ਦੁਨਿਆਵੀ ਸਕੂਲ ਵਿਚ ਕਈ ਵਿਸ਼ੇ ਅਜਿਹੇ ਹੁੰਦੇ ਨੇ ਜਿਨ੍ਹਾਂ ਵਿਚ ਸਿਰਫ ਥਿਊਰੀ ਹੁੰਦੀ ਹੈ ਅਤੇ ਕਈਆਂ ਵਿਚ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਵੀ ਹੁੰਦਾ। ਸਮਾਜਿਕ ਸਿਖਿਆ, ਭਾਸ਼ਾ ਆਦਿ ਦੇ ਵਿਸ਼ੇ ਸੌ ਫ਼ੀਸਦੀ ਥਿਊਰੀ ਦੀ ਵਿਸ਼ੇ ਹਨ। ਸਾਇੰਸ ਵਰਗੇ ਸਬਜੈਕਟ ਵਿਚ 25-50 ਫੀਸਦੀ ਪ੍ਰੈਕਟੀਕਲ ਹੁੰਦਾ, ਬਾਕੀ ਥਿਊਰੀ। ਸਰੀਰਕ ਸਿਖਿਆ ਦਾ ਸਬਜੈਕਟ 75% ਪ੍ਰੈਕਟੀਕਲ ਹੁੰਦਾ ਬਾਕੀ ਥਿਊਰੀ।
ਉਸੇ ਤਰਾਂ ਰੂਹਾਨੀ ਸਕੂਲ ਦੀ ਗੱਲ ਕਰੀਏ ਤੇ ਗੱਲ ਕਰੀਏ ਬਾਬੇ ਨਾਨਕ ਦੀ ਸਿੱਖੀ ਦੀ, ਤਾਂ ਇਹ ਇਕ ਵਾਰ ਥਿਊਰੀ ਸਮਝ ਲੈਣ ਤੋਂ ਬਾਅਦ 100% ਪ੍ਰੈਕਟੀਕਲ ਹੀ ਹੈ। ਕੁਲ ਮਿਲਾਕੇ ਵੀ ਦੇਖੀਏ ਤਾਂ 25% ਥਿਊਰੀ ਸਮਝਣ ਦਾ ਕੰਮ ਹੈ ਬਾਕੀ 75% ਸਾਰੀ ਜਿੰਦਗੀ ਉਸ ਥਿਊਰੀ ਨੂੰ ਦਿਮਾਗ ਵਿਚ ਬੈਠਾ ਕੇ ਜਿੰਦਗੀ ਜਿਉਣ ਦਾ ਕੰਮ ਹੈ। ਇਹ ਗੱਲ ਵੱਖ ਹੈ ਕਿ ਪ੍ਰੈਕਟੀਕਲ ਤਾਂ ਦੂਰ ਦੀ ਗੱਲ, ਥਿਊਰੀ ਨੂੰ ਸਮਝਣਾ ਵੀ ਨੇੜੇ ਤੇੜੇ ਨਹੀਂ, ਅਸੀਂ ਹਜੇ ਥਿਊਰੀ ਨੂੰ ਮੱਥਾ ਟੇਕਣ ਜਾਂ ਬਿਨਾ ਸਮਝੇ ਇਸ ਨੂੰ ਰੱਟੇ ਮਾਰਨ ਨੂੰ, ਸਿੱਖੀ ਸਮਝ ਰੱਖਿਆ।
ਖੈਰ, ਬਾਬੇ ਨਾਨਕ ਦੀ ਸਿੱਖੀ ਸਾਨੂੰ ਰੂਹਾਨੀਅਤ ਦੇ ਜਿਸ ਮੁਕਾਮ ਤੇ ਪਹੁੰਚਾਉਣਾ ਚਾਹੁੰਦੀ ਹੈ, ਓਥੇ ਅੱਪੜਨ ਲਈ ਆਪਣੇ ਮਨ ਨੂੰ ਤਿਆਰ ਕਰਨਾ ਪੈਂਦਾ ਹੈ, ਮਨ ਗੁਰੂ ਦੇ ਹਵਾਲੇ ਕਰਨਾ ਪੈਂਦਾ ਹੈ ਤਾਂ ਜੋ ਉਹ ਉਸਨੂੰ ਜ਼ਰੂਰਤ ਮੁਤਾਬਿਕ ਘੜ ਸਕੇ, ਸਾਨੂੰ ਸਚਿਆਰ ਬਣਾ ਸਕੇ। ਜੋ ਜੋ ਗੁਰੂ ਹੁਕਮ ਕਰਦਾ ਜਾਂਦਾ ਹੈ, ਉਸਨੂੰ ਮੰਨ ਕੇ ਜਿੰਨੀ ਜਲਦੀ ਉਸ ਉੱਪਰ ਤੁਰ ਪਵਾਂਗੇ ਓਨੀ ਜਲਦੀ ਮੁਕਾਮ ਤੇ ਪਹੁੰਚਾਂਗੇ। ਇਸ ਸਫ਼ਰ ਦੌਰਾਨ ਕਈ ਵਾਰ ਪਾਤਸ਼ਾਹ ਮਨ ਨੂੰ ਅਜਿਹਾ ਕੁਝ ਕਰਨ ਨੂੰ ਕਹਿੰਦੇ ਨੇ ਜੋ ਸਾਡੀ ਦੁਨਿਆਵੀ ਸਮਝ ਦੇ ਬਿਲਕੁਲ ਉਲਟ ਹੁੰਦਾ ਹੈ ਤੇ ਉਸਨੂੰ ਛੱਡ ਕੇ ਬਾਬੇ ਨਾਨਕ ਦੇ ਰਾਹ ਤੁਰਨਾ ਬੜਾ ਔਖਾ ਲਗਦਾ ਹੈ ਤੇ ਅਕਸਰ ਗੁਰੂ ਦੇ ਰਾਹ ਤੋਂ ਮੁਨਕਰ ਹੋਕੇ ਦੁਨਿਆਵੀ ਰਾਹ ‘ਤੇ ਹੀ ਅਸੀਂ ਗੱਡੀ ਤੋਰੀ ਰੱਖਦੇ ਹਾਂ।
ਅਜਿਹਾ ਹੀ ਇਕ ਔਖਾ ਕੰਮ, ਇਕ ਐਸੀ ਔਖੀ ਸ਼ਰਤ ਪੂਰੀ ਕਰਨੀ ਪੈਂਦੀ ਹੈ ਸਚਿਆਰ ਬਣਨ ਲਈ , ਪਰਮ-ਗਤ ਪਾਉਣ ਲਈ, ਮਹਾਂ-ਆਨੰਦ ਦੇ ਮੁਕਾਮ ਤੇ ਪਹੁੰਚਣ ਲਈ। ਅੱਜ ਦੇ ਲੇਖ ਵਿਚ ਉਸੇ ਸ਼ਰਤ ਦੀ ਮੈਂ ਗੱਲ ਕਰਨ ਲੱਗਾ ਹਾਂ।
ਇਹ ਸ਼ਰਤ ਹੈ ਉਸ ਮਾਲਿਕ ਦੀ ਬਣਾਈ ਸ੍ਰਿਸ਼ਟੀ ਵਿਚ ਹੋਂਦ ਪੱਖੋਂ ਭੇਦ ਭਾਵ ਨਾ ਕਰਨ ਦੀ। ਇਕ ਇਨਸਾਨ ਨਾਲ ਤੁਸੀਂ ਉਸਦੇ ਮਾੜੇ ਕੰਮਾਂ ਕਰਕੇ ਉਸਤੋਂ ਦੂਰੀ ਬਣਾਈ ਰੱਖਦੇ ਹੋ, ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਦੇ, ਅਜਿਹਾ ਕਰਨਾ ਕੋਈ ਮਾੜਾ ਨਹੀਂ। ਪਰ ਜੇ ਰਿਸ਼ਤਾ ਇਸ ਲਈ ਨਹੀਂ, ਦੋਸਤੀ, ਕਾਮ ਕਾਜ ਦੀ ਸਾਂਝ ਇਸ ਲਈ ਨਹੀਂ ਕਿ ਉਸਦਾ ਉਸਦੀ ਜਾਤ, ਨਸਲ, ਰੰਗ, ਬੋਲੀ ਮੇਰੇ ਤੋਂ ਨੀਵਾਂ ਹੈ ਤਾਂ ਇਹ ਨਾਨਕ ਨੂੰ ਮਨਜ਼ੂਰ ਨਹੀਂ। ਭਾਵ ਮਨ ਵਿਚ ਇਹ ਬੈਠਿਆ ਹੋਇਆ ਹੈ ਕਿ ਪਰਮਾਤਮਾ ਨੇ ਮੈਨੂੰ ਉੱਚਾ ਤੇ ਕਿਸੇ ਹੋਰ ਨੂੰ ਨੀਵਾਂ, ਘਟੀਆ ਜਾਂ ਨੀਚ ਬਣਾਇਆ ਹੈ ਤਾਂ ਇਹ ਰਾਹ ਨਾਨਕ ਦੇ ਰਾਹ ਤੋਂ ਬਿਲਕੁਲ ਉਲਟੇ ਪਾਸੇ ਜਾਂਦਾ ਹੈ। ਕਿਓਂਕਿ ਉਸਦੀ ਰਚਨਾ ਨੂੰ ਇਕ ਸਮਝਣਾ ਨਾਨਕ ਪਾਤਸ਼ਾਹ ਦੀ ਸਿੱਖੀ ਵਿਚ Non-Negotiable ਹੈ, ਗੈਰ ਸਮਝੌਤਾਯੋਗ ਹੈ। ਮੇਰੀ ਗੱਲ ਤੇ ਯਕੀਨ ਨਹੀਂ ਤਾਂ ਗੁਰਬਾਣੀ ਵਿਚੋਂ ਹੀ ਪ੍ਰਮਾਣ ਲੈਕੇ ਸਮਝ ਲੈਂਦੇ ਹਾਂ।
1. ੴ
ਨਾਨਕ ਪਾਤਸ਼ਾਹ ਨੇ ੴ ਲਿਖ ਕੇ ਇਹ ਸਾਫ ਕਰ ਦਿੱਤਾ ਕਿ ਇਸ ਸੰਸਾਰ ਦਾ ਇਕ ਹੀ ਮਾਲਿਕ ਹੈ। ਇਕੋ ਸ਼ਕਤੀ ਦੀ ਹੀ ਸਾਰੀ ਉਪਜ ਹੈ। ਨਾ ਰਬ ਦੋ ਨੇ, ਨਾ ਤਿਨ। ਨਾ ਰਬ ਦਾ ਕੋਈ ਇਨਸਾਨ ਵਰਗਾ ਰੂਪ ਹੈ, ਕਿ ਕੋਈ ਉਸਦੇ ਮੂੰਹ ਵਿਚੋਂ ਨਿਕਲ ਕੇ ਆਇਆ ਹੋਵੇ ਤੇ ਕੋਈ ਉਸਦੇ ਪੈਰ ਵਿਚੋਂ। ਉਸਦੇ ਸਿਰਜਣ ਵਿਚ ਕੋਈ ਊਚ ਨੀਚ ਨਹੀਂ। ਇਕ ਮਤਲਬ ਇਕ। ਕੋਈ ਉਸਦੇ ਵਲੋਂ ਮੰਦਾ ਨਹੀਂ, ਕੋਈ ਚੰਗਾ ਨਹੀਂ। ਕੋਈ ਕੌਮ ਘੱਟ ਨਹੀਂ, ਕੋਈ ਵੱਧ ਨਹੀਂ। ਕੋਈ ਜਮੀਨ ਮਾੜੀ ਨਹੀਂ, ਕੋਈ ਚੰਗੀ ਨਹੀਂ। ਕੋਈ ਖਿੱਤਾ ਮਾੜਾ ਨਹੀਂ, ਕੋਈ ਚੰਗਾ ਨਹੀਂ। ਕੋਈ ਮੌਸਮ ਚੰਗਾ ਨਹੀਂ, ਕੋਈ ਮਾੜਾ ਨਹੀਂ। ਨਾ ਕਿਸੇ ਨੂੰ ਚੰਗੀ ਮਿੱਟੀ ਨਾਲ ਬਣਾਇਆ, ਨਾ ਬਚੀ ਖੁਚੀ ਮਿਟੀ ਨਾਲ। ਨਾ ਕਿਸੇ ਨੂੰ ਰੀਝ ਨਾਲ, ਨਾ ਕਿਸੇ ਨੂੰ ਕਾਹਲੀ ਨਾਲ। ਉਹ ਇਕ, ਸਭ ਇਕ। ਉਸ ਨਾਲ ਇਕ ਹੋਣਾ ਹੀ ਸਾਡਾ ਟੀਚਾ ਹੈ ਤੇ ਉਸਦੀ ਬਣਾਈ ਸ੍ਰਿਸ਼ਟੀ ਵਿਚ ਆਪਣੇ ਆਪ ਨੂੰ ਉੱਚਾ ਤੇ ਕਿਸੇ ਹੋਰ ਨੂੰ ਨੀਵਾਂ ਸਮਝਕੇ ਇਸ ਟੀਚੇ ਨੂੰ ਪੂਰਾ ਕਰਨ ਬਾਰੇ ਅਸੀਂ ਸੋਚ ਵੀ ਕਿਵੇਂ ਸਕਦੇ ਹਾਂ।
2. ਹੁਕਮ
ਹੁਕਮ ਸਿੱਖੀ ਦਾ ਧੁਰਾ (Core, Foundation) ਹੈ। ਨਾਨਕ ਪਾਤਸ਼ਾਹ ਨੇ ਸਚਿਆਰ ਬਣਨ ਦਾ ਟੀਚਾ ਸਿੱਖ ਲਈ ਰਖਿਆ ਹੈ ਤੇ ਇਸ ਟੀਚੇ ਨੂੰ ਸਰ ਕਰਨ ਲਈ ਜੋ ਕੁੰਜੀ ਬਕਸ਼ੀ ਹੈ, ਉਹ ਹੈ- ਹੁਕਮ। ਸੌਖੀ ਭਾਸ਼ਾ ਵਿਚ ਹੁਕਮ ਉਹ ਨਿਯਮ ਹਨ ਜਿਸ ਨਾਲ ਕੁਦਰਤ ਚਲਦੀ ਹੈ। ਕੁਦਰਤ ਨੂੰ ਸਮਝਣ ਲਈ, ਦੁਨਿਆਵੀ ਜਿੰਦਗੀ ਚੜ੍ਹਦੀਕਲਾ ਨਾਲ ਜਿਉਣ ਲਈ, ਹੁਕਮ ਨੂੰ ਸਮਝ ਕੇ ਚਲਣਾ ਹੀ ਇਕ ਮਾਤਰ ਤਰੀਕਾ ਹੈ। ਨਾਨਕ ਪਾਤਸ਼ਾਹ ਨੇ ਹੁਕਮ ਦਾ Concept ਸਮਝਾਉਣ ਤੋਂ ਇਲਾਵਾ ਇਹ ਵੀ ਸਮਝਾਇਆ ਕਿ ਪਰਮਾਤਮਾ ਨਾਲ ਜੁੜਨ ਦਾ ਵੀ ਇਕ ਹੁਕਮ ਹੈ ਭਾਵ ਰਾਹ ਹੈ, ਜੁਗਤ ਹੈ, ਤਰੀਕਾ ਹੈ। ਇਹ ਜੁਗਤ ਸਮਝਾਉਣ ਲਈ ਹੀ ਸਾਡੇ ਗੁਰੂਆਂ ਨੇ ਆਪਣੇ ਜੀਵਨ, ਆਪਣੇ ਪਰਿਵਾਰ ਸਾਡੇ ਲੇਖੇ ਲਾ ਦਿੱਤੇ। ਇਹ ਪੂਰੀ ਜੁਗਤ ਗੁਰੂ ਗਰੰਥ ਸਾਹਿਬ ਵਿਚ ਬੜੇ ਪਿਆਰ, ਵਿਸਥਾਰ ਅਤੇ ਤਰਤੀਬ ਨਾਲ ਬਾਰ ਬਾਰ ਸਮਝਾਈ ਗਈ ਹੈ। ਥਾਂ ਥਾਂ ਤੇ ਇਸ ਜੁਗਤ ਲਈ ਜਰੂਰੀ ਨੁਕਤੇ ਪਿਰੋਏ ਪਏ ਹਨ। ਇਸੇ ਜੁਗਤ ਦਾ ਇਕ ਬੜਾ ਹੀ ਮੁਢਲਾ (foundational) ਨੁਕਤਾ/ਸ਼ਰਤ ਇਸ ਸ਼ਬਦ ਵਿਚ ਆਦੇਸ਼ ਕੀਤਾ ਗਿਆ ਹੈ :
ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ {ਪੰਨਾ 730}
ਗਲੀ= ਕਰਨੀ ਤੋਂ ਰਹਿਤ ਵਿਚਾਰ, ਜੋਗੁ= ਪਰਮਾਤਮਾ ਨਾਲ ਮੇਲ, ਇਕ ਦ੍ਰਿਸਟਿ ਕਰ= ਬਿਨਾ ਭੇਦ ਭਾਵ ਤੋਂ, ਸਮਸਰਿ= ਇਕ ਸਾਰ, ਇਕੋ ਜਿਹਾ, ਜਾਣੈ= ਆਪਣੇ ਮਨ ਅੰਦਰ ਬੈਠਾ ਲੈਣਾ, ਜੋਗੀ= ਪਰਮਾਤਮਾ ਨਾਲ ਜੁੜਿਆ ਹੋਇਆ, ਸੋਈ= ਉਸਨੂੰ
ਅਰਥ: ਸਿਰਫ ਗੱਲਾਂ ਕਰਨ ਨਾਲ ਪਰਮਾਤਮਾ ਨਾਲ ਮੇਲ ਨਹੀਂ ਹੋਣਾ। ਜੋ ਬਿਨਾ ਰੱਤੀ ਭਰ ਦੇ ਭੇਦ ਭਾਵ ਤੋਂ ਸਭ ਨੂੰ ਮਨੋਂ ਬਰਾਬਰ ਜਾਨਣ ਲਗ ਜਾਂਦਾ ਹੈ, ਸਿਰਫ ਉਸੇ ਨੂੰ ਜੋਗੀ ਭਾਵ ਪਰਮਾਤਮਾ ਨਾਲ ਮਿਲਿਆ ਹੋਇਆ ਕਹਿ ਸਕਦੇ ਹਾਂ।
ਭਾਵ: ਸਿਰਫ ਗੱਲਾਂ ਕਰਨੀਆਂ ਕਿ ਭੇਦ ਭਾਵ ਨਹੀਂ ਕਰਨਾ ਚਾਹੀਦਾ, ਜਾਤ-ਪਾਤ ਮਾੜੀ ਗੱਲ ਹੈ, ਇਸ ਵਿਸ਼ੇ ਉਪਰ ਲੇਖ ਲਿਖਣੇ, ਭਾਸ਼ਣ ਦੇਣੇ, ਵਿਚਾਰ ਗੋਸ਼ਟੀਆਂ ਕਰਨੀਆਂ, ਸਭ ਚੰਗਾ ਹੈ, ਪਰ ਇਸ ਨਾਲ ਪਰਮਾਤਮਾ ਨਾਲ ਜੋਗ ਨਹੀਂ ਹੋਣਾ, ਮੇਲ ਨਹੀਂ ਹੋਣਾ। ਜੋਗ ਹੋਵੇਗਾ ਇਹ ਗੱਲ ਮਨ ਵਿਚ ਚੰਗੀ ਤਰਾਂ ਬੈਠਾ ਲੈਣ ਨਾਲ, ਪੱਕੇ ਪੈਰੀਂ ਸੋਚ ਬਦਲ ਲੈਣ ਨਾਲ ਕਿ ਹਰ ਇਨਸਾਨ, ਹਰ ਜੀਵ, ਹਰ ਜੰਤ, ਹਰ ਨਿਰਜੀਵ ਉਸ ਪਰਮਾਤਮਾ ਦੀ ਉਤਪਤੀ ਹੈ। ਨਾ ਉਸਦੀ ਨਜ਼ਰ ਵਿਚ ਕੋਈ ਘੱਟ, ਨਾ ਕੋਈ ਵੱਧ। ਜਦ ਇਹ ਸੋਚ, ਕਰਨੀ ਵਿਚ ਬਦਲ ਜਾਵੇਗੀ, ਪ੍ਰਤੀ ਦਿਨ ਦੀ ਜਿੰਦਗੀ ਵਿਚ, ਕਾਰ ਵਿਹਾਰ ਵਿਚ, ਸਹਿਜ ਸੁਭਾਅ ਦਾ ਹਿੱਸਾ ਬਣ ਜਾਵੇਗੀ ਤਾਂ ਹੀ ਜੋਗ ਹੋ ਸਕਦੈ। ਇਸ ਬਿਨਾ ਨਹੀਂ। ਇਹ ਸ਼ਰਤ ਪੂਰੀ ਕਰਨੀ ਪਵੇਗੀ। ਨਹੀਂ ਤਾਂ ਬਸ ਗੱਲਾਂ ਹੀ ਪੱਲੇ ਰਹਿ ਜਾਣਗੀਆਂ।
ਇਕ, ਸਮਝਣ ਤੋਂ ਮਤਲਬ ਇਹ ਵੀ ਕਿ ਨਾ ਚਮੜੀ ਦੇ ਰੰਗ ਕਰਕੇ, ਨਾ ਨੈਣ ਨਕਸ਼ਾਂ ਕਰਕੇ, ਨਾ ਵਾਲਾਂ ਕਰਕੇ, ਨਾ ਸ਼ੈਤਾਨ ਲੋਕਾਂ ਵਲੋਂ ਬਣਾਏ ਜਾਤ-ਪਾਤ ਦੇ ਸਿਸਟਮ ਕਾਰਨ, ਆਪਣੇ ਆਪ ਨੂੰ ਕਿਸੇ ਤੋਂ ਵੱਡਾ ਤੇ ਨਾ ਕਿਸੇ ਤੋਂ ਘੱਟ ਸਮਝਣਾ ਹੈ।
ਕਾਨੜਾ ਮਹਲਾ ੫ ॥ ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥ {ਪੰਨਾ 1299}
ਭਾਵ: ਕਿਸੇ ਨੂੰ ਪਰਾਇਆ ਸਮਝਣ ਵਾਲੀ ਸੋਚ ਹੁਣ ਖਤਮ ਹੋ ਗਈ, ਬਿਸਰ ਗਈ। ਜਦੋਂ ਤੋਂ ਸਾਧਸੰਗਤਿ ਨਾਲ ਮੋਹ ਪਿਆ ਭਾਵ ਗੁਰੂ ਦੇ ਗਿਆਨ ਨਾਲ ਪਿਆਰ ਹੋਇਆ, ਉਸ ਉੱਪਰ ਅਮਲ ਕਰਨਾ ਸ਼ੁਰੂ ਕੀਤਾ, ਮੈਨੂੰ ਹੁਣ ਨਾ ਕੋਈ ਬੈਰੀ ਲਗਦੈ ਤੇ ਨਾ ਕੋਈ ਬਿਗਾਨਾ, ਸਭ ਆਪਣੇ ਹੀ ਲਗਦੇ ਨੇ, ਜਦੋਂ ਤੋਂ ਗੁਰੂ ਦੇ ਗਿਆਨ ਸਦਕਾ ਇਹ ਅਹਿਸਾਸ ਹੋਇਆ ਕਿ ਪਰਮਾਤਮਾ ਦੀ ਜੋ ਵੀ ਉਪਜ ਹੈ, ਉਹ ਚੰਗੀ ਹੈ। ਹੁਣ ਇਹ ਦੇਖ ਦੇਖ ਕਿ, ਅਹਿਸਾਸ ਕਰ-ਕਰ ਕੇ ਕਿ ਹਰ ਇਕ ਵਿਚ, ਜ਼ਰੇ-ਜ਼ਰੇ ਵਿਚ ਪਰਮਾਤਮਾ ਹੈ, ਮੈਨੂੰ ਖੇੜੇ ਦਾ ਅਨੁਭਵ ਹੁੰਦਾ ਹੈ।
3. ਦਇਆ
ਜਾਤ ਕਰਕੇ, ਨਸਲ ਕਰਕੇ ਕਿਸੇ ਨੂੰ ਘੱਟ ਜਾਂ ਮਾੜਾ ਸਮਝਣਾ, ਦੁਨਿਆ ਦੇ ਸਭ ਤੋਂ ਵੱਡੇ ਜ਼ੁਲਮਾਂ ਵਿਚੋਂ ਇਕ ਹੈ। ਕਿਸੇ ਦੇ ਹੱਥ ਦਾ ਜੂਠਾ ਨਾ ਪੀਣਾ, ਕਿਸੇ ਨੂੰ ਆਪਣੇ ਬਰਾਬਰ ਨਾ ਬੈਠਣ ਦੇਣਾ, ਕਿਸੇ ਨੂੰ ਜਾਤ ਕਰਕੇ ਇਨਸਾਫ ਨਾ ਦੇਣਾ, ਕੰਮ ਨਾ ਦੇਣਾ, ਕਿਸੇ ਦਾ ਸਿਰਫ ਜਾਤ ਕਰਕੇ ਆਪਣੇ ਘਰ ਰਿਸ਼ਤਾ ਨਾ ਕਰਨਾ, ਕਿਸੇ ਇਨਸਾਨ ਨਾਲ ਕੀਤਾ ਗਿਆ ਬਹੁਤ ਵੱਡਾ ਜ਼ੁਲਮ ਹੈ ਅਤੇ ਜ਼ੁਲਮ ਦਾ ਨਾਨਕ ਦੀ ਸਿੱਖੀ ਵਿਚ ਕੀ ਕੰਮ ? ਨਾਨਕ ਤਾਂ ਦਇਆ ਸਿਖਾਉਂਦੇ ਹਨ, ਦਇਆ ਤੇ ਸੰਤੋਖ ਦਾ ਰਿਸ਼ਤਾ ਸਮਝਾਉਂਦੇ ਹਨ। ਦਇਆ ਦੀ ਕਪਾਹ ਵਿੱਚੋ ਹੀ ਸੰਤੋਖ ਦਾ ਸੂਤ ਨਿਕਲਣਾ ਹੈ ਅਤੇ ਉਸੇ ਸੂਤ ਨੇ ਸਾਡੀਆਂ ਇੰਦਰੀਆਂ ਨੂੰ ਬੰਨ ਕੇ ਰੱਖਣਾ ਹੈ।
ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥
ਇਕ ਖਰੀ ਅਧਿਆਤਮਿਕਤਾ ਦਇਆ ਵਿਚੋਂ ਹੀ ਨਿਕਲਦੀ ਹੈ, ਜਿਸ ਕਾਰਨ ਪੈਦਾ ਹੋਇਆ ਸੰਤੋਖ ਇੰਦਰੀਆਂ ਨੂੰ ਕੂੜ ਵਲ ਨਹੀਂ ਜਾਣ ਦਿੰਦਾ। ਜੋ ਇਹ ਭੇਦ ਸਮਝ ਲਵੇ, ਇਸ ਉਪਰ ਅਮਲ ਕਰ ਲਵੇ ਤਾਂ ਸਚਿਆਰ ਬਣ ਜਾਂਦਾ ਹੈ। ਸੋ ਜਿਥੇ ਜਾਤ-ਪਾਤ ਉਥੇ ਜ਼ੁਲਮ ਅਤੇ ਜਿਥੇ ਜ਼ੁਲਮ ਓਥੇ ਦਇਆ ਨਹੀਂ ਅਤੇ ਜਿਥੇ ਦਇਆ ਨਹੀਂ ਓਥੇ ਨਾਨਕ ਨਹੀਂ।
4. ਮਜਲੂਮ ਨਾਲ ਖੜਨਾ
ਮਨੁੱਖ ਦਵਾਰਾ ਸਿਰਜੇ ਸਮਾਜ ਵਿਚ ਤਰਾਂ ਤਰਾਂ ਦੇ ਜ਼ੁਲਮ, ਭਾਂਤ ਭਾਂਤ ਦੇ ਜਾਲਿਮ ਅਤੇ ਬੇਅੰਤ ਤਰਾਂ ਦੇ ਮਜਲੂਮ ਨੇ। ਗੋਰਿਆਂ ਨੇ ਕਾਲਿਆਂ ਉਪਰ, ਰਾਜਿਆਂ ਨੇ ਪਰਜਾ ਉਪਰ, ਮਰਦ ਨੇ ਔਰਤ ਉਪਰ, ਅਮੀਰ ਨੇ ਗਰੀਬ ਉਪਰ, ਸਾਮਰਾਜਾਂ ਵਲੋਂ ਛੋਟੇ ਕਬੀਲਿਆਂ/ਦੇਸ਼ਾਂ ਉਪਰ, ਕਥਿਤ ਉੱਚੀਆਂ ਜਾਤਾਂ ਵਲੋਂ ਕਥਿਤ ਨੀਵੀਆਂ ਜਾਤਾਂ ਉਪਰ ਜ਼ੁਲਮਾਂ ਦੀ ਦਾਸਤਾਂ ਅੰਤਹੀਣ ਹੈ। ਜਾਲਿਮ ਤੇ ਮਜਲੂਮ ਦੀ ਇਸ ਲੜਾਈ ਵਿਚ ਦੇਖਣ ਵਾਲੀ ਗੱਲ ਇਹ ਹੈ ਕਿ ਨਾਨਕ ਕਿਥੇ ਖੜੇ ਹਨ। ਪਰਮਾਤਮਾ ਨਾਲ ਮੇਲ ਦੇ ਇਸ ਸਫ਼ਰ ਵਿਚ ਅਸੀਂ ਕਿਸ ਧਿਰ ਨਾਲ ਖੜੇ ਹੋਣਾ ਹੈ। ਇਸ ਦਾ ਜਵਾਬ ਹੇਠਲੀਆਂ ਪੰਕਤੀਆਂ ਵਿਚ ਹੈ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}
ਗੁਰੂ ਨਾਨਕ ਸਾਹਿਬ ਦੇ ਇਸ ਮਹਾਨ ਸ਼ਬਦ ਵਿਚ ਨੀਚ ਸ਼ਬਦ ਦੁਨੀਆ ਦੇ ਹਰ ਉਸ ਵਿਅਕਤੀ ਵਾਸਤੇ ਹੈ ਜੋ ਜ਼ੁਲਮ, ਧੱਕੇ, ਜ਼ਿਆਦਤੀ, ਬੇਇਨਸਾਫ਼ੀ ਦਾ ਸ਼ਿਕਾਰ ਹੈ। ਰੱਬ ਦੇ ਨਾਮ ‘ਤੇ, ਪੁਰਾਣੀਆਂ ਰਵਾਇਤਾਂ ਦੇ ਨਾਮ ਤੇ ਜ਼ਾਲਮਾਨਾ ਸਮਾਜਿਕ ਨਿਯਮ ਬਣਾਕੇ ਤਕੜਿਆਂ ਦੇ ਪੈਰਾਂ ਨੀਚੇ ਦਬੇ ਹਰ ਇਨਸਾਨ ਨੂੰ ਗੁਰੂ ਸਾਹਿਬ ਕਹਿ ਰਹੇ ਹਨ ਕਿ ਮੈਂ ਤੇਰੇ ਨਾਲ ਖੜਾ ਹਾਂ। ਫਿਰ ਚਾਹੇ ਉਹ ਜਾਤੀਵਾਦ, ਨਸਲਵਾਦ, ਮਰਦਵਾਦ ਦਾ ਸ਼ਿਕਾਰ ਹੋਵੇ ਜਾਂ ਕਿਸੇ ਹੋਰ ਜ਼ੁਲਮ ਦਾ। ਉਹ ਕਹਿੰਦੇ ਨੇ ਕਿ ਮੇਰਾ ਵਡਿਆ (ਜ਼ੁਲਮ ਕਰਨ ਵਾਲਿਆਂ ਨਾਲ) ਨਾਲ ਕੀ ਰਿਸ਼ਤਾ। ਉਹ ਫਰਮਾਉਂਦੇ ਨੇ ਕਿ ਜਿਥੇ ਨੀਚ ਦੀ, ਦਬੇ ਹੋਏ ਦੇ ਰੱਖਿਆ ਕੀਤੀ ਜਾਂਦੀ ਹੈ, ਉਹਨਾਂ ਨੂੰ ਸੰਭਾਲਿਆ ਜਾਂਦਾ ਹੈ, ਓਥੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਭਾਵ ਇਹ ਸੋਚ, ਇਹ Mindset ਸਚਿਆਰ ਬਣਨ ਲਈ ਬੇਹੱਦ ਜ਼ਰੂਰੀ ਹੈ।
ਅਸੀਂ ਹਰਗਿਜ਼ ਇਹ ਜੋਖਿਮ ਮੁੱਲ ਨਹੀਂ ਲੈ ਸਕਦੇ ਕਿ ਅਸੀਂ ਨਾਨਕ ਤੋਂ ਉਲਟ ਲਾਈਨ ਵਿਚ ਖੜੇ ਨਜ਼ਰ ਆਈਏ।
5. ਜਾਤ ਦਾ ਹੰਕਾਰ
ਸਲੋਕ ਮਃ ੧ ॥ ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ {ਪੰਨਾ 83}
ਨਾਨਕ ਪਾਤਸ਼ਾਹ ਫਰਮਾਉਂਦੇ ਹਨ ਕਿ ਜਾਤਾਂ ਦੀ ਵੰਡ ਅਤੇ ਜਾਤ ਦੇ ਅਧਾਰ ਤੇ ਮਿਲਿਆ ਦੁਨਿਆਵੀ ਨਾਮ, ਰੁਤਬਾ, ਇੱਜ਼ਤ, ਸਭ ਫਜ਼ੂਲ ਹੈ। ਜੇ ਅਸਲ ਵਿਚ ਹੀ ਭਲਾ ਬਣਨਾ ਚਾਹੁੰਦੇ ਹਾਂ ਤਾਂ ਪਰਮਾਤਮਾ ਅੱਗੇ ਇੱਜ਼ਤ, ਪੱਤ, ਨਾਲ ਖੜਨ ਜੋਗੇ ਹੋਈਏ ਭਾਵ ਉਸ ਪਰਮਾਤਮਾ ਨਾਲ ਜੁੜੀਏ।
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥
ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ ਕਿ ਕੋਈ ਆਪਣੀ ਜਾਤ (ਸਨਾਤਨ/ਹਿੰਦੂ ਧਰਮ ਅਨੁਸਾਰ ਬਣਾਈ ਗਈ ਜਾਤ ਵੰਡ ਅਨੁਸਾਰ) ਦਾ ਮਾਣ ਨਾ ਕਰੇ। ਹਰ ਉਹ ਮਨੁੱਖ ਬ੍ਰਾਹਮਣ ਹੈ, ਉਚਾ ਹੈ, ਜੋ ਬ੍ਰਹਮ/ਪਰਮਾਤਮਾ ਨਾਲ ਇਕ ਮਿਕ ਹੈ। ਮੂਰਖ ਤੇ ਗਵਾਰ ਹੀ ਆਪਣੀ ਜਾਤ ਵਿਚ ਫ਼ਕਰ ਮਹਿਸੂਸ ਕਰਦੇ ਹਨ, ਇਹ ਜਾਤ ਦਾ ਮਾਣ, ਅਹੰਕਾਰ, ਮਨੁੱਖ ਅੰਦਰ ਬਹੁਤੇ ਵਿਕਾਰਾਂ ਦਾ ਕਾਰਨ ਬਣਦਾ ਹੈ। ਬਹੁਤੀ ਦੁਨੀਆ ਇਸ ਵਰਨ ਵੰਡ ਨੂੰ ਮਨਦੀ ਹੈ ਪਰ ਇਕ ਪਰਮਾਤਮਾ ਤੋਂ ਹੀ ਸਭ ਪੈਦਾ ਹੋਇਆ ਹੈ। ਮਿੱਟੀ ਇਕ ਹੈ, ਕੁਮਿਹਾਰ ਵੀ ਇਕ ਹੈ, ਬਸ ਉਸਨੇ ਭਾਂਡੇ ਭਾਂਤ ਭਾਂਤ ਦੇ ਬਣਾਏ ਹਨ। ਭਾਵ ਪਰਮਾਤਮਾ ਇਕੋ ਹੈ, ਸਭ ਨੂੰ ਬਣਾਉਣ ਦਾ ਮੂਲ ਸਰੋਤ ਇਕੋ ਹੈ, ਬਸ ਦੇਖਣ ਨੂੰ ਉਸਦੀ ਸ੍ਰਿਸ਼ਟੀ ਦੇ ਜੀਵਾਂ ਦੇ ਵੱਖ ਵੱਖ ਰੂਪ, ਰੰਗ ਤੇ ਆਕਾਰ ਹਨ।
ਸੋ, ਸਾਡਾ ਗੁਰੂ ਬਿਲਕੁਲ ਸਾਫ ਤੇ ਸਪਸ਼ਟ ਹੈ। ਨਾ ਸਿਰਫ ਜਾਤ-ਪਾਤ ਵਾਲੇ ਉਸ ਦੀ ਨਜ਼ਰ ਵਿਚ ਮੂਰਖ ਤੇ ਗਵਾਰ ਨੇ (ਭਾਵੇਂ ਉਹ ਜਿੰਨੇ ਮਰਜ਼ੀ ਧਰਮੀ ਹੋਣ ਦਾ ਦਾਅਵਾ ਕਰਨ) ਸਗੋਂ ਜੋਗ ਦੀ, ਪਰਮਾਤਮਾ ਨਾਲ ਮੇਲ ਦੀ ਸਭ ਤੋਂ ਵੱਡੀ ਸ਼ਰਤ ਗੁਰੂ ਨੇ ਰੱਖ ਦਿੱਤੀ ਕਿ ਮੇਰੇ ਰਾਹ ਤੇ ਚਲਣਾ ਹੈ ਤਾਂ ਮੇਰੇ ਪਰਮਾਤਮਾ ਦੀ ਬਣਾਈ ਹਰ ਸ਼ੈਹ, ਹਰ ਇਨਸਾਨ ਨੂੰ, ਮੂਲ ਰੂਪ ਵਿਚ ਇਕ ਸਮਾਨ ਹੀ ਸਮਝਣਾ ਹੈ।
ਹੁਣ ਸਵਾਲ ਆਉਂਦਾ ਹੈ ਕਿ ਸਾਡੇ ਵਿਚੋਂ ਕਿੰਨੇ ਕੁ ਇਹ ਸ਼ਰਤ ਪੂਰੀ ਕਰਕੇ ਅਗੇ ਵਧ ਚੁਕੇ ਹਨ। ਇਸ ਸਵਾਲ ਦਾ ਜਵਾਬ ਅਸੀਂ ਸਭ ਜਾਣਦੇ ਹੀ ਹਾਂ। ਪੰਜਾਬ ਵਿਚ ਜਨਮੇ ਸਿੱਖਾਂ ਦੀ ਮੁਸ਼ਕਿਲ ਇਹ ਹੈ ਕਿ ਉਹ ਇਕ ਐਸੇ ਮੁਲਕ ਵਿਚ ਰਹਿੰਦੇ ਹਨ ਜਿਥੇ ਹਿੰਦੂ ਧਰਮ ਨੂੰ ਮੰਨਣ ਵਾਲੇ ਲਗਭਗ 80% ਹਨ ਅਤੇ ਉਹ 2%। ਕਿਸੇ ਵੀ ਘੱਟ ਗਿਣਤੀ ਲਈ ਮਸਲਾ ਇਹ ਹੁੰਦਾ ਹੈ ਕਿ ਜਦੋਂ ਉਹ ਸਦੀਆਂ ਤਕ ਕਿਸੇ ਹੋਰ ਧਰਮ ਦੇ ਲੋਕਾਂ ਨਾਲ ਰਹਿੰਦਾ ਹੈ ਜੋ ਗਿਣਤੀ ਵਿਚ ਉਸ ਨਾਲੋਂ 40 ਗੁਣਾ ਵੱਧ ਹਨ ਤਾਂ ਉਹਨਾਂ ਦੇ ਰਸਮੋ – ਰਿਵਾਜ , ਤਿਓਹਾਰ, ਧਾਰਮਿਕ ਸੋਚ ਤੋਂ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਜਾਂਦਾ ਹੈ। ਜਾਤ-ਪਾਤ ਅਜੇਹੀ ਹੀ ਇਕ ਉਧਾਹਰਣ ਹੈ। ਅੱਜ ਸਿੱਖ ਨੇ ਜਾਤ ਪਾਤ ਨੂੰ ਐਨਾ ਚੰਗੀ ਤਰਾਂ ਆਪਣਾ ਲਿਆ ਹੈ ਕਿ ਸਿੱਖ ਭੁੱਲ ਹੀ ਗਏ ਕਿ ਉਹਨਾਂ ਦੀ ਹੋਂਦ ਦਾ ਮੁੱਢ ਹੀ ਇਸ ਗੱਲ ਤੋਂ ਬੱਝਾ ਕਿ ਸਾਰੀ ਖ਼ਲਕਤ ਇਕ ਹੈ, ਰਬ ਵਲੋਂ ਆਪਣੇ ਕਿਸੇ ਬੱਚੇ ਨਾਲ ਭੇਦ ਭਾਵ ਨਹੀਂ। ਕਨੇਡਾ, ਇੰਗਲੈਂਡ, ਅਮਰੀਕਾ ਵਰਗੇ ਮੁਲਕਾਂ ਸਮੇਤ ਸੈਂਕੜੇ ਮੁਲਕਾਂ ਤੱਕ ਸਿੱਖ ਪਹੁੰਚੇ। ਗੁਰੂ ਦਾ ਗਿਆਨ ਭਾਵੇਂ ਨਾਲ ਨਹੀਂ ਲੈ ਕੇ ਗਏ ਪਰ ਜਾਤ-ਪਾਤ ਜ਼ਰੂਰ ਨਾਲ ਲੈ ਕੇ ਗਏ। ਕਿਓਂਕਿ ਇਹਨਾਂ ਮੁਲਕਾਂ ਵਿਚ ਹਰ ਦੇਸ਼, ਰੰਗ, ਰੂਪ ਦੇ ਲੋਕ ਵਸਦੇ ਨੇ, ਇਸ ਲਈ ਇਹ ਮੁਲਕ ਇਕ ਬਹੁਤ ਵਧੀਆ ਥਾਂ ਹਨ ਉਸ ਪਰਮਾਤਮਾ ਦੇ ਬਗੀਚੇ ਦੇ ਵੱਖਰੇ ਵੱਖਰੇ ਫੁੱਲ ਦੇਖਣ ਲਈ ਅਤੇ ਉਸਦੀ ਖੇਡ ਮਾਨਣ ਦੀ, ਵਿਸਮਾਦ ਮਹਿਸੂਸ ਕਰਨ ਲਈ। ਪਰ ਜ਼ਿਆਦਾਤਰ ਸਿੱਖ ਇਹ ਨਜ਼ਾਰਾ ਮਾਨਣ ਨੂੰ ਤਿਆਰ ਹੀ ਨਹੀਂ, ਅਜਿਹੀਆਂ ਥਾਵਾਂ ‘ਤੇ ਵੀ ਜਾਤ ਅਧਾਰਤ ਗੁਰਦਵਾਰੇ ਹਨ, ਜਾਤਾਂ ਗੋਤ ਦੇ ਹਿਸਾਬ ਨਾਲ ਹੀ ਵਿਆਹ ਸ਼ਾਦੀਆਂ ਹੁੰਦੀਆਂ ਹਨ।
ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜੇ ਗੁਰਬਾਣੀ ਪੜ ਕੇ ਵੀ ਮਨੂਸਮ੍ਰਿਤੀ ਵਿਚੋਂ ਪੈਦਾ ਹੋਏ ਜਾਤ-ਪਾਤ ਦੂਰ ਕਰਨ ਵਿਚ ਦਿੱਕਤ ਹੁੰਦੀ ਹੈ ਤਾਂ ਖੋਜੀ ਲੋਕਾਂ ਦੀਆਂ ਕਿਤਾਬਾਂ ਪੜਕੇ ਦੇਖ ਲਈਏ। ਕਿਓਂਕਿ ਕਈ ਬਾਰ ਸਾਇੰਸ ਵਲੋਂ ਦਿੱਤੇ ਗਏ ਸਬੂਤ ਅਤੇ ਤਰਕ ਦਿਮਾਗ ਉਪਰ ਜਲਦੀ ਅਸਰ ਕਰਦੇ ਨੇ। ਪਿਛਲੇ ਕੁਝ ਸਾਲਾਂ ਵਿਚ 2 ਪ੍ਰਮੁੱਖ ਕਿਤਾਬਾਂ ਆਈਆਂ ਹਨ। ਪਹਿਲੀ ਕਿਤਾਬ ਇਸਰਾਇਲ ਦੇ ਯੁਵਲ ਨੋਆ ਹਰਾਰੀ ਦੀ ਲਿਖੀ ‘Sapiens’ ਹੈ ਜੋ ਪੂਰੇ ਮਨੁੱਖੀ ਇਤਿਹਾਸ ਦੀ ਦਿਲਚਸਪ ਵਿਆਖਿਆ ਹੈ। ਲਗਭਗ 25 ਲੱਖ ਸਾਲ ਪਹਿਲਾਂ ਜਦੋਂ ਮਾਨਵ ਜਾਤੀ ਦੀਆਂ ਪਹਿਲੀਆਂ ਨਸਲਾਂ, ਪਹਿਲੀ ਵਾਰ ਇਸ ਧਰਤੀ ਨਾਮਕ ਗ੍ਰਹਿ ਉਪਰ ਪੈਦਾ ਹੋਈਆਂ, ਓਦੋਂ ਤੋਂ ਲੈ ਕੇ ਅੱਜ ਤਕ ਦਾ ਇਤਿਹਾਸ। ਦੂਸਰੀ ਕਿਤਾਬ ਹੈ ਟੋਨੀ ਜੋਸੇਫ ਦੀ ‘Early Indians’ । ਇਹ ਦੋਹੇਂ ਕਿਤਾਬਾਂ Genetics, Archaeology, Language ਆਦਿ ਦੇ ਸੈਂਕੜੇ ਖੋਜੀਆਂ ਵਲੋਂ ਇਕੱਠੇ ਕੀਤੇ ਸਬੂਤਾਂ ਦੇ ਅਧਾਰ ‘ਤੇ ਇਹ ਸਾਬਤ ਕਰਦੀਆਂ ਹਨ ਕਿ ਸਾਰੀ ਦੁਨੀਆਂ ਦੇ ਲੋਕ ਇਕੋ ਨਸਲ ਦੇ ਹਨ ਜਿਸ ਨੂੰ ਸਾਈਂਸ ‘Homo Sapiens’ ਕਹਿੰਦੀ ਹੈ ਤੇ ਜੋ 2 ਲੱਖ ਸਾਲ ਪਹਿਲਾਂ ਪੈਦਾ ਹੋਈ। ਉਸ ਤੋਂ ਪਹਿਲਾਂ ਦੀਆਂ ਸਾਰੀਆਂ ਇਨਸਾਨੀ ਨਸਲਾਂ ਖਤਮ ਹੋ ਚੁਕੀਆਂ ਹਨ। ਦੂਸਰਾ ਭਾਰਤ ਵਿਚ ਜਾਤੀਵਾਦ ਦਾ ਮੁੱਢ 200 ਸਾਲ ਈਸਾ ਪੂਰਵ ਭਾਵ ਅੱਜ ਤੋਂ ਕੋਈ 2200 ਕੁ ਸਾਲ ਪਹਿਲਾਂ ਬੰਨਿਆ ਗਿਆ ਅਤੇ ਇਹ ਮੱਕੜ ਜਾਲ ਆਰੀਅਨ ਕਬੀਲਿਆਂ ਦੇ ਮੁਖੀਆਂ ਵਲੋਂ ਭਾਰਤ ਦੇ ਮੂਲ ਵਸਨੀਕਾਂ ਨੂੰ ਗ਼ੁਲਾਮ ਬਣਾਉਣ ਲਈ ਰਚਿਆ ਗਿਆ। ਤੇ ਅਜਿਹਾ ਵਰਤਾਰਾ ਸਿਰਫ ਭਾਰਤ ਦੀ ਧਰਤੀ ਉਪਰ ਹੀ ਨਹੀਂ ਸਗੋਂ ਉਸ ਵੇਲੇ ਦੇ ਹੋਰ ਦੇਸ਼ਾਂ/ਇਲਾਕਿਆਂ ਵਿਚ ਵੀ ਸੀ ਜਿਵੇਂ ਰੋਮ, ਮਿਸਰ, ਮਾਇਆ, ਚੀਨ, ਪਰਸ਼ੀਆ, ਮੇਸੋਪੋਟਾਮਿਆ (ਸੁਮੇਰ ਸਭਿਅਤਾ) ਆਦਿ। ਇਹਨਾਂ ਖੇਤਰਾਂ ਵਿਚ ਅਲਗ ਅਲਗ ਤਰਾਂ ਦੀ ਵਰਣ ਵੰਡ ਸੀ ਜੋ ਕਿ ਸਮਾਂ ਪਾ ਕੇ ਖਤਮ ਹੋ ਗਈ। ਪਰ ਭਾਰਤ ਵਿਚ ਇਹ ਵਰਣ ਵੰਡ ਇਕ ਵੱਡੇ ਧਰਮ ਦਾ ਹਿੱਸਾ ਬਣ ਗਈ ਤੇ ਅੱਜ ਤਕ ਇਹ ਵਰਨ ਵੰਡ ਵਧ ਫੁੱਲ ਰਹੀ ਹੈ ਅਤੇ ਜਿਸਦੀ ਚਪੇਟ ਵਿਚੋਂ ਸਾਡੇ ਗੁਰੂਆਂ ਨੇ ਸਾਨੂੰ ਕੱਢਣ ਦੀ ਪੂਰੀ ਵਾਹ ਲਾ ਦਿਤੀ, ਆਪਣਾ ਆਪ ਵੀ ਵਾਰ ਦਿਤਾ। ਪਰ ਕਿਸੇ ਇਨਸਾਨ ਨੂੰ ਜੇ 15-20 ਸਾਲ ਕਾਲ ਕੋਠੜੀ ਵਿਚ ਰੱਖ ਕੇ ਕੋਈ ਬਾਹਰ ਕੱਢੇ ਤਾਂ ਉਸਨੂੰ ਚਾਨਣ ਤੋਂ ਹੀ ਡਰ ਲਗਣ ਲਗ ਜਾਂਦਾ ਹੈ ਤੇ ਵਾਪਸ ਹਨੇਰੇ ਵਿਚ ਜਾਕੇ ਉਸਨੂੰ ਸਕੂਨ ਮਿਲਦਾ ਹੈ। ਸ਼ਾਇਦ ਇਹੀ ਸਾਡੀ ਹਾਲਤ ਹੈ।
ਖੈਰ ਨਾਨਕ ਤਾਂ ਕਿਸੇ ਲਈ ਆਪਣੀ ਸ਼ਰਤ ਨਹੀਂ ਹਟਾਉਣ ਲਗੇ ਤੇ ਨਾ ਹੀ ਪਰਮਾਤਮਾ ਦਾ ਹੁਕਮ ਬਦਲਣ ਵਾਲਾ ਹੈ। ਹੁਣ ਅਸੀਂ ਬਦਲਣਾ ਹੈ ਜਾਂ ਨਹੀਂ ਇਹ ਸਾਡੀ ਮਰਜੀ ਹੈ।
ਮਨਿੰਦਰ ਸਿੰਘ
terahukum@gmail.com
10 ਸਤੰਬਰ 2023

Leave a Reply