ ਗਿਆਨ ਉਹ ਭੇਦ ਦਸਦਾ ਹੈ ਜਿਸ ਨਾਲ ਪਰਮਾਤਮਾ ਇਨਸਾਨ ਦੇ ਅੰਦਰ (ਮਨ/ਅੰਤਰ-ਆਤਮਾ ਵਿਚ) ਵਸ ਜਾਂਦਾ ਹੈ। ਉਹ ਗਿਣਤੀਆਂ ਮਿਣਤੀਆਂ ਤੋਂ ਪਰੇ ਪਰਮਾਤਮਾ, ਗੁਰੂ ਦੀ ਕਿਰਪਾ ਭਾਵ ਗੁਰੂ ਦੇ ਗਿਆਨ ਦੇ ਸੇਵਨ ਨਾਲ, ਭਾਵ ਗੁਰੂ ਦੇ ਦਸੇ ਰਾਹ ਉਪਰ ਚਲਣ ਨਾਲ, ਚੱਲ-ਚੱਲ ਕੇ ਇਨ ਬਿਨ ਗਿਆਨ ਦਾ ਮੁਜੱਸਮਾ ਬਣ ਜਾਣ ਨਾਲ ਹੀ ਉਹ ਹਿਰਦੇ ਅੰਦਰ ਸਮਾਉਂਦਾ ਹੈ। ਨਾਲ ਇਹ ਵੀ ਸਪਸ਼ਟ ਕਰ ਦਿੰਦੇ ਹਨ ਕਿ ਉਹ ਇਸੇ ਵਿਧੀ ਨਾਲ ਮਿਲਿਆ, ਇਸੇ ਵਿਧੀ ਨਾਲ ਮਿਲਿਆ ਹੋਇਆ ਹੈ ਤੇ ਮਿਲਿਆ ਰਹੇਗਾ।
ਭਾਵ: ਕਿਸੇ ਖਾਸ ਸ਼ਬਦ ਦੇ ਰਟਨ ਨਾਲ ਪਰਮਾਤਮਾ ਨੂੰ ਪਾਉਣ ਨਾਲੋਂ ਗੁਰੂ ਦੀ ਦੱਸੀ ਵਿਧੀ ਨੂੰ ਸਮਝਣ, ਉਸ ਮੁਤਾਬਿਕ ਚਲਣ ਦੀ ਮੁਸ਼ੱਕਤ ਕਰਨ ਨਾਲ ਹੀ ‘ਸਚਖੰਡ ਵਸੇ ਨਿਰੰਕਾਰ’ ਦੀ ਅਵਸਥਾ ਬਣਦੀ ਹੈ। ਇਹੀ ਅਵਸਥਾ ਹੈ ਜਿਸਨੂੰ ਗੁਰਬਾਣੀ ਵਿਚ ਪਰਮਾਨੰਦ, ਮਹਾਂ-ਆਨੰਦ, ਪਰਮ ਗਤਿ ਕਿਹਾ ਗਿਆ ਹੈ। ਖੇੜਾ, ਚੜ੍ਹਦੀਕਲਾ, ਵਿਸਮਾਦ ਸਭ ਇਹੋ ਅਵਸਥਾ ਦੇ ਫ਼ਲ ਨੇ। ਹੋਰ ਕੋਈ ਸ਼ੌਰਟ-ਕੱਟ ਨਹੀਂ ਹੈ। ਗੁਰੂ ਦੇ ਗਿਆਨ ਨਾਲ ਇਹ ਅਵਸਥਾ ਬਣਦੀ ਹੈ ਤੇ ਹਮੇਸ਼ਾ ਬਣੀ ਰਹਿੰਦੀ ਹੈ, ਟੁਟਦੀ ਨਹੀਂ।
ਕਿਨ੍ਹੇ ਆਸਾਨ ਤਰੀਕੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਕ ਵੱਡਾ ਨੁਕਤਾ ਸਮਝਾ ਦਿੱਤਾ।
ਮੈਂ ਅਕਸਰ ਕੋਈ ਸ਼ਬਦ ਵਿਚਾਰਨ ਤੋਂ ਬਾਅਦ, ਉਸ ਸ਼ਬਦ ਦਾ YouTube ਉਪਰ 1-2 ਵਾਰ ਕੀਰਤਨ ਜਰੂਰ ਸੁਣਦਾ ਹਾਂ। ਬਹੁਤ ਹੀ ਪਿਆਰਾ ਅਨੁਭਵ ਹੁੰਦਾ ਹੈ। ਅਜਿਹਾ ਹੀ ਮੈਂ ਇਸ ਸ਼ਬਦ ਦੇ ਅਰਥ ਸਮਝਣ ਤੋਂ ਬਾਅਦ ਕੀਤਾ ਪਰ ਆਨੰਦ ਦੀ ਥਾਂ ਮਨ ਬੜਾ ਦੁਖੀ ਹੋਇਆ ਜਦੋਂ ਕੀਰਤਨ ਕਰਨ ਵਾਲਾ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥” ਗਾਉਣ ਤੋਂ ਬਾਅਦ ਲਗਾਤਾਰ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਪਿਆ। ਵਾਹਿਗੁਰੂ ਆਪਣੇ ਗੁਰੂ ਦੀ ਧੰਨਵਾਦ ਅਤੇ ਉਸਤਤ ਵਿਚ ਕਿਹਾ ਗਿਆ ਇਕ ਬੇਹੱਦ ਖੂਬਸੂਰਤ ਸ਼ਬਦ ਹੈ ਪਰ ਕੀ ਗੁਰੂ ਸਾਹਿਬ ਇਸ ਸ਼ਬਦ ਵਿਚ ਇਹ ਕਹਿ ਰਹੇ ਹਨ ਕਿ ਰਾਮ-ਰਾਮ ਕਰਨ ਨਾਲ ਪਰਮਾਤਮਾ ਨਹੀਂ ਮਿਲੇਗਾ ਪਰ ਵਾਹਿਗੁਰੂ-ਵਾਹਿਗੁਰੂ ਕਰਨ ਨਾਲ ਮਿਲ ਜਾਵੇਗਾ ? ਜੇ ਨਹੀਂ ਤਾਂ ਜਿਸ ਰਾਹ ਨੂੰ ਸਾਡੇ ਗੁਰੂਆਂ ਨੇ ਰੱਦ ਕੀਤਾ, ਅੱਜ ਸਾਰੀ ਕੌਮ ਨੂੰ ਉਸੇ ਰਾਹ ਤੋਰਨ ਉਪਰ ਜੋਰ ਲਾਇਆ ਜਾਂਦਾ ਹੈ। ਲਾਈਟਾਂ ਬੁਝਾ ਬੁਝਾ ਕੇ ਰਟਨ ਕਰਨ ਨੂੰ ਹੀ ਸਿੱਖੀ ਬਣਾ ਲਿਆ ਗਿਆ ਹੈ। ਜੇ ਕੋਈ ਅਜਿਹਾ ਨਹੀਂ ਕਰਦਾ ਜਾਂ ਕਹਿੰਦਾ ਹੈ ਕਿ ਮੈਨੂੰ ਇਸ ਵਿਚ ਕੋਈ ਰਸ ਨਹੀਂ ਆਉਂਦਾ ਤਾਂ ਉਸਨੂੰ ਜਲੀਲ ਕਰਨ ਤਕ ਪ੍ਰਚਾਰਕ ਚਲੇ ਜਾਂਦੇ ਹਨ।
ਇਹ ਵੀ ਵੱਡਾ ਸਵਾਲ ਹੈ ਕਿ ਗੁਰੂ ਸਾਹਿਬ ਵਲੋਂ ਇਹਨੇ ਸੌਖੇ ਤਰੀਕੇ ਨਾਲ ਸਮਝਾਉਣ ਤੋਂ ਬਾਅਦ ਵੀ ਸਿੱਖਾਂ ਵਿਚ ਸ਼ਬਦ ਰਟਨ ਦੀ ਪਿਰਤ ਕਿਵੇਂ ਪਈ ? ਅਗਿਆਨਤਾ ਵਸ ਇੰਝ ਹੋਇਆ ਜਾਂ ਸੋਚੀ ਸਮਝੀ ਸਾਜਿਸ਼ ਕਾਰਨ ? ਖੈਰ ਇਹ ਇਕ ਵੱਖਰਾ ਤੇ ਵੱਡਾ ਵਿਸ਼ਾ ਹੈ।
ਜਪੁ ਬਾਣੀ ਦੀ ਪੌੜੀ 32 ਵਿਚ ਵੀ ਗੁਰੂ ਨਾਨਕ ਪਾਤਸ਼ਾਹ ਇਹ ਸਾਫ ਕਰਦੇ ਹਨ* ਕਿ ਭਾਵੇਂ ਤੂੰ ਲੱਖ ਜੀਭਾਂ ਨਾਲ ਲੱਖਾਂ ਵਾਰ ਉਸਦਾ ਨਾਮ ਰਟੀ ਜਾ, ਪਰਮਾਤਮਾ ਤੈਨੂੰ ਉਹ ਪੌੜੀਆਂ ਚੜ੍ਹ ਕੇ ਹੀ ਮਿਲੇਗਾ ਜੋ ਉਹਨਾਂ ਜਪੁ ਬਾਣੀ ਵਿਚ ਦੱਸੀਆਂ ਹਨ ਭਾਵ ਉਹ ਰਸਤਾ/ਵਿਧੀ/ਜੁਗਤ ਜੋ ਨਾਨਕ ਪਾਤਸ਼ਾਹ ਨੇ ਦੱਸੀ ਹੈ। ਨਾਨਕ ਦਾ ਰਸਤਾ ਰਟਨ ਨਹੀਂ, ਆਪਣੇ ਆਪ ਨੂੰ, ਆਪਣੀ ਸੋਚ ਨੂੰ ਬਦਲਣ ਦਾ ਹੈ, ਆਪਣੇ ਅੰਦਰ ਗੁਣ ਪੈਦਾ ਕਰਨ ਦਾ ਹੈ, ਜੋ ਕਿ ਮਿਹਨਤ ਮੰਗਦਾ ਹੈ। ਰਟਨ ਦੀ ਵਿਧੀ ਨਾਲ ਪਰਮਾਤਮਾ ਨੂੰ ਪਾਉਣ ਵਾਲਿਆਂ ਲਈ ਹੀ ਨਾਨਕ ਪਾਤਸ਼ਾਹ ਨੇ ਕਿਹਾ ‘ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ||’
ਮਨਿੰਦਰ ਸਿੰਘ
terahukum@gmail.com
*Page: 211, Understanding Nitnem: Jup, Sodar and Sohela by Dr Karminder Singh Dhillon
Leave a Reply