ਨਿਰਧਨ ਸਰਧਨ ਦੋਨੋਂ ਭਾਈ

Rich and poor sikh brothers as metaphor for shabad vichar in The Gurbani article

ਇਸ ਲੇਖ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 1159 ਉਪਰ ਦਰਜ, ਭਗਤ ਕਬੀਰ ਜੀ ਦੇ ਇਕ ਐਸੇ ਸਬਦਿ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਨੂੰ ਸਿੱਖੀ ਦੇ ਇਕ ਬਹੁਤ ਹੀ ਅਹਿਮ ਨੁਕਤੇ ਬਾਰੇ ਚਾਨਣ ਪਾਉਂਦਾ ਹੈ। ਮੈਂ ਨਾ ਸਿਰਫ ਇਸ ਸਬਦਿ ਦੇ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ ਸਗੋਂ ਪੁਰਾਣੇ ਅਰਥਾਂ ਉਪਰ ਵੀ ਝਾਤ ਮਾਰ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਉਹ ਸੰਧਰਭ ਤੋਂ ਬਾਹਰ ਤਾਂ ਨਹੀਂ ਜਾਂ ਸਿੱਖੀ ਸਿਧਾਂਤਾਂ ਦੇ ਉਲਟ ਤਾਂ ਨਹੀਂ।

ਨਿਰਧਨ ਆਦਰੁ ਕੋਈ ਨ ਦੇਇ ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥ ਜਉ ਨਿਰਧਨੁ ਸਰਧਨ ਕੈ ਜਾਇ ॥ ਆਗੇ ਬੈਠਾ ਪੀਠਿ ਫਿਰਾਇ ॥੧॥ ਜਉ ਸਰਧਨੁ ਨਿਰਧਨ ਕੈ ਜਾਇ ॥ ਦੀਆ ਆਦਰੁ ਲੀਆ ਬੁਲਾਇ ॥੨॥ ਨਿਰਧਨੁ ਸਰਧਨੁ ਦੋਨਉ ਭਾਈ ॥ ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥ ਕਹਿ ਕਬੀਰ ਨਿਰਧਨੁ ਹੈ ਸੋਈ ॥ ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥ {ਪੰਨਾ 1159}

ਭਗਤ ਕਬੀਰ ਜੀ ਦੇ ਇਸ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਪ੍ਰੋ ਸਾਹਿਬ ਸਿੰਘ ਜੀ ਵਲੋਂ ਕੀਤੇ ਅਰਥਾਂ ਉਪਰ ਝਾਤ ਮਾਰ ਲੈਂਦੇ ਹਾਂ :

ਅਰਥ: ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ। ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ।1। ਰਹਾਉ। ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ, ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ।1। ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ, ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ।2। ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ, ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ) ।3
ਕਬੀਰ ਆਖਦਾ ਹੈ– (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ)

ਪ੍ਰੋ ਸਾਹਿਬ ਸਿੰਘ ਜੀ ਵਲੋਂ ਕੀਤੇ ਇਹ ਅਰਥ ਮੈਨੂੰ ਹੇਠ ਲਿਖੇ ਕਾਰਨਾਂ ਕਰਕੇ ਸਹੀ ਨਹੀਂ ਲੱਗੇ:

1. ਜੇ ਇਸ ਸਬਦਿ ਤੋਂ ਇਕਦਮ ਪਹਿਲਾਂ ਵਾਲਾ ਅਤੇ ਬਾਅਦ ਵਾਲਾ ਸਬਦਿ ਦੇਖੀਏ ਤਾਂ ਪਤਾ ਲਗੇਗਾ ਕਿ ਇਹ ਅਰਥ ਉਹਨਾਂ ਵਿਚਲੇ ਸੰਧਰਭ ਨਾਲ ਮੇਲ ਨਹੀਂ ਖਾਂਦੇ।
ਇਸ ਤੋਂ ਪਹਿਲਾਂ ਜੋ ਸਬਦਿ ਹੈ ਉਸ ਦੀਆਂ ਰਹਾਉ ਪੰਕਤੀਆਂ ਇਸ ਪ੍ਰਕਾਰ ਹਨ : ਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ – ਅਧਿਆਤਮਿਕ ਸਿਧਾਂਤਾਂ ਨੂੰ ਲੈ ਕੇ ਪੰਡਿਤ ਅਤੇ ਮੁਲ੍ਹਾ ਦੇ ਝਗੜੇ ਤੋਂ ਮੈਂ ਬਾਹਰ ਹੋ ਗਿਆ ਹਾਂ। ਕਿਉਂਕਿ ਮੈਂ ਦੋਹਾਂ ਦਾ ਰਾਹ ਤਿਆਗ ਦਿੱਤਾ ਹੈ।
ਵਿਚਾਰ ਅਧੀਨ ਸਬਦਿ ਤੋਂ ਅਗਲੇ ਸਬਦਿ ਦੀਆਂ ਰਹਾਉ ਪੰਕਤੀਆਂ ਇਸ ਪ੍ਰਕਾਰ ਹਨ: ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥ – ਇਨਸਾਨ ਹਾਂ ਤਾਂ ਇਹ ਲਾਹਾ ਲੈ ਲਿਆ ਜਾਵੇ, ਅਕਾਲ ਪੁਰਖ ਨਾਲ ਜੁੜ ਕੇ ਰਹਾਂ, ਉਸਨੂੰ ਭੁਲਾਂ ਨਾ।
ਹੁਣ ਆਪਾਂ ਖੁਦ ਹੀ ਸੋਚੀਏ ਕਿ ਇਹਨਾਂ ਦੋ ਸ਼ਬਦਾਂ ਦੇ ਵਿਚਕਾਰ ਅਮੀਰ- ਗਰੀਬ ਵਿਚਲੇ ਸ਼ਿਸ਼ਟਾਚਾਰ ਦਾ ਵਿਸ਼ਾ ਕਿਥੋਂ ਆ ਗਿਆ ? ਕਹਿਣ ਤੋਂ ਭਾਵ ਇਹ ਅਰਥ ਸੰਧਰਭ ਤੋਂ ਹਟਕੇ ਹਨ ਤੇ ਅਸਲ ਅਰਥਾਂ ਤੋਂ ਪਰੇ।

2. ਇਹ ਕਹਿਣਾ ਕਿ ਅਕਾਲ ਪੁਰਖ ਦੀ ਰਜ਼ਾ ਕਾਰਨ ਕੋਈ ਗਰੀਬ ਅਤੇ ਅਮੀਰ ਹੈ, ਗਲਤ ਹੈ। ਪੈਸੇ, ਜਾਇਦਾਦ ਆਦਿ ਦਾ Concept ਇਨਸਾਨ ਨੇ ਬਣਾਇਆ, ਅਕਾਲ ਪੁਰਖ ਨੇ ਨਹੀਂ। ਅਮੀਰੀ-ਗਰੀਬੀ, ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਸਰਕਾਰਾਂ ਨੇ ਦੇਸ਼ ਦੇ ਅਰਥਚਾਰੇ ਨੂੰ ਤੇ ਇਨਸਾਨ ਨੇ ਆਪਣੇ ਘਰ ਦੇ ਅਰਥਚਾਰੇ ਨੂੰ ਕਿਵੇਂ ਸੰਭਾਲਿਆ ਹੈ। ਰੱਬ ਨੂੰ ਇਸ ਗੱਲ ਲਈ ਦੋਸ਼ ਦੇਣਾ ਅਸਲ ਵਿਚ ਗਰੀਬੀ ਦਾ ਸਭ ਤੋਂ ਵੱਡਾ ਕਾਰਨ ਹੈ।

3. ਨਾਮੁ ਦਾ ਅਰਥ, ਤੁਹਾਡੇ ਮੇਰੇ ਨਾਮ ਵਾਂਗ, ਅਕਾਲ ਪੁਰਖ ਦਾ ਨਾਮ ਨਹੀਂ ਹੈ । ਇਸਦਾ ਭਾਵ ਰੱਬੀ ਗੁਣ ਹਨ ਜੋ ਇਨਸਾਨ ਨੇ ਬਾਣੀ ਦੀ ਮਦਦ ਨਾਲ ਆਪਣੇ ਅੰਦਰ ਪੈਦਾ ਕਰਨੇ ਹਨ।

4. ‘ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ’ – ਇਹ ਠੀਕ ਹੈ ਕਿ ਧਨ ਇਥੇ ਰਹਿ ਜਾਣਾ ਹੈ ਪਰ ਇਹ ਸਹੀ ਨਹੀਂ ਕਿ ‘ਨਾਮ ਧਨ’ ਨਾਲ ਜਾਣਾ ਹੈ। ਇਸ ਵਿਚ ਦੋ ਵੱਡੀਆਂ ਗਲਤੀਆਂ ਹਨ। ਪਹਿਲਾਂ ਤਾਂ ਨਾਮ ਧਨ ਤੋਂ ਭਾਵ ਜੇ ਕਿਸੇ ਖਾਸ ਨਾਮ ਦੇ ਰਟਨ ਤੋਂ ਹੈ ਤਾਂ ਇਹ ਸਿੱਖੀ ਸਿਧਾਂਤਾਂ ਦੇ ਉਲਟ ਹੈ। ਦੂਜਾ, ਮੌਤ ਤੋਂ ਬਾਅਦ ਨਾਲ ਕੁਛ ਲੈ ਕੇ ਜਾਣ ਦਾ ਵੀ ਕੋਈ ਸਿਧਾਂਤ ਗੁਰਬਾਣੀ ਵਿਚ ਮੌਜੂਦ ਨਹੀਂ। ਇਹ ਭੰਬਲਭੂਸਾ ਸਿਰਫ ਗਲਤ ਅਰਥਾਂ, ਕਥਾਵਾਚਕਾਂ ਅਤੇ ਬਾਬਿਆਂ ਦੇ ਦਿਮਾਗ ਦੀ ਉਪਜ ਹੈ। ਸਿੱਖੀ ਜਿਉਂਦੇ ਜੀਅ ਮੁਕਤ ਹੋਣ ਦਾ ਢੰਗ ਹੈ। ਇਸੇ ਜਿੰਦਗੀ ਵਿਚ ਸਚਿਆਰ ਬਣਕੇ ਆਨੰਦ ਮਾਨਣ ਦੀ ਜੁਗਤ ਹੈ।

ਆਓ, ਸੰਧਰਭ ਦੇ ਵਿਚ ਰਹਿਕੇ ਅਤੇ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਕੂਲ ਅਰਥ ਕਰਨ ਦੀ ਕੋਸ਼ਿਸ਼ ਕਰੀਏ:

ਨਿਰਧਨ – ਧਨ ਤੋਂ ਸੱਖਣਾ, ਰੱਬੀ ਗੁਣਾ ਤੋਂ ਸੱਖਣਾ

ਕੋਈ – ਕੋਈ ਸ਼ਕਤੀ, ਕੋਈ ਜੁਗਤ , ਕੋਈ ਤਰੀਕਾ

ਆਦਰੁ – ਪਤਿ, ਜਦੋਂ ਇਨਸਾਨ ਆਪਣੀ ਅੰਤਰ-ਆਤਮਾ ਅੱਗੇ ਸ਼ਰਮਿੰਦਾ ਨਾ ਹੋਵੇ, ਸਚਿਆਰ ਹੋ ਜਾਣਾ

ਚਿਤਿ ਨ ਧਰੇਇ – ਅਕਾਲ ਪੁਰਖ ਦਾ ਮਨ ਵਿਚ ਵਾਸ ਨਾ ਹੋਣਾ 

ਜਉ – ਜਿਵੇਂ

ਸਰਧਨ – ਧਨਵਾਨ, ਰੱਬੀ ਗੁਣਾ ਵਾਲਾ ਸਚਿਆਰ ਮਨੁੱਖ

ਪ੍ਰਭ ਕੀ ਕਲਾ – ਰੱਬੀ ਹੁਕਮੁ

ਨਾਮੁ – ਰੱਬੀ ਗੁਣ ਜਿਵੇਂ ਸਬਰ, ਸ਼ੁਕਰ, ਨਿਰਭਉ, ਨਿਰਵੈਰਤਾ, ਦਇਆ, ਭੇਦਭਾਵ ਰਹਿਤ

ਸਚਿਆਰ – ਸਚੁ ਭਾਵ ਅਕਾਲ ਪੁਰਖ ਨਾਲ ਜੁੜਿਆ ਬੰਦਾ


ਨਿਰਧਨ ਆਦਰੁ ਕੋਈ ਨ ਦੇਇ ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥

ਗੁਣ ਹੀਣ ਬੰਦੇ ਨੂੰ ਕੋਈ ਜੁਗਤ ਸਚਿਆਰ ਨਹੀਂ ਬਣਾ ਸਕਦੀ। ਗੁਣ ਪੈਦਾ ਕਰੇ ਵਗੈਰ ਹੋਰ ਜਿੰਨੇ ਵੀ ਯਤਨ ਕਰੇ ਜਾਣ, ਪਰਮਾਤਮਾ ਚਿਤ ਵਿਚ ਨਹੀਂ ਵਸਦਾ। ਉਸਦਾ ਹੁਕਮ ਵਰਤਦਾ ਨਹੀਂ ਦੇਖ ਪਾਉਂਦਾ । ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਵੀ ਇਸੇ ਨੁਕਤੇ ਦੀ ਪੁਸ਼ਟੀ ਕਰਦਾ ਹੈ: ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥ ਪੰਨਾ 27 ॥ – ਜਿਨ੍ਹਾਂ ਕੋਲ ਗੁਣ ਨੇ ਉਹਨਾਂ ਅੰਦਰ ਅਕਾਲ ਪੁਰਖ ਸਦਾ ਵਸਦਾ ਹੈ ਤੇ ਔਗਣਾਂ ਦੇ ਭਰਿਆਂ ਤੋਂ ਦੂਰ ਰਹਿੰਦਾ ਹੈ।

ਇਸ ਤੋਂ ਅਗਲੀਆਂ ਦੋ ਪੰਕਤੀਆਂ ਵਿਚ ਦੁਨਿਆਵੀ ਉਧਾਹਰਣ ਦੇ ਕੇ ਸਮਝਾਇਆ ਗਿਆ ਹੈ।

ਜਉ ਨਿਰਧਨੁ ਸਰਧਨ ਕੈ ਜਾਇ ॥ ਆਗੇ ਬੈਠਾ ਪੀਠਿ ਫਿਰਾਇ ॥੧॥

ਜਿਵੇਂ ਗਰੀਬ ਬੰਦਾ ਅਮੀਰ ਦੇ ਘਰ ਜਾਵੇ ਤਾਂ ਅਮੀਰ ਬੰਦਾ ਪਿੱਠ ਕਰਕੇ ਬੈਠ ਜਾਂਦਾ ਹੈ ਭਾਵ ਉਸਨੂੰ ਆਦਰ ਨਹੀਂ ਦਿੰਦਾ।

ਜਉ ਸਰਧਨੁ ਨਿਰਧਨ ਕੈ ਜਾਇ ॥ ਦੀਆ ਆਦਰੁ ਲੀਆ ਬੁਲਾਇ ॥੨॥

ਪਰ ਅਮੀਰ ਬੰਦਾ ਗਰੀਬ ਕੋਲ ਜਾਵੇ ਤਾਂ ਉਸਨੂੰ ਅੰਦਰ ਬੁਲਾ ਕੇ ਆਦਰ ਦਿਤਾ ਜਾਂਦਾ ਹੈ।

ਇਥੇ ਉਧਾਹਰਣ ਖਤਮ ਹੋ ਗਈ ਤੇ ਵਾਪਿਸ ਮੁਖ ਨੁਕਤੇ ਉਪਰ ਆ ਗਏ।

ਨਿਰਧਨੁ ਸਰਧਨੁ ਦੋਨਉ ਭਾਈ ॥ ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥

ਗੁਣ ਹੀਣ ਭਾਵ ਵਿਕਾਰਾਂ ਵਾਲਾ ਬੰਦਾ ਅਤੇ ਗੁਣਵਾਣ ਬੰਦਾ ਦੋਨੋਂ ਭਰਾ ਹਨ। ਭਰਾ ਉਹ ਹੁੰਦੇ ਨੇ ਜੋ ਇਕੋ ਮਾਂ ਦੇ ਜਾਏ ਹੋਣ। ਗੁਰਬਾਣੀ ਵਿਚ ਮਾਂ ਸ਼ਬਦ ਮੱਤ ਲਈ ਵਰਤਿਆ ਜਾਂਦਾ ਹੈ। ਭਾਵ ਮੱਤ ਹੀ ਗੁਣਾਂ ਨੂੰ ਜਨਮ ਦਿੰਦੀ ਹੈ ਤੇ ਇਹੀ ਵਿਕਾਰਾਂ ਨੂੰ । ਅਕਾਲ ਪੁਰਖ ਦਾ ਇਹ ਹੁਕਮੁ ਬਦਲਿਆ ਨਹੀਂ ਜਾ ਸਕਦਾ।

ਕਹਿ ਕਬੀਰ ਨਿਰਧਨੁ ਹੈ ਸੋਈ ॥ ਜਾ ਕੇ ਹਿਰਦੈ ਨਾਮੁ ਨ ਹੋਈ ॥੪॥

ਕਬੀਰ ਜੀ ਅੰਤ ਵਿਚ ਇਹ ਪੁਸ਼ਟੀ ਕਰਦੇ ਹੋਏ ਖੁਦ ਹੀ ਦੱਸ ਦਿੰਦੇ ਹਨ ਕਿ ਨਿਰਧਨ ਓਹੀ ਹੈ ਜਿਸਦੇ ਹਿਰਦੇ ਵਿਚ ਰੱਬੀ ਗੁਣ ਮੌਜੂਦ ਨਹੀਂ। ਰੂਹਾਨੀ ਦੁਨੀਆ ਵਿਚ ਓਹੀ ਬੰਦਾ ਗਰੀਬ ਹੈ ਜਿਸ ਕੋਲ ਲੋੜੀਂਦੇ ਗੁਣ ਨਹੀਂ ਹਨ।

ਨਿਚੋੜ: ਇਸ ਸਬਦਿ ਵਿਚ ਕਬੀਰ ਜੇ ਨੇ ਅਧਿਆਤਮਿਕ ਜੀਵਨ ਦਾ ਇਕ ਬਹੁਤ ਹੀ ਅਹਿਮ ਨੁਕਤਾ ਇਕ ਦੁਨਿਆਵੀ ਉਧਾਹਰਣ ਦੇ ਕੇ ਸਮਝਾਇਆ ਹੈ। ਉਹਨਾਂ ਦੱਸਿਆ ਕਿ ਜਿਵੇਂ ਇਨਸਾਨ ਵਲੋਂ ਸਿਰਜੇ ਸਮਾਜ ਵਿਚ ਧਨ ਦੌਲਤ ਪੱਖੋਂ ਗਰੀਬ ਬੰਦੇ ਦਾ ਕੋਈ ਇੱਜਤ ਮਾਣ ਨਹੀਂ ਹੈ ਤੇ ਸਿਰਫ ਅਮੀਰ ਬੰਦੇ ਦੀ ਹੀ ਇੱਜਤ ਹੈ। ਉਵੇਂ ਹੀ ਅਧਿਆਤਮਿਕ ਜੀਵਨ ਵਿਚ ਗੁਰੂ ਜਾਂ ਅਕਾਲ ਪੁਰਖ ਦੇ ਸਨਮੁਖ, ਰੱਬੀ ਗੁਣਾਂ ਤੋਂ ਵਾਂਝੇ ਬੰਦੇ ਦੀ ਕੋਈ ਪਤਿ/ਇੱਜਤ/ਆਦਰ ਨਹੀਂ ਹੈ। ਭਾਵ ਰੱਬੀ ਗੁਣ ਪੈਦਾ ਕੀਤੇ ਬਿਨਾ ਸਚਿਆਰ ਬਣਨਾ, ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣਨਾ, ਸੰਭਵ ਹੀ ਨਹੀਂ। ਇਹ ਨਾਨਕ ਦੀ ਸਿੱਖੀ ਦਾ ਇਕ ਬਹੁਤ ਵੱਡਾ ਨੁਕਤਾ ਹੈ ਜੋ ਇਸ ਸਬਦਿ ਵਿਚ ਸਾਨੂੰ ਸਮਝਾਇਆ ਗਿਆ ਹੈ। ਵਿਣੁ ਗੁਣ ਕੀਤੇ ਭਗਤਿ ਨ ਹੋਇ ॥  ਬਿਨਾ ਰੱਬੀ ਗੁਣਾ ਦੇ ਭਗਤੀ ਨਹੀਂ ਹੋਣੀ ਭਾਵ ਸਚਿਆਰ ਨਹੀਂ ਬਣਿਆ ਜਾਣਾ।

ਹੋਰ ਕੋਈ ਵੀ ਤਰੀਕਾ ਇਥੇ ਕਾਰਗਰ ਨਹੀਂ ਜਿਵੇਂ ਨਾਮ ਰਟਣਾ, ਤੀਰਥ ਜਾਣਾ, ਅਰਦਾਸਾਂ ਕਰਨੀਆਂ, ਬਾਬਿਆਂ ਦੀਆਂ ਚੌਂਕੀਆਂ ਭਰਨੀਆਂ, ਅਖੰਡ ਪਾਠ ਕਰਾਉਣੇ ਆਦਿ।

ਮਨਿੰਦਰ ਸਿੰਘ ਕੈਨੇਡਾ

7 ਅਪ੍ਰੈਲ 2024
terahukum@gmail.com

Leave a Reply

Your email address will not be published. Required fields are marked *