ਗੁਰਬਾਣੀ ਵਿੱਚ ਇੱਕ ਬੜਾ ਹੀ ਖ਼ੂਬਸੂਰਤ ਸ਼ਬਦ ਮਿਲਦਾ ਹੈ – ਵਿਸਮਾਦ, ਜੋ ਸਾਡੀ ਬੋਲ ਚਾਲ ਦੀ ਭਾਸ਼ਾ ਵਿਚੋਂ ਸ਼ਾਇਦ ਸਦੀਆਂ ਤੋਂ ਗਾਇਬ ਹੈ। ਵਿਸਮਾਦ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਦੋਂ ਅਕਾਲ ਪੁਰਖ ਦੀ ਖੇਡ, ਉਸ ਦੀ ਮਹਾਨਤਾ, ਉਸ ਦੇ ਅੰਤਹੀਣ ਵਿਸਤਾਰ, ਉਸਦੇ ਵਰਤਦੇ ਹੁਕਮ ਨੂੰ ਦੇਖ ਆਪਣਾ ਮਨ, ਉਸ ਸਿਰਜਣਹਾਰ ਪ੍ਰਤੀ ਸਤਿਕਾਰ, ਅਚੰਬੇ ਅਤੇ ਖੇੜੇ ਨਾਲ ਸਰਾਬੋਰ ਹੋ ਜਾਵੇ।
ਮਨ ਦਾ ਵਿਸਮਾਦ ਨਾਲ ਭਰ ਜਾਣਾ, ਉਸ ਕਰਤੇ ਨਾਲ ਜੁੜਨਾ ਹੈ, ਉਸਦੇ ਨੇੜੇ ਹੋਣਾ ਹੈ, ਉਸਦੀ ਕਿਰਪਾ ਦਾ ਪਾਤਰ ਬਣਨਾ ਹੈ। ਵਿਸਮਾਦ ਉਹ ਖ਼ੂਬਸੂਰਤ ਅਹਿਸਾਸ ਹੈ ਜੋ ਗੁਰਬਾਣੀ ਦੇ ਗਿਆਨ ਸਦਕਾ ਮਿਲਦਾ ਹੈ ਪਰ ਮਨ ਦੀ ਮੁਸ਼ੱਕਤ ਮੰਗਦਾ ਹੈ।
ਬਾਬੇ ਨਾਨਕ ਲਈ ਵਿਸਮਾਦ ਕੀ ਹੈ, ਇਹ ਉਹਨਾਂ ਦੀ ਬਾਣੀ ‘ਆਸਾ ਦੀ ਵਾਰ’ ਵਿਚਲੇ ਇੱਕ ਸਲੋਕ ਵਿੱਚ ਸਾਫ਼ ਹੋ ਜਾਂਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 463-464 ਉੱਤੇ ਦਰਜ ਹੈ।
ਸਲੋਕ ਮਃ ੧ ॥ ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥ ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥ ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥੧॥ {ਪੰਨਾ 463-464}
ਅਰਥ: ਕੁਦਰਤ ਵਿਚਲੀਆਂ ਅਨੇਕਾਂ ਧੁਨੀਆਂ ਅਤੇ ਕੁਦਰਤ ਵਿਚਲਾ ਗਿਆਨ ਮੇਰੇ ਲਈ ਵਿਸਮਾਦ ਪੈਦਾ ਕਰਦਾ ਹੈ। ਕੁਦਰਤ ਵਿੱਚ ਮੌਜੂਦ ਜੀਅ ਅਤੇ ਉਹਨਾਂ ਦੇ ਵੱਖੋ-ਵੱਖਰੇ ਰੂਪ ਵਿਸਮਾਦ ਪੈਦਾ ਕਰਨ ਵਾਲੇ ਹਨ। ਇਹਨਾਂ ਦੀ ਖ਼ੂਬਸੂਰਤੀ, ਇਹਨਾਂ ਦੀ ਦਿੱਖ ਵਿਸਮਾਦ ਹੈ। ਵਿਸਮਾਦ ਪੈਦਾ ਕਰਦੇ ਨੇ ਨੰਗੇ ਘੁੰਮਦੇ ਤਰ੍ਹਾਂ-ਤਰ੍ਹਾਂ ਦੇ ਪੰਛੀ ਤੇ ਜਾਨਵਰ। ਵਿਸਮਾਦ ਦਾ ਕਾਰਨ ਨੇ ਸਾਰੀਆਂ ਗੈਸਾਂ ਅਤੇ ਤਰਲ ਪਦਾਰਥ। ਵਿਸਮਾਦ ਪੈਦਾ ਕਰਦੀ ਹੈ ਹਰ ਤਰਾਂ ਦੀ ਊਰਜਾ ਜੋ ਤੇਰੀ ਅਦਭੁਤ ਰਚਨਾ ਚਲਾਉਣ ਵਿਚ ਯੋਗਦਾਨ ਪਾਉਂਦੀ ਹੈ। ਮੈਨੂੰ ਵਿਸਮਾਦ ਨਾਲ ਭਰ ਦਿੰਦੀ ਹੈ ਧਰਤੀ, ਵਿਸਮਾਦ ਪੈਦਾ ਕਰਦੇ ਨੇ, ਪੈਦਾ ਹੋਣ ਦੇ ਵੱਖੋ ਵੱਖਰੇ ਢੰਗ। ਮੇਰੇ ਵਿਸਮਾਦ ਦਾ ਕਾਰਨ ਹੈ ਇਹ ਦੇਖਣਾ ਕਿ ਕਿਵੇਂ ਅਣਗਿਣਤ ਸਵਾਦ (ਰੁਚੀਆਂ) ਜੋ ਇਨਸਾਨ ਨੂੰ ਮੋਹ ਲੈਂਦੇ ਨੇ। ਵਿਸਮਾਦ ਪੈਦਾ ਕਰਦਾ ਹੈ ਇਨਸਾਨਾਂ ਦਾ ਮਿਲਣਾ ਅਤੇ ਵਿਛੜਨਾ।ਇਹ ਦੇਖਣਾ ਵਿਸਮਾਦ ਹੈ ਕਿ ਕਿਵੇਂ ਇਨਸਾਨੀ ਇੱਛਾਵਾਂ ਜਨਮ ਲੈਂਦੀਆਂ ਨੇ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਭੋਗ ਵੀ ਵਿਸਮਾਦ ਪੈਦਾ ਕਰਦਾ ਹੈ। ਵਿਸਮਾਦ ਕਰਨ ਵਾਲੀ ਹੈ ਤੇਰੀ ਵਡਿਆਈ, ਵਿਸਮਾਦ ਹੈ ਤੇਰਾ ਗੁਣਗਾਣ। ਵਿਸਮਾਦ ਹੈ ਇਹ ਦੇਖਣਾ ਕਿ ਕਿਵੇਂ ਕਈ ਤੇਰੇ ਨਾਲੋਂ ਟੁੱਟੇ ਭਟਕ ਰਹੇ ਨੇ ਤੇ ਵਿਸਮਾਦ ਹੈ ਤੇਰੇ ਰਾਹ ’ਤੇ ਚੱਲਣ ਵਾਲਿਆਂ ਨੂੰ ਦੇਖਣਾ। ਵਿਸਮਾਦ ਜੋ ਨੇੜੇ ਤੇਰੇ, ਵਿਸਮਾਦ ਜੋ ਦੂਰ। ਵਿਸਮਾਦ ਤੈਨੂੰ ਆਪਣੇ ਅੰਦਰ ਮਹਿਸੂਸ ਕਰਨਾ। ਆਪਣੇ ਅੰਦਰ ਇਹ ਖੇਡ ਵਾਪਰਦੀ ਦੇਖਣਾ ਵਿਸਮਾਦ ਹੈ। ਨਾਨਕ, ਤੇਰੀ ਕਿਰਪਾ ਨਾਲ ਹੀ ਮੈਂ ਇਹ ਖੇਡ ਬੁੱਝੀ।
ਮੇਰੇ ਲਈ ਵਿਸਮਾਦ ਦਾ ਵਿਸ਼ਾ ਅਤੇ ਇਹ ਸਲੋਕ ਦੋ ਕਾਰਨਾਂ ਕਰਕੇ ਬੜਾ ਦਿਲਚਸਪ ਹੋ ਗਿਆ । ਪਹਿਲਾ, ਉਹ ਕਿਹੜੀ ਖੇਡ ਹੈ ਜਿਸਨੂੰ ਅਸੀਂ ਕਦੇ ਦੇਖਿਆ ਨਹੀਂ ਤੇ ਜਿਸਨੂੰ ਦੇਖ ਕੇ ਨਾਨਕ ਵਿਸਮਾਦ ਮਹਿਸੂਸ ਕਰਦੇ ਨੇ। ਇਹ ਨੁਕਤਾ ਵਿਸਮਾਦ ਪੈਦਾ ਕਰਨ ਲਈ ਬੇਹੱਦ ਜ਼ਰੂਰੀ ਹੈ। ਦੂਜਾ, ਉਹ ਸਥਿਤੀਆਂ, ਉਹ ਅਉਗਣ ਜਿਨ੍ਹਾਂ ਤੋਂ ਇੱਕ ਸਿੱਖ ਨੂੰ ਦੂਰ ਰਹਿਣ ਦਾ ਉਪਦੇਸ਼ ਹੈ, ਜਿਨ੍ਹਾਂ ਨੂੰ ਦੁੱਖਾਂ ਦਾ ਕਾਰਨ ਦੱਸਿਆ ਗਿਆ, ਪਰ ਉਹਨਾਂ ਨੂੰ ਦੇਖ ਕੇ ਵੀ ਨਾਨਕ ਵਿਸਮਾਦ ਮਹਿਸੂਸ ਕਿਵੇਂ ਕਰ ਰਹੇ ਹਨ। ਇਹ ਨੁਕਤਾ ਡੂੰਘਾ ਹੈ ਪਰ ਮਨ ਦੀ ਸ਼ਾਂਤੀ ਅਤੇ ਵਿਸਮਾਦ ਬਣਾਈ ਰੱਖਣ ਲਈ ਜ਼ਰੂਰੀ ਹੈ।
ਇਹਨਾਂ ਨੁਕਤਿਆਂ ਉਪਰ ਹੀ ਇਹ ਲੇਖ ਅਧਾਰਿਤ ਹੈ ਤੇ ਇਹਨਾਂ ਨੁਕਤਿਆਂ ਪ੍ਰਤੀ ਆਪਣੀ ਸਮਝ ਡੂੰਘੀ ਕਰਨ ਲਈ ਹੀ ਇਹ ਲੇਖ ਲਿਖ ਰਿਹਾ ਹਾਂ।
ਨੁਕਤਾ ਪਹਿਲਾ:
ਨਾਨਕ ਜਿਨ੍ਹਾਂ ਚੀਜ਼ਾਂ ਨੂੰ ਦੇਖ ਵਿਸਮਾਦ ਨਾਲ ਭਰੇ ਰਹਿੰਦੇ ਨੇ, ਉਹ ਤਾਂ ਅਸੀਂ ਹਰ ਰੋਜ਼ ਹੀ ਦੇਖਦੇ ਹਾਂ, ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਪਰ ਅਸੀਂ ਤਾਂ ਵਿਸਮਾਦ ਨਾਲ ਭਰੇ ਨਹੀਂ। ਮੰਨਿਆ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਉਸ ਮਾਲਿਕ ਦੀ ਧੁਰ ਅੰਦਰੋਂ ਕਦੇ ਵਡਿਆਈ ਨਹੀਂ ਕੀਤੀ, ਉਸ ਅਕਾਲ ਪੁਰਖ ਨੂੰ ਹਾਜਰ-ਨਾਜਰ ਮਹਿਸੂਸ ਨਹੀਂ ਕੀਤਾ, ਆਪਣੇ ਅੰਦਰੋਂ ਉਸ ਨਾਲ ਜੁੜੇ ਨਹੀਂ ਇਸ ਲਈ ਉਸ ਤਰ੍ਹਾਂ ਦਾ ਵਿਸਮਾਦ ਵੀ ਮਹਿਸੂਸ ਨਹੀਂ ਕੀਤਾ। ਪਰ ਕੁਦਰਤ ਵਿਚਲੀਆਂ ਧੁਨੀਆਂ, ਇਸ ਧਰਤੀ ਉੱਪਰ ਮੌਜੂਦ ਜੀਵ-ਜੰਤੂ, ਇਹਨਾਂ ਦੀ ਖ਼ੂਬਸੂਰਤੀ, ਹਵਾ-ਪਾਣੀ-ਅੱਗ ਨਾਲ ਪੂਰੀ ਉਮਰ ਵਾਅ ਰਿਹਾ ਹੈ। ਇਹ ਵੀ ਦੇਖਿਆ ਹੈ ਕਿ ਕਿੰਨੇ ਵੱਖ-ਵੱਖ ਢੰਗਾਂ ਨਾਲ ਜੀਵਾਂ ਦੀ ਉਤਪਤੀ ਹੁੰਦੀ ਹੈ। ਜਿਵੇਂ ਮਾਂ ਦੀ ਕੁੱਖ ’ਚੋਂ, ਆਂਡੇ ’ਚੋਂ, ਧਰਤੀ ’ਚੋਂ ਅਤੇ ਪਸੀਨੇ ਵਿਚੋਂ। ਇਹ ਸਭ ਅਸੀਂ ਦੇਖਦੇ ਹਾਂ ਪਰ ਵਿਸਮਾਦ ਵਿੱਚ ਨਹੀਂ ਪਹੁੰਚਦੇ। ਉਸਦਾ ਕਾਰਨ ਇਹ ਹੈ ਕਿ ਅਸੀਂ ਸਿਰਫ਼ ਅੱਖਾਂ ਨਾਲ ਦੇਖਦੇ ਹਾਂ ਪਰ ਇਸ ਸਭ ਵਰਤਾਰੇ ਪਿੱਛੇ ਇੱਕ ਸਿਰਜਣਹਾਰ ਹੈ, ਇਹ ਨਹੀਂ ਦੇਖਦੇ, ਉਸਦੀ ਮਹਾਨਤਾ ਨੂੰ ਮਹਿਸੂਸ ਨਹੀਂ ਕਰਦੇ। ਇਕ ਬੀਜ ਵਿੱਚੋਂ ਦਰਖ਼ਤ ਬਣ ਜਾਣਾ, ਇੱਕ ਮਾਂ ਦੀ ਕੁੱਖ ਵਿੱਚੋਂ ਇਕ ਬੱਚੇ ਦਾ ਜਨਮ ਲੈਣਾ, ਸੂਰਜ ਦਾ ਚੜਨਾ ਤੇ ਛਿਪਣਾ, ਹਵਾ ਦਾ ਵਹਿਣਾ ਤੇ ਮੀਂਹ ਦਾ ਵਰਣਾ, ਉਸ ਇੱਕ ਸਿਰਜਣਹਾਰ ਦੇ ਉਹ ਚਮਤਕਾਰ ਨੇ ਜੋ ਅਸੀਂ ਹਰ ਰੋਜ਼ ਦੇਖਦੇ ਹਾਂ ਪਰ ਉਸ ਸਿਰਜਣਹਾਰ ਦੀ ਮਹਾਨਤਾ ਨੂੰ ਮਹਿਸੂਸ ਹੀ ਨਹੀਂ ਕਰਦੇ, ਇਸ ਪਿਛਲੇ ਹੁਕਮੁ ਨੂੰ ਨਹੀਂ ਪਛਾਣਦੇ।
ਕਿਸੇ ਨੇ ਵੱਡੀ ਕਾਰ, ਵੱਡਾ ਘਰ ਬਣਾਇਆ ਹੋਵੇ ਤਾਂ ਉਹ ਦਿਮਾਗ ਵਿੱਚੋਂ ਨਹੀਂ ਨਿਕਲਦਾ ਪਰ ਜਿਸਦੀ ਬਣਾਈ ਦੁਨੀਆ ਵਿਚ ਸਾਰੀ ਉਮਰ ਗੁਜਾਰੀ, ਜਿਸਦੇ ਬਣਾਏ ਮਨੁੱਖੀ ਸਰੀਰ ਵਿੱਚ ਮੈਨੂੰ ਟਿਕਾਇਆ, ਉਸ ਬੇਮਿਸਾਲ ਅਧਭੁਤ ਸਿਰਜਣਹਾਰ ਨੂੰ ਹੀ ਭੁੱਲ ਗਿਆ। ਅੱਖ ਦਾ ਬਹੁਤ ਵਧੀਆ operation ਕਰਨ ਵਾਲੇ ਡਾਕਟਰ ਦੇ ਗੁਣ ਗਾਏ ਪਰ ਅੱਖ ਵਰਗਾ ਇੱਕ ਕਰਾਮਾਤੀ ਅੰਗ ਬਨਾਉਣ ਵਾਲੇ ਕੁਦਰਤ ਦੇ ਮਾਲਿਕ ਨਾਲ ਸੌ ਗਿਲੇ ਪਾਲ਼ੇ ਹੋਏ ਨੇ।
ਇੰਝ ਕਿਉਂ ਹੋਇਆ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਜਿਨੀ ਦੇਰ ਇਨਸਾਨ ਕਾਮਨਾਵਾਂ, ਗੁੱਸੇ, ਲਾਲਚ, ਮੋਹ ਅਤੇ ਹੰਕਾਰ ਦਾ ਸ਼ਿਕਾਰ ਹੈ, ਓਹਨੀ ਦੇਰ ਹਰ ਪਾਸੇ ਰਮਿਆ ਹੋਇਆ ਸਿਰਜਣਹਾਰ ਵੀ ਦਿਖਦਾ ਨਹੀਂ।
ਨੁਕਤਾ ਦੂਜਾ:
ਇਸ ਸਲੋਕ ਵਿੱਚ ਪਾਤਸ਼ਾਹ ਫੁਰਮਾਉਂਦੇ ਨੇ “ਵਿਸਮਾਦੁ ਸਾਦਿ ਲਗਹਿ ਪਰਾਣੀ॥” ਭਾਵ ਇਹ ਦੇਖਣਾ ਵੀ ਵਿਸਮਾਦ ਹੈ ਕਿ ਕਿਵੇਂ ਅਣਗਿਣਤ ਸਵਾਦ/ਚਸਕੇ ਇਨਸਾਨ ਨੂੰ ਮੋਹ ਲੈਂਦੇ ਨੇ। ਇਥੇ ਹੀ ਮਸਲਾ ਦਿਲਚਸਪ ਹੋ ਜਾਂਦਾ ਹੈ। ਗੁਰਮਤਿ ਵਿੱਚ ਇਹ ਇੱਕ ਵੱਡਾ ਵਿਸ਼ਾ ਹੈ ਕਿ ਕਿਵੇਂ ਇਨਸਾਨ ਦੇ ਵੱਖ-ਵੱਖ ਦੁਨਿਆਵੀ ਚਸਕੇ ਉਸਦੀ ਅਕਾਲ ਪੁਰਖ ਨਾਲੋਂ ਵਿੱਥ ਦਾ ਕਾਰਨ ਬਣਦੇ ਹਨ ਅਤੇ ਫਿਰ ਕਿਵੇਂ ਇਸਨੂੰ ਵਾਪਰਦਾ ਹੋਇਆ ਵੇਖ ਨਾਨਕ ਵਿਸਮਾਦਿਤ ਹੋ ਸਕਦੇ ਨੇ। ਇਸੇ ਤਰ੍ਹਾਂ ਅੱਗੇ ਫੁਰਮਾਉਂਦੇ ਹਨ ਕਿ “ਵਿਸਮਾਦੁ ਉਝੜ” “ਵਿਸਮਾਦੁ ਦੂਰਿ” ਭਾਵ ਜੋ ਅਕਾਲ ਪੁਰਖ ਦੇ ਰਾਹ ਤੋਂ ਉੱਜੜੇ ਹੋਏ ਹਨ ਅਤੇ ਉਸ ਤੋਂ ਦੂਰ ਹਨ, ਉਹ ਵੀ ਵਿਸਮਾਦ ਦਾ ਕਾਰਨ ਹਨ। ਬਾਬੇ ਨਾਨਕ ਨੇ ਆਪਣੀ ਬਾਣੀ ਵਿੱਚ ਇੱਕ ਪਾਸੇ ਰੱਬ ਤੋਂ ਟੁਟੇ ਮਨੁੱਖ ਨੂੰ ਕੂੜ ਕਿਹਾ ਹੈ ਫੇਰ ਉਹ ਵਿਸਮਾਦ ਦਾ ਕਾਰਨ ਕਿਵੇਂ ? ਜੋ ਅਕਾਲ ਪੁਰਖ ਦੇ ਨੇੜੇ ਉਹ ਠੀਕ ਪਰ ਜੋ ਦੂਰ ਹੈ, ਉਹ ਵਿਸਮਾਦ ਦਾ ਕਾਰਨ ਕਿਵੇਂ?
ਕੁੱਝ ਸਾਲ ਪਹਿਲਾਂ ਜਦੋਂ ਸਿੱਖੀ ਵਿੱਚ ਮੇਰੀ ਦਿਲਚਸਪੀ ਬਣੀ; ਪੜਨਾ, ਵਿਚਾਰਨਾ ਸ਼ੁਰੂ ਕੀਤਾ ਤਾਂ ਮਕਸਦ ਸੀ ਮਨ ਦਾ ਟਿਕਾਅ ਤੇ ਸ਼ਾਂਤੀ। ਬਹੁਤ ਪੱਖਾਂ ਤੋਂ ਮੈਨੂੰ ਇਸਦਾ ਫਾਇਦਾ ਵੀ ਹੋਇਆ ਪਰ ਇੱਕ ਅਜੀਬ ਸਮੱਸਿਆ ਹੋਣ ਲੱਗ ਗਈ। ਜਿਵੇਂ ਹਨ੍ਹੇਰੇ ਤੋਂ ਚਾਨਣ ਵਿੱਚ ਆਉਣ ਨਾਲ ਦਿਖਣ ਤਾਂ ਜ਼ਿਆਦਾ ਲੱਗ ਜਾਂਦਾ ਹੈ ਪਰ ਨਾਲ ਉਹ ਸਭ ਵੀ ਦਿਖਣ ਲੱਗ ਜਾਂਦਾ ਹੈ ਜੋ ਦੇਖਣਯੋਗ ਨਹੀਂ, ਜੋ ਤਕਲੀਫ਼-ਦੇ ਹੈ। ਮਿਸਾਲ ਦੇ ਤੌਰ ‘ਤੇ ਇਸ ਤੋਂ ਪਹਿਲਾਂ ਜਦੋਂ ਮੈਂ ਦਰਬਾਰ ਸਾਹਿਬ, ਅੰਮ੍ਰਿਤਸਰ ਜਾਂਦਾ ਸੀ ਤਾਂ ਹਮੇਸ਼ਾ ਸਭ ਚੰਗਾ-ਚੰਗਾ ਲਗਦਾ ਸੀ ਪਰ ਹੁਣ ਜਦੋਂ ਮੈਂ ਦਰਬਾਰ ਸਾਹਿਬ ਗਿਆ ਤਾਂ ਮੈਂ ਬਹੁਤ ਅਸਹਿਜ ਹੋ ਗਿਆ। ਸਿੱਖੀ ਦੇ ਮੁੱਖ ਧਾਰਮਿਕ ਅਸਥਾਨ ਉੱਪਰ ਹੁੰਦੀਆਂ ਗੁਰਮਤਿ ਵਿਰੋਧੀ ਮਨਮਤਾਵਾਂ ਦੇਖ, ਮਨ ਪਹਿਲੀ ਵਾਰ ਦਰਬਾਰ ਸਾਹਿਬ ਜਾਕੇ ਉਦਾਸ ਹੋਇਆ। ਜਿਵੇਂ-ਜਿਵੇਂ ਪੜ੍ਹਨਾ/ਸਮਝਣਾ ਸ਼ੁਰੂ ਕੀਤਾ ਤਾਂ ਸਿਧਾਂਤਕ ਤੌਰ ‘ਤੇ ਮੌਜੂਦ ਸਿੱਖੀ ਅਤੇ ਕਮਾਈ ਜਾ ਰਹੀ ਸਿੱਖੀ ਵਿੱਚ ਕੋਈ ਸਮਾਨਤਾ ਨਾ ਦੇਖ, ਮਨ ਬੇਚੈਨ ਹੋ ਉੱਠਿਆ। ਸੋਚਿਆ, ਕਿ ਮੈਂ ਤਾਂ ਸਿੱਖੀ ਵੱਲ ਸ਼ਾਂਤ ਹੋਣ ਆਇਆ ਸੀ ਤੇ ਹੋ ਗਿਆ ਇਸਦੇ ਉਲਟ। ਮੈਂ ਜਦੋਂ ਭਾਈ ਇੰਦਰ ਸਿੰਘ ਘੱਗਾ ਜੀ ਨੂੰ ਪਹਿਲੀ ਵਾਰ ਉਨ੍ਹਾਂ ਦੇ ਘਰ ਮਿਲਣ ਗਿਆ ਤਾਂ ਮੇਰਾ ਉਹਨਾਂ ਨੂੰ ਇਹ ਪਹਿਲਾ ਸਵਾਲ ਸੀ। ਜਵਾਬ ਵਿੱਚ ਉਹਨਾਂ ਇਹੀ ਆਖਿਆ ਕਿ ਇਹ ਸਫ਼ਰ ਦਾ ਇਕ ਪੜਾਅ ਹੈ। ਪਰ ਇਹ ਸਵਾਲ ਕਈ ਸਾਲ ਮੇਰੇ ਨਾਲ ਹੀ ਰਿਹਾ।
ਫੇਰ ਅਚਾਨਕ ਜਦੋਂ ਮੈਂ ‘ਆਸਾ ਦੀ ਵਾਰ’ ਵਿੱਚ ਦਰਜ ਇਹ ਸ਼ਬਦ ਪੜ੍ਹਿਆ ਤਾਂ ਮੇਰਾ ਧਿਆਨ ਇਸ ਮੁੱਦੇ ਵੱਲ ਇੱਕ ਵਾਰ ਫੇਰ ਗਿਆ ਤੇ ਮੈਨੂੰ ਲੱਗਾ ਕਿ ਪਾਤਸ਼ਾਹ ਤਾਂ ਇਸਦਾ ਹੱਲ੍ਹ ਗੁਰਬਾਣੀ ਵਿੱਚ ਦੇ ਚੁੱਕੇ ਨੇ। ਨਾਨਕ ਇਸ ਸ਼ਬਦ ਵਿੱਚ ਐਸੀ ਮਾਨਸਿਕ ਸਥਿਤੀ ਦੀ ਚਰਚਾ ਕਰ ਰਹੇ ਨੇ ਜੋ ਉਲਟ ਪ੍ਰਸਥਿਤੀਆਂ ਵਿੱਚ ਵੀ ਇੱਕ ਸਿੱਖ ਨੂੰ ਵਿਸਮਾਦ ਤੋਂ ਬਾਹਰ ਨਹੀਂ ਜਾਣ ਦਿੰਦੀ ਸਗੋਂ ਇਹ ਪ੍ਰਸਥਿਤੀਆਂ ਵੀ ਉਸ ਦੇ ਵਿਸਮਾਦ ਦਾ ਕਾਰਨ ਬਣਦੀਆ ਨੇ। ਮਿਸਾਲ ਦੇ ਤੌਰ ‘ਤੇ ਨਾਨਕ ਪਾਤਸ਼ਾਹ ਅੱਗੇ ਤਾਂ ਕਿਸੇ ਵੀ ਮਨੁੱਖ ਦਾ ਅਧਿਆਤਮਿਕ ਪੱਧਰ ਕੁੱਝ ਵੀ ਨਹੀਂ ਸੀ ਤੇ ਧਾਰਮਿਕ ਕਰਮਕਾਂਡ ਵੀ ਆਪਣੇ ਚਰਮ ’ਤੇ ਸੀ। ਜੇ ਉਹ ਇਹ ਸਭ ਹਾਲਾਤ ਦੇਖ-ਦੇਖ ਖਿਝਦੇ ਰਹਿੰਦੇ ਤਾਂ ਕਦੇ ਵੀ ਵਿਸਮਾਦ ਵਿੱਚ ਨਹੀਂ ਸਨ ਪਹੁੰਚ ਸਕਦੇ। ਬਾਬੇ ਨਾਨਕ ਦੇ ਦਿਲ ਵਿੱਚ ਮਨੁੱਖਤਾ ਨੂੰ ਲੈ ਕੇ ਐਨੀ ਤੜਪ ਸੀ ਕਿ ਓਹਨਾਂ ਮਨੁੱਖਤਾ ਨੂੰ ਹਨ੍ਹੇਰੇ ਵਿੱਚੋਂ ਬਾਹਰ ਕੱਢਣ ਲਈ ਹਜ਼ਾਰਾਂ ਮੀਲ ਦੀ ਯਾਤਰਾ ਕੀਤੀ। ਬਿਨਾ ਕਿਸੇ ਲਾਲਚ ਦੇ ਲੁਕਾਈ ਨੂੰ ਮਾਨਸਿਕ ਦੁੱਖਾਂ ਵਿੱਚੋਂ ਬਾਹਰ ਕੱਢਣ ਲਈ ਖ਼ੁਦ ਘਾਲਣਾ ਘਾਲੀ ਪਰ ਬਾਵਜੂਦ ਇਸਦੇ ਖੁਦ ਵਿਸਮਾਦ ਦੀ ਅਵਸਥਾ ਵਿੱਚ ਹੀ ਰਹੇ।
ਇਹ ਕਮਾਲ ਹੈ ਪਾਤਸ਼ਾਹ ਵਲੋਂ ਸਿਰਜਣਹਾਰ ਦੇ ਹੁਕਮੁ ਵਿੱਚ ਰਹਿਣ ਦਾ, ਉਸ ਕਰਤੇ ਦੇ ਬਣਾਏ ਇਨਸਾਨ ਦੇ ਮਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਦਾ, ਕੁਦਰਤ ਦੀ ਬਣਾਈ ਇਸ ਖੇਡ ਨੂੰ ਬਾਰੀਕੀ ਨਾਲ ਸਮਝਣ ਦਾ। ਇਹ ਸਮਝਣਾ ਕਿ ਹਰ ਇਨਸਾਨ ਸਚਿਆਰ ਬਣੇ ਇਹ ਜ਼ਰੂਰੀ ਨਹੀਂ ਪਰ ਇਹ ਉਹਨਾਂ ਆਪਣਾ ਫ਼ਰਜ਼ ਸਮਝਿਆ ਕਿ ਜਿਸ ਰਸਤੇ ‘ਤੇ ਚੱਲ ਉਹਨਾਂ ਰੂਹਾਨੀ ਆਨੰਦ ਪ੍ਰਾਪਤ ਕੀਤਾ, ਉਹ ਹੋਰਾਂ ਨੂੰ ਵੀ ਜਿੱਥੇ ਤੱਕ ਹੋ ਸਕੇ, ਉਸ ਰਾਹ ‘ਤੇ ਪਾਉਣ। ਕੁੱਲ ਮਿਲਾਕੇ ਵਿਸਮਾਦ ਹੁਕਮੁ ਵਿੱਚੋਂ ਹੀ ਪੈਦਾ ਹੁੰਦਾ ਹੈ। ਇਹ ਉਸ ਅਕਾਲ ਪੁਰਖ ਦੇ ਹੁਕਮੁ ਦਾ ਹੀ ਹਿਸਾ ਹੈ ਕਿ ਕੋਈ ਉਸਦੇ ਨੇੜੇ ਹੋਵੇਗਾ ਤੇ ਕੋਈ ਦੂਰ। ਕੋਈ ਸਚਿਆਰਤਾ ਦੇ ਰਾਹ ਤੁਰੇਗਾ ਤੇ ਕੋਈ ਕੂੜ ਦੇ। ਕੋਈ ਨਾਨਕ ਦੇ ਕੋਲ ਬਹਿ ਕੇ ਵੀ ਸੁੱਕਾ ਰਹਿ ਜਾਵੇਗਾ ਤੇ ਕੋਈ ਉਸਦਾ ਇੱਕ ਸ਼ਬਦ ਸੁਣਕੇ ਹੀ ਰੂਹਾਨੀਅਤ ਵਿੱਚ ਭਿੱਜ ਜਾਵੇਗਾ। ਕਈ ਵਾਰ ਸ਼ਬਦ ਵਿਚਾਰ ਕਰਨ ਵਾਲਾ ਵੀ ਭਟਕਦਾ ਰਹੇਗਾ ਤੇ ਕੋਈ ਵਿਚਾਰ ਸੁਣਕੇ ਹੀ ਰਾਹ ਲੱਭ ਲਵੇਗਾ। ਇਸ ਲਈ ਇਸ ਰਾਹ ‘ਤੇ ਚਲਦਿਆਂ, ਇਹ ਜੀਵਨ ਜਿਉਂਦਿਆਂ, ਗ਼ਲਤ ਹੁੰਦਾ ਵੇਖ, ਦੁੱਖ ਅਤੇ ਗੁੱਸੇ ਦੀ ਥਾਂ ਦਇਆ ਦਾ ਭਾਵ ਪੈਦਾ ਹੋਣਾ ਚਾਹੀਦਾ ਹੈ ਤੇ ਇਸ ਪਿਛਲੇ ਹੁਕਮੁ ਨੂੰ ਪਛਾਣ, ਅਚੰਬੇ ਅਤੇ ਵਿਸਮਾਦ ਨਾਲ ਭਰ ਜਾਣਾ ਚਾਹੀਦਾ ਹੈ।
ਇਹ ਨੁਕਤਾ ਨਾ-ਸਿਰਫ਼ ਗੁਰਮਤਿ ਦੇ ਵਿਸ਼ਿਆਂ ਵਿੱਚ ਸਗੋਂ ਆਮ ਜ਼ਿੰਦਗੀ ਵਿੱਚ ਵੀ ਓਨਾ ਹੀ ਕਾਰਗਰ ਹੈ। ਇਨਸਾਨੀ ਰਿਸ਼ਤਿਆਂ ਵਿੱਚ ਆਏ ਭੁਚਾਲ ਮੌਕੇ, ਔਖੇ ਤੇ ਉਲਟ ਹਾਲਤਾਂ ਵਿੱਚ, ਦੁੱਖ ਤੇ ਤਕਲੀਫ਼ ਸਮੇਂ, ਇਹ ਨੁਕਤਾ ਸਾਨੂੰ ਭਟਕਣ ਤੋਂ ਬਚਾਈ ਰੱਖਦਾ ਹੈ। ਇਸ ਨੁਕਤੇ ਉਪਰ ਅਭਿਆਸ ਕਰਦਿਆਂ ਸਮਝ ਆਵੇਗਾ ਕਿ ਜੋ ਗੱਲਾਂ ਨਿੱਤ ਦਿਨ ਦੀ ਖਿਝ, ਦੁੱਖ ਅਤੇ ਕਲੇਸ਼ ਦਾ ਕਾਰਨ ਹਨ, ਉਹ ਅਸਲ ਵਿਚ ਵਿਸਮਾਦ ਦਾ ਕਾਰਨ ਬਣ ਸਕਦੀਆਂ ਹਨ।
ਮਨਿੰਦਰ ਸਿੰਘ ਕੈਨੇਡਾ
20 ਮਾਰਚ 2025
terahukum@gmail.com
Leave a Reply