ਸਿੱਖਾਂ ਦੀ ਆਬਾਦੀ ਅੱਜ ਲਗਭਗ 2.5 ਕਰੋੜ ਦੇ ਨੇੜੇ ਤੇੜੇ ਹੈ ਅਤੇ ਇਨ੍ਹਾਂ ਦੀ ਵਸੋਂ ਦੁਨੀਆਂ ਦੇ ਲਗਭਗ ਹਰ ਦੇਸ਼ ਵਿਚਹੈ। ਇਨ੍ਹਾਂ ਵਿਚੋਂ ਵੱਡਾ ਹਿੱਸਾ ਅਜਿਹਾ ਹੈ ਜੋ ਸਿੱਖ ਪਰਿਵਾਰ ਵਿਚ ਜੰਮਿਆ ਹੋਣ ਕਾਰਨ ਸਿੱਖ ਹੈ। ਉਸ ਦੀ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਕਿ ਅਸਲ ਵਿਚ ਸਿੱਖ ਕੌਣ ਹੁੰਦੇ ਹਨ, ਗੁਰੂ ਨਾਨਕ ਦੇ ਚਲਾਏ ਇਸ ਨਿਆਰੇ ਪੰਥ ਵਿਚ ‘ਨਿਆਰਾ’ ਹੈ ਕੀ, ਜਾਤੀ ਰੂਪ ਵਿਚ ਮੈਨੂੰ ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ? ਜਦੋਂ ਪਹਿਲਾਂ ਹੀ ਇੰਨੇ ਧਰਮ ਮੌਜੂਦ ਸਨ ਤਾਂ ਬਾਬੇ ਨਾਨਕ ਨੇ ਬਗ਼ਾਵਤ ਕਿਉਂ ਕੀਤੀ ਅਤੇ ਕਿਉਂ ਬਣਾਇਆ ਇੱਕ ਨਵਾਂ ਪੰਧ? ਸਿੱਖਾਂ ਦਾ ਇਹ ਵਰਗ ਕਦੇ ਕਦਾਈਂ ਗੁਰਦੁਆਰੇ ਜ਼ਰੂਰ ਜਾਂਦਾ ਹੈ, ਮੱਥਾ ਟੇਕਦਾ ਹੈ, ਜੂਠੇ ਭਾਂਡੇ ਵੀ ਮਾਂਜਦਾ ਹੈ, ਫਰਸ਼ ਧੋਂਦਾ ਹੈ ਅਤੇ ਲੰਗਰ ਵੀ ਵਰਤਾਉਂਦਾ ਹੈ।ਉਪਰੋਕਤ ਕੰਮਾਂ ਵਿਚ ਲੱਗਣ ਵਾਲਾ ਸਮਾਂ ਜਾਂ ਮਿਹਨਤ (ਜਿਸ ਨੂੰ ਇਹ ‘ਸੇਵਾ’ ਸਮਝੀ ਬੈਠੇ ਹਨ।) ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਨੇ ਆਪਣੀ ਵਿਅਕਤੀਗਤ ਅਰਦਾਸ ਵਿਚ ਗੁਰੂ ਤੋਂ ਕੀ ਮੰਗਿਆ ਹੈ।ਉਕਤ ‘ਸੇਵਾ’ ਕਰਦਿਆਂ ਮਨ ਵਿਚ ਇੱਕ ਉਮੀਦ ਜਗੀ ਰਹਿੰਦੀ ਹੈ ਕਿ ਗੁਰੂ ਸਾਹਿਬ, ਜਲਦ ਤੋਂ ਜਲਦ ਰੱਬ ਜੀ ਕੋਲ ਮੇਰੇ ਕੰਮ ਸਬੰਧੀ ਸਿਫ਼ਾਰਿਸ਼ ਕਰਨਗੇ ਜਾਂ ਖੁਦ ਹੀ ਕੋਈ ਚਮਤਕਾਰ ਕਰਕੇ ਮੇਰਾ ਕੰਮ ਸਿਰੇ ਚੜ੍ਹਾਉਣਗੇ। ਪਰ ਉਸ ਦਾ ਉਪਰਲੇ ਸਵਾਲਾਂ ਨਾਲ ਕੋਈ ਵਾਅ ਵਾਸਤਾ ਨਹੀਂ ਹੁੰਦਾ।ਅਜਿਹੇ ਸਿੱਖ ਗੁਰੂ ਦੀ ਬਾਣੀ ਨਾਲ ਕਦੋਂ ਜੁੜਨਗੇ ਜਾਂ ਫ਼ਿਰ ਕਿਉਂ ਨਹੀਂ ਜੁੜ ਰਹੇ, ਇਹ ਇਸ ਲੇਖ ਦਾ ਵਿਸ਼ਾ ਵਸਤੂ ਨਹੀਂ ਹੈ।ਵਿਸ਼ਾ ਨੇ ਉਹ ਸਿੱਖ ਜਿਨ੍ਹਾਂ ਅੰਦਰ ਗੁਰੂ ਦੀ ਬਾਣੀ ਜਾਂ ਕਹਿ ਲਓ ਬਾਣੀ ਗੁਰੂ ਨੂੰ ਸਮਝਣ ਜਾਂ ਸੇਵਨ (ਅਸਲੀ ਸੇਵਾ) ਦੀਇੱਛਾ ਹੈ।ਪਰ ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਸਮਝ ਦੇ ਕਿਸੇ ਪੱਧਰ ‘ਤੇ ਪਹੁੰਚਣ ਦੀ ਥਾਂ ਭੰਬਲਭੂਸੇ ਵਿਚ ਪਏ ਹੋਇਆਂ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਜਾਂ ਤਾਂ ਮੰਨਦੇ ਹੀ ਨਹੀਂ ਕਿ ਉਨ੍ਹਾਂ ਪੱਲੇ ਅੱਜ ਤੱਕ ਕੁਝ ਨਹੀਂ ਪਿਆ ਅਤੇ ਜਾਂ ਫ਼ਿਰ ਆਪਣੇ ਮਨ ਵਿਚ ਪਏ ਭੰਬਲਭੂਸੇ ਨੂੰ ਹੀ ਨਾਨਕ ਦਾ ਉਪਦੇਸ਼ ਸਮਝ ਲੈਂਦੇ ਹਨ। ਵੈਸੇ ਤਾਂ ਭੰਬਲਭੂਸਾ ਅੱਜ ਸਾਡੀ ਕੌਮ ਦਾ ਪਛਾਣ ਚਿੰਨ੍ਹ ਹੀ ਬਣ ਗਿਆ ਹੈ। ਪਰ ਗੁਰੂ ਨਾਨਕ ਦੀ ਅਸਲੀ ਫ਼ਿਲਾਸਫੀ ਨੂੰ ਲੈ ਕੇ ਪਏ ਹੋਏ ਭੰਬਲਭੂਸੇ ਲਈ ਇੱਕ ਵੱਡਾ ਤਬਕਾ, ਜੋ ਜ਼ਿੰਮੇਵਾਰ ਹੈ, ਉਹ ਨੇ ਸਾਡੇ ਆਪੋ-ਬਣੇ, ਆਪੋ ਥੋਪੇ ਪ੍ਰਚਾਰਕ।
ਤੁਸੀਂ ਸਿੱਖ ਪ੍ਰਚਾਰਕਾਂ ਦੀ ਹਾਲਤ ਭਾਰਤ ਦੇ ਟਰੱਕ ਡਰਾਇਵਰਾਂ ਨਾਲ ਮਿਲਾ ਕੇ ਦੇਖ ਸਕਦੇ ਹੋ।95 ਫ਼ੀਸਦੀ ਡਰਾਇਵਰ ਕੋਈ ਟੈਸਟ ਪਾਸ ਕੀਤਿਆਂ ਬਗੈਰ, ਕੋਈ ਸਕੂਲੀ ਡਰਾਇਵਰ ਸਿਖਲਾਈ ਲਏ ਬਿਨਾਂ ਹੀ ਡਰਾਇਵਰ ਬਣ ਜਾਂਦੇ ਹਨ।ਜ਼ਿਆਦਾਤਰ ਕਲੀਨਰ ਤੋਂ ਹੀ ਡਰਾਇਵਰ ਬਣੇ ਹੁੰਦੇ ਹਨ ਜਿਸ ਲਈ ਕੇਵਲ ਇੱਕੋ ਟੈਸਟ ਪਾਸ ਕਰਨਾ ਹੁੰਦਾ ਹੈ, ਉਹ ਹੁੰਦਾ ਹੈ ਡਰਾਇਵਰ ਦੀ ਸੇਵਾ (ਖੁਸ਼ਾਮਦ) ਦਾ।ਸਿੱਖ ਪ੍ਰਚਾਰਕ ਬਣਨ ਲਈ ਵੀ ਕਿਸੇ ਤਰ੍ਹਾਂ ਦੀ ਕੋਈ ਯੋਗਤਾ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਕਿਸੇ ਟ੍ਰੇਨਿੰਗ ਦੀ ਜ਼ਰੂਰਤ ਹੈ। ਵੈਸੇ ਡਰਾਈਵਰਾਂ ਨੂੰ ਲਾਇਸੈਂਸ ਤਾਂ ਲੈਣਾ ਹੀ ਪੈਂਦਾ ਹੈ, ਪਰ ਇਥੇ ਤਾਂ ਉਸਦੀ ਵੀ ਲੋੜ ਨਹੀਂ।ਇੱਥੋਂ ਤੱਕ ਕਿ ਅੱਜ ਚਪੜਾਸੀ ਦੀ ਨੌਕਰੀ ਲਈ ਵੀ ਘੱਟੋ ਘੱਟ ਯੋਗਤਾ ਦੀ ਜ਼ਰੂਰਤ ਹੁੰਦੀ ਹੈ।ਪਰ ਸਿੱਖ ਪ੍ਰਚਾਰਕ ਲਈ ਅਜਿਹੀ ਕੋਈ ਰੁਕਾਵਟ ਨਹੀਂ ਹੈ।ਇਹ ਵੀ ਮਾਅਨੇ ਨਹੀਂ ਰੱਖਦਾ ਕਿ ਜੋ ਇੱਕ ਪ੍ਰਚਾਰਕ ਆਮ ਸਿੱਖਾਂ ਨੂੰ ਗੁਰਮਤਿ ਦੇ ਨਾਮ ‘ਤੇ ਸਮਝਾ ਰਿਹਾ ਹੈ, ਉਹ ਉਸਨੇਖੁਦ ਕਿੱਥੋਂ ਸਿੱਖਿਆ ਹੈ ਅਤੇ ਕਿਉਂ ਸਮਝਦਾ ਹੈ ਕਿ ਜੋ ਉਹ ਆਖ ਰਿਹਾ ਹੈ, ਉਹ ਬਿਲਕੁਲ ਸਹੀ ਹੈ।ਜਿਸ ਤਰ੍ਹਾਂ ਅਨਟਰੇਂਡ ਟਰੱਕ, ਕਾਰ, ਬੱਸ, ਦੋ ਪਹੀਆ ਵਾਹਨਾਂ ਦੇ ਡਰਾਇਵਰਾਂ ਦੀ ਵਜ੍ਹਾ ਨਾਲ ਭਾਰਤ ਵਿਚ ਸਾਲਾਨਾ ਸਵਾ ਲੱਖ ਤੋਂ ਵੱਧ ਲੋਕ ਆਪਣੀ ਮੰਜ਼ਿਲ ਉੱਪਰ ਪਹੁੰਚਣ ਤੋਂ ਪਹਿਲਾਂ ਹੀ ਸੜਕ ਹਾਦਸਿਆਂ ਵਿਚ ਮਾਰੇ ਜਾਂਦੇ ਹਨ।ਬਿਲਕੁਲ ਉਸੇ ਤਰ੍ਹਾਂ ਹੀ ਇਨ੍ਹਾਂ ਪ੍ਰਚਾਰਕਾਂ ਦੀ ਵਜ੍ਹਾ ਨਾਲ ਕਈ ਲੱਖ ਸਿੱਖ ਮਨ, ਸਿੱਖੀ ਦੇ ਰਸਤੇ ‘ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਕਦੇ ਵੀ ਨਾਨਕ ਦੀ ਦੱਸੀ ਹੋਈ ਮੰਜ਼ਿਲ ‘ਤੇ ਨਹੀਂ ਪਹੁੰਚਦੇ।ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਜਗਤ ਉੱਚੇ ਮਿਆਰ ਦੇ ਬਹੁਤੇ ਪ੍ਰਚਾਰਕ ਪੈਦਾ ਨਹੀਂ ਕਰ ਸਕਿਆ, ਭਾਵੇਂ ਕਾਰਨ ਕੁਝ ਵੀ ਰਹੇ ਹੋਣ। ਪ੍ਰਚਾਰਕਾਂ ਦੀ ਥਾਂ ਸ਼ਾਇਦ ਲੰਬੇ ਸਮੇਂ ਤੋਂ ਡੇਰੇਦਾਰਾਂ ਨੇ ਮੱਲ ਰੱਖੀ ਹੈ।ਪਰ ਫ਼ਿਰ ਵੀ ਅੱਜ ਕੁਝ ਕੁ ਗਿਣੇ ਚੁਣੇ ਪ੍ਰਚਾਰਕ ਮੌਜੂਦ ਹਨ ਜੋ ਤੱਤ ਗੁਰਮਤਿ ਦਾ ਪ੍ਰਚਾਰ ਨਿਰਭਉ ਹੋ ਕੇ ਕਰ ਰਹੇ ਹਨ।ਇਹ ਇਸ ਕਾਬਲ ਵੀ ਹਨ ਕਿ ਨਾਨਕ ਦਾ ਸੁਨੇਹਾ ਸਮਝਣ ਦੀ ਤਾਂਗ ਰੱਖਣ ਵਾਲੇ ਸਿੱਖਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਸਕਦੇ ਹਨ ਜਾਂ ਘੱਟੋ ਘੱਟ ਸਿੱਖ ਨੂੰ ਇਸ ਕਾਬਲ ਬਣਾ ਸਕਦੇ ਹਨ ਕਿ ਉਹ ਖੁਦ ਗੁਰਬਾਣੀ ਪੜ੍ਹਕੇ ਇਸ ਨੂੰ ਸਮਝਣਯੋਗ ਬਣ ਜਾਵੇ।
ਪਰ ਹੈਰਾਨੀ ਦੀ ਗੱਲ ਹੈ ਕਿ ਬਹੁਤੇ ਸਿੱਖ ਇਸ ਗੱਲ ਵਿਚ ਤਾਂ ਦਿਲਚਸਪੀ ਰੱਖਦੇ ਹਨ ਕਿ ਹਰ ਰੋਜ਼ ਗੁਰਦੁਆਰੇ ਜਾ ਕੇ ਜਾਂ ਸਵੇਰੇ ਟੈਲੀਵਿਜ਼ਨ ਉੱਪਰ ਗੁਰਬਾਣੀ ਦੀ ਵਿਆਖਿਆ (ਕਥਾ) ਸੁਣਨੀ ਹੈ।ਪਰ ਇਸ ਗੱਲ ਨਾਲ ਉਨ੍ਹਾਂ ਨੂੰ ਬਹੁਤਾ ਫ਼ਰਕ ਨਹੀਂ ਪੈਂਦਾ ਕਿ ਕਥਾ ਕਰ ਕੌਣ ਰਿਹਾ ਹੈ। ਸਾਡਾ ਜੇਕਰ ਚਾਰ ਦਿਨ ਜ਼ੁਕਾਮ ਠੀਕ ਨਾ ਹੋਵੇ ਤਾਂ ਅਸੀਂ ਪੰਜ ਜਣਿਆਂ ਨੂੰ ਫ਼ੋਨ ਕਰਕੇ ਵਧੀਆ ਡਾਕਟਰ ਦੀ ਭਾਲ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੀਰ ਦਾ ਇਲਾਜ਼ ਵਧੀਆ ਤੋਂ ਵਧੀਆ ਡਾਕਟਰ ਕਰੇ।ਜਦੋਂਕਿ ਐਮਬੀਬੀਐਸ ਤਾਂ ਹਰ ਡਾਕਟਰ ਨੇ ਕੀਤੀ ਹੁੰਦੀ ਹੈ, ਫ਼ਿਰ ਵੀ ਸਾਨੂੰ ਅਜਿਹੇ ਡਾਕਟਰ ਦੀ ਭਾਲ ਰਹਿੰਦੀ ਹੈ ਜਿਸ ਦੀ ਦੱਸੀ ਦਵਾਈ ਬਿਮਾਰੀ ‘ਤੇ ਅਸਰ ਕਰੇ।ਆਪਣੇ ਬੱਚੇ ਦਾ ਸਕੂਲ ਵਿਚ ਦਾਖ਼ਲਾ ਕਰਵਾਉਣ ਤੋਂ ਪਹਿਲਾਂ ਉਸ ਸਕੂਲ ਦਾ ਰਿਜ਼ਲਟ ਚੈੱਕ ਕਰਦੇ ਹਾਂ, ਅਧਿਆਪਕਾਂਦੀ ਕਾਬਲੀਅਤ ਦਾ ਵੀ ਪਤਾ ਕਰਦੇ ਹਾਂ। ਇੱਥੋਂ ਤੱਕ ਕਿ ਸਿਰੇ ਦੇ ਸਕੂਲ/ਕਾਲਜ ਵਿਚ ਦਾਖ਼ਲੇ ਲਈ ਮੰਤਰੀਆਂ ਦੀਆਂ ਸਿਫ਼ਾਰਿਸ਼ਾਂ ਵੀ ਲਗਵਾ ਦਿੰਦੇ ਹਾਂ ਜਦੋਂਕਿ ਹਰ ਸਕੂਲ ਕਾਲਜ ਵਿਚ ਸਿਲੇਬਸ ਅਤੇ ਕਿਤਾਬਾਂ ਲਗਭਗ ਇੱਕੋ ਜਿਹੀਆਂ ਹੀ ਹੁੰਦੀਆਂ ਹਨ।ਫ਼ਿਰ ਵੀ ਇੱਕ ਚੰਗੇ ਅਦਾਰੇ ਵਿਚ ਦਾਖ਼ਲੇ ਲਈ ਮਾਰਾ-ਮਾਰੀ ਕਿਉਂ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਧਿਆਪਕ ਨੂੰ ਖੁਦ ਵਿਸ਼ੇ ਦੀ ਪੂਰੀ ਸਮਝ ਹੋਵੇ ਅਤੇ ਸਮਝਾਉਣ ਦਾ ਸਹੀ ਤਰੀਕਾ ਹੋਵੇ। ਅਧਿਆਪਕ ਦੀ ਮੰਸ਼ਾ ਹੋਵੇ ਕਿ ਮੇਰਾ ਵਿਦਿਆਰਥੀ ਜਿੰਦਗੀ ਵਿਚ ਕਾਮਯਾਬ ਹੋਵੇ। ਤਾਂ ਕਿਤੇ ਜਾ ਕੇ ਵਿਧਿਆਰਥੀ ਵਿਸ਼ੇ ਨੂੰ ਸਹੀ ਤਰਾਂ ਨਾਲ ਸਮਝਣ ਅਤੇ ਜ਼ਿੰਦਗੀ ਵਿਚ ਇਸ ਦਾ ਢੁਕਵਾਂ ਇਸਤੇਮਾਲ ਕਰਨ ਦੇ ਯੋਗ ਹੋਵੇਗਾ।
ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਅਸੀਂ ਸਿੱਖੀ ਦੇ ਸਬਜੈਕਟ ਵਿੱਚੋਂ ਪਾਸ ਹੋਣ ਲਈ, ਨਾਨਕ ਦੀ ਫ਼ਿਲਾਸਫ਼ੀ ਸਮਝਣ ਲਈ, ਉਸ ਸਿਰਜਣਹਾਰ ਨਾਲ ਜੁੜਨ ਵਰਗੇ ਗਹਿਰੇ ਵਿਸ਼ੇ ਲਈ ਅਸੀਂ ਅਧਿਆਪਕ (ਪ੍ਰਚਾਰਕ) ਬਾਰੇ ਥੋੜ੍ਹੀ ਜਿਹੀ ਵੀ ਪੁੱਛ-ਪੜਤਾਲ ਜਾਂ ਰਿਸਰਚ ਨਹੀਂ ਕਰਦੇ।ਇਹ ਨਹੀਂ ਜਾਂਚਦੇ ਕਿ ਇਸ ਨੂੰ ਖੁਦ ਵਿਸ਼ੇ ਦੀ ਕਿੰਨੀ ਕੁ ਸਮਝ ਹੈ? ਕੀ ਇਸ ਨੂੰ ਸਮਝਾਉਣ ਦਾ ਸਲੀਕਾ ਹੈ ਅਤੇ ਕੀ ਇਹਸੱਚਮੁਚ ਚਾਹੁੰਦਾ ਹੈ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਬਣੀਏ ਅਤੇ ਕੀ ਇਸਦਾ ਖ਼ੁਦ ਦਾ ਕਿਰਦਾਰ ਥੋੜਾ ਬਹੁਤਾ ਅਜਿਹਾ ਹੈ ਜਿਹੋ-ਜਿਹਾ ਸਚਿਆਰ ਮਨੁੱਖ ਨਾਨਕ ਪਾਤਸ਼ਾਹ ਸਾਨੂੰ ਬਣਾਉਣਾ ਚਾਹੁੰਦੇ ਹਨ।ਕਮਾਲ ਦੀ ਗੱਲ ਹੈ ਕਿ 2+2 ਸਿਖਾਉਣ ਲਈ ਚੋਟੀ ਦੇ ਮਾਸਟਰ ਦੀ ਭਾਲ ਪਰ ਸਾਡੇ ਮਨ ਦੀਆਂ ਗੁੰਝਲਾਂ ਸੁਲਝਾਉਣ ਵਾਲੇ ਵਿਸ਼ੇ ਲਈ ਕੇਵਲ ਲੰਬੀ ਦਾੜ੍ਹੀ, ਵੱਡੀ ਦਸਤਾਰ ਅਤੇ ਚਿੱਟਾ ਚੋਲਾ ਪਾਈ ਬੈਠਾ ਕੋਈ ਵੀ ਵਿਅਕਤੀ? ਜ਼ੁਕਾਮ ਠੀਕ ਕਰਵਾਉਣ ਲਈ ਚੋਟੀ ਦਾ ਡਾਕਟਰ ਪਰ ਆਪਣਾ ਮਨ ਠੀਕ ਕਰਵਾਉਣ ਲਈ ਸਰਕਾਰੀ ਚੈਨਲ ਅਤੇ ਯੂ-ਟਿਊਬ ‘ਤੇ ਬੈਠਾ ਕੋਈ ਵੀ ਫਰਜ਼ੀ ਪ੍ਰਚਾਰਕ?
ਉਕਤ ਦਲੀਲ ਉੱਪਰ ਕਈ ਸੱਜਣ ਇਹ ਤਰਕ ਦਿੰਦੇ ਹਨ ਕਿ ਮੰਨਿਆ ਫਲਾਣਾ ਪ੍ਰਚਾਰਕ ਵਿਆਖਿਆ ਕਰਦਾ ਕਰਦਾ ਯੋਗਾ ਕਰਵਾਉਣ ਲੱਗ ਪੈਂਦਾ ਹੈ ਜਾਂ ਬ੍ਰਾਹਮਣੀ ਦੇਵਤਿਆਂ ਦੀ ਉਪਮਾ ਕਰਨ ਪੈਂਦਾ ਹੈ ਪਰ ਦੇਖੋ ਜੀ, ਬਹੁਤ ਕੁਝ ਚੰਗਾ ਵੀ ਤਾਂ ਦੱਸਦਾ ਹੈ।ਇਸ ਨੂੰ ਇੰਜ ਸਮਝੀਏ ਕਿ ਜੇ ਸਾਨੂੰ ਕੋਈ ਕਹੇ ਕਿ ਤੁਸੀਂ ਆਪਣੇ ਬੱਚੇ ਨੂੰ ਫ਼ਲਾਣੇ ਅਧਿਆਪਕ ਕੋਲ ਟਿਊਸ਼ਨ ਲਈ ਭੇਜੋ। ਉਹ ਭਾਵੇਂ ਬੱਚਿਆਂ ਨੂੰ ਕਦੇ-ਕਦਾਈਂ ਸਿਗਰਟ ਦਾ ਸੂਟਾ ਲਗਵਾ ਦਿੰਦੈ ਪਰ ਸਾਇੰਸ ਬੜੇ ਵਧੀਆ ਤਰੀਕੇ ਨਾਲ ਪੜ੍ਹਾਉਂਦੈ।ਕੀ ਤੁਸੀਂ ਅਜਿਹੇ ਅਧਿਆਪਕ ਕੋਲ ਆਪਣੇ ਬੱਚੇ ਨੂੰ ਪੜ੍ਹਨ ਲਈ ਭੇਜੋਗੇ? ਕੀ ਤੁਸੀਂ ਅਜਿਹੇ ਡਰਾਇਵਰ ਨਾਲ ਸਫ਼ਰ ਕਰਨਾ ਪਸੰਦ ਕਰੋਗੇ ਜੋ ਗੱਡੀ ਬੜੀ ਵਧੀਆ ਚਲਾਉਂਦਾ ਹੋਵੇ ਪਰ ਅਕਸਰ ਗ਼ਲਤ ਰਸਤੇ ਲੈ ਜਾਂਦਾ ਹੋਵੇ।
ਕਿਸੇ ਵੀ ਪ੍ਰਚਾਰਕ ਅੱਗੇ ਸਿਰ ਸੁੱਟ ਕੇ ਗੁਰਬਾਣੀ ਵਿਆਖਿਆ ਸੁਣਨ ਦੇ ਦੋ ਹੀ ਮਤਲਬ ਹੋ ਸਕਦੇ ਹਨ।ਪਹਿਲਾ, ਪ੍ਰਚਾਰਕ ਦੀ ਪਰਖ ਕਰਨ ਬਾਰੇ ਕਦੇ ਸੋਚਿਆ ਹੀ ਨਹੀਂ ਅਤੇ ਜਾਂ ਫ਼ਿਰ ਵਿਆਖਿਆ/ਕਥਾ ਸੁਣਨੀ ਵੀ ਇੱਕ ਕਰਮ ਕਾਂਡ ਬਣਾ ਲਿਆ ਹੈ ਕਿ ਸ਼ਾਇਦ ਇੰਜ ਕਰਨ ਨਾਲ ਹੀ ਪਾਰ ਉਤਾਰਾ ਹੋ ਜਾਵੇ।ਮੁੱਕਦੀ ਗੱਲ ਹੈ ਕਿ ਗੁਰਬਾਣੀ ਦੀਆਂ ਪੰਕਤੀਆਂ ਅਤੇ ਕਈ ਸਿਧਾਂਤ ਬਹੁਤ ਬਾਰੀਕੀ ਵਿਚਾਰ ਅਤੇ ਧਿਆਨ ਮੰਗਦੇ ਨੇ ਜਿਸ ਨੂੰ ਸਮਝਣ ਲਈ ਅਧਿਆਪਕ ਦਾ ਕਾਬਲ ਹੋਣਾ ਬਹੁਤ ਜ਼ਰੂਰੀ ਹੈ।ਨਹੀਂ ਤਾਂ ਅੰਤ ਵਿਚ ਸਮਾਂ ਵੀ ਬਰਬਾਦ ਹੋਵੇਗਾ ਅਤੇ ਨਾਨਕ ਦੇ ਐਸੇ ਗਿਆਨ ਤੋਂ ਵੀ ਵਾਂਜੇ ਰਹਿ ਜਾਂਵਾਂਗੇ ਜੋ ਇਕ ਖੁਸ਼ਹਾਲ ਅਤੇ ਕਾਮਯਾਬ ਜਿੰਦਗੀ ਜਿਉਣ ਲਈ ਅਜਮਾਇਆ ਹੋਇਆ ਕਾਮਯਾਬ ਨੁਸਖਾ ਹੈ।
ਮੈਂ ਹਾਲੇ ਇਸ ਕਾਬਲ ਨਹੀਂ ਕਿ ਇਹ ਮਸ਼ਵਰਾ ਦੇ ਸਕਾਂ ਕਿ ਕਿਸ ਪ੍ਰਚਾਰਕ ਨੂੰ ਸੁਣੋ ਅਤੇ ਕਿਸ ਨੂੰ ਨਹੀਂ।
ਮੇਰੀ ਬੱਸ ਇਹੋ ਬੇਨਤੀ ਹੈ ਕਿ ਘੱਟੋ ਘੱਟ ਕਿਸੇ ਵੇਲੇ ਜੇ ਚੰਗੇ ਪ੍ਰਚਾਰਕ ਨੂੰ ਸੁਣਨ ਦਾ ਸਬੱਬ ਨਾ ਬਣੇ ਤਾਂ ਮਾੜੇ ਪ੍ਰਚਾਰਕ ਨੂੰ ਸੁਣਨ ਨਾਲੋਂ ਡਿਸਕਵਰੀ ਜਾਂ ਐਨੀਮਲ ਪਲੈਨਟ ਵਰਗਾ ਚੈਨਲ ਹੀ ਦੇਖ ਲਿਆ ਕਰੋ ਤਾਕਿ ਕਰਤੇ ਦੀ ਬਣਾਈ ਇਸਅਦਭੁਤ ਦੁਨੀਆਂ ਦੇਖ ਕੇ ਉਸ ਦੀ ਮਹਾਨਤਾ ਦਾ ਅਹਿਸਾਸ ਹੋ ਸਕੇ।ਹਾਂ, ਇੱਕ ਗੱਲ ਪੱਕੀ ਹੈ ਕਿ ਅੱਜ ਜਦੋਂ ਸਾਡੀਆਂ ਸ਼੍ਰੋਮਣੀ ਕਮੇਟੀਆਂ, ਤਖ਼ਤ ਅਤੇ ਟੀਵੀ ਚੈਨਲਾਂ ਉੱਪਰ ਬਿਪਰਨ ਦਾ ਕਬਜ਼ਾ ਹੋ ਚੁੱਕਾ ਹੈ ਤਾਂ ਘੱਟੋ ਘੱਟ ਇਨ੍ਹਾਂ ਦੇ ਕਬਜ਼ੇ ਵਾਲੇ ਗੁਰਦੁਆਰਿਆਂ ਅਤੇ ਚੈਨਲਾਂ ‘ਤੇ ਬੈਠੇ ਪ੍ਰਚਾਰਕ ਤਾਂ ਸ਼ੱਕ ਦੇ ਘੇਰੇ ਵਿਚ ਆ ਹੀ ਜਾਂਦੇ ਨੇ।
ਮਨਿੰਦਰ ਸਿੰਘ ਕੈਨੇਡਾ
terahukum@gmail.com
13 ਫ਼ਰਵਰੀ, 2018
