(ਸ. ਕਰਮਿੰਦਰ ਸਿੰਘ ਢਿੱਲੋਂ, ਪੀਐਚਡੀ, ਦੀ ਕਿਤਾਬ ‘Understanding Nitnem: Jup, Sodar and Sohela ਵਿਚੋਂ ਜਪੁ ਬਾਣੀ ਦੀ ਵਿਆਖਿਆ ਨੂੰ ਪੜ੍ਹ ਕੇ ਜੋ ਮੈਂ ਸਮਝ ਸਕਿਆ, ਉਹ ਬਿਆਨ ਕਰ ਰਿਹਾ ਹਾਂ ।)
38 ਪੌੜੀਆਂ ਅਤੇ 2 ਸਲੋਕਾਂ ਦੀ ਇਸ ਬਾਕਮਾਲ ਬਾਣੀ ਦੀਆਂ ਅੱਜ ਤੱਕ 200 ਤੋਂ ਵੱਧ ਵਿਆਖਿਆਵਾਂ ਹੋਈਆਂ ਹਨ ਪਰ ਡਾ ਕਰਮਿੰਦਰ ਸਿੰਘ ਜੀ ਵਲੋਂ ਕੀਤੀ ਵਿਆਖਿਆ ਸ਼ਾਇਦ ਪਹਿਲੀ ਐਸੀ ਵਿਆਖਿਆ ਹੈ ਜੋ ਸੰਧਰਭ ਦਾ ਉਹ ਧਾਗਾ ਫੜ ਕੇ ਕੀਤੀ ਗਈ ਹੈ ਜਿਸ ਨਾਲ ਪਾਤਸ਼ਾਹ ਨੇ ਪੂਰੀ ਬਾਣੀ ਨੂੰ ਪਿਰੋਇਆ ਹੋਇਆ ਹੈ। ਨਾ ਸਿਰਫ ਹਰ ਪੌੜੀ ਦੇ ਅਰਥ ਅਗਲੀ ਅਤੇ ਪਿਛਲੀ ਪੌੜੀ ਦੇ ਅਰਥਾਂ ਨਾਲ, ਬਲਕਿ ਹਰ ਪੰਕਤੀ ਦੇ ਅਰਥ ਵੀ ਇਕ ਦੂਸਰੀ ਪੰਕਤੀ ਨਾਲ ਜੁੜੇ ਹੋਏ ਮਿਲਦੇ ਹਨ। ਇਹੀ ਕਾਰਨ ਹੈ ਕਿ ਪੂਰੀ ਬਾਣੀ ਪੜਨ ਤੋਂ ਬਾਅਦ ਸਾਨੂੰ ਬਕਾਇਦਾ ਪਤਾ ਲਗਦਾ ਹੈ ਕਿ ਸਚਿਆਰ ਬਣਨ ਦੇ ਰਾਹ ਵਿਚ ਕਿਹੜੇ ਮੁਖ ਪੜਾਅ ਹਨ, ਹਰ ਪੜਾਅ ਬਾਰੇ ਜੋ ਤਫ਼ਸੀਲ ਪਾਤਸ਼ਾਹ ਨੇ ਲਿਖੀ ਹੈ ਉਹ ਬਾਹਰ ਨਿਕਲ ਕੇ ਆਉਂਦੀ ਹੈ। ਅਤੇ ਸਭ ਤੋਂ ਜ਼ਰੂਰੀ ਇਹ ਪਤਾ ਲਗਦਾ ਹੈ ਕਿ ਮੈਂ ਕਰਨਾ ਕੀ ਹੈ ਸਚਿਆਰ ਬਣਨ ਲਈ। ਮੇਰੀ ਇਸ ਲਿਖਤ ਨੂੰ ਸਿਰਫ ਇਕ ਵਿਦਿਆਰਥੀ ਵਲੋਂ ਬਣਾਏ ਨੋਟਸ ਸਮਝ ਕੇ ਹੀ ਪੜ੍ਹਿਆ ਜਾਵੇ।
ਸਲੋਕ -ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਜਪੁ ਬਾਣੀ, ਸਚਿਆਰ ਬਣਨ ਦੀ ਵਿਧੀ ਹੈ। ਸਚਿਆਰ ਪ੍ਰਮਾਤਮਾ ਨਾਲ ਜੁੜੇ ਇਨਸਾਨ ਨੂੰ ਕਿਹਾ ਜਾਂਦਾ ਹੈ ਤੇ ਇਹੀ ਹਰ ਸਿੱਖ ਦੀ ਅਧਿਆਤਮਿਕ ਮੰਜਿਲ ਵੀ ਹੈ। ਸਚਿਆਰ ਬਣਨ ਦਾ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਲੋਕ ਦੱਸਦਾ ਹੈ ਕਿ ਮੰਜਿਲ ਦੀ ਲੋਕੇਸ਼ਨ ਕਿਥੇ ਹੈ। ਜਿਸ ਨਾਲ ਜੁੜਨਾ ਹੈ, ਉਹ ਹੈ ਕਿਥੇ ? ਇਸ ਸਲੋਕ ਤੋਂ ਪਤਾ ਲਗਦਾ ਹੈ ਕਿ ਜਿਸ ਰਬ ਨਾਲ ਜੁੜਨਾ ਹੈ, ਉਹ ਮੇਰੇ ਜੰਮਣ ਤੋਂ ਲੈ ਕੇ ਮੇਰੇ ਅੰਦਰ ਹੈ ਤੇ ਮੇਰੇ ਮਰਣ ਤਕ ਅੰਦਰ ਹੀ ਰਹੇਗਾ। ਅੰਦਰ ਤੋਂ ਭਾਵ ‘ਅੰਤਰ-ਆਤਮਾ’। ਹੁਣ ਮੇਰੀ ਮਰਜੀ ਹੈ, ਉਸ ਨਾਲ ਕਦੋਂ ਜੁੜਨਾ ਹੈ ਤੇ ਜੁੜਨਾ ਹੈ ਵੀ ਜਾ ਨਹੀਂ।
ਪੌੜੀ 1 – ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਪਹਿਲੀ ਪੌੜੀ ਵਿਚ ਨਾਨਕ ਪਾਤਸ਼ਾਹ ਨੇ ਪਹਿਲਾਂ ਦੱਸਿਆ ਕਿ ਕਿਵੇਂ ਪਰਮਾਤਮਾ ਨਾਲ ਜੁੜਿਆ ਨਹੀਂ ਜਾਵੇਗਾ ਅਤੇ ਫਿਰ ਫਰਮਾਇਆ ਕਿ ਪਰਮਾਤਮਾ ਨਾਲ ਕਿਵੇਂ ਜੁੜਿਆ ਜਾਵੇਗਾ ਭਾਵ ਸਚਿਆਰ ਕਿਵੇਂ ਬਣਿਆ ਜਾਵੇਗਾ। ਤੀਰਥਾਂ ਤੇ ਨਹਾਉਣ ਨਾਲ, ਮੌਨ ਵਰਤ ਰੱਖਣ ਨਾਲ, ਬੇਅੰਤ ਇੱਛਾਵਾਂ ਦੀ ਪੂਰਤੀ ਨਾਲ ਅਤੇ ਬਹੁਤਾ ਧਾਰਮਿਕ ਗਿਆਨ ਹੋਣ ਨਾਲ ਵੀ ਨਹੀਂ ਜੁੜਿਆ ਜਾ ਸਕਦਾ। ਭਾਵ ਸ਼ਰੀਰਕ ਪੱਧਰ ‘ਤੇ, ਆਪਣੇ ਸ਼ਰੀਰ ਤੋਂ ਬਾਹਰ, ਇਥੋਂ ਤਕ ਕੇ ਸਿਰਫ ਮਨ ਅਤੇ ਬੁੱਧੀ ਦੇ ਪੱਧਰ ਤੇ ਵੀ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ ਹੈ, ਕੂੜ ਦੀ ਅਵਸਥਾ ਮਿਟਾਈ ਨਹੀਂ ਜਾ ਸਕਦੀ, ਸਚਿਆਰ ਨਹੀਂ ਬਣਿਆ ਜਾ ਸਕਦਾ। ਰੱਬ ਦੇ ਬਣਾਏ ਹੁਕਮੁ ਵਿਚ ਬਾਹਾਂ ਖੋਲ ਕੇ, ਖੁਸ਼ੀ ਦੇ ਨਾਲ ਜਿਉਣ ਨਾਲ/ਪਾਣੀ ਵਾਂਗ ਬਹਿਣ ਨਾਲ, ਹੀ ਜੁੜਿਆ ਜਾ ਸਕਦਾ ਹੈ। ਹੁਕਮੁ ਗੁਰਬਾਣੀ ਦਾ ਐਸਾ ਨੁਕਤਾ ਹੈ ਜਿਸਦੀ ਸਮਝ ਦੇ ਬਿਨਾ, ‘ਸਿੱਖੀ’ ਨਹੀਂ ਸਮਝੀ ਜਾ ਸਕਦੀ। ਹੁਕਮੁ ਹੀ ਸਿੱਖੀ ਦਾ ਧੁਰਾ ਹੈ।
ਪੌੜੀ 2 – ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
ਦੂਸਰੀ ਪੌੜੀ ਵਿਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਹੁਕਮੁ ਅਨੁਸਾਰ ਹੀ ਮੈਨੂੰ ਸਰੀਰ ਮਿਲਿਆ, ਸਰੀਰ ਵਿਚ ਜਾਨ ਮਿਲੀ। ਇਹ ਵੀ ਹੁਕਮੁ ਹੀ ਹੈ ਕਿ ਆਪਣੇ ਮਾੜੇ ਚੰਗੇ ਕਰਮਾਂ ਅਨੁਸਾਰ ਦੁੱਖ ਸੁਖ ਮਿਲਦੇ ਹਨ। ਇਸ ਤੋਂ ਅੱਗੇ ਫਰਮਾਉਂਦੇ ਨੇ ਕਿ ਰੱਬ ਨਾਲ ਜੁੜਿਆ ਵੀ ਤੈਅ ਹੁਕਮੁ (ਨਿਯਮ) ਅਨੁਸਾਰ ਹੀ ਜਾਂਦਾ ਹੈ। ਕੁਝ ਲੋਕ ਅਜਿਹਾ ਕਰ ਪਾਉਂਦੇ ਨੇ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਬਖਸ਼ਿਸ਼ ਹੋਈ ਹੈ ਅਤੇ ਬਹੁਤੇ ਜਿੰਦਗੀ ਭਰ ਇਸ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ। ਇਕ ਹੋਰ ਵੱਡਾ ਨੁਕਤਾ ਇਹ ਕਿ ਮੈਂ, ਜਾਂ ਕਾਇਨਾਤ ਦੀ ਕੋਈ ਵੀ ਹੋਰ ਬਲ੍ਹਾ ਉਸਦੇ ਹੁਕਮੁ ਤੋਂ ਬਾਹਰ ਨਹੀਂ। ਇਸ ਪੌੜੀ ਵਿਚ ਗੁਰੂ ਸਾਹਿਬ ‘ਹਉਮੈਂ’ ਦੀ ਬੜੀ ਦਿਲਚਸਪ ਪਰਿਭਾਸ਼ਾ ਸਮਝਾਉਂਦੇ ਹਨ ਕਿ ਆਪਣੇ ਆਪ ਨੂੰ ਹੁਕਮੁ ਤੋਂ ਬਾਹਰ ਸਮਝਣਾ ਹੀ ‘ਹਉਮੈਂ’ ਕਹਾਉਂਦਾ ਹੈ। ਹਰ ਉਹ ਕੰਮ ਜੋ ਹੁਕਮੁ ਦੇ ਉਲਟ ਹੈ, ਹਉਮੈਂ ਵਿਚ ਕੀਤਾ ਕੰਮ ਹੈ। ਹੁਕਮੁ ਸਬੰਧੀ ਇਕ ਹੋਰ ਨੁਕਤਾ ਬੜਾ ਅਹਿਮ ਹੈ ਕਿ ਭਾਵੇਂ ਇਸ ਆਲਮ ਦਾ ਜ਼ੱਰਾ-ਜ਼ੱਰਾ ਹੁਕਮੁ ਅਧੀਨ ਹੈ ਅਤੇ ਇਸਨੂੰ ਪਛਾਨਣਾ ਸਾਡੀ ਤਰੱਕੀ ਦਾ ਰਾਹ ਹੈ ਪਰ ਨਾਨਕ ਫਰਮਾਉਂਦੇ ਹਨ ਕਿ ਹੁਕਮੁ ਕਦੇ ਸੰਪੂਰਨ ਰੂਪ ਵਿਚ ਸਮਝਿਆ ਨਹੀਂ ਜਾ ਸਕਦਾ। ਜੇ ਅਸੀਂ ਹੁਕਮੁ ਨੂੰ ਮੰਨ ਲਿਆ, ਸਮਝ ਲਿਆ, ਅਹਿਸਾਸ ਕਰ ਲਿਆ, ਉਸ ਮੁਤਾਬਿਕ ਜਿਉਣ ਵੀ ਲੱਗ ਗਏ ਪਰ ਉਸ ਲਈ ਪਿਆਰ ਨਹੀਂ, ਹੁਕਮੁ ਚੰਗਾ ਨਹੀਂ ਲੱਗਦਾ ਤਾਂ ਵੀ ਖੂਹ ਕੋਲ ਪਹੁੰਚ ਕੇ ਪਿਆਸਾ ਰਹਿਣ ਵਾਲੀ ਗੱਲ ਹੋ ਜਾਵੇਗੀ। ਤਾਂ ਹੀ ਕਿਹਾ ਜਾਂਦਾ ਹੈ ਕਿ ਤੇਰਾ ਭਾਣਾ (ਹੁਕਮੁ) ਮੀਠਾ ਲਾਗੇ। ਮਿਠਾ ਲਗਣਾ ਬੜਾ ਜਰੂਰੀ ਹੈ।
ਪੌੜੀ 3 – ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ਗਾਵੈ ਕੋ ਸਾਜਿ ਕਰੇ ਤਨੁ ਖੇਹ ॥ਗਾਵੈ ਕੋ ਜੀਅ ਲੈ ਫਿਰਿ ਦੇਹ ॥ਗਾਵੈ ਕੋ ਜਾਪੈ ਦਿਸੈ ਦੂਰਿ ॥ਗਾਵੈ ਕੋ ਵੇਖੈ ਹਾਦਰਾ ਹਦੂਰਿ ॥ਕਥਨਾ ਕਥੀ ਨ ਆਵੈ ਤੋਟਿ ॥ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ਦੇਦਾ ਦੇ ਲੈਦੇ ਥਕਿ ਪਾਹਿ ॥ਜੁਗਾ ਜੁਗੰਤਰਿ ਖਾਹੀ ਖਾਹਿ ॥ਹੁਕਮੀ ਹੁਕਮੁ ਚਲਾਏ ਰਾਹੁ ॥ਨਾਨਕ ਵਿਗਸੈ ਵੇਪਰਵਾਹੁ ॥੩॥
ਪਾਤਸ਼ਾਹ ਫਰਮਾਉਂਦੇ ਨੇ ਕਿ ਕੋਈ ਆਪਣੀ ਹੋਂਦ ਨੂੰ, ਆਪਣੇ ਅੰਦਰ ਦੇ ਕਿਸੇ ਗੁਣ/ਕਲਾ ਨੂੰ ਹੁਕਮੁ ਵਜੋਂ ਦੇਖਦਾ ਹੈ; ਕੋਈ ਮਿਲੀ ਹੋਈ ਦਾਤ ਵਿਚੋਂ; ਕੋਈ ਜੰਮਣ-ਮਰਣ ਦੇ ਖੇਲ ਵਿਚੋਂ, ਹੁਕਮੁ ਦੇਖਦਾ ਹੈ। ਕਈ ਉਸ ਪਹੁੰਚ ਤੋਂ ਬਾਹਰ ਦਿਖਣ ਵਾਲੇ ਪਰਮਾਤਮਾ ਨੂੰ ਆਪਣੇ ਅੰਦਰ ਪਾ ਲੈਣ ਵਿਚੋਂ ਹੁਕਮੁ ਦੇਖਦਾ ਹੈ, ਕੋਈ ਜ਼ਰੇ-ਜ਼ਰੇ ਵਿਚੋਂ ਪਰਮਾਤਮਾ ਦੇਖਦਾ ਹੈ। ਹੁਕਮੁ ਹਰ ਪਾਸੇ ਵਰਤ ਰਿਹਾ ਹੈ ਤੇ ਇਸਦਾ ਵਿਖਿਆਨ ਕਦੇ ਖਤਮ ਨੀ ਹੋ ਸਕਦਾ। ਇਹ ਹੁਕਮੁ ਹੀ ਹੈ ਜੋ ਬੇਅੰਤ ਸਮੇਂ ਤੋਂ ਇਸ ਦੁਨੀਆ ਨੂੰ ਚਲਾ ਰਿਹਾ ਹੈ, ਹੁਕਮੁ ਦਿੰਦਾ ਰਹਿੰਦਾ ਹੈ ਭਾਵੇਂ ਇਸ ਦੀਆਂ ਦਾਤਾਂ ਲੈਣ ਵਾਲੇ ਖਤਮ ਹੋ ਜਾਂਦੇ ਹਨ। ਇਸ ਪੌੜੀ ਦੀਆਂ ਅੰਤਲੀਆਂ ਪੰਕਤੀਆਂ ਵਿਚ ਅਹਿਮ ਨੁਕਤਾ ਮਿਲਦਾ ਹੈ ਕਿ ਰੱਬ ਖੁਦ ਆਪਣੇ ਹੁਕਮੁ ਤੋਂ ਬਾਹਰ ਹੈ – ਵਿਗਸੈ ਵੇਪਰਵਾਹੁ।
ਮੈਂ ਇਥੇ ਆਪਣੇ ਵਲੋਂ ਹੁਕਮੁ ਦੀਆਂ ਕੁਝ ਉਧਾਹਰਣਾ ਦੇਣਾ ਚਾਹੁੰਦਾ ਹਾਂ : ਇਹ ਹੁਕਮੁ ਹੈ ਕਿ ਸਾਡੇ ਖਾਣ ਲਈ ਦੁਨੀਆ ਤੇ ਹਜਾਰਾਂ ਤਰਾਂ ਦੇ ਪਦਾਰਥ ਹਨ, ਹੁਕਮੁ ਇਹ ਵੀ ਹੋ ਸਕਦਾ ਸੀ ਕਿ ਅਸੀਂ ਮਿੱਟੀ ਖਾ ਕੇ ਜਿਓਂਦੇ ਰਹਿ ਸਕਦੇ। ਇਹ ਹੁਕਮੁ ਹੈ ਕਿ ਇਨਸਾਨ ਦੀ ਪ੍ਰਜਾਤੀ ਦੁਨੀਆ ਤੇ ਰਾਜ ਕਰ ਰਹੀ ਹੈ, ਹੁਕਮ ਇਹ ਵੀ ਹੋ ਸਕਦਾ ਸੀ ਕਿ ਕੁੱਤਿਆਂ ਦਾ ਦਿਮਾਗ ਜ਼ਿਆਦਾ ਹੁੰਦਾ ਅਤੇ ਉਹਨਾਂ ਸਾਡੇ ਗਲਾਂ ਵਿਚ ਪਟੇ ਪਾਏ ਹੁੰਦੇ। ਕੋਈ ਚੀਜ਼ ਉੱਪਰ ਸਿੱਟਦੇ ਹਾਂ ਤਾਂ ਉਹ ਹੇਠਾਂ ਆਉਂਦੀ ਹੈ, ਇਹ ਹੁਕਮੁ ਜਿਸਨੂੰ ਸਾਈਂਸ ਨੇ ਗ੍ਰੈਵਿਟੀ ਦਾ ਨਾਮ ਦਿੱਤਾ। ਅਰਦਾਸਾਂ ਕਰਕੇ ਨੌਕਰੀਆਂ ਜਾਂ ਬੱਚੇ ਮੰਗਣੇ ਜਾਂ ਹੋਣੇ ਹੁਕਮੁ ਨਹੀਂ। ਹੁਕਮੁ ਹੈ ਕਿ ਹਰ ਜੀਵ ਲਈ, ਭਾਵੇਂ ਉਹ ਜੰਗਲ ਵਿਚ ਹੋਵੇ ਜਾਂ ਪਾਣੀ ਵਿਚ, ਉਸ ਲਈ ਪਰਿਆਪਤ ਭੋਜਨ ਹੈ ਪਰ ਉਸ ਭੋਜਨ ਲਈ ਮਿਹਨਤ ਕਰਨੀ ਪਵੇਗੀ, ਇਹ ਵੀ ਹੁਕਮੁ ਹੈ। ਭਾਵੇਂ ਕੀੜੀ ਹੋਵੇ ਜਾਂ ਸ਼ੇਰ, ਮਿਹਨਤ ਸਭ ਨੂੰ ਕਰਨੀ ਪੈਂਦੀ ਹੈ। ਇਸੇ ਤਰਾਂ ਅਧਿਆਤਮਿਕ ਸਫ਼ਰ ਦਾ ਵੀ ਇਕ ਹੁਕਮੁ ਜੋ ਅਸੀਂ ਅਗੇ ਸਮਝਾਂਗੇ।
ਪੌੜੀ 4 – ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
ਇਸ ਪੌੜੀ ਦਾ ਪਹਿਲਾ ਨੁਕਤਾ ਇਹ ਕਿ ਹੁਕਮੁ ਦਾ ਰੁਤਬਾ ਅਕਾਲ ਪੁਰਖ ਬਰਾਬਰ ਹੈ, ਜੇ ਰੱਬ ਸੱਚ ਹੈ ਭਾਵ ਕਦੇ ਖਤਮ ਹੋਣ ਵਾਲਾ ਨਹੀਂ ਤਾਂ ਉਸਦਾ ਹੁਕਮੁ ਭੀ ਕਦੇ ਖਤਮ ਹੋਣ ਵਾਲਾ, ਕਿਸੇ ਦੇ ਦਬਾਅ ਹੇਠ ਬਦਲਣ ਵਾਲਾ ਨਹੀਂ, ਉਹ ਪਰਮਾਤਮਾ ਦੀ ਤਰਾਂ ਅਟੱਲ ਹੈ। ਇਹ ਇਕ ਨੁਕਤਾ ਹੀ ਸਿੱਖੀ ਵਿਚ ਪੈਰ ਧਰਨ ਵਾਲੇ ਇਨਸਾਨ ਦੀ ਸੋਚ ਵਿਚ ਕ੍ਰਾਂਤੀਕਾਰੀ ਬਦਲਾਅ ਲਿਆ ਦਿੰਦਾ ਹੈ। ਜਿਵੇਂ ਜਿਵੇਂ ਹੁਕਮੁ ਦੇ ਅਟੱਲ ਹੋਣ ਦਾ ਨੁਕਤਾ ਘਰ ਕਰਦਾ (ਸਮਝ ਆਉਂਦਾ) ਜਾਂਦਾ ਹੈ, ਪਾਖੰਡਵਾਦ ਦਾ ਕਿਲ੍ਹਾ ਢਹਿਣਾ ਸ਼ੁਰੂ ਹੋ ਜਾਂਦਾ ਹੈ, ਅੱਖਾਂ ਤੇ ਪਏ ਜਾਲੇ ਹਟਦੇ ਨੇ ਤੇ ਬਾਬਾ ਨਾਨਕ 21ਵੀਂ ਸਦੀ ਦੇ ਹਰ ਧਾਰਮਿਕ ਵਿਅਕਤੀ ਤੋਂ ਅਡਵਾਂਸ (ਆਧੁਨਿਕ )ਸੋਚ ਵਾਲੇ ਨਜ਼ਰ ਆਉਂਦੇ ਨੇ। ਕੁਝ ਉਦਹਾਰਣਾਂ : ਜੇ ਹੁਕਮੁ ਅਟੱਲ ਹੈ ਤਾਂ ਅਰਦਾਸਾਂ ਕਰਨ ਨਾਲ ਜਾਂ ਆਖੰਡ ਪਾਠਾਂ ਦੀ ਲੜੀ ਨਾਲ ਵੀ ਬਿਮਾਰ ਨੇ ਰਾਜੀ, ਫੇਲ ਵਾਲੇ ਨੇ ਪਾਸ ਨੀ ਹੋਣਾ, ਭਾਵ ਹੁਕਮੁ ਨਹੀਂ ਬਦਲਣਾ। ਬਿਮਾਰ ਨੇ ਇਲਾਜ ਨਾਲ ਰਾਜੀ ਤੇ ਫੇਲ ਨੇ ਪੜਾਈ ਨਾਲ ਬਾਜੀ ਮਾਰਨੀ ਹੈ।
ਇਸ ਪੌੜੀ ਦਾ ਦੂਜਾ ਅਹਿਮ ਨੁਕਤਾ – ‘ਭਾਖਿਆ ਭਾਉ ਅਪਾਰੁ’ ਦਾ ਹੈ ਜੋ ਕਿ ਬਹੁਤ ਹੀ ਪਿਆਰਾ ਅਤੇ ਸੋਚਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦੇਣ ਵਾਲਾ ਹੈ। ਬਚਪਨ ਤੋਂ ਹੀ ਜਦੋਂ ਸਾਡੇ ਨਾਲ ਕੋਈ ਅਣਸੁਖਾਵੀਂ (ਮਾੜੀ ) ਘਟਨਾ ਵਾਪਰ ਜਾਂਦੀ ਹੈ, ਮਸਲਨ ਕਿਸੇ ਕਰੀਬੀ ਦੀ ਮੌਤ, ਬੱਚਾ ਨਾ ਹੋਣਾ, ਵਪਾਰ ਵਿਚ ਨੁਕਸਾਨ, ਪੜਾਈ ਵਿਚ ਲੋੜ ਤੋਂ ਘੱਟ ਨੰਬਰ, ਬਾਹਰਲੇ ਦੇਸ਼ ਦਾ ਵੀਜ਼ਾ ਨਾ ਲਗਣਾ, ਗੱਲ ਮੁਕਾਓ ਕਿਸੇ ਵੀ ਦਿਲੋਂ ਚਾਹੀ ਚੀਜ਼ ਪ੍ਰਾਪਤ ਨਾ ਹੋਣਾ, ਇਸ ਸਭ ਦਾ ਠੀਕਰਾ ਅਸੀਂ ਰੱਬ `ਤੇ ਭੰਨ ਦੇ ਹਾਂ। ਇਥੋਂ ਤਕ ਕੇ ਜ਼ਿਆਦਾ ਗਰਮੀ-ਸਰਦੀ ਹੋਣਾ, ਗੜਿਆਂ ਕਾਰਨ ਫਸਲਾਂ ਦਾ ਮਰਨਾ ਆਦਿ ਦਾ ਜਿੰਮੇਵਾਰ ਰੱਬ, ਰੱਬ ਤੇ ਸਿਰਫ ਰੱਬ। ਮੈਨੂੰ ਤਾਂ ਲਗਦੈ ਇਸ ਦੁਨੀਆ ਵਿਚ ਸਭ ਤੋਂ ਵੱਧ ਗਾਲ੍ਹਾਂ ਰੱਬ ਨੂੰ ਹੀ ਪੈਂਦੀਆਂ ਨੇ। ਵੈਸੇ ਤਾਂ ਮੂਲ ਸਿਧਾਂਤ (ਮੰਤਰ) ਵਿਚ ਹੀ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨੂੰ ‘ਨਿਰਵੈਰੁ’ ਕਿਹਾ ਹੈ ਭਾਵ ਉਸਦਾ ਕਿਸੇ ਨਾਲ ਵੈਰ ਨਹੀਂ ਪਰ ਇਸ ਪੌੜੀ ਵਿਚ ਪਾਤਸ਼ਾਹ ਨੇ ਇਕ ਕਦਮ ਹੋਰ ਅੱਗੇ ਵਧਕੇ ਪਰਮਾਤਮਾ ਨੂੰ ਬੇਅੰਤ ਪਿਆਰ ਕਰਨ ਵਾਲਾ ਵੀ ਕਿਹਾ। ਇਹ ਬੇਹੱਦ ਅਹਿਮ ਹੈ ਸਚਿਆਰ ਬਣਨ ਲਈ ਅਤੇ ਇਕ ਬਹੁਤ ਵੱਡਾ ਮੋੜਾ ਹੈ ਸਾਡੀ ਸੋਚ ਵਿਚ। ਮਿਸਾਲ ਦੇ ਤੌਰ ਤੇ, ਕਿਸੇ ਵੀ ਅਨਸੁਖਾਂਵੀ ਘਟਨਾ ਮੌਕੇ ਜਦੋਂ ਦਿਮਾਗ ਨੇ ਮੰਨ ਲਿਆ ਕਿ ਇਸ ਵਿਚ ਰੱਬ ਦਾ ਕੋਈ ਕਸੂਰ ਨਹੀਂ ਤਾਂ ਫਿਰ ਹੀ ਅਸਲੀ ਕਾਰਨਾਂ ਬਾਰੇ ਸੋਚਣਾ ਸ਼ੁਰੂ ਕਰਾਂਗੇ ਤੇ ਫਿਰ ਉਸਦੇ ਹੱਲ ਵੱਲ ਧਿਆਨ ਜਾਵੇਗਾ। ਰੱਬ ਪ੍ਰਤੀ ਗੁੱਸਾ ਜਦੋਂ ਖਤਮ ਹੋਵੇਗਾ, ਫੇਰ ਹੀ ਤਾਂ ਪਿਆਰ ਹੋਵੇਗਾ, ਫੇਰ ਹੀ ਤਾਂ ਭਾਣਾ/ਹੁਕਮੁ ਮਿੱਠਾ ਲੱਗੇਗਾ।
ਜਿਸ ਤਰਾਂ ਪਹਿਲੀ ਪੌੜੀ ਵਿਚ ਗੁਰੂ ਨਾਨਕ, ਸਚਿਆਰ ਬਣਨ ਵਾਰੇ ਸਵਾਲ ਖੜਾ ਕਰਦੇ ਹਨ ਅਤੇ ਜਵਾਬ ਦਿੰਦਿਆਂ ਕਹਿੰਦੇ ਹਨ ਕਿ ਹੁਕਮੁ ਵਿਚ ਚੱਲਿਆਂ ਹੀ ਸਚਿਆਰ ਬਣਿਆ ਜਾਵੇਗਾ, ਉਸੇ ਤਰਾਂ ਪੌੜੀ ਨੰਬਰ ਚਾਰ ਵਿਚ ਫਿਰ 2 ਸਵਾਲ ਖੜੇ ਕਰਦੇ ਨੇ ਕਿ ਮੈਂ ਕੀ ਕਰਾਂ ਕਿ ਮੈਨੂੰ ਮੇਰੇ ਅੰਦਰ ਹੁਕਮੁ ਵਰਤਦਾ ਦਿਸੇ, ਮੈਂ ਕੀ ਵਿਚਾਰ ਕਰਾਂ, ਮੈਂ ਕੈਸੀ ਸੋਚ ਘੜਾ ਕਿ ਮੈਨੂੰ ਉਸਦੇ ਹੁਕਮੁ ਦਾ ਪਿਆਰ ਭਰਿਆ ਅਹਿਸਾਸ ਹੋਵੇ। ਫਿਰ ਖ਼ੁਦ ਉਸਦਾ ਜਵਾਬ ਦਿੰਦੇ ਹੋਏ ਫਰਮਾਉਂਦੇ ਹਨ ਕਿ ਆਪਣੀ ਜਿੰਦਗੀ ਨੂੰ ਅੰਮ੍ਰਿਤ ਬਣਾ। ਭਾਵ ਸਬਦਿ (ਗੁਰਬਾਣੀ) ਵਿਚ ਰੰਗ ਕੇ, ਗੁਰਬਾਣੀ ਦੇ ਗਿਆਨ ਵਿਚ ਡੁੱਬ ਕੇ ਜੀਵਨ ਜਿਉਂ। ਗੁਰਬਾਣੀ ਦਾ ਗਿਆਨ ਹੀ ਰੱਬੀ ਹੁਕਮੁ ਦਾ ਅਹਿਸਾਸ ਕਰਵਾਏਗਾ। ਪਰ ਇਸ ਦੇ ਨਾਲ ਹੀ ਇਹ ਵੀ ਸਮਝਾਉਂਦੇ ਹਨ ਕਿ ਸਚਿਆਰ ਬਣਕੇ ਜਿਸ ਨਦਰਿ/ਰਹਿਮਤ/ਆਨੰਦ ਦੀ ਉਮੀਦ ਵਿਚ ਅਸੀਂ ਇਸ ਸਫ਼ਰ ਉੱਪਰ ਤੁਰੇ ਹਾਂ, ਉਹ ਮਿਹਨਤ ਮੰਗਦਾ ਹੈ। ਜੇ ਗੁਰਬਾਣੀ ਪੜ੍ਹਨ, ਸਮਝਣ ਅਤੇ ਇਸ ਅਨੁਸਾਰ ਜਿਉਣ ਲਈ ਮਿਹਨਤ ਕਰਾਂਗੇ ਤਾਂ ਆਪਣੇ ਆਪ ਸਚਿਆਰ ਹੋ ਜਾਵਾਂਗੇ।
ਪੌੜੀ 5 – ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਪੌੜੀ ਨੰਬਰ ਪੰਜ ਵਿਚ ਕਈ ਹੋਰ ਨੁਕਤੇ ਮਿਲਦੇ ਹਨ ਹੁਕਮੁ ਨੂੰ ਲੈਕੇ। ਪਹਿਲਾ ਇਹ ਕਿ ਕੋਈ ਵੀ ਇਸ ਸੰਸਾਰ ਨੂੰ ਚਲਾਉਣ ਵਾਲੇ ਰੱਬੀ ਹੁਕਮੁ ਦੀ ਥਾਂ ਨਵਾਂ ਹੁਕਮੁ ਨਾ ਸਥਾਪਿਤ ਕਰ ਸਕਦੇ ਹੈ ਤੇ ਨਾ ਚਲਾ ਸਕਦੇ ਹੈ। ਕੋਈ ਵੀ ਕਰਮਕਾਂਡ, ਸਾਇੰਸ ਦਾ ਫਾਰਮੂਲਾ, ਪੂਜਾ ਜਾਂ ਅਰਦਾਸ, ਹੁਕਮੁ ਨਹੀਂ ਬਦਲ ਸਕਦੀ। ਹੁਕਮੁ ਨੂੰ ਦਿਲ ਵਿਚ ਬੈਠਾ ਲੈਣ ਨਾਲ ਹੀ ਇਸ ਸਫ਼ਰ ਵਿਚ ਕਾਮਯਾਬੀ (ਮਾਣ) ਮਿਲਣੀ ਹੈ। ਇਸੇ ਨਾਲ ਹੀ ਅਗਲੇ ਪੜਾਅ ਤਕ ਅੱਪੜਿਆ ਜਾਣਾ ਹੈ, ਉਹ ਹੈ ਗੁਣਾ ਦਾ ਪੜਾਅ। ਇਹ ਇਕ ਬੇਹੱਦ ਅਹਿਮ ਨੁਕਤਾ ਹੈ। ਹੁਕਮੁ ਜਦੋਂ ਸਾਡੇ ਅੰਦਰ ਘਰ ਕਰ ਲੈਂਦਾ ਹੈ ਤਾਂ ਸਾਡੀ ਸੋਚ ਬਦਲਣ ਲੱਗ ਜਾਂਦੀ ਹੈ, ਸਾਡੇ ਅੰਦਰ ਕਈ ਤਰਾਂ ਦੇ ਗੁਣ ਪੈਦਾ ਹੋਣ ਲਗ ਜਾਂਦੇ ਨੇ। ਇਸੇ ਲਈ ਗੁਰਬਾਣੀ ਵਿਚ ਪਰਮਾਤਮਾ ਲਈ ਗੁਣੀ ਨਿਧਾਨ (ਗੁਣ ਦੇਣ ਵਾਲਾ) ਅਨੇਕਾਂ ਵਾਰ ਵਰਤਿਆ ਗਿਆ ਹੈ। ਅਕਸਰ ਮੈਂ ਸੋਚਦਾ ਸੀ ਕਿ ਕਹਿਣਾ ਆਸਾਨ ਹੈ ਗੁਣ ਪੈਦਾ ਕਰਨੇ, ਪਰ ਹੋਣਗੇ ਕਿਵੇਂ ? ਅਤੇ ਦੂਜਾ ਇਹ ਕਿ ਹਮੇਸ਼ਾ ਇਹ ਕਿਉਂ ਪੜਨ ਨੂੰ ਮਿਲਦਾ ਹੈ ਕਿ ਗੁਣ ਪਰਮਾਤਮਾ ਬਖਸ਼ਦਾ ਹੈ, ਸਭ ਗੁਣ ਉਸਦੇ ਹਨ ? ਪਰ ਜਦੋਂ ਹੁਕਮੁ ਅਤੇ ਗੁਣਾ ਦਾ ਕਨੈਕਸ਼ਨ ਸਮਝ ਆ ਜਾਂਦਾ ਹੈ ਤਾਂ ਇਹਨਾਂ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ ਹਨ। ਜੇ ਗੁਣ ਹੁਕਮੁ ਵਿਚੋਂ ਨਿਕਲਦੇ ਨੇ ਅਤੇ ਹੁਕਮੁ ਪਰਮਾਤਮਾ ਨੇ ਬਣਾਇਆ ਤਾਂ ਫਿਰ ਗੁਣ ਬਖਸ਼ਣ ਵਾਲਾ ਵੀ ਪਰਮਾਤਮਾ ਹੀ ਹੋਇਆ। ਹੁਕਮੁ ਨਾ ਸਿਰਫ ਗੁਣ ਲੈਕੇ ਆਉਂਦਾ ਹੈ ਸਗੋਂ ਮਨ ਵਿਚੋਂ ਦੁੱਖ ਹਟਦੇ ਨੇ ਤੇ ਸੁਖ ਘਰ ਕਰ ਲੈਂਦੇ ਨੇ।
ਗੁਰਮੁਖਿ ਭਾਵ ਸਬਦਿ ਭਾਵ ਗੁਰੂ ਹੀ ਮੇਰੇ ਲਈ ਵਿਚਾਰ ਚਰਚਾ ਦਾ ਵਿਸ਼ਾ ਹੈ, ਇਹੀ ਹੁਕਮੁ ਸਬੰਧੀ ਗਿਆਨ ਦਾ ਸਰੋਤ ਹੈ ਅਤੇ ਇਹੀ ਮੇਰੇ ਲਈ ਹੁਕਮੁ ਨਾਲ ਜੁੜਨ ਦਾ ਜ਼ਰੀਆ ਹੈ। ਸਾਰੇ ਪਸਾਰੇ ਦੀ ਸ਼ੁਰੂਆਤ, ਖਾਤਮੇ ਅਤੇ ਗੁਜਾਰੇ ਸਬੰਧਿਤ ਹੁਕਮੁ ਦਾ ਗਿਆਨ ਵੀ ਗੁਰੂ ਰੂਪੀ ਸਬਦਿ ਤੋਂ ਪ੍ਰਾਪਤ ਹੁੰਦਾ ਹੈ। ਇਸ ਸਬੰਧੀ ਹੁਕਮੁ ਦਾ ਅਹਿਸਾਸ ਜਦੋਂ ਹੋਣ ਲੱਗ ਜਾਂਦੈ, ਫਿਰ ਬਿਆਨ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਸਬੰਧੀ ਬਸ ਇਕ ਗੱਲ ਯਾਦ ਰੱਖਣੀ ਹੈ ਕਿ ਸਭਨਾ ਜੀਆਂ ਦਾ ਇਕ ਹੀ ਦਾਤਾ ਹੈ (ਅਲਗ-ਅਲਗ ਸ਼ਕਤੀਆਂ ਇਹ ਸੰਸਾਰ ਨਹੀਂ ਚਲਾ ਰਹੀਆਂ), ‘ਤੇ ਉਹ ਦਾਤਾ, ਹੁਕਮੁ ਹੈ ਅਤੇ ਨਾਲ ਇਹ ਵੀ ਯਾਦ ਰੱਖਣਾ ਹੈ ਕਿ ਮੈਂ ਵੀ ਉਸ ਤੋਂ ਬਾਹਰ ਨਹੀਂ।
ਪੌੜੀ 6 – ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਪੌੜੀ ਛੇਵੀਂ ਵਿਚ ਗੁਰੂ ਨਾਨਕ ਕਹਿ ਰਹੇ ਨੇ ਕਿ ਐਸਾ ਕੋਈ ਹੁਕਮੁ ਨਹੀਂ ਕਿ ਤੀਰਥਾਂ ਤੇ ਨਹਾਉਣ ਨਾਲ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਤਾਂ ਮੈਂ ਓਥੇ ਕਿਉਂ ਜਾਵਾਂ ? ਅੱਗੇ ਫਰਮਾਉਂਦੇ ਨੇ ਕਿ ਪੂਰੀ ਅਧਿਆਤਮਿਕ ਦੁਨੀਆ ਦੇਖ ਲਈ ਹੈ ਤੇ ਜਾਣ ਲਿਆ ਹੈ ਕਿ ਹੁਕਮੁ ਨੂੰ ਅਪਣਾਏ ਵਗੈਰ ਪਰਮਾਤਮਾ ਦੀ ਪ੍ਰਾਪਤੀ ਮੁਮਕਿਨ ਨਹੀਂ। ਜੇ ਐਨੀ ਕੁ ਗੱਲ ਪੱਲੇ ਬੰਨ ਲਈ ਤਾਂ ਮੇਰੀ ਮੱਤ ਰਬੀ ਗੁਣਾਂ ਨਾਲ ਭਰ ਜਾਵੇਗੀ।
ਪੌੜੀ 7 – ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
ਜਿਵੇਂ ਤੀਰਥ ਅਧਿਆਤਮਿਕ ਹੁਕਮੁ ਤੋਂ ਬਾਹਰ ਹਨ ਉਸੇ ਤਰਾਂ ਕੁਝ ਹੋਰ ਉਦਾਹਰਣਾਂ ਮਿਲਦੀਆਂ ਹਨ ਕਿ ਜੇ ਉਮਰ ਹਜਾਰਾਂ ਵਰ੍ਹੇ ਹੋ ਜਾਵੇ, ਦੁਨੀਆ ਦਾ ਹਰ ਇਨਸਾਨ ਪ੍ਰਸੰਸਾ ਕਰੇ/ਪਿੱਛੇ ਲੱਗੇ, ਪੂਰੀ ਦੁਨੀਆ ਵਿਚ ਚੰਗਾ ਨਾਮ ਵੀ ਬਣ ਜਾਵੇ ਪਰ ਜੇ ਹੁਕਮੁ ਦਾ ਅਹਿਸਾਸ ਨਹੀਂ ਹੋਇਆ ਤਾਂ ਅਧਿਆਤਮਕ ਸਫ਼ਰ ਵਿਚ ਇਹਨਾਂ ਸਾਰੀਆਂ ਪ੍ਰਾਪਤੀਆਂ ਦੀ ਦੁੱਕੀ ਜਿਨੀ ਬੁੱਕਤ ਨਹੀਂ ਹੈ। ਸਗੋਂ ਅਜਿਹੀ ਸਥਿਤੀ ਵਿਚ ਤਾਂ ਮੈਂ ਦੋਸ਼ੀ ਹਾਂ ਆਪਣੇ ਅਧਿਆਤਮਕ ਸਫ਼ਰ ਨੂੰ ਬਰਬਾਦ ਕਰਨ ਲਈ।
ਦੂਸਰਾ ਵੱਡਾ ਨੁਕਤਾ ਇਸ ਪੌੜੀ ਵਿਚ ਇਹ ਹੈ ਕਿ ਹੁਕਮੁ ਦਾ ਅਹਿਸਾਸ ਇਨਸਾਨ ਨੂੰ ਰੱਬੀ ਗੁਣਾਂ ਨਾਲ ਭਰ ਦਿੰਦਾ ਹੈ ਅਤੇ ਅਜਿਹਾ ਹੋਰ ਕੋਈ ਤਰੀਕਾ ਨਹੀਂ ਜਿਸ ਨਾਲ ਇਹ ਕੰਮ ਹੋ ਸਕੇ।
ਹੁਣ ਤਕ ਦੀਆਂ 7 ਪੌੜੀਆਂ ਵਿਚ ਹੁਕਮੁ ਦੀਆਂ ਵਿਸ਼ੇਸ਼ਤਾਵਾਂ, ਹੁਕਮੁ ਦਾ ਸੁਭਾਅ ਅਤੇ ਹੁਕਮੁ ਦੀ ਸਿੱਖੀ ਵਿਚ ਥਾਂ ਬਾਰੇ ਸਮਝਿਆ। ਇਸਦੇ ਨਾਲ ਹੀ ਇਹ ਵੀ ਸਮਝ ਲਿਆ ਕਿ ਅੱਗੇ ਦਾ ਸਫ਼ਰ ਜਿਸ ਵਿਚ ਰੱਬੀ ਗੁਣਾ ਦਾ ਬੇਹੱਦ ਅਹਿਮ ਕਿਰਦਾਰ ਹੈ, ਉਹ ਹੁਕਮੁ ਨੂੰ ਪਛਾਣ ਕੇ, ਹੁਕਮ ਵਿਚ ਜਿਓਂਕੇ ਹੀ ਪੈਦਾ ਹੋਣੇ ਨੇ। ਇਹ ਵੀ ਸਮਝਿਆ ਕੇ ਹੁਕਮੁ ਨੂੰ ਅੰਦਰ ਵਸਾਉਣ ਲਈ ਸਬਦਿ (ਗੁਰਬਾਣੀ) ਨੂੰ ਅੰਦਰ ਵਸਾਉਣਾ ਪਵੇਗਾ। ਇਸੇ ਬਾਰੇ ਹਨ ਅਗਲੀਆਂ 4 ਪੌੜੀਆਂ।
ਪੌੜੀ 8-11 – ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥
ਪੌੜੀ ਨੰਬਰ 8 ਤੋਂ ਲੈ ਕੇ 11 ਤਕ ਸੁਣਿਐ ਦੀਆਂ ਪੌੜੀਆਂ ਹਨ। ਇਸ ਲਈ ਸਭ ਤੋਂ ਪਹਿਲਾਂ ਸੁਣਿਐ ਦਾ ਅਰਥ ਸਮਝ ਲਈਏ। ਸੁਣਿਐ ਦਾ ਅਰਥ ਇਥੇ ਕੰਨਾਂ ਨਾਲ ਸੁਣਨਾ ਨਹੀਂ ਹੈ, ਸਗੋਂ ਮਨ ਨਾਲ ਸੁਣਨਾ ਅਤੇ ਮਨ ਵਿਚ ਵਸਾਉਣਾ ਹੈ । ਦੂਸਰੀ ਗੱਲ ਇਹ ਕਿ ਗੁਰੂ ਸਾਹਿਬ ਕੀ ਸੁਣਨ ਲਈ ਕਹਿ ਰਹੇ ਹਨ ਤਾਂ ਉਹ ਹੈ ਸਬਦਿ ਭਾਵ ਸਬਦੁ ਵਿਚਲਾ ਗਿਆਨ।
ਇਹਨਾਂ ਪੌੜੀਆਂ ਵਿਚ ਪਾਤਸ਼ਾਹ ਫਰਮਾਉਂਦੇ ਨੇ ਕਿ ਸਬਦਿ ਸੁਣਨ (ਮਨ ਵਿਚ ਵਸਾਉਣ/ਬਠਾਉਣ) ਨਾਲ ਅਧਿਆਤਮਿਕਤਾ ਨਵੀਆਂ ਉਚਾਈਆਂ ਪ੍ਰਾਪਤ ਹੁੰਦੀ ਕਰਦੀ ਹੈ; ਬ੍ਰਹਿਮੰਡ, ਸੂਰਜ, ਪੁਲਾੜ ਅਤੇ ਪੁਲਾੜ ਵਿਚਲੇ ਪਸਾਰੇ ਬਾਰੇ ਹੁਕਮੁ ਦਾ ਗਿਆਨ ਹੋ ਜਾਂਦਾ ਹੈ; ਮੌਤ ਦਾ ਡਰ ਖਤਮ ਹੋ ਜਾਂਦਾ ਹੈ; ਜੋ ਮਨ/ਹਿਰਦਾ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ ਜਾਂ ਹੁਕਮ ਅਨੁਸਾਰ ਚਲਣਾ ਪਸੰਦ ਨਹੀਂ ਸੀ ਕਰਦਾ, ਉਹ ਵੀ ਉਸਦੀਆਂ ਸਿਫਤਾਂ ਕਰਨ ਲਗ ਜਾਂਦਾ ਹੈ; ਸਾਡੀਆਂ ਇੰਦਰੀਆਂ ਵੀ ਪਰਮਾਤਮਾ ਨਾਲ ਜੁੜਨ ਵਾਲੇ ਪਾਸੇ ਕੰਮ ਕਰਨ ਲਗ ਜਾਂਦੀਆਂ ਹਨ ; ਸਬਰ ਅਤੇ ਰੱਬੀ ਗਿਆਨ ਪ੍ਰਾਪਤ ਹੁੰਦਾ ਹੈ। ਪਰਮਾਤਮਾ ਨਾਲ ਸੁਰਤ ਸਹਿਜੇ (ਬਿਨਾ ਕੋਈ ਵਿਸ਼ੇਸ਼ ਕੋਸ਼ਿਸ਼ ਜਾਂ ਜ਼ੋਰ ਲਾਏ) ਹੀ ਜੁੜ ਜਾਂਦੀ ਹੈ। ਗੁਣਾ ਰੂਪੀ ਸਮੁੰਦਰ ਵਿਚੋਂ ਗੁਣ ਇੱਕਠੇ ਕਰਨ ਦੀ ਸ਼ੁਰੂਆਤ ਹੋ ਜਾਂਦੀ ਹੈ; ਅਧਿਆਤਮਿਕ ਪੱਖੋਂ ਅੰਨਿਆਂ ਨੂੰ ਵੀ ਸਹੀ ਰਾਹ ਦਿੱਖ ਜਾਂਦਾ ਹੈ; ਅਧਿਆਤਮ ਜਿਹੀ ਵਿਖਮ ਚੀਜ਼ ਜੋ ਪਹੁੰਚ ਤੋਂ ਬਾਹਰ ਲੱਗਦੀ ਹੈ, ਉਸ ਨੂੰ ਹੱਥ ਪੈ ਜਾਂਦਾ ਹੈ।
ਗੁਰੂ ਸਾਹਿਬ ਇਹ ਵੀ ਫਰਮਾਉਂਦੇ ਨੇ ਕਿ ਸਬਦਿ ਸੁਣਨ ਨਾਲ ਸ਼ਿਵ, ਬ੍ਰਹਮਾ, ਇੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ; ਸਮਝ ਆ ਜਾਂਦਾ ਹੈ ਕਿ ਸ਼ਾਸਤਰ, ਸਿਮ੍ਰਿਤੀਆਂ ਅਤੇ ਵੇਦਾਂ ਦਾ ਅਧਿਆਤਮਿਕ ਮੁੱਲ ਕਿੰਨਾ ਕੁ ਹੈ; ਤੀਰਥ ਇਸਨਾਨਾਂ ਜਿਹੇ ਫ਼ਜੂਲ ਕਰਮਕਾਂਡ ਪਿਛਲੀ ਅਸਲੀਅਤ ਵੀ ਸਮਝ ਆਉਂਦੀ ਹੈ; ਧਾਰਮਿਕ ਗ੍ਰੰਥ ਪੜ ਪੜ ਕੇ ਮਾਣ ਮਿਲਣ ਪਿਛਲੀ ਸਚਾਈ ਦਾ ਵੀ ਪਤਾ ਲਗ ਜਾਂਦਾ ਹੈ ਭਾਵ ਇਹ ਸਮਝ ਆ ਜਾਂਦਾ ਹੈ ਕਿ ਇਹ ਕਰਮਕਾਂਡ ਸਚਿਆਰ ਨਹੀਂ ਬਣਾ ਸਕਦਾ ; ਵੱਡੇ ਮੁਸਲਿਮ ਪੀਰਾਂ ਵਲੋਂ ਦਿੱਤੇ ਗਿਆਨ ਦੀ ਅਸਲੀਅਤ ਵੀ ਪਤਾ ਲਗ ਜਾਂਦੀ ਹੈ।
ਸੁਣਿਐ ਦੀਆਂ ਸਾਰੀਆਂ ਪੌੜੀਆਂ ਦੇ ਅੰਤ ਵਿਚ 2 ਪੰਕਤੀਆਂ ਦੁਹਰਾਈਆਂ ਗਈਆਂ ਹਨ ਭਾਵ ਉਹਨਾਂ ਉੱਪਰ ਖਾਸ ਜੋਰ ਦਿੱਤਾ ਗਿਆ ਹੈ । ਜਿਵੇਂ ਪਾਤਸ਼ਾਹ ਗਰੰਟੀ ਦੇ ਰਹੇ ਹੋਣ, ਜਿਵੇਂ ਸੁਣਿਐ ਦਾ ਸਭ ਤੋਂ ਵੱਡਾ ਫਾਇਦਾ ਦਸ ਰਹੇ ਹੋਣ। ਉਹ ਪੰਕਤੀਆਂ ਇਹ ਹਨ : “ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥” ਭਾਵ ਸਬਦਿ ਤੋਂ ਮਿਲੇ ਗਿਆਨ ਦੇ ਅੰਦਰ ਵਸਣ ਨਾਲ ਦੁੱਖ ਪੈਦਾ ਕਰਨ ਵਾਲੇ ਔਗਣ ਖਤਮ ਹੋ ਜਾਂਦੇ ਨੇ ਅਤੇ ਸਭ ਤੋਂ ਖਾਸ ਗੱਲ ਇਹ ਕਿ ਇਸ ਰਾਹ ਦੇ ਪਾਂਧੀ ਹਮੇਸ਼ਾ ਖੇੜੇ ਵਿਚ ਰਹਿੰਦੇ ਹਨ।
ਸੋ ਸੁਣਿਐ ਦੀਆਂ ਪੌੜੀਆਂ ਕੁਲ ਮਿਲਾਕੇ ਸਾਨੂੰ ਗੁਰਬਾਣੀ ਵਿਚਲੇ ਸੰਦੇਸ਼ਾਂ/ਗਿਆਨ ਨੂੰ ਚੰਗੀ ਤਰਾਂ ਸਮਝ ਕਿ ਮਨ ਅੰਦਰ ਵਸਾਉਣ ਦੇ ਫਾਇਦੇ ਦਸਦੀਆਂ ਹਨ। ਜੇ ਫਾਇਦੇ ਲੈਣੇ ਹਨ, ਜੇ ਮਨ ਹਮੇਸ਼ਾ ਖੇੜੇ ਵਿਚ ਰੱਖਣਾ ਹੈ ਤਾਂ ਸੁਣਿਐ ਦੀ ਪ੍ਰਕ੍ਰਿਆ ਪੂਰੀ ਕਰਨੀ ਪਵੇਗੀ।
ਪੌੜੀ 12-15 – ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
ਸੁਣਿਐ ਤੋਂ ਬਾਅਦ ਸਟੇਜ (ਪੜਾਅ) ਆਉਂਦੀ ਹੈ ਮੰਨੈ ਦੀ। ਸੁਣਿਐ ਵਿਚ ਅਸੀਂ ਗਿਆਨ ਮਨ ਵਿਚ ਬੈਠਾਇਆ ਅਤੇ ਹੁਣ ਇਸ ਤੋਂ ਬਾਅਦ ਉਸ ਗਿਆਨ ਅਨੁਸਾਰ ਲਗਾਤਾਰ ਫੈਸਲੇ ਲੈਕੇ ਚਲਦੇ ਰਹਿਣਾ ਹੈ ਤੇ ਫਿਰ ਚਲਦੇ ਚਲਦੇ ਇਹਨੇ ਪੱਕੇ ਹੋ ਜਾਣਾ ਹੈ ਕਿ ਉਹ ਨੁਕਤਾ ਸਾਡੀ ਸ਼ਖਸੀਅਤ ਦਾ ਹਿੱਸਾ ਬਣ ਜਾਵੇ, ਸਾਡੀ ਪਛਾਣ ਬਣ ਜਾਵੇ, ਇਸੇ ਸਟੇਜ ਨੂੰ ਗੁਰੂ ਸਾਹਿਬ ਨੇ ਮੰਨੈ ਦੀ ਸਟੇਜ ਕਿਹਾ ਹੈ।
ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੰਨੈ ਵਾਲੀ ਸਟੇਜ ਵਿਚ ਮਨੋਦਸ਼ਾ ਦਾ ਬਿਆਨ ਕਰਨਾ ਅਸੰਭਵ ਜਿਹਾ ਹੈ ਤੇ ਜੋ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਫਿਰ ਪਛਤਾਉਂਦਾ ਹੈ ਕਿ ਪੂਰੀ ਸਥਿਤੀ ਬਿਆਨ ਨਹੀਂ ਕਰ ਪਾਇਆ। ਮਨੋਦਸ਼ਾ ਦੀ ਫੀਲਿੰਗ/ਤਜ਼ਰਬਾ ਐਨਾ ਵਿਸ਼ਾਲ ਹੋ ਜਾਂਦਾ ਹੈ ਕਿ ਲਿਖਣਾ ਸੰਭਵ ਨਹੀਂ, ਪਰ ਹਾਂ, ਮੰਨੈ ਦੀ ਸਟੇਜ ਤਕ ਪਹੁੰਚਣ ਦਾ ਅਤੇ ਇਸਨੂੰ ਜਿਉਣ ਦਾ ਤਜਰਬਾ ਅੰਦਰ ਘਰ ਕਰ ਜਾਂਦਾ ਹੈ।
ਮੰਨੈ ਦੀ ਦਸ਼ਾ ਸੁਰਤ, ਮਨ ਅਤੇ ਬੁੱਧੀ ਦੇ ਪੱਧਰ ‘ਤੇ ਵਾਪਰਦੀ ਹੈ ਭਾਵ ਕੁਝ ਐਸਾ ਨਹੀਂ ਹੋਵੇਗਾ ਕਿ ਬੰਦੇ ਦੇ ਸਿਰ ‘ਤੇ ਸਿੰਗ ਨਿੱਕਲ ਆਉਣ ਜਾਂ ਪੂਛ ਉੱਘ ਆਵੇ ਜਾਂ ਖੂਨ ਲਾਲ ਦੀ ਥਾਂ ਨੀਲਾ ਹੋ ਜਾਵੇ ਜਾਂ ਭੁੱਖ ਲੱਗਣੋਂ ਹਟ ਜਾਵੇ। ਹੁੰਦਾ ਇਹ ਹੈ ਕਿ ਸੁਰਤ, ਮਨ ਅਤੇ ਬੁੱਧੀ ਪਹਿਲਾਂ ਵਰਗੀ ਨਹੀਂ ਰਹਿੰਦੀ, ਟ੍ਰਾਂਸਫੌਰਮ ਹੋ ਜਾਂਦੀ ਹੈ। ਇਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਮੰਨੈ ਹੋਣ ਦੀ ਪ੍ਰੀਕ੍ਰਿਆ ਸੁਰਤ, ਮਨ ਅਤੇ ਬੁੱਧੀ ਨੂੰ ਗੁਰੂ ਦੇ ਗਿਆਨ ਅਨੁਸਾਰ ਢਾਲਣ ਦੀ ਹੀ ਪ੍ਰੀਕ੍ਰਿਆ ਹੈ। ਮੰਨੈ ਵਿਚ ਪੂਰੀ ਅਧਿਆਤਮਿਕ ਦੁਨੀਆ ਦੀ ਸਮਝ ਆ ਜਾਂਦੀ ਹੈ। ਮੰਨੈ ਵਾਲਾ ਵਿਅਕਤੀ ਅਧਿਆਤਮਿਕ ਸਫ਼ਰ ਵਿਚ ਧੋਖਾ ਨੀ ਖਾਂਦਾ ਅਤੇ ਫਿਰ ਔਗਣਾਂ ਕਾਰਨ ਆਤਮਿਕ ਮੌਤ ਨੀ ਮਰਦਾ ; ਪਰਮਾਤਮਾ ਨਾਲ ਮੇਲ ਵਿਚ ਕੋਈ ਰੁਕਾਵਟ ਨਹੀਂ ਰਹਿੰਦੀ, ਪਤਿ ਪ੍ਰਗਟ ਹੋ ਜਾਂਦੀ ਹੈ ਭਾਵ ਉਸ ਨਾਲ ਮੇਲ ਹੋ ਜਾਂਦਾ ਹੈ।
ਮੰਨੈ ਵਿਚ ਫਿਰ ਇਨਸਾਨ ਰਵਾਇਤੀ ਧਾਰਮਿਕ ਰਸਤਿਆਂ ‘ਤੇ ਨਾ ਤੁਰਕੇ ਸਗੋਂ ਹੁਕਮੁ ਅਨੁਸਾਰ ਚਲਦਾ ਹੈ ; ਅਧਿਆਤਮਿਕਤਾ ਦੇ ਸਿਖਰ ਤੇ ਪਹੁੰਚ ਜਾਂਦਾ ਹੈ; ਮਨ ਦਾ ਸਾਰਾ ਪਰਿਵਾਰ ਭਾਵ ਪੰਜੇ ਇੰਦਰੀਆਂ ਵੀ ਸਬਦਿ ਨੂੰ ਆਧਾਰ ਬਣਾ ਲੈਂਦੀਆਂ ਨੇ ਭਾਵ ਇੰਦਰੀਆਂ ਮਨ ਨੂੰ ਪਿੱਛੇ ਨਹੀਂ ਲਾਉਂਦੀਆਂ ਸਗੋਂ ਗੁਰੂ ਦੇ ਗਿਆਨ ਨਾਲ ਸਧੇ ਹੋਏ ਮਨ ਦੇ ਕੰਟਰੋਲ ਵਿਚ ਰਹਿੰਦੀਆਂ ਨੇ। ਮੰਨੈ ਅਸਲ ਵਿਚ ਉਹ ਮਨੋ ਦਸ਼ਾ ਹੈ ਜਿਥੇ ਗੁਰੂ ਚਾਹੁੰਦਾ ਹੈ ਕਿ ਅਸੀਂ ਪਹੁੰਚੀਏ ਅਤੇ ਗੁਰੂ ਦੀ ਸਿਖਿਆ ਸਾਨੂੰ ਓਥੇ ਪਹੁੰਚਾ ਦਿੰਦੀ ਹੈ। ਇਸ ਨਾਲ ਹੀ ਲੋੜ ਖਤਮ ਹੋ ਜਾਂਦੀ ਹੈ ਕਿਸੇ ਵੀ ਤਰਾਂ ਦਾ ਧਾਰਮਿਕ ਢੋਂਗ ਕਰਨ ਦੀ।
ਮੰਨੈ ਦੀ ਹਰ ਪੌੜੀ ਵਿਚ 2 ਪੰਕਤੀਆਂ ਬਾਰ ਬਾਰ ਆਉਂਦੀਆਂ ਨੇ ਜਿਵੇਂ ਮੰਨੈ ਦੀਆਂ ਪੌੜੀਆਂ ਦਾ ਕੇਂਦਰੀ ਭਾਵ ਦਸ ਰਹੀਆਂ ਹੋਣ ਜਾਂ ਮੰਨੈ ਬਣਨ ਦਾ ਰਾਹ ਦਸ ਰਹੀਆਂ ਹੋਣ। ਇਹ ਪੰਕਤੀਆਂ ਇੰਝ ਹਨ: ਐਸਾ ਨਾਮੁ ਨਿਰੰਜਨੁ ਹੋਇ || ਜੇ ਕੋ ਮੰਨਿ ਜਾਣੈ ਮਨਿ ਕੋਇ || ਭਾਵ : ਰੱਬੀ ਗੁਣਾਂ ਦੀ ਐਸੀ ਖ਼ੂਬੀ ਹੈ ਕਿ ਜੇ ਕੋਈ ਇਹ ਗੁਣ ਬਣ ਜਾਵੇ ਭਾਵ ਉਹ ਗੁਣ ਪੈਦਾ ਕਰ ਲਵੇ ਤਾਂ ਸਮਝੋ ਪਰਮਾਤਮਾ ਨਾਲ ਮੇਲ ਹੋ ਗਿਆ, ਸਮਝੋ ਕੇ ਸਚਿਆਰ ਹੋ ਗਿਆ। ਭਾਵ ਇਹ ਰਬੀ ਗੁਣ ਹੀ ਹਨ ਜਿਨ੍ਹਾਂ ਮੰਨੈ ਦੀ ਮੰਜਿਲ ਤਕ ਪਹੁੰਚਾਉਣਾ ਹੈ।
ਮੰਨੈ ਦੀਆਂ ਚਾਰ ਪੌੜੀਆਂ ਅਸਲ ਵਿਚ ਦੱਸਦੀਆਂ ਨੇ ਕਿ ਮੰਨੈ ਦੀ ਸਥਿਤੀ ਤੱਕ ਪਹੁੰਚਣਾ ਹੀ ਸਾਡਾ ਟੀਚਾ ਹੈ ਤੇ ਜਦੋਂ ਮੰਨੈ ਦੀ ਸਥਿਤੀ ਬਣ ਜਾਂਦੀ ਹੈ, ਓਦੋਂ ਕਿਹੋ ਜਿਹਾ ਤਜ਼ਰਬਾ ਹੁੰਦਾ ਹੈ। ਜਪੁ ਦਾ ਸਫ਼ਰ ਅਸਲ ਵਿਚ ਸੁਣਿਐ ਤੋਂ ਸ਼ੁਰੂ ਹੋ ਕਿ ਮੰਨੈ ਤੇ ਖਤਮ ਹੋ ਜਾਂਦਾ ਹੈ। ਇਸ ਤੋਂ ਅੱਗੇ ਇਸ ਸਫ਼ਰ ਦੀਆਂ ਬਾਰੀਕੀਆਂ ਅਤੇ ਗਹਿਰਾਈਆਂ ਬਾਰੇ ਪਾਤਸ਼ਾਹ ਤਫ਼ਸੀਲ ਨਾਲ ਅਗਲੀਆਂ ਪੌੜੀਆਂ ਵਿਚ ਸਮਝਾਉਂਦੇ ਹਨ।
ਪੌੜੀ ਨੰਬਰ ਸੋਲਾਂ ਨੂੰ ਸਮਝਣ ਲਈ ਦਿਮਾਗ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਕ ਕਾਰਨ ਤਾਂ ਇਹ ਕਿ ਇਸ ਪੌੜੀ ਦੇ ਜੋ ਅਰਥ ਸਾਲਾਂ ਤੋਂ ਵੱਖ ਵੱਖ ਵਿਆਖਿਆਕਾਰਾਂ ਦੁਆਰਾ ਸਮਝਾਏ ਗਏ ਹਨ, ਉਹ ਮਨ ਉਤੇ ਇਹਨੇ ਗੂੜੇ ਛਪੇ ਹੋਏ ਹਨ ਕਿ ਨਵੇਂ ਅਰਥ ਹਜ਼ਮ ਕਰਨ ਲਈ ਦਿਮਾਗ ਦੀਆਂ ਅੰਤੜੀਆਂ ਦਾ ਕਾਫੀ ਜ਼ੋਰ ਲੱਗਾ। ਦੂਜੀ ਗੱਲ ਇਹ ਕਿ ਭਾਵੇਂ ਮੰਨੈ ਦੀ ਆਖਰੀ ਪੌੜੀ ਵਿਚ ਵੀ ਇੰਦਰੀਆਂ ਜਾ ਜ਼ਿਕਰ ਹੋਇਆ ਪਰ ਇਸ ਪੌੜੀ ਵਿਚ ਕਾਫੀ ਵਿਸਥਾਰ ਨਾਲ ਚਰਚਾ ਹੈ। ਪਰ ਮੈਂ ਕਿਉਂਕਿ ਕਦੇ ਇੰਦਰੀਆਂ ਦੇ ਰੋਲ ਪ੍ਰਤੀ ਸੁਹਿਰਦਗੀ ਨਾਲ ਨਹੀਂ ਸੋਚਿਆ। ਇਸ ਲਈ ਵੀ ਇਹ ਪੌੜੀ ਸਮਝਣ ਵਿਚ ਥੋੜਾ ਜੋਰ ਲਗਦਾ ਹੈ।
ਸੋ ਜਰੂਰੀ ਹੈ ਕਿ ਪੰਜ ਇੰਦਰੀਆਂ ਬਾਰੇ ਪਹਿਲਾਂ ਥੋੜਾ ਸਮਝ ਲਿਆ ਜਾਵੇ। ਸਚਿਆਰ ਬਣਨ ਦੀ ਸਾਰੀ ਯਾਤਰਾ ਵਿਚ ਮਨ, ਅੰਤਰ-ਆਤਮਾ ਅਤੇ ਸਾਡੀਆਂ ਪੰਜ ਇੰਦਰੀਆਂ ਦਾ ਹੀ ਵੱਡਾ ਰੋਲ ਹੈ। ਅੰਤਰ-ਆਤਮਾ ਜਿਸਨੂੰ ਅਸੀਂ ਜਮੀਰ ਵੀ ਕਹਿ ਦਿੰਦੇ ਹਾਂ ਅਤੇ ਅੰਗਰੇਜ਼ੀ ਵਿਚ Conscience ਵੀ, ਮਨ ਦਾ ਹੀ ਡੂੰਘਾ ਹਿੱਸਾ ਹੈ। ਅਸਲ ਵਿਚ ਉਹੀ ਪਰਮਾਤਮਾ ਦਾ ਸਾਡੇ ਅੰਦਰ ਦਰਬਾਰ ਹੈ, ਜੋ ਸਾਡੇ ਹਰ ਛੋਟੇ ਵੱਡੇ ਐਕਸ਼ਨ ਦਾ ਫੈਸਲਾ ਕਰਦਾ ਹੈ। ਧਿਆਨ ਨਾਲ ਸੁਣੀਏ ਤਾਂ ਉਹ ਸਾਡਾ ਸਲਾਹਕਾਰ ਵੀ ਹੈ। ਦੂਜੇ ਪਾਸੇ ਪੰਜੇ ਇੰਦਰੀਆਂ (ਦੇਖਣਾ, ਸੁਣਨਾ, ਛੂਹਣਾ, ਸੁੰਘਣਾ ਤੇ ਸੁਆਦ) ਸਰੀਰ ਦੇ ਪੰਜ ਅੰਗਾਂ ਰਾਹੀਂ (ਅੱਖ, ਕੰਨ, ਚਮੜੀ, ਨੱਕ ਅਤੇ ਜੀਭ) ਰਾਹੀਂ ਮਨ ਨੂੰ ਲਗਾਤਾਰ, ਹਰ ਪਲ ਬਾਹਰ ਦੀ ਦੁਨੀਆ ਬਾਰੇ ਸੰਦੇਸ਼/ਸੂਚਨਾ ਭੇਜਦੀਆਂ ਰਹਿੰਦੀਆਂ ਹਨ। ਜਿਸ ਤਰਾਂ ਇੰਦਰੀਆਂ ਵਗੈਰ ਜਿੰਦਗੀ ਜਿਉਣ ਬਾਰੇ ਮਨੁੱਖ ਸੋਚ ਵੀ ਨਹੀਂ ਸਕਦਾ, ਉਸੇ ਤਰਾਂ ਰੂਹਾਨੀ ਜਿੰਦਗੀ ਵਿਚ ਵੀ ਇਹਨਾਂ ਦਾ ਕਿਰਦਾਰ ਬੇਹੱਦ ਅਹਿਮ ਹੈ। ਕਿਉਂਕਿ ਇੰਦਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੀ ਮਨ ਫੈਸਲੇ ਕਰਦਾ ਹੈ ਅਤੇ ਸਾਡੇ ਫੈਸਲਿਆਂ ਦੀ ਗੁਣਵਤਾ ਹੀ ਨਿਸ਼ਚਿਤ ਕਰਦੀ ਹੈ ਕਿ ਰੂਹਾਨੀ ਮੰਜਿਲ ਸਰ ਹੋਵੇਗੀ ਜਾਂ ਨਹੀਂ।
ਪੌੜੀ 16 – ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
ਓ) ਕਿਉਂਕਿ ਹੁਣ ਮੰਨੈ ਦੀ ਸਟੇਜ ਆ ਚੁਕੀ ਹੈ ਤਾਂ ਹੁਣ ਸਾਰੀਆਂ ਇੰਦਰੀਆਂ ਨਾ ਸਿਰਫ ਪਰਵਾਣ ਹੋ ਗਈਆਂ ਹਨ ਸਗੋਂ ਪ੍ਰਧਾਨ (ਲੀਡਰ) ਵੀ, ਭਾਵ, ਨਾ ਸਿਰਫ ਗੁਰੂ ਮੁਤਾਬਿਕ ਕੰਮ ਕਰਦੀਆਂ ਨੇ ਸਗੋਂ ਹੁਣ ਉਹ ਅੱਗੇ ਲੱਗ ਕੇ ਰੂਹਾਨੀ ਸਫ਼ਰ ਵਿਚ ਸਹਾਇਤਾ ਕਰ ਰਹੀਆਂ ਹਨ। ਹੁਣ ਉਹ ਦਰਗਹਿ (ਅੰਤਰ-ਆਤਮਾ) ਅੱਗੇ ਮਾਣ ਪ੍ਰਾਪਤ ਕਰਦੀਆਂ ਨੇ, ਪਰਮਾਤਮਾ ਨਾਲ ਜੁੜਨ ਦੇ ਰਾਹ ਵਿਚ ਇੱਜਤ ਨਾਲ ਖੜੀਆਂ ਨਜ਼ਰ ਆਉਂਦੀਆਂ ਨੇ ਭਾਵ ਹੁਣ ਇੰਦਰੀਆਂ ਰਾਹ ਦਾ ਰੋੜਾ ਨਹੀਂ ਸਗੋਂ ਸਹਾਰਾ ਨੇ। ਪੰਜਾਂ ਇੰਦਰੀਆਂ ਦਾ ਧਿਆਨ (ਫੋਕਸ) ਹੁਣ ਪਰਮਾਤਮਾ ਹੀ ਹੈ ਭਾਵ ਹੁਣ ਹਰ ਸ਼ੈਹ ਵਿਚ ਪਰਮਾਤਮਾ ਦਾ ਹੁਕਮ ਵਰਤਦਾ ਦੇਖਦੀਆਂ ਨੇ। ਜੇ ਇਸਨੂੰ ਸਰਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮਤਲਬ ਇਹ ਕਿ ਹੁਣ ਅੱਖਾਂ ਹਰ ਆਕਰਸ਼ਕ ਦੁਨਿਆਵੀ ਵਸਤ ਨੂੰ ਦੇਖ ਉਸਨੂੰ ਆਪਣੀ ਇੱਛਾਵਾਂ ਦੀ ਸੂਚੀ ਵਿਚ ਨਹੀਂ ਜੋੜਦੀਆਂ, ਹੁਣ ਕੰਨ ਆਪਣੀ ਆਲੋਚਨਾ ਸੁਣਕੇ ਜਾਂ ਆਪਣੀ ਸੋਚ ਦੇ ਵਿਪਰੀਤ ਕੁਝ ਸੁਣ ਕੇ ਮਨ ਗੁੱਸੇ ਵਿਚ ਲਾਲ ਪੀਲਾ ਨਹੀਂ ਹੁੰਦਾ; ਹੁਣ ਕੁਦਰਤ ਵਿਚ ਵਰਤਦੇ ਹੁਕਮੁ ਦਾ ਅਹਿਸਾਸ ਹੁੰਦਾ ਹੈ; ਹੁਣ ਹਰ ਕੋਸ਼ਿਸ਼ ਉਹ ਦੇਖਣ ਸੁਣਨ ਦੀ ਹੈ ਜਿਸਦੇ ਸਦਕਾ ਅਧਿਆਤਮਕ ਮੰਜਿਲ ਸਰ ਹੋ ਸਕੇ। ਤੇ ਨਾਨਕ ਫਰਮਾਉਂਦੇ ਹਨ ਕਿ ਜਦ ਇੰਦਰੀਆਂ ਏਨੀਆਂ ਖੂਬਸੂਰਤ ਬਣ ਜਾਂਦੀਆਂ ਹਨ ਤਾਂ ਉਸ ਵੇਲੇ ਪੂਰੀ ਅਧਿਆਤਮਿਕਤਾ ਜਾਂ ਅੰਤਰ-ਆਤਮਾ ਕਿਨਾਂ ਕੁਛ ਪ੍ਰਾਪਤ ਕਰ ਸਕਦੀ ਹੈ ਇਸਦਾ ਹਿਸਾਬ ਲਾਉਣਾ ਅਸੰਭਵ ਹੈ (ਕਰਤੇ ਕੈ ਕਰਨੈ ਨਾਹੀ ਸੁਮਾਰੁ) ।
ਅ) ਧੌਲ ਧਰਮ ਭਾਵ ਖਰੀ (Pure) ਅਧਿਆਤਮਿਕਤਾ ਪੈਦਾ ਹੁੰਦੀ ਹੈ ਜਦੋਂ ਆਪਣੀ ਅੰਤਰ-ਆਤਮਾ ਉਪਰ ਅਸੀਂ ਦਇਆ ਕਰਦੇ ਹਾਂ ਭਾਵ ਉਸਨੂੰ ਗੁਣਾ ਦੀ ਖੁਰਾਕ ਦਿੰਦੇ ਹਾਂ, ਉਸ ਉੱਪਰ ਬੋਝ ਨਹੀਂ ਪਾਉਂਦੇ, ਤਾਂ ਸਾਡੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਜੋ ਪੰਜੇ ਇੰਦਰੀਆਂ ਨੂੰ ਰੱਬੀ ਗੁਣਾਂ ਵਿਚ ਬੰਨ ਕੇ ਰੱਖਦਾ ਹੈ। ਇਹ ਸਮੀਕਰਨ ਬਣਦਿਆਂ ਹੀ ਸਚਿਆਰ ਬਣਿਆ ਜਾਂਦਾ ਹੈ। ਇਹ ਬਹੁਤ ਹੀ ਬਾਰੀਕ ਸਮੀਕਰਣ ਗੁਰੂ ਸਾਹਿਬ ਨੇ ਦੋ ਪੰਕਤੀਆਂ ਵਿਚ ਪਰੋਇਆ ਹੈ।
ਇਸ ਪੌੜੀ ਵਿਚ ਇਸ ਤੋਂ ਅੱਗੇ ਉਸ ਅੰਤਰ-ਆਤਮਾ ਦੀ ਗੱਲ ਹੈ ਜਿਸ ਉੱਪਰ ਦਇਆ ਨਹੀਂ ਕੀਤੀ ਗਈ। ਉਹ ਕੁਝ ਹੋਰ ਦੀ ਹੋਰ (ਧਰਤੀ ਹੋਰੁ ਪਰੈ ਹੋਰੁ ਹੋਰੁ ) ਬਣ ਜਾਂਦੀ ਹੈ। ਜਿਵੇਂ ਕਿਸੇ ਕੀਮਤੀ ਚੀਜ ਦੀ ਦੇਖਭਾਲ ਨਾ ਕਰਨ ਤੇ ਉਸ ਉੱਪਰ ਧੂੜ ਮਿਟੀ ਦੀਆਂ ਪਰਤਾਂ ਚੜ ਚੜ ਕੇ ਉਹ ਪਹਿਚਾਨਣੀ ਔਖੀ ਹੋ ਜਾਂਦੀ ਹੈ ਅਤੇ ਪੂਰੀ ਅਧਿਆਤਮਿਕਤਾ ਉਪਰ ਅਜਿਹੀ ਅੰਤਰ-ਆਤਮਾ ਇਕ ਵੱਡਾ ਬੋਝ ਬਣ ਜਾਂਦੀ ਹੈ, ਸਫ਼ਰ ਅਸੰਭਵ ਹੋ ਜਾਂਦਾ ਹੈ। ਇਸਦੇ ਨਾਲ ਹੀ ਪਾਤਸ਼ਾਹ ਸਵਾਲ ਵੀ ਕਰਦੇ ਨੇ ਕਿ ਇੰਨਾ ਭਾਰ/ਬੋਝ ਪਿਆ ਕਿਵੇਂ ਅਤੇ ਫਿਰ ਜਵਾਬ ਵੀ ਦਿੰਦੇ ਨੇ ਕਿ ਕਿਉਂਕਿ ਪੰਜੇ ਇੰਦਰੀਆਂ ਨੇ ਦੁਨੀਆਦਾਰੀ ਦੇ ਰੰਗਾਂ ਵਿਚ ਅੰਤਰ-ਆਤਮਾ ਨੂੰ ਡੋਬ ਦਿਤਾ। ਇਹਨਾਂ ਪੰਜਾਂ ਨੇ ਮਿਲਕੇ ਇਹ ਕਾਲੇ ਲੇਖ ਲਿਖੇ ਜਿਸ ਕਾਰਨ ਮੇਰਾ ਸਫ਼ਰ ਕੁਰਾਹੇ ਪਿਆ। ਜੇ ਕਿਤੇ ਮੈਨੂੰ ਇਹ ਲੇਖ ਲਿਖਣੇ ਆਉਂਦੇ ਤਾਂ ਮੈਂ ਕਿਹੋ ਜਿਹੇ ਲੇਖ ਲਿਖਦਾ? ਮੈਂ ਗੁਣਾ ਨਾਲ ਭਰੇ ਐਸੇ ਸੋਹਣੇ ਅਤੇ ਕਾਬਿਲ ਲੇਖ ਲਿਖਦਾ ਜਿਨਾਂ ਨਾਲ ਦਾਤਾਂ ਦਾ ਐਸਾ ਮੀਂਹ ਵਰਦਾ ਜਿਸਦਾ ਕੋਈ ਅੰਦਾਜਾ ਨਹੀਂ ਲਗਾ ਸਕਦਾ। ਇਥੇ ਦੋ ਅਹਿਮ ਨੁਕਤੇ ਵੀ ਸਾਫ ਹੋ ਜਾਂਦੇ ਨੇ, ਪਹਿਲਾ ਇਹ ਕਿ ਲੇਖ ਇਨਸਾਨ ਖੁਦ ਲਿਖਦਾ ਹੈ, ਪਰਮਾਤਮਾ ਨਹੀਂ। ਦੂਜਾ ਇਹ ਕਿ ਕਿਰਪਾ ਆਪਣੇ ਆਪ ਨਹੀਂ ਹੋਣੀ, ਕਾਲੇ ਲੇਖ ਮਿਟਾ ਕੇ ਰੱਬੀ ਲੇਖ ਲਿਖਣੇ ਪੈਂਦੇ ਨੇ।
ੲ) ਮੇਰੀ ਅੰਤਰ-ਆਤਮਾ ਉੱਪਰ ਉਸ ਇਕ ਦਾ ਇਹ ਸਾਰਾ ਹੁਕਮੁ (ਕਵਾਉ) ਵਰਤਿਆ ਤੇ ਗੁਣਾ ਦੇ ਦਰਿਆ ਮੇਰੇ ਅੰਦਰ ਵਗ ਪਏ। ਮੈਂ ਇਸ ਯੋਗ ਨਹੀਂ ਕਿ ਇਹ ਖੂਬਸੂਰਤ ਵਰਤਾਰਾ ਸ਼ਬਦਾਂ ਵਿਚ ਬਿਆਨ ਕਰ ਸਕਾਂ, ਮੈਂ ਤਾਂ ਪੂਰੀ ਤਰਾਂ ਸ਼ੁਕਰਾਨਾ ਕਰਨ ਦੇ ਵੀ ਅਸਮਰਥ ਹਾਂ। ਜੋ ਵੀ ਤੂੰ ਮੈਨੂੰ ਮੇਰੀ ਅੰਤਰ-ਆਤਮਾ ਜਰੀਏ ਆਦੇਸ਼ ਦਿੰਦਾ ਹੈਂ, ਉਹ ਮੇਰੇ ਭਲੇ ਲਈ ਹੀ ਹੈ ਕਿਉਂਕਿ ਤੂੰ ਹੀਂ ਮੇਰੀ ਅੰਤਰ-ਆਤਮਾ ਨੂੰ ਸਲਾਮਤ ਰਖਦਾ ਹੈਂ।
ਪੌੜੀ 16 ਵਿਚ ਗੁਰੂ ਸਾਹਿਬ ਨੇ ਗਾਗਰ ਵਿਚ ਸਾਗਰ ਭਰ ਦਿੱਤਾ ਹੈ। ਇਕ ਇਕ ਪੰਕਤੀ ਵਿਚ ਬੇਹੱਦ ਡੂੰਘੇ ਨੁਕਤੇ ਪਰੋਏ ਹੋਏ ਹਨ। ਇਸ ਇਕ ਪਉੜੀ ਵਿਚ ਗੁਰੂ ਸਾਹਿਬ ਨੇ ਅਸਲ ਵਿਚ ਇਨਸਾਨ ਦੇ ਅੰਦਰ ਵਰਤਣ ਵਾਲਾ ਹੁਕਮੁ ਬਿਆਨ ਕਰ ਦਿਤਾ ਹੈ; ਸਚਿਆਰ ਬਣਨ ਦਾ ਸਮੀਕਰਨ ਉਲੀਕ ਦਿਤਾ ਹੈ। ਆਪਾਂ ਇਸਨੂੰ ਥੋੜਾ ਸਰਲ ਕਰਕੇ ਸਮਝਣ ਲਈ ਕਹਿ ਸਕਦੇ ਹਾਂ ਕਿ ਹੁਕਮੁ ‘ਤੇ ਚਲਦਿਆਂ ਜੋ ਰੱਬੀ ਗੁਣ ਪੈਦਾ ਹੁੰਦੇ ਨੇ, ਉਹ ਸਾਡੀ ਅੰਤਰ-ਆਤਮਾ ਨੂੰ ਤਕੜਾ ਕਰਦੇ ਨੇ, ਉਸ ਉਪਰੋਂ ਭਾਰ ਚੁੱਕਦੇ ਨੇ। ਅਜਿਹਾ ਕਰਨਾ ਸਾਡੀ ਅੰਤਰ-ਆਤਮਾ ਉਪਰ ਕੀਤੀ ਗਈ ਦਇਆ ਹੈ, ਦਾਨ ਹੈ, ਪੁੰਨ ਹੈ। ਰੱਬੀ ਗੁਣਾ ਦੇ ਦਾਨ ਨਾਲ ਤਕੜੀ ਹੋਈ ਅੰਤਰ-ਆਤਮਾ ਵਿਚੋਂ ਅਧਿਆਤਮਿਕ ਸੰਤੋਖ ਪੈਦਾ ਹੁੰਦਾ ਹੈ ਜੋ ਪੰਜੇ ਇੰਦਰੀਆਂ ਨੂੰ ਇਕ ਧਾਗੇ ਵਿਚ ਪਰੋ ਕੇ ਰੱਖਦਾ ਹੈ ਜਿਸ ਨਾਲ ਪੰਜ ਜਮ (ਕਾਮ(ਨਾ), ਕ੍ਰੋਧ, ਲੋਭ,ਮੋਹ ਹੰਕਾਰ) ਕੰਟਰੋਲ ਵਿਚ ਰਹਿੰਦੇ ਨੇ। ਪਹਿਲਾਂ ਗੁਣਾ ਨਾਲ ਤਕੜੀ ਹੋਈ ਅੰਤਰ-ਆਤਮਾ ਹੁਣ ਖੁਦ ਅਣਗਿਣਤ ਰੱਬੀ ਗੁਣ ਪੈਦਾ ਕਰਦੀ ਹੈ। ਅੰਤਰ-ਆਤਮਾ ਨੂੰ ਰੱਬ ਦੀ ਅਵਾਜ ਵਜੋਂ ਮਨ ਮੰਨ ਲੈਂਦਾ ਹੈ; ਮਨ ਅਤੇ ਇੰਦਰੀਆਂ ਅੰਤਰ-ਆਤਮਾ ਦੇ ਕਹੇ ਵਿਚ ਚਲਦੇ ਨੇ। ਅੰਤਰ-ਆਤਮਾ ਜਦ ਅਜਿਹੀ ਸਤਿਥੀ ਵਿਚ ਆ ਜਾਂਦੀ ਹੈ ਉਸਨੂੰ ਬੇਸ਼ੱਕ ਬਿਆਨ ਕਰਨਾ ਅਸੰਭਵ ਹੈ ਪਰ ਫਿਰ ਵੀ ਗੁਰੂ ਸਾਹਿਬ ਸਾਨੂੰ ਇਸ ਦੀ ਇਕ ਝਲਕ ਅਗਲੀਆਂ 3 ਪੌੜੀਆਂ ਵਿਚ ਦਿਖਾਉਂਦੇ ਹਨ।
ਭਾਵੇਂ ਜਪ ਬਾਣੀ ਦੀ ਹਰ ਪੌੜੀ ਦੂਜੀ ਪੌੜੀ ਨਾਲ ਜੁੜੀ ਹੋਈ ਹੈ ਪਰ ਇਹਨਾਂ ਦੇ ਵਿਚ ਵੀ 4-4- ਪੌੜੀਆਂ ਦੇ ਕਲੱਸਟਰ ਆਪਾਂ ਨੂੰ 4 ਬਾਰ ਮਿਲਦੇ ਹਨ। ਪਹਿਲਾਂ ਸੁਣਿਐ (8-11), ਫਿਰ ਮੰਨੈ (12-15) ਫਿਰ ਅਸੰਖ (16-19) ਅਤੇ ਫਿਰ ਆਦੇਸੁ ਤਿਸੈ ਆਦੇਸੁ (28-31) ਦੀਆਂ ਚਾਰ ਪੌੜੀਆਂ ਆਉਂਦੀਆਂ ਹਨ। ਹਾਲਾਂਕਿ ਪੌੜੀ 16 ਵਿਚ ਅਸੰਖ ਨਹੀਂ ਆਉਂਦਾ, ਇਹ ਸਿਰਫ 17,18,19 ਪੌੜੀਆਂ ਵਿਚ ਆਉਂਦਾ ਹੈ। ਫਿਰ ਅਸੀਂ ਇਹ ਕਿਉਂ ਕਹਿ ਰਹੇ ਹਾਂ ਕਿ ਚਾਰ ਪੌੜੀਆਂ ਦਾ ਕਲੱਸਟਰ ਹੈ। ਕਿਉਂਕਿ ਇਹ ਚਾਰੇ ਪੌੜੀਆਂ ਇਕੋ ਪੰਕਤੀਆਂ ਨਾਲ ਖਤਮ ਹੁੰਦੀਆਂ ਹਨ ਜਿਵੇਂ ਸੁਣਿਐ ਅਤੇ ਮੰਨੈ ਪੌੜੀਆਂ ਵਿਚ ਦੇਖਿਆ ਗਿਆ। ਇਸਦਾ ਮਤਲਬ ਇਹ ਹੈ ਕਿ ਇਹ ਚਾਰ ਪੌੜੀਆਂ ਇਕੋ ਹੀ ਵਿਸ਼ੇ ਉੱਪਰ ਅਧਾਰਿਤ ਹਨ। ਅਤੇ ਇਹ ਵਿਸ਼ਾ ਸਮਝਣਾ ਬੜਾ ਜਰੂਰੀ ਹੈ ਖਾਸਕਰ ਕੇ ਪੌੜੀ 17-19 ਸਮਝਣ ਲਈ।
ਸੋ ਪਹਿਲਾਂ ਇਹਨਾਂ ਚਾਰੇ ਪੌੜੀਆਂ ਨੂੰ ਜੋੜਣ ਵਾਲੀਆਂ ਚਾਰੇ ਪੰਕਤੀਆਂ ਨੂੰ ਸਮਝ ਲੈਂਦੇ ਹਾਂ।
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥
ਭਾਵ: ਰਬੀ ਰੂਹ ਜਾਂ ਕਹਿ ਲਈਏ ਰੌਸ਼ਨਾਈ ਹੋਈ ਅੰਤਰ-ਆਤਮਾ ਜਾਂ ਕਹੀਏ ਤਕੜੀ ਹੋਈ ਅੰਤਰ-ਆਤਮਾ ਦੇ ਨਜ਼ਾਰੇ ਬਾਰੇ ਬਿਆਨ ਕਰਨਾ ਪਹੁੰਚ ਤੋਂ ਬਾਹਰ ਹੈ, ਮੈਂ ਤਾਂ ਇਸ ਨਜ਼ਾਰੇ ਨੂੰ ਮਾਨਣ ਲਈ ਪੂਰੀ ਤਰਾਂ ਸ਼ੁਕਰਾਨਾ ਕਰਨ ਤੋਂ ਵੀ ਅਸਮਰਥ ਹਾਂ। ਨਿਰੰਕਾਰ (ਆਕਾਰ ਤੋਂ ਰਹਿਤ) ਪਰਮਾਤਮਾ ਹੁਣ ਤੂੰ ਜੋ ਮੈਨੂੰ ਮੇਰੀ ਅੰਤਰ-ਆਤਮਾ ਰਾਹੀਂ ਹੁਕਮ ਕਰਦਾ ਹੈਂ, ਮੈਂ ਉਸਨੂੰ ਮੰਨਦਾ ਹਾਂ, ਉਹ ਮੈਨੂੰ ਮਨਜੂਰ ਹੈ ਕਿਉਂਕਿ ਤੂੰ ਹੀ ਮੇਰੀ ਅੰਤਰ-ਆਤਮਾ ਦਾ ਰਾਖਾ ਹੈਂ।
ਪੌੜੀ 17- ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਰੌਸ਼ਨਾਈ ਰੂਹ ਬਣਨ ਤੋਂ ਬਾਅਦ ਆਲਮ ਇਹ ਹੈ ਕਿ ਮੇਰੇ ਅੰਦਰ ਪਰਮਾਤਮਾ ਦਾ ਬੇਇੰਤਹਾ ਅਹਿਸਾਸ ਪੈਦਾ ਹੋਇਆ ਅਤੇ ਉਹ ਅਹਿਸਾਸ ਬੇਤਹਾਸ਼ਾ ਪਿਆਰ ਵਾਲਾ ਹੈ; ਬੇਤਹਾਸ਼ਾ ਗੁਣਾ ਵਿਚ ਓਤ ਪ੍ਰੋਤ ਅੰਤਰ-ਆਤਮਾ ਅਨੁਸਾਰ ਚਲਣਾ ਵੀ ਸ਼ੁਰੂ ਕਰ ਦਿੱਤਾ (ਪੂਜਾ) ਹੈ। ਅਣਗਿਣਤ ਗ੍ਰੰਥਾਂ ਦੇ ਅਸੰਖ ਪਾਠ ਕਰਨ ਦੀ ਹੁਣ ਲੋੜ ਨਹੀਂ। ਅੰਤਰ-ਆਤਮਾ ਲਗਾਤਾਰ ਪਰਮਾਤਮਾ ਨਾਲ ਜੁੜੀ ਹੋਈ ਹੈ ਤੇ ਪੰਜੇ ਜਮਾਂ ਤੋਂ ਦੂਰੀ ਬਣਾਈ ਰੱਖਦੀ ਹੈ । ਹੁਣ ਮੇਰਾ ਸਾਰਾ ਧਿਆਨ ਗੁਣਾ ਕਾਰਨ ਆਉਣ ਵਾਲੇ ਗਿਆਨ ਅਤੇ ਉਸਦੇ ਵਿਚਾਰ ਉਪਰ ਰਹਿੰਦਾ ਹੈ। ਪਰਮਾਤਮਾ ਨਾਲ ਜੋੜ ਕਾਰਨ ਹੋਈ ਬੇਤਹਾਸ਼ਾ ਦਾਤਾਂ ਦੀ ਬਰਸਾਤ ਸਦਕਾ ਸਬਰ ਪੈਦਾ ਹੋਇਆ ਭਾਵ ਦੁਨਿਆਵੀ ਭੁੱਖ ਕੰਟਰੋਲ ਵਿਚ ਆ ਗਈ। ਮੇਰੀ ਰੌਸ਼ਨਾਈ ਅੰਤਰ-ਆਤਮਾ ਅਧਿਆਤਮਿਕ ਮੁਸ਼ਕਲਾਂ ਨਾਲ ਲੜਨ ਅਤੇ ਉਹਨਾਂ ਤੋਂ ਪਾਰ ਪਾਉਣ ਵਿਚ ਮੇਰੀ ਸਹਾਈ ਹੁੰਦੀ ਹੈ ਜੋ ਕਿ ਜੰਗ ਦੇ ਮੈਦਾਨ ਵਿਚ ਤਲਵਾਰਾਂ ਦਾ ਸਾਹਮਣਾ ਕਰਨ ਬਰਾਬਰ ਹੈ; ਹੁਣ ਮੌਨ ਵਰਤ ਰੱਖ ਕੇ ਤਾਰ ਜੋੜਨ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੁਣ ਤਾਂ ਬਿਨਾ ਕਿਸੇ ਭਟਕਣਾ ਤੋਂ ਨਿਰੰਤਰ ਧਿਆਨ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।
ਪਿੰਡ ਵਿਚ ਰਹਿੰਦੇ ਇਕ ਗਰੀਬ ਬਜ਼ੁਰਗ ਦੀ ਨਿਗਾਹ ਘੱਟ ਸੀ। ਐਨਕ ਲਈ ਪੈਸੇ ਨਹੀਂ ਸਨ ਇਸ ਲਈ ਕਈ ਬਾਰ ਕਿਸੇ ਨਾ ਕਿਸੇ ਚੀਜ ਨਾਲ ਅਟਕ ਕੇ ਗਿਰ ਜਾਂਦਾ। ਮਾੜੀ ਮੋਟੀ ਸੱਟ ਫੇਟ ਲੱਗੀ ਹੀ ਰਹਿੰਦੀ ਪਰ ਉਸਨੂੰ ਇਹ ਆਮ ਗੱਲ ਲਗਦੀ, ਕਿਉਂਕਿ ਉਸ ਲਈ ਹੁਣ ਜਿੰਦਗੀ ਦੀ ਪਰਿਭਾਸ਼ਾ ਇਹੀ ਸੀ। ਪਰ ਫਿਰ ਪਿੰਡ ਵਿਚ ਇਕ ਅੱਖਾਂ ਦਾ ਕੈੰਪ ਲੱਗਿਆ ਅਤੇ ਇਸ ਬਜ਼ੁਰਗ ਦੇ ਐਨਕ ਲੱਗ ਗਈ। ਐਨਕ ਲਗਦਿਆਂ ਜਿੰਦਗੀ ਹੀ ਬਦਲ ਗਈ, ਇਹਨੀ ਰੌਸ਼ਨ ਅਤੇ ਸਾਫ ਦੁਨੀਆ ਦੇਖਕੇ ਉਹ ਹੈਰਾਨ ਸੀ। ਨਵੀਂ ਮਿਲੀ ਰੌਸ਼ਨੀ ਦੇ ਫਾਇਦੇ ਗਿਣਦਾ ਨਾ ਥੱਕਦਾ। ਕੁਝ ਇਹੋ ਜਿਹਾ ਹੀ ਰੂਹ ਰੌਸ਼ਨ ਹੋਣ ‘ਤੇ ਹੁੰਦਾ ਹੈ। ਜਿਸਦਾ ਜ਼ਿਕਰ ਇਸ ਪੌੜੀ ਵਿਚ ਆਪਾਂ ਪੜ੍ਹਿਆ। ਪਰ ਉਹ ਬਜ਼ੁਰਗ ਖੁਸ਼ ਤਾਂ ਸੀ ਪਰ ਉਸ ਤੋਂ ਵੱਧ ਹੈਰਾਨ ਉਹ ਇਸ ਗੱਲ ਤੋਂ ਸੀ ਕਿ ਮੈਂ ਇਹਨੇ ਸਾਲ ਕੈਸੀ ਨਰਕ ਭਰੀ ਜਿੰਦਗੀ ਜਿਉਂਦਾ ਰਿਹਾ। ਥਾਂ ਥਾਂ ਠੋਕਰਾਂ ਖਾਂਦਾ ਰਿਹਾ। ਉਹ ਸੋਚਦਾ ਕਿ ਮੈਂ ਐਨਕ ਪਹਿਲਾਂ ਕਿਉਂ ਨਹੀਂ ਲਗਵਾਈ। ਬਸ ਇਸੇ ਤਰਾਂ ਜਦ ਰੂਹ ਰੁਸ਼ਨਾਈ ਜਾਂਦੀ ਹੈ ਤਾਂ ਉਹ ਪਿੱਛੇ ਝਾਤ ਮਾਰਦੀ ਹੈ ਕਿ ਮੈਂ ਇਸ ਬਦਲਾਅ ਤੋਂ ਪਹਿਲਾਂ ਕਿਹੋ ਜੀ ਸੀ। ਪੌੜੀ 18 ਵਿਚ ਇਸੇ ਗੱਲ ਦੀ ਚਰਚਾ ਹੈ।
ਪੌੜੀ 18 – ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥
ਰੂਹ ਰੌਸ਼ਨ ਹੋਣ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਮੈਂ ਕਿੰਨੇ ਘੁੱਪ ਹਨੇਰੇ ਵਿਚ ਹੀ ਜਿਉਂਦਾ ਰਿਹਾ, ਮੈਂ ਕਿੰਨਾ ਮੂਰਖ ਸੀ ਕਿ ਪਰਮਾਤਮਾ ਮੇਰੇ ਅੰਦਰ ਸੀ ਤੇ ਮੈਂ ਉਸਨੂੰ ਦੂਰ ਸਮਝਦਾ ਰਿਹਾ; ਮੈਂ ਆਪਣੇ ਨਾਲ ਹੀ ਚੋਰੀ ਕਰਦਾ ਰਿਹਾ, ਆਪਣੇ ਆਪ ਨੂੰ ਧੋਖਾ ਦਿੰਦਾ ਰਿਹਾ ਅਤੇ ਨਾ-ਸ਼ੁਕਰਾ ਵੀ ਰਿਹਾ। ਮੈਂ ਅਮਰ ਹੋਕੇ ਹੋਰਾਂ ਤੇ ਜ਼ੋਰ ਚਲਾਉਣ ਦੇ ਉਪਰਾਲੇ ਹੀ ਕਰਦਾ ਰਿਹਾ (ਕਈ ਧਰਮਾਂ ਦੇ ਪੈਰੋਕਾਰ ਲੰਬੀਆਂ ਉਮਰਾਂ ਕਰਨ ਨੂੰ ਹੀ ਅਸਲੀ ਪ੍ਰਾਪਤੀ ਮੰਨਦੇ ਰਹੇ ਹਨ)। ਆਪਣੀ ਅੰਤਰ-ਆਤਮਾ ਨੂੰ ਕੱਟ ਵੱਢ ਕੇ ਕਤਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਕਿਉਂਕਿ ਮੇਰਾ ਔਂਗਣਾ ਨਾਲ ਭਰਿਆ ਮਨ ਅਜਿਹੀਆਂ ਅਣਗਿਣਤ ਕੋਸ਼ਿਸ਼ਾਂ ਕਰਦਾ ਰਿਹਾ, ਐਸੇ ਕੰਮ ਕਰਦਾ ਰਿਹਾ ਜਿਸ ਨਾਲ ਅੰਤਰ ਆਤਮਾ ਤੇ ਭਾਰ ਪੈਂਦਾ ਰਿਹਾ। ਅਸੰਖਾਂ ਕੂੜ ਵਾਲੇ ਕੰਮ ਕੀਤੇ, ਬਾਰ ਬਾਰ ਕੀਤੇ ਭਾਵ ਉਹ ਕੰਮ ਜੋ ਸਚਿਆਰ ਨਹੀਂ ਬਣਨ ਦਿੰਦੇ, ਹੁਕਮੁ ਤੋਂ ਮੁਨਕਰ ਹੋਣ ਵਾਲੇ; ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਕਿੰਨਾ ਵੱਡਾ ਚਸਕਾ ਸੀ ਗੰਦੇ ਅਤੇ ਘਟੀਆ ਵਿਚਾਰਾਂ ਦਾ ਜਿਸ ਕਾਰਨ ਮੇਰਾ ਭਾਰ ਵਧਦਾ ਗਿਆ। ਅੰਤ ਵਿਚ ਨਾਨਕ ਇਕ ਵੱਡੀ ਗੱਲ ਕਹਿੰਦੇ ਨੇ ਕਿ ਮੈਂ ਆਪਣੀ ਕਹਾਣੀ ਬਿਆਨ ਕਰ ਰਿਹਾ ਹਾਂ।
ਪੌੜੀ 19 – ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥
ਜਦ ਅੰਤਰ-ਆਤਮਾ ਰੌਸ਼ਨਾ ਜਾਂਦੀ ਹੈ ਤਾਂ ਅਸੰਖ ਵੱਖ-ਵੱਖ ਹਾਲਾਤਾਂ ਵਿਚ, ਵੱਖ ਵੱਖ ਮੌਕਿਆਂ ‘ਤੇ (Scenarios & Situations) ਸਬੰਧਿਤ ਹੁਕਮੁ ਸਮਝ ਆਉਣ ਲਗਦਾ ਹੈ, ਇਸੇ ਤਰਾਂ ਇੰਦਰੀਆਂ ਤੋਂ ਪਰੇ (ਅਗਮ) ਉਸ ਪਰਮਾਤਮਾ ਬਾਰੇ ਅਸੰਖਾਂ ਮੌਕਿਆਂ ‘ਤੇ ਚਾਨਣ ਹੁੰਦਾ ਹੈ। ਮੇਰੀ ਅੰਤਰ-ਆਤਮਾ ਅਤੇ ਮਨ ਵਿਚਕਾਰ ਬੇਅੰਤ (ਅਸੰਖ) ਅਧਿਆਤਮਿਕ ਵਾਰਤਾਲਾਪ ਚਲਦਾ ਰਹਿੰਦਾ ਹੈ ਜੋ ਕਿ ਮਨ ਉਤੇ ਅੰਤਰ-ਆਤਮਾ ਦੀ ਪਕੜ ਬਣਾਉਣ ਲਈ ਬੇਹੱਦ ਜਰੂਰੀ ਹੈ। ਇਹ ਵਾਰਤਾਲਾਪ ਹੈ ਰਬੀ ਗੁਣਾ ਦੀ ਮਹਾਨਤਾ ਦਾ (ਅਖਰੀ ਨਾਮੁ ਅਖਰੀ ਸਾਲਾਹ) ਭਾਵ ਅੰਤਰ-ਆਤਮਾ ਮਨ ਨੂੰ ਸਮਝਾਉਂਦੀ ਹੈ ਕਿ ਗੁਣ ਅਪਨਾਉਣੇ ਕਿਉਂ ਜਰੂਰੀ ਨੇ। ਜਦ ਇਹ ਸਦੀਵੀਂ ਗਿਆਨ ਹੁੰਦਾ ਹੈ ਤਾ ‘ਗੀਤ ਗੁਣ ਗਾਹ’ ਹੁੰਦਾ ਹੈ। ‘ਗੀਤ ਗੁਣ ਗਾਹ’ ਹੈ ਗੁਣ ਪੈਦਾ ਹੋਣ ਦੀ ਪ੍ਰਕ੍ਰਿਆ (Process)। ਗੀਤ ਸ਼ਬਦ ਇਸ ਲਈ ਕਿ ਇਹ ਪ੍ਰਕ੍ਰਿਆ ਖੇੜੇ ਦੀ ਪ੍ਰਕ੍ਰਿਆ ਹੈ। ਦੁਖੀ ਅਤੇ ਮਜਬੂਰੀ ਵਿਚ ਇਹ ਪ੍ਰੀਕ੍ਰਿਆ ਨਹੀਂ ਹੋਣੀ ਅਤੇ ਸਮਾਂ ਪਾ ਕੇ ਮੈਂ (ਮਨ) ਗੁਣ ਬਣ ਜਾਵਾਂਗਾ, ਸਾਰੇ ਅਉਗਣ ਖਤਮ ਹੋ ਜਾਣਗੇ। ਗੁਣ ਬਣਦਿਆਂ ਹੀ ਪਰਮਾਤਮਾ ਨਾਲ ਸੰਜੋਗ ਬਣਦਾ ਹੈ। ਮੈਂ ਜਦ ਐਸੇ ਲੇਖ ਲਿਖੇ ਤਾਂ ਹੁਣ ਮਨ ਕੋਈ ਅਉਗਣ ਸਵੀਕਾਰ ਨੀ ਕਰਦਾ। ਜਿਵੇਂ ਜਿਵੇਂ ਅੰਤਰ-ਆਤਮਾ ਫਰਮਾਉਂਦੀ ਹੈ ਮਨ ਪਾਲਣਾ ਕਰਦਾ ਹੈ। ਉਹ ਇਸ ਲਈ ਕਿ ਮਨ ਨੂੰ ਇਹ ਸਮਝ ਆ ਗਈ ਇਹੀ ਹੁਕਮ ਹੈ, ਅੰਤਰ-ਆਤਮਾ ਜੋ ਫਰਮਾਹ ਰਹੀ ਹੈ ਓਹੀ ਪਰਮਾਤਮਾ ਦੀ ਅਵਾਜ ਹੈ। ਇਹੀ ਹੁਕਮੁ ਹੈ ਸਚਿਆਰ ਬਣਨ ਦਾ। ਐਸੀ ਕੋਈ ਥਾਂ ਹੈ ਵੀ ਨਹੀਂ ਜੋ ਹੁਕਮੁ ਤੋਂ ਬਾਹਰ ਹੋਵੇ।
ਪਿਛਲੀਆਂ 4 ਪੌੜੀਆਂ (16-19) ਵਿਚ ਪਾਤਸ਼ਾਹ ਨੇ ਸਿੱਖ ਅਧਿਆਤਮਿਕਤਾ ਦਾ ਕੇਂਦਰੀ ਸਮੀਕਰਨ ਸਮਝਾ ਦਿਤਾ ਹੈ ਜਿਸ ਨੂੰ ਪੂਰਾ ਕਰਿਆਂ ਇਹ ਸਫ਼ਰ ਪੂਰਾ ਹੋਣਾ ਹੈ। ਇਸ ਤੋਂ ਅੱਗੇ ਇਸ ਸਮੀਕਰਨ ਨੂੰ ਬਣਾਉਣ ਲਈ ਜਰੂਰੀ ਨੁਕਤਿਆਂ ਉਪਰ ਵਿਚਾਰ ਕਰਨਗੇ। ਅਗਲੀਆਂ ਚਾਰ ਪੌੜੀਆਂ (20-24) ਵਿਚ ਮੁਖ ਤੌਰ ‘ਤੇ ਚਰਚਾ ਗੁਣਾ ਸਬੰਧਤ ਹੈ।
ਪੌੜੀ 20 – ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥
ਜੇ ਮੇਰਾ ਸਰੀਰ ਗੰਦਾ ਹੋ ਜਾਵੇ ਤਾਂ ਮੈਂ ਪਾਣੀ ਨਾਲ ਸਾਫ ਕਰ ਲੈਂਦਾ ਹਾਂ ਤੇ ਜੇ ਮੇਰੇ ਕਪੜੇ ਗੰਦੇ ਹੋ ਜਾਣ ਤਾਂ ਉਹ ਸਾਬਣ ਨਾਲ ਸਾਫ ਕਰ ਸਕਦਾ ਹਾਂ। ਪਰ ਜੇ ਮੇਰੀ ਮਤਿ ਪਾਪਾਂ ਨਾਲ ਭਰੀ ਹੋਵੇ ਤਾਂ ਫਿਰ ਉਹ ਪਾਣੀ ਜਾ ਸਾਬਣ ਨਾਲ ਸਾਫ ਨਹੀਂ ਹੋਣੇ। ਪਾਪ ਤੋਂ ਭਾਵ ਮਨ ਦੇ ਉਹ ਵਿਚਾਰ (ਅਉਗਣ) ਜੋ ਗੁਣਾ ਨੂੰ ਪਿੱਛੇ ਧੱਕਦੇ ਨੇ, ਰੱਬ ਨਾਲ Connection ਨਹੀਂ ਬਣਨ ਦਿੰਦੇ। ਉਹਨਾਂ ਪਾਪਾਂ ਨੂੰ ਆਪਣੀ ਮਤ ਭਾਵ ਬੁਧਿ ਵਿਚੋਂ ਸਿਰਫ ਰੱਬੀ ਗੁਣਾ ਨਾਲ ਹੀ ਧੋਤਾ (ਹਟਾਇਆ) ਜਾ ਸਕਦਾ ਹੈ ਭਾਵ ਗੁਣ ਪੈਦਾ ਕਰਕੇ ਮਾੜੇ ਵਿਚਾਰ ਖਤਮ ਕੀਤੇ ਜਾ ਸਕਦੇ ਹਨ। ਪਰ ਪਾਪ ਤੋਂ ਪੁੰਨ ਵਾਲੀ ਸਟੇਜ ਭਾਵ ਔਗਣਾ ਤੋਂ ਰਬੀ ਗੁਣਾ ਵਾਲਾ ਮਨ ਸਿਰਫ ਧਾਰਮਿਕ ਵਿਚਾਰ ਚਰਚਾ ਨਾਲ ਨਹੀਂ ਬਣਨਾ ਸਗੋਂ ਬਾਰ ਬਾਰ ਲਗਾਤਾਰ ਚੰਗੇ ਕੰਮ ਕਰਕੇ ਹੀ ਬਣੇਗਾ। ਇਹ ਵੀ ਯਾਦ ਰੱਖਣਾ ਹੈ ਕਿ ਇਹ ਕੰਮ ਮੈਂ Outsource ਨਹੀਂ ਕਰ ਸਕਦਾ ਕਿਉਂਕਿ ਹੁਕਮੁ ਇਹੀ ਹੈ ਕਿ ਆਪੇ ਬੀਜਣਾ ਹੈ ਤੇ ਆਪੇ ਖਾਣਾ ਭਾਵ ਆਪ ਹੀ ਕਰਨਾ ਹੈ, ਕਿਸੇ ਹੋਰ ਦੇ ਕੀਤਿਆਂ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਣੀ।
ਪੌੜੀ 21 – ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
ਤੀਰਥ ਤੇ ਜਾਣਾ, ਤਪ ਕਰਨਾ, ਦਇਆ ਦੇ ਨਾਮ ‘ਤੇ ਦਿੱਤਾ ਦਾਨ, ਦੁਨੀਆਦਾਰੀ ਵਿਚ ਤਾਂ ਮਾਮੂਲੀ ਮਾਣ ਦਿਵਾ ਸਕਦਾ ਹੈ ਪਰ ਅਧਿਆਤਮਿਕਤਾ ਵਿਚ ਇਸਦਾ ਕੋਈ ਮੁੱਲ ਨਹੀਂ। ਉਸ ਲਈ ਤਾਂ ਮਨ ਵਿਚ ਪਿਆਰ ਲੈਕੇ ਸੁਣਿਐ ਅਤੇ ਮੰਨੈ ਦੀ ਪ੍ਰਕ੍ਰਿਆ ਪੂਰੀ ਕਰਨੀ ਪਵੇਗੀ, ਗੁਣਾ ਨੂੰ ਪੈਦਾ ਕਰਕੇ, ਅਉਗਣ ਬਾਹਰ ਕੱਢਣੇ ਪੈਣਗੇ। ਕੋਈ ਗੁਣ ਮੇਰਾ ਨਹੀਂ ਸਭ ਪਰਮਾਤਮਾ ਦੇ ਹਨ ਭਾਵ ਗੁਣ ਮੇਰੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਸਨ ਪਰ De-activate ਸਨ। ਮੈਂ ਤਾਂ ਸਿਰਫ ਗੁਰੂ ਦੀ ਗਾਈਡੈਂਸ (ਗਿਆਨ) ਲੈ ਕੇ ਇਹਨਾਂ ਨੂੰ Activate ਕੀਤਾ। ਇਹ ਗੱਲ ਪੱਲੇ ਬੰਨ ਲੈਣ ਵਾਲੀ ਹੈ ਕਿ ਬਿਨ ਗੁਣ ਪੈਦਾ ਕੀਤੇ ਇਹ ਸਫ਼ਰ ਪੂਰਾ ਨਹੀਂ ਹੋਣਾ। ਜਦੋਂ ਗੁਣਾ ਦੀ ਪਨਾਹ ਮਿਲ ਜਾਂਦੀ ਹੈ ਤੇ ਗੁਰਬਾਣੀ ਔਗਣਾ ਤੋਂ ਬਚਾਉਣ ਵਾਲੀ ਢਾਲ ਬਣ ਜਾਂਦੀ ਹੈ ਤਾਂ ਪਰਮਾਤਮਾ ਨਾਲ ਜੁੜਨ ਦਾ ਸਦੀਵੀ ਖੇੜਾ/ਵਿਗਾਸ ਪੈਦਾ ਹੋ ਜਾਂਦਾ ਹੈ। ਇਹ ਖੇੜਾ ਗੁਰੂ ਵਲੋਂ ਸਮਝਾਏ ਗਏ ਅੰਦਰਲੇ ਹੁਕਮੁ ਅਨੁਸਾਰ ਬਣੇਗਾ ਅਤੇ ਸਦੀਵੀਂ ਰਹੇਗਾ। ਇਹ ਕਿਸੇ ਖਾਸ ਸਮੇਂ, ਦਿਨ, ਮੌਸਮ ਜਾਂ ਮਹੀਨੇ ਦਾ ਮੁਹਤਾਜ ਨਹੀਂ। ਨਾ ਹੀ ਇਹ ਅਵਸਥਾ ਕਿਸੇ ਹੋਰ ਧਾਰਮਿਕ ਪੁਸਤਕ ਵਿਚੋਂ ਤੇ ਨਾ ਕਿਸੇ ਕਰਮਕਾਂਡ ਵਿਚੋਂ ਬਣ ਸਕਦੀ ਹੈ। ਇਹ ਅਵਸਥਾ ਮਨ ਨੇ ਰਚਣੀ ਹੈ ਤੇ ਉਸਦਾ ਸਫ਼ਰ ਹੁਕਮੁ ਅਨੁਸਾਰ ਕਦੋਂ ਪੂਰਾ ਹੁੰਦਾ ਹੈ, ਇਹ ਓਹੀ ਜਾਣਦਾ ਹੈ। ਇਸ ਅਵਸਥਾ/ਮੰਜ਼ਰ ਦੀ ਸਿਫਤ ਕਰਨਾ, ਬਿਆਨ ਕਰਨਾ ਸੰਭਵ ਨਹੀਂ ਪਰ ਹਾਂ ਐਨਾ ਕਿਹਾ ਜਾ ਸਕਦਾ ਹੈ ਕਿ ਇਹ ਗਾਥਾ ਹੈ ਮੇਰੀ ਰੌਸ਼ਨਾਈ ਹਰ ਇੰਦਰੀ ਦੀ। ਮੇਰੇ ਵੱਡੇ ਪਰਮਾਤਮਾ ਨਾਲ ਜੁੜਨ ਦਾ ਇਹੀਓ ਵੱਡਾ ਹੁਕਮੁ ਹੈ, ਜੇ ਕੋਈ ਇਸ ਤੋਂ ਬਾਹਰ ਜਾਕੇ ਇਹ ਸਫ਼ਰ ਪੂਰਾ ਕਰਨ ਬਾਰੇ ਸੋਚੇ ਤਾਂ ਬੇਅਰਥ ਹੈ।
ਪੌੜੀ 22 – ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਮੇਰਾ ਮਨ ਪਤਾਲਾ ਪਤਾਲ ਥੱਲੇ ਗਿਰ ਜਾਂਦਾ ਹੈ ਤੇ ਕਦੇ ਅਕਾਸ਼ ਜਿੰਨਾ ਉਪਰ ਉੱਠ ਜਾਂਦਾ ਹੈ ਭਾਵ ਮਨ ਵਿਚ ਪੈਦਾ ਹੋਣ ਵਾਲੇ ਵਿਚਾਰ ਕਦੇ ਨੀਚ ਅਤੇ ਕਦੇ ਰੱਬੀ ਹੋ ਜਾਂਦੇ ਨੇ। ਸਾਰੀ ਜੱਦੋ-ਜਹਿਦ ਮਨ ਨੂੰ ਅਕਾਸ਼ ਵਾਲੇ ਪਾਸੇ ਪੱਕੇ ਤੌਰ ਤੇ ਖੜ੍ਹਾਉਣ ਦੀ ਹੈ। ਅਜਿਹਾ ਹੋ ਸਕੇ ਕਿ ਮਨ ਵਿਚ ਹਮੇਸ਼ਾ ਰੱਬੀ ਵਿਚਾਰ ਹੀ ਰਹਿਣ ਇਸ ਲਈ ਬੜੇ ਆਸਰੇ (ਓੜਕ) ਤੱਕੇ, ਇਸ ਬਾਰੇ ਹਜਾਰਾਂ ਧਾਰਮਿਕ ਕਿਤਾਬਾਂ ਵੀ ਬੜਾ ਕੁਝ ਕਹਿੰਦੀਆਂ ਨੇ ਪਰ ਸਮਝਣ ਗੱਲ ਇਕੋ ਹੀ ਹੈ ਕਿ ਅਜਿਹਾ ਕਰਨ ਲਈ ਭਾਵ ‘ਸਦਾ ਮਨ ਚਾਉ’ ਬਨਾਉਣ ਦੇ ਸਫ਼ਰ ਵਿਚ ਮੁਖ (ਵਡਾ) ਭੂਮਿਕਾ ਅੰਤਰ-ਆਤਮਾ ਦੀ ਹੈ ਕਿਉਂਕਿ ਇਹੀ ਮਨ ਨੂੰ ਕੰਟਰੋਲ ਵਿਚ ਰੱਖ ਸਕਦੀ ਹੈ। ਇਹ ਗੱਲ ਆਪੇ ਸਮਝ ਆਉਂਦੀ ਹੈ ਜਦੋਂ ਪਰਮਾਤਮਾ ਨਾਲ ਜੁੜ ਜਾਂਦੇ ਹਾਂ। ਜਦੋਂ ਮੇਰੀ ਅੰਤਰ-ਆਤਮਾ ਮੇਰੇ ਅੰਦਰ ਦਾ ਪੂਰਨ ਕੰਟਰੋਲ ਲੈ ਲੈਂਦੀ ਹੈ ਤਾਂ ਔਗਣਾਂ ਦਾ, ਮਾੜੇ ਵਿਚਾਰਾਂ ਦਾ ਕੋਈ ਲੇਖਾ (ਬਕਾਇਆ) ਬਾਕੀ ਨਹੀਂ ਰਹਿ ਜਾਂਦਾ। ਭਾਵ ਕੋਈ ਮਾੜਾ ਵਿਚਾਰ ਪੈਦਾ ਹੀ ਨਹੀਂ ਹੁੰਦਾ।
ਪੌੜੀ 23 – ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
ਪਰ ਬਿਨਾ ਗੁਣਾ ਦੀ ਉਸਤਤਿ ਦੇ, ਬਿਨਾ ਗੁਣ ਪ੍ਰਗਟ ਕਰੇ ਅਜੇਹੀ ਅੰਤਰ-ਆਤਮਾ ਨਹੀਂ ਬਣਨੀ। ਜਿਵੇਂ ਨਦੀਆਂ, ਦਰਿਆ ਆਦਿ ਚੱਲ ਚੱਲ ਕੇ, ਰੁਕਾਵਟਾਂ ਤੋਂ ਪਾਰ ਪਾਉਂਦੇ ਹੋਏ ਸਮੁੰਦਰ ਵਿਚ ਜਾ ਸਮਾਉਂਦੇ ਨੇ, ਸਮੁੰਦਰ ਵਿਚ ਇਕ ਮਿਕ ਹੋ ਜਾਂਦੇ ਨੇ, ਸਮੁੰਦਰ ਹੀ ਬਣ ਜਾਂਦੇ ਨੇ; ਉਸੇ ਤਰਾਂ ਮਨ ਅਤੇ ਇੰਦਰੀਆਂ ਵੀ ਗੁਣਾ ਦੀ ਉਸਤਤਿ ਕਰਦਿਆਂ ਕਰਦਿਆਂ ਗੁਣਾਂ ਦੇ ਸੁਮੰਦਰ ਦਾ ਹਿੱਸਾ ਬਣ ਜਾਂਦੇ ਹਨ, ਗੁਣ ਹੀ ਬਣ ਗਏ ਹਨ।
ਇਸੇ ਕਾਰਨ ਮੇਰੀ ਅਧਿਆਤਮਿਕਤਾ, ਮੇਰੀ ਸੋਚ ਸਮੁੰਦਰ ਜਿਨੀ ਗਹਿਰੀ, ਪਹਾੜ ਜਿਨੀ ਮਜਬੂਤ, ਬੇਸ਼ਕੀਮਤੀ ਅਤੇ ਉੱਚੀ ਹੋ ਗਈ ਹੈ। ਜੇ ਨਹੀਂ ਚਾਉਂਦਾ ਕਿ ਇਸਦੀ ਔਕਾਤ ਕੀੜੀ ਵਰਗੀ ਹੋ ਜਾਵੇ ਤਾਂ ਗੁਣਾ ਦਾ ਖ਼ਜ਼ਾਨਾ ਨਹੀਂ ਛੱਡਣਾ।
ਪੌੜੀ 24 – ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥
ਨਾ ਹੀ ਅੰਦਰ ਪੈਦਾ ਹੋਣ ਵਾਲੇ ਰੱਬੀ ਗੁਣਾ ਦਾ ਕੋਈ ਅੰਤ ਹੈ ਅਤੇ ਨਾ ਹੀ ਇਹਨਾਂ ਬਾਰੇ ਅੰਦਰ ਹੋਣ ਵਾਲੀ ਚਰਚਾ ਦਾ; ਇਹਨਾਂ ਗੁਣਾ ਕਾਰਨ, ਮੇਰਾ ਕੀਤਾ ਹਰ ਕਾਰਜ ਮੈਨੂੰ ਇਸ ਸਫ਼ਰ ਵਿਚ ਬੇਅੰਤ ਅੱਗੇ ਲੈ ਜਾਂਦਾ ਹੈ। ਨਾ ਅੰਤ ਹੈ ਗੁਣਾਂ ਨੂੰ ਅੰਦਰ ਵਸਾਉਣ ਦਾ, ਨਾ ਅੰਤ ਹੈ ਗੁਣ ਬਣਨ ਦਾ। ਗੁਣਾ ਕਾਰਨ ਬੁਲੰਦ ਹੋਈ ਅੰਤਰ-ਆਤਮਾ ਵਲੋਂ ਮਿਲਣ ਵਾਲੀ ਸਲਾਹ (Guidance) ਦਾ ਕੋਈ ਅੰਤ ਨਹੀਂ, ਉਹ ਹਰ ਵੇਲੇ ਮੈਨੂੰ ਰਾਹ ਦਿਖਾਉਂਦੀ ਹੈ। ਕਿਸ ਤਰਾਂ ਮੇਰਾ ਕਿਰਦਾਰ ਰਬੀ ਤੇ ਹੋਰ ਰਬੀ ਹੋ ਰਿਹਾ ਹੈ ਇਸਦਾ ਕੋਈ ਅੰਤ ਨਹੀਂ। ਅਜਿਹਾ ਨਹੀਂ ਹੈ ਕਿ ਕੁਝ ਗਿਣੇ ਚੁਣੇ ਗੁਣ ਸਮਾਉਣ ਤੋਂ ਬਾਅਦ ਇਸ ਸਫ਼ਰ ਦਾ ਅੰਤ ਹੋ ਜਾਂਦਾ ਹੈ, ਗੁਣਾ ਦਾ ਕੋਈ ਪਾਰਾਵਾਰ ਨਹੀਂ, ਕਦੇ ਵੀ ਗੁਣ ਬਣਨ ਦਾ ਅੰਤ ਨਹੀਂ ਹੋਵੇਗਾ। ਉਹਨਾਂ ਦਾ ਵੀ ਕੋਈ ਅੰਤ ਨਹੀਂ ਜੋ ਗੁਣਾ ਦਾ ਅੰਤ ਪਾਉਣ ਲਈ ਤੜਪ ਰਹੇ ਨੇ। ਇਸਦਾ ਅੰਤ ਪਾਉਣਾ ਇਸ ਲਈ ਸੰਭਵ ਨਹੀਂ ਕਿਉਂਕਿ ਇਹ ਸਫ਼ਰ ਅੰਤਹੀਣ ਹੈ (ਬਹੁਤਾ ਕਹੀਏ ਬਹੁਤਾ ਹੋਏ)। ਮੇਰੇ ਮਾਲਿਕ (ਪਰਮਾਤਮਾ) ਦਾ ਵੀ ਕੋਈ ਅੰਤ ਨਹੀਂ ਅਤੇ ਮੇਰੀ ਅੰਤਰ-ਆਤਮਾ ਦੇ ਰੱਬੀ (ਉੱਚੀ) ਹੋਣ ਦਾ ਵੀ ਕੋਈ ਅੰਤ ਨਹੀਂ। ਅੰਤਰ-ਆਤਮਾ ਦੇ ਉਚਾ ਬਣਨ ਲਈ ਸਭ ਤੋਂ ਜਰੂਰੀ ਹੈ ਗੁਣਾ ਦਾ ਪੈਦਾ ਹੋਣਾ। ਜੇ ਕੋਈ ਇਸ ਤਰਾਂ (ਗੁਣਾ ਰਾਹੀਂ) ਉਚਾ ਹੋਵੇ ਤਾਂ ਹੀ ਉਹ ਉਸ ਉਚੇ ਨੂੰ ਜਾਣ ਸਕਦਾ ਹੈ। ਉਸ ਪਰਮਾਤਮਾ ਨੂੰ ਆਪਣੇ ਅੰਦਰ ਜਾਣ ਲੈਣਾ, ਪਾ ਲੈਣਾ ਹੀ ਉਸ ਪਰਮਾਤਮਾ ਦੀ ਬਖਸ਼ਿਸ਼ ਹੈ, ਉਸਦੀ ਦਾਤ ਹੈ।
ਪੌੜੀ 25 – ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
ਅਕਾਲ ਪੁਰਖ ਦੀ ਬਖਸ਼ਿਸ਼ ਭਰਪੂਰ ਹੈ ਅਤੇ ਸਦੀਵੀਂ ਹੈ, ਹੁਣ ਮਨ ਨੂੰ ਇੰਨੀ ਸੰਤੁਸ਼ਟੀ/ਸਬਰ ਹੈ ਕਿ ਕਿਸੇ ਹੋਰ ਵਸਤੂ ਦੀ ਇੱਛਾ ਨਹੀਂ ਰਹੀ। ਇਸ ਬਖਸ਼ਿਸ਼ ਕਾਰਨ ਅਣਗਿਣਤ ਔਗਣਾਂ ਨਾਲ ਲੜਨ ਦੀ ਹਿੰਮਤ ਆ ਗਈ ਹੈ, ਬਹੁਤ ਅਉਗਣ ਖਤਮ ਹੋ ਗਏ ਹਨ। ਇਸ ਬਖਸ਼ਿਸ਼ ਕਾਰਨ ਐਸੇ ਔਗਣਾਂ ਨੂੰ ਪਰੇ ਰੱਖਣ ਵਿਚ ਕਾਮਯਾਬ ਹੋਇਆ ਜੋ ਮੂਰਖਤਾ ਭਰਪੂਰ ਖਾਹਿਸ਼ਾਂ ਕਾਰਨ ਪੈਦਾ ਹੋਏ। ਇਹ ਬਖਸ਼ਿਸ਼ ਇਕ ਸੱਦਾ (ਸਦ) ਹੈ ਅਜਿਹੇ ਅਣਗਿਣਤ ਔਗਣਾਂ ਨੂੰ ਖਤਮ ਕਰਨ ਲਈ ਜਿਨ੍ਹਾਂ ਨੂੰ ਮੇਰੀਆਂ ਖਾਹਿਸ਼ਾਂ ਨੇ ਜਨਮ ਦਿਤਾ। ਇਹ ਸੱਦਾ ਵੀ ਮੇਰੇ ਮਾਲਿਕਾ ਤੇਰੀ ਦਾਤ ਹੀ ਹੈ। ਇੱਛਾਵਾਂ ਦੇ ਬੰਧਨਾਂ ਵਿਚੋਂ ਮੁਕਤੀ ਤੇਰੇ ਭਾਣੇ (ਹੁਕਮੁ, ਬਖਸ਼ਿਸ਼) ਵਿਚ ਹੀ ਸੰਭਵ ਹੈ, ਹੋਰ ਕਿਸੇ ਵੀ ਸ਼ੈਅ ਨੂੰ ਮੈਂ ਇਸਦਾ ਸਿਹਰਾ ਨਹੀਂ ਦੇ ਸਕਦਾ। ਜੇ ਕੋਈ ਮੂਰਖ (ਖਾਇਕ) ਇਹ ਮੰਨੇ ਕਿ ਇੱਛਾਵਾਂ ਦੇ ਜਾਲ ਵਿਚੋਂ ਨਿਕਲਣ ਦਾ ਕੋਈ ਹੋਰ ਰਾਹ ਵੀ ਹੈ ਤਾਂ ਇਹ ਮੂੰਹ ਤੇ ਖਾਣ ਵਾਲੀ ਗੱਲ ਹੈ ਭਾਵ ਫ਼ਜ਼ੂਲ ਵਿਚ ਖੱਜਲ ਹੋਣ ਵਾਲੀ ਗੱਲ ਹੈ। ਮੇਰਾ ਮਨ ਅਤੇ ਇੰਦਰੀਆਂ ਹੁਣ ਅਜਿਹੀ ਸੋਚ ਤੋਂ ਪਰੇ ਹੀ ਰਹਿੰਦੀਆਂ ਨੇ। ਜਿਸ ਨੂੰ ਪਰਮਾਤਮਾ ਅਜਿਹੀ ਬਖਸ਼ਿਸ਼ ਕਰ ਦੇਵੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਭਾਵ ਉਸਨੇ ਇਸ ਸਫ਼ਰ ਦੀ ਮੰਜਿਲ ਪਾ ਲਈ।
ਪੌੜੀ 26 – ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥ਅਮੁਲੋ ਅਮੁਲੁ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
ਅਧਿਆਤਮਿਕਤਾ ਦੇ ਸਿਖਰ ‘ਤੇ ਪਹੁੰਚਣ ਲਈ ਗੁਣਾ ਦਾ ਕੋਈ ਮੁੱਲ ਨਹੀਂ, ਗੁਣ ਪੈਦਾ ਕਰਨ ਦੀ ਪ੍ਰਕ੍ਰਿਆ ਦਾ ਕੋਈ ਮੁੱਲ ਨਹੀਂ, ਗੁਣ ਪੈਦਾ ਕਰਨ ਵਾਲਿਆਂ ਦਾ ਕੋਈ ਮੁੱਲ ਨਹੀਂ, ਇਕੱਠੇ ਕਰੇ ਗੁਣਾ ਦਾ ਕੋਈ ਮੁੱਲ ਨਹੀਂ; ਗੁਣਾ ਦਾ ਆਉਣਾ ਅਤੇ ਇਹਨਾਂ ਦੇ ਲਗਾਤਾਰ ਆਉਣ ਦਾ ਕੋਈ ਮੁੱਲ ਨਹੀਂ। ਭਾਵ ‘ਪਾਤਿਸਾਹੀ ਪਾਤਿਸਾਹੁ’ ਤਕ ਪਹੁੰਚਣ ਲਈ ਇਹ ਸਭ ਬੇਹੱਦ ਜਰੂਰੀ ਅਤੇ ਬੇਸ਼ਕੀਮਤੀ ਹੈ। ਇਸੇ ਤਰਾਂ ਗੁਣਾ ਪ੍ਰਤੀ ਲਗਾਤਾਰ ਪਿਆਰ ਅਤੇ ਇਹਨਾਂ ਨਾਲ ਓਤ ਪ੍ਰੋਤ ਹੋਣਾ ਅਮੁੱਲ ਹੈ। ਗੁਣਾ ਨਾਲ ਭਰਪੂਰ ਅੰਤਰ-ਆਤਮਾ ਅਮੁਲ ਹੈ ਤੇ ਅਮੁਲ ਨੇ ਉਸਦੇ ਫੈਸਲੇ, ਅਮੁੱਲ ਹੈ ਉਹ ਮਨ ਅਤੇ ਬੁੱਧ ਜੋ ਰੱਬੀ ਗੁਣਾ ਨੂੰ ਅਪਣਾ ਲੈਂਦੇ ਹਨ। ਪਰਮਾਤਮਾ ਦੇ ਹੁਕਮੁ ਨਾਲ ਮਿਲੀ ਇਹ ਬਖਸ਼ਿਸ਼ ਅਮੁੱਲ ਤੋਂ ਵੀ ਪਰੇ ਹੈ ਤੇ ਆਖੀ ਨਹੀਂ ਜਾ ਸਕਦੀ ਭਾਵ ਬਿਆਨ ਨਹੀਂ ਕੀਤੀ ਜਾ ਸਕਦੀ। ਉਸਦੀ ਬਖਸ਼ਿਸ਼ ਨੂੰ ਲੈ ਕੇ ਇਕੋ ਗੱਲ ਬਿਆਨ ਕਰਨ ਵਾਲੀ ਹੈ ਕਿ ਗੁਣਾ ਵਿਚ ਓਤ ਪ੍ਰੋਤ ਰਹੀਏ।
ਇਸਦੇ ਨਾਲ ਹੀ ਪਾਤਸ਼ਾਹ ਇਹ ਵੀ ਐਲਾਨ ਕਰਦੇ ਹਨ ਕਿ ਮੈਂ ਪਰਮਾਤਮਾ ਦੀ ਇਸ ਬਖਸ਼ਿਸ਼ ਨਾਲ ਇਹ ਪਰਖ ਲਿਆ ਹੈ ਜੋ ਵੇਦਾਂ ਸਮੇਤ ਤਮਾਮ ਧਾਰਮਿਕ ਗ੍ਰੰਥ ਵਖਿਆਨ ਕਰਦੇ ਨੇ, ਜੋ ਇਹਨਾਂ ਦੇ ਪੜਨ ਵਾਲੇ ਵਖਿਆਨ ਕਰਦੇ ਨੇ, ਬ੍ਰਹਮਾ, ਇੰਦਰ, ਗੋਪੀਆਂ, ਕ੍ਰਿਸ਼ਨ, ਸ਼ਿਵ, ਸਿਧ ਵਖਿਆਨ ਕਰਦੇ ਹਨ। ਇਸ ਤੋਂ ਇਲਾਵਾ ਜੋ ਹੋਰ ਅਨੇਕਾਂ ਧਾਰਮਿਕ ਵਿਚਾਰ, ਕਥਿਤ ਦਾਨਵ ਅਤੇ ਦੇਵਤੇ, ਧਾਰਮਿਕ ਲੋਕ, ਉਹਨਾਂ ਦੇ ਮੁਖੀ ਅਤੇ ਚੇਲੇ, ਅਨੇਕ ਵੱਡੇ ਕਥਾਵਾਚਕ, ਪੂਰੇ ਜੋਸ਼ ਵਾਲੇ ਪ੍ਰਚਾਰਕ ਵਖਿਆਨ ਕਰਦੇ ਹਨ ਉਸਨੂੰ ਵੀ ਪਰਖ ਲਿਆ ਹੈ। ਪਰਖ ਕੇ ਇਹ ਸਮਝ ਲਿਆ ਹੈ ਕਿ ਨਾ ਸਿਰਫ ਇਹ ਸਭ ਬਲਕਿ ਅਜਿਹੇ ਹੋਰ ਵੀ ਆ ਜਾਣ ਤਾਂ ਵੀ ਇਹ ਇਸ ਬਖਸ਼ਿਸ਼ ਦਾ ਵਖਿਆਨ ਨਹੀਂ ਕਰ ਸਕਦੇ। ਕਿਓਂਕਿ ਸਿਰਫ ਪਰਮਾਤਮਾ ਨਾਲ ਅੰਦਰੋਂ ਜੁੜਿਆਂ ਹੀ ਇਹ ਬਖਸ਼ਿਸ਼ ਹੁੰਦੀ ਹੈ। ਜੋ ਧਾਰਮਿਕ ਵਿਚਾਰ ਇਸ ਤੋਂ ਉਲਟ ਰਾਹ ਦਿਖਾਉਂਦਾ ਹੈ ਉਹ ਰਾਹ ਹਨੇਰੇ ਭਰਿਆ/ਮੂਰਖਤਾ ਭਰਿਆ (ਗਵਾਰਾ ਗਵਾਰ) ਹੈ।
ਇਸ ਪੌੜੀ ਵਿਚ ਮੁੱਖ ਤੌਰ ‘ਤੇ 3-4 ਅਹਿਮ ਨੁਕਤੇ ਮਿਲਦੇ ਹਨ। 1. ਅਧਿਆਤਮਿਕਤਾ ਦੇ ਸਿਖਰ ਦੇ ਸਫ਼ਰ ਲਈ ਗੁਣ ਅਤੇ ਉਹਨਾਂ ਦੀ ਸਰਿਜਨ ਪ੍ਰਕ੍ਰਿਆ ਬੇਹੱਦ ਅਹਿਮ ਹੈ ਕਿ ਉਸਦਾ ਬਿਆਨ ਕਰਨਾ ਵੀ ਮੁਸ਼ਕਿਲ ਹੈ। 2. ਪਰਮਾਤਮਾ ਦੀ ਬਖਸ਼ਿਸ਼ ਨਾਲ ਹਰ ਤਰਾਂ ਦੇ ਹੋਰ ਧਾਰਮਿਕ ਗ੍ਰੰਥਾਂ, ਵਿਚਾਰਕਾਂ ਅਤੇ ਉਹਨੇ ਦੇ ਪ੍ਰਚਾਰ ਨੂੰ ਪਰਖਣਾ ਆ ਜਾਂਦਾ ਹੈ 3. ਅਧਿਆਤਮਿਕਤਾ ਦਾ ਸਿਖਰ, ਸਿਰਫ ਤੇ ਸਿਰਫ ਗੁਣਾ ਦੇ ਰਸਤੇ ਆਪਣੇ ਅੰਦਰ ਪਰਮਾਤਮਾ ਨਾਲ ਜੁੜਕੇ ਹੀ ਪਾਇਆ ਜਾ ਸਕਦਾ ਹੈ 4. ਹਰ ਤਰਾਂ ਦਾ ਹੋਰ ਧਾਰਮਿਕ ਵਿਚਾਰ ਪਰਖਣ ਤੋਂ ਬਾਅਦ ਸਮਝਿਆ ਕਿ ਉਹ ਇਹ ਰਾਹ ਨਹੀਂ ਦਿਖਾਂਉਦੇ ‘ਤੇ ਇਸ ਰਾਹ ਤੋਂ ਉਲਟ ਰਾਹ ਦਿਖਾਉਣ ਵਾਲਾ ਹਰ ਰਾਹ ਗਵਾਰਾ ਦਾ ਰਾਹ ਹੈ।
ਵੀਹਵੀਂ ਪੌੜੀ ਤੋਂ ਲੈ ਕੇ 26ਵੀਂ ਪੌੜੀ ਤੱਕ ਪਾਤਸ਼ਾਹ ਨੇ ਗੁਣਾ ਦੀ ਗੱਲ ਕੀਤੀ ਹੈ। ਵੀਹਵੀਂ ਪੌੜੀ ਵਿਚ ਮੁਖ ਨੁਕਤਾ ਹੈ ਕਿ ਬਾਰ ਬਾਰ ਚੰਗੇ ਕੰਮ ਕਰਕੇ ਹੀ ਰੱਬੀ ਗੁਣ ਪੈਦਾ ਹੋਣਗੇ, ਸਿਰਫ ਵਿਚਾਰ ਚਰਚਾ ਨਾਲ ਨਹੀਂ।
ਇਕੀਵੀਂ ਪੌੜੀ ਵਿਚ 2 ਮੁਖ ਨੁਕਤੇ ਹਨ। ਪਹਿਲਾ ਕਿ ਗੁਣ ਅੰਦਰ ਹੀ ਹਨ ਬਸ ਗੁਰੂ ਦੇ ਗਿਆਨ ਨਾਲ ਉਜਾਗਰ ਕਰਨੇ ਹਨ। ਦੂਸਰਾ ਇਹ ਕਿ ਇਹ ਸਭ ਮਨ ਦੇ ਅੰਦਰ ਦਾ ਸਫ਼ਰ ਹੈ, ਮਨ ਨੇ ਹੀ ਇਸਨੂੰ ਪੂਰਾ ਕਰਨਾ ਹੈ। ਤੀਸਰਾ ਇਹ ਕਿ ਇਹ ਸਫ਼ਰ ਪੂਰਾ ਹੋਣ ਦਾ ਹੋਰ ਕੋਈ ਰਾਹ ਨਹੀਂ, ਕੋਈ ਹੋਰ ਧਾਰਮਿਕ ਰਸਤਾ ਇਸ ਮੰਜਿਲ ਵੱਲ ਨਹੀਂ ਲਿਜਾਂਦਾ।
ਬਾਈਵੀਂ ਪੌੜੀ ਵਿਚ ਪਾਤਸ਼ਾਹ ਦੱਸਦੇ ਨੇ ਕਿ ਇਸ ਸਫ਼ਰ ਦਾ ਧੁਰਾ ਸਾਡੀ ਅੰਤਰ-ਆਤਮਾ ਹੈ ਤੇ ਨਾਲ ਹੀ ਤੇਈਵੀਂ ਪੌੜੀ ਵਿਚ ਸਮਜਾਉਂਦੇ ਨੇ ਕਿ ਐਸੀ ਅੰਤਰ-ਆਤਮਾ ਜੋ ਸਦਾ ਲਈ ਖੇੜਾ ਪੈਦਾ ਕਰ ਦੇਵੇ ਉਹ ਸਿਰਫ ਗੁਣਾ ਨਾਲ ਹੀ ਬਣਨੀ ਹੈ। ਚੌਵੀਂ ਪੌੜੀ ਦੱਸਦੀ ਹੈ ਕਿ ਗੁਣ ਪ੍ਰਾਪਤੀ ਦਾ ਕੋਈ ਅੰਤ ਨਹੀਂ, ਅੰਤਰ-ਆਤਮਾ ਦੇ ਰਬੀ ਬਣਨ ਦਾ ਕੋਈ ਅੰਤ ਨਹੀਂ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਗੁਰਬਾਣੀ ਵਿਚ ਬਖਸ਼ਿਸ਼/ਦਾਤ ਦਾ ਭਾਵ ਪਰਮਾਤਮਾ ਨਾਲ ਜੁੜਨਾ ਹੈ। ਪੱਚੀਵੀਂ ਪੌੜੀ ਵਿਚ ਪਾਤਸ਼ਾਹ ਕਹਿੰਦੇ ਹਨ ਕਿ ਬਹੁਤੇ ਅਉਗਣ ਮੂਰਖਤਾ ਪੂਰਨ ਖਾਇਸ਼ਾਂ ਕਾਰਨ ਪੈਦਾ ਹੁੰਦੇ ਨੇ, ਇਹਨਾਂ ਨੂੰ ਖਤਮ ਕਰਨਾ ਦਾ ਸਦਾ/ਪ੍ਰਣ ਵੀ ਪਰਮਾਤਮਾ ਦੀ ਬਖਸ਼ਿਸ਼ ਹੈ। ਛੱਬੀ ਨੰਬਰ ਪੌੜੀ ਵਿਚ ਇਸ ਰੂਹਾਨੀ ਸਫ਼ਰ ਲਈ ਫਿਰ ਗੁਣਾ ਦੀ ਅਹਿਮੀਅਤ ਨੂੰ ਅਮੁੱਲ ਕਹਿ ਕੇ ਸਮਝਾਇਆ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਜੋ ਵੀ ਗੁਣਾ ਦਾ ਰਾਹ ਛੱਡ ਕੇ ਕੋਈ ਹੋਰ ਰਾਹ ਦੀ ਗੱਲ ਕਰਦਾ ਹੈ ਉਹ ਗਵਾਰਾ ਦਾ ਗਵਾਰ ਹੈ।
ਇਸ ਤੋਂ ਅੱਗੇ ਪਾਤਸ਼ਾਹ ਦੱਸਣ ਲੱਗੇ ਹਨ ਉਸ ਮਨ (ਦਰ) ਅਤੇ ਉਸ ਅੰਤਰ-ਆਤਮਾ (ਘਰ) ਦੀ ਹਾਲਤ ਬਿਆਨੀ ਜਿਸਨੇ ਸਫ਼ਰ ਮੁਕੰਮਲ ਕਰ ਲਿਆ ਹੈ।
ਪੌੜੀ 27 – ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
ਕੇਹਾ ਸ਼ਬਦ ਇਥੇ ਵਿਸਮਾਦ ਵਿਚ ਕਿਹਾ ਗਿਆ ਹੈ ਜਿਵੇਂ ਅੰਗਰੇਜ਼ੀ ਵਿਚ WOW ਕਿਹਾ ਜਾਂਦਾ ਹੈ। ਸੋ ਪਾਤਸ਼ਾਹ ਬਿਆਨ ਕਰ ਰਹੇ ਹਨ ਕਿ ਉਹ ਮਨ ਅਤੇ ਉਹ ਅੰਤਰ-ਆਤਮਾ ਕਿੰਨੀ ਸ਼ਾਨਦਾਰ ਹੈ ਜਿਥੇ ਸਾਰੀਆਂ ਇੰਦਰੀਆਂ ਮਨ ਦੇ ਕੰਟਰੋਲ ਵਿਚ ਵਅਤੇ ਮਨ ਅੰਤਰ-ਆਤਮਾ ਦੀ ਸੰਭਾਲ ਵਿਚ ਹੈ। ਕਿਉਂਕਿ ਵਿਚਾਰ ਉਪਜਣ ਦੀ ਪ੍ਰੀਕ੍ਰਿਆ (Thought Process) ਅਤੇ ਇਸ ਵਿਚੋਂ ਉਪਜਣ ਵਾਲੇ ਵਿਚਾਰ ਹੀ ਸ਼ਾਨਦਾਰ ਹੋ ਗਏ ਜੋ ਅਸੀਮਤ ਆਨੰਦ, ਸ਼ਾਂਤੀ, ਸੁਖ ਪੈਦਾ ਕਰਦੇ ਹਨ। ਜਿਸ ਤਰਾਂ ਪਰਮਾਤਮਾ ਤੇਰੀ ਕਾਇਨਾਤ ਵਿਚ ਤੇਰੇ ਹੁਕਮ ਅਨੁਸਾਰ ਹਵਾ, ਪਾਣੀ , ਅੱਗ ਵਰਗੇ ਤੱਤ ਇਕ ਸ਼ਾਂਤੀ ਭਰਪੂਰ ਲੈਅ ਵਿਚ ਹਨ ਉਸੇ ਤਰਾਂ ਮੇਰੀ ਅਧਿਆਤਮਿਕ ਦੁਨੀਆ ਵਿਚ ਵੀ ਸਾਰੇ ਤੱਤ ਲੈਅ ਵਿਚ ਆ ਗਏ ਹਨ ਜਿਥੇ ਮੇਰੀ ਅੰਤਰ-ਆਤਮਾ ਨੇ ਸੱਤਾ ਸਥਾਪਿਤ ਕਰ ਲਈ ਹੈ। ਇਸ ਖੂਬਸੂਰਤ ਇਕਸੁਰਤਾ ਵਿਚ ਮੇਰਾ ਮਨ ਇਸ ਕਾਬਿਲ ਹੋ ਗਿਆ ਹੈ ਕਿ ਅੰਤਰ-ਆਤਮਾ ਦਾ ਹੁਕਮ ਇਸ ਉਪਰ ਲਿਖਿਆ ਜਾਵੇ ਭਾਵ ਇਹ ਮੰਨੇ ਤੇ ਉਸੇ ਰਾਹ ਚਲੇ।
ਮੇਰੇ ਮਨ ਨੂੰ ਰਬੀ ਗੁਣਾ ਦੀ ਢਾਲ ਮਿਲੀ ਹੋਈ ਹੈ, ਗੁਣ ਮਨ ਵਿਚ ਬੈਠ ਗਏ ਹਨ ਅਤੇ ਅੰਤਰ-ਆਤਮਾ ਆਸਣ ਉਪਰ ਬੈਠੀ ਹੈ (ਇਦਾਸਣਿ)। ਪਰਮਾਤਮਾ ਨਾਲ ਬਣੀ ਇਸ ਇਕਸੁਰਤਾ ਵਿਚ ਮੇਰਾ ਮਨ ਮੇਰੇ ਅੰਦਰ ਵੱਲ ਕੇਂਦਰਿਤ ਹੈ ਅਤੇ ਧਯਾਨ ਅੰਦਰਲੇ ਰੱਬੀ ਵਾਰਤਾਲਾਪ ‘ਤੇ ਹੈ। ਮੇਰਾ ਮਨ ਔਗਣਾ ਤੋਂ ਆਪਣੇ ਆਪ ਨੂੰ ਬਚਾਕੇ ਰੱਖਣ ਵਾਲਾ ਸੁਭਾਅ (ਜਤੀ) ਸਹੀ ਗਲਤ ਦਾ ਫੈਸਲਾ ਕਰਨ ਦੀ ਕਾਬਲੀਅਤ (ਸਤੀ), ਸੰਤੋਖ ਅਤੇ ਹਿੰਮਤ ਨਾਲ ਇਕਸੁਰਤਾ ਸ਼ਾਂਤੀ ਵਿਚ ਹੈ। ਪੂਰੀ ਜਿੰਦਗੀ ਆਪਣੇ ਅੰਦਰ ਹੋ ਰਹੇ ਚਾਨਣ ਅਤੇ ਆਪਣੇ ਆਪ ਨੂੰ ਜਾਨਣ ਨੂੰ ਲੈਕੇ ਮੇਰੇ ਮਨ ਵਿਚ ਸ਼ਾਂਤੀ ਹੈ। ਅਧਿਆਤਮਿਕ ਅਤੇ ਦੁਨਿਆਵੀ ਮਸਲਿਆਂ ਵਿਚ ਮੇਰੀ ਸੋਚ ਮੋਹ ਲੈਣ ਵਾਲੀ ਹੋ ਗਈ ਹੈ। ਕਿਉਂਕਿ ਪਰਮਾਤਮਾ ਨਾਲ ਇਕਸੁਰਤਾ ਹੋਣ ਕਾਰਨ ਮੇਰੀ ਸੋਚ ਪਦਾਰਥਵਾਦ ਵਿਚੋਂ ਨਿਕਲਕੇ ਰਬੀ ਗੁਣਾ ਵਾਲੇ ਪਾਸੇ ਲਗ ਗਈ ਹੈ ; ਮੇਰਾ ਹਰ ਇਕ ਵਿਚਾਰ, ਵਿਚਾਰਾਂ ਦੇ ਸਮੂਹ ਅਤੇ ਪੂਰਾ ਮਨ ਸ਼ਾਂਤ ਹੋ ਗਿਆ ਹੈ। ਪਾਤਸ਼ਾਹ ਫਰਮਾਉਂਦੇ ਹਨ ਕਿ ਜਦੋਂ ਪਰਮਾਤਮਾ ਨਾਲ ਇਕਸਾਰਤਾ ਬਣਦੀ ਹੈ ਓਦੋਂ ਹੋਰ ਵੀ ਬੇਅੰਤ ਤੱਤਾਂ ਵਿਚ ਇਕਸਾਰਤਾ ਬਣਦੀ ਜੋ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ। ਨਾਲ ਹੀ ਇਹ ਵੀ ਫਰਮਾਉਂਦੇ ਹਨ ਕਿ ਗਾਵਹਿ ਦੀ ਸਥਿਤੀ (ਇਕਸੁਰਤੀ) ਵਿਚ ਓਹੀ ਆਉਂਦਾ ਹੈ ਜੋ ਤੇਰੇ ਪਿਆਰ, ਸ਼ਰਧਾ ਅਤੇ ਤੇਰੇ ਗੁਣਾਂ ਵਿਚ ਭਿੱਜਿਆ ਹੋਵੇ। ਜੋ ਅਧਿਆਤਮਿਕਤਾ ਦੀ ਰਚਨਾ ਮੇਰੇ ਅੰਦਰ ਹੋਈ ਹੈ ਹੁਣ ਇਹ ਖਤਮ ਨਹੀਂ ਹੋ ਸਕਦੀ। ਕਿਉਂਕਿ ਜੋ ਭਾਂਤ ਭਾਂਤ ਦੇ ਰੰਗ ਬਰੰਗੇ ਵਹਿਮ ਮੈਂ ਆਪਣੇ ਮਨ ਵਿਚ ਬਣਾ ਰੱਖੇ ਸਨ, ਜਿਨਾ ਦੀ ਵਡਿਆਈ ਕਰਦਾ ਰਹਿੰਦਾ ਸੀ, ਉਹ ਹੁਣ ਨਹੀਂ ਰਹੇ। ਹੁਣ ਮਨ ਵਿਚ ਆਪਣਾ ਹੁਕਮ ਚਲਾਉਣ ਦੀ ਇੱਛਾ ਨਾ ਰਹੀ ਸਗੋਂ ਜੋ ਪਰਮਾਤਮਾ (ਅੰਤਰ-ਆਤਮਾ) ਦੀ ਇੱਛਾ ਹੈ, ਹੁਕਮ ਹੈ, ਸਲਾਹ ਹੈ, ਉਸ ਮੁਤਾਬਿਕ ਚਲਣ ਦੀ ਹੀ ਇੱਛਾ ਹੈ ਕਿਓਂਕਿ ਓਹੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਅਤੇ ਮੈਂ ਆਪਣਾ ਸਫ਼ਰ ਉਸਦੀ ਰਜ਼ਾ ਵਿਚ ਹੀ ਜਾਰੀ ਰੱਖਣਾ ਚਾਉਂਦਾ ਹਾਂ।
ਪੌੜੀ 28 – ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
ਮੇਰੇ ਮਨ ਉਪਰ ਸੰਤੋਖ ਦੀ ਮੋਹਰ ਲੱਗ ਗਈ ਹੈ ਭਾਵ ਦੁਨਿਆਵੀ ਵਸਤਾਂ ਇਕੱਠੀਆਂ ਕਰਨ ਦਾ ਜਨੂੰਨ ਖਤਮ ਹੋ ਗਿਆ ਤੇ ਮੇਰੀਆਂ ਇੰਦਰੀਆਂ ਧਿਆਨ ਲਗਾ ਕੇ ਮਿਹਨਤ ਕਰਦੀਆਂ ਨੇ ਗੁਣ ਇਕੱਠੇ ਕਰਨ ਲਈ। ਇਸ ਮੇਹਨਤ ਸਦਕਾ ਉਮਰ ਭਰ ਲਈ ਅਉਗਣ ਦੂਰ ਹੋ ਗਏ ‘ਤੇ ਗੁਣਾ ਵਿਚ ਅਟੁੱਟ ਵਿਸ਼ਵਾਸ ਬਣ ਗਿਆ। ਪੂਰੀ ਮਨੁੱਖਤਾ ਲਈ ਸ਼੍ਰੇਸ਼ਟ ਅਧਿਆਤਮਿਕਤਾ ਇਹੀ ਹੈ ਕਿ ਮਨ ਇੰਦਰੀਆਂ ਉਪਰ ਜਿੱਤ ਹਾਸਿਲ ਕਰ ਲਵੇ। ਮੈਂ ਉਸ ਪਰਮਾਤਮਾ ਅਗੇ ਬਾਰ ਬਾਰ ਨਤਮਸਤਕ ਹਾਂ ਜੋ ਕਦੇ ਨਾ ਬਦਲਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਬੇਦਾਗ ਹੈ ਜੋ ਮੇਰੀ ਅੰਤਰ-ਆਤਮਾ ਦੀ ਅਵਾਜ ਹੈ।
ਪੌੜੀ 29 – ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
ਮੇਰਾ ਮਨ ਹੁਣ ਗਿਆਨ ਭੋਗਦਾ ਦਾ ਹੈ, ਦਇਆ ਦਾ ਭੰਡਾਰ ਹੈ ‘ਤੇ ਅੰਤਰ-ਆਤਮਾ ਵਿਚ ਪਰਮਾਤਮਾ ਦੀ ਆਵਾਜ਼ ਹੈ। ਗਿਆਨ ਇਹ ਮਿਲਿਆ ਕਿ ਪਰਮਾਤਮਾ ਹੀ ਹਰ ਸ਼ੈਹ ਦਾ ਮਾਲਿਕ ਹੈ ਤੇ ਹਰ ਹੁਕਮੁ ਵਿਰੋਧੀ ਸੋਚ ਕੁਰਾਹੇ ਪਾਉਣ ਵਾਲੀ ਹੈ। ਗਿਆਨ ਇਸ ਗੱਲ ਦਾ ਵੀ ਕਿ ਮੇਰੀ ਅਧਿਆਤਮਿਕ ਕਿਸਮਤ ਇਸ ਗੱਲ ਉਪਰ ਨਿਰਭਰ ਹੈ ਕਿ ਮੇਰੀ ਸੋਚ ਪ੍ਰਮਾਤਮਾ ਨਾਲ ਸੰਜੋਗ ਵਾਲੀ ਹੈ ਜਾਂ ਵਿਜੋਗ ਵਾਲੀ ਭਾਵ ਪ੍ਰਮਾਤਮਾ ਨਾਲ ਜੁੜਨ ਵਾਲੀ ਜਾਂ ਉਸ ਤੋਂ ਦੂਰ ਹੋਣ ਵਾਲੀ। ਮੈਂ ਸਿਰਫ ਉਸ ਪਰਮਾਤਮਾ ਅਗੇ ਬਾਰ ਬਾਰ ਨਤਮਸਤਕ ਹਾਂ ਜੋ ਕਦੇ ਨਾ ਬਦਲਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਬੇਦਾਗ ਹੈ ਜੋ ਮੇਰੀ ਅੰਤਰ-ਆਤਮਾ ਦੀ ਅਵਾਜ ਹੈ।
ਪੌੜੀ 30 – ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
ਪਾਤਸ਼ਾਹ ਵਲੋਂ ਦੱਸੀ ਰੱਬ ਨਾਲ ਜੁੜਨ ਦੀ ਜੁਗਤ ਨਾਲ ਮਨ ਵਿਚ ਕਈ ਚੰਗੀਆਂ (ਪਰਵਾਣ) ਸੋਚਾਂ ਉਪਜਦੀਆਂ ਹਨ। ਪਹਿਲੀ ਗੁਣਾ ਦੀ ਦੁਨੀਆਂ ਸਬੰਧੀ, ਦੂਜੀ ਗੁਣਾ ਦੇ ਭੰਡਾਰੀ ਸਬੰਧੀ ਭਾਵ ਪ੍ਰਮਾਤਮਾ ਪ੍ਰਤੀ ਤੇ ਤੀਜੀ ਗੁਣਾ ਤੇ ਔਗਣਾ ਸਬੰਧੀ ਫੈਸਲਾ ਕਰਨ ਵਾਲੀ ਕਿ ਗੁਣ ਕਿਹੜਾ ਹੈ ਤੇ ਅਉਗਣ ਕਿਹੜਾ। ਫਿਰ ਮਨ ਜੋ ਗੁਣਾ ਔਗਣਾ ਸਬੰਧੀ ਫੈਸਲਾ ਕਰਦਾ ਹੈ ਉਸਨੂੰ ਮਨਦਾ ਵੀ ਹੈ। ਮਨ ਫੇਰ ਹਰ ਗੁਣ ਅਉਗਣ ਦਾ ਮੁਲਾਂਕਣ ਕਰਦਾ ਹੈ ਤੇ ਅਉਗਣ ਗਾਇਬ ਹੋਣ ਲਗ ਜਾਂਦੇ ਹਨ, ਇਹੀ ਇਸ ਹੁਕਮ ਦੀ ਮਹਾਨਤਾ ਹੈ। ਮੈਂ ਸਿਰਫ ਉਸ ਪਰਮਾਤਮਾ ਅਗੇ ਬਾਰ ਬਾਰ ਨਤਮਸਤਕ ਹਾਂ ਜੋ ਕਦੇ ਨਾ ਬਦਲਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਬੇਦਾਗ ਹੈ ਜੋ ਮੇਰੀ ਅੰਤਰ-ਆਤਮਾ ਦੀ ਅਵਾਜ ਹੈ।
ਪੌੜੀ 31 – ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
ਮੇਰੇ ਮਨ ਵਿਚ ਗੁਣਾ ਦੇ ਭੰਡਾਰ ਕਾਰਨ ਜੋ ਗਿਆਨ ਦਾ ਚਾਨਣ ਹੋਇਆ ਹੈ ਉਹ ਇਸ ਲਈ ਕਿ ਮੈਂ ਪੂਰੀ ਤਰਾਂ ਇਕੋ ਬਾਰ ਵਿਚ ਉਸ ਪ੍ਰਮਾਤਮਾ ਨੂੰ ਆਪਣਾ ਮਨ ਸਪਰਪਣ ਕਰ ਦਿਤਾ। ਇਸੇ ਕਾਰਨ ਮੈਂ ਪਰਮਾਤਮਾ ਨਾਲ ਜੁੜ ਪਾਇਆ, ਇਹੀ ਹੈ ਸਾਚੇ ਪਰਮਾਤਮਾ ਦਾ ਸੱਚਾ ਹੁਕਮ। ਮੈਂ ਸਿਰਫ ਉਸ ਪਰਮਾਤਮਾ ਅਗੇ ਬਾਰ ਬਾਰ ਨਤਮਸਤਕ ਹਾਂ ਜੋ ਕਦੇ ਨਾ ਬਦਲਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਬੇਦਾਗ ਹੈ ਜੋ ਮੇਰੀ ਅੰਤਰ-ਆਤਮਾ ਦੀ ਅਵਾਜ ਹੈ।
‘ਆਦੇਸੁ ਤਿਸੈ ਆਦੇਸੁ‘ ਦੀਆਂ ਚਾਰੇ ਪੌੜੀਆਂ ਵਿਚ ਅਲਗ ਅਲਗ ਨੁਕਤੇ ਪਰੋਏ ਹੋਏ ਹਨ। ਪੌੜੀ 28 ਵਿਚ ਨੁਕਤਾ ਹੈ ਇੰਦਰੀਆਂ ਦੁਆਰਾ ਕੀਤੀ ਜਾਣ ਵਾਲੀ ਮਿਹਨਤ ਅਤੇ ਪੈਦਾ ਹੋਏ ਸੰਤੋਖ ਦਾ ਨੁਕਤਾ ਹੈ, 29ਵੀਂ ਪੌੜੀ ਵਿਚ ਗਿਆਨ ਭੋਗਣ ਦਾ ਨੁਕਤਾ, 30ਵੀਂ ਪੌੜੀ ਵਿਚ ਔਗਣਾ ਅਤੇ ਗੁਣਾ ਵਿਚਲੀ ਪਹਿਚਾਣ ਅਤੇ ਔਗਣਾ ਨੂੰ ਛੱਡਣ ਦੇ ਇਰਾਦੇ ਦਾ ਨੁਕਤਾ ਅਤੇ 31ਵੀਂ ਪੌੜੀ ਵਿਚ ਨੁਕਤਾ ਹੈ ਉਸ ਪਰਮਾਤਮਾ ਪ੍ਰਤੀ ਪੂਰਣ ਸਮਰਪਣ ਦਾ ਜੋ ਮੇਰੀ ਅੰਤਰ-ਆਤਮਾ ਦੀ ਅਵਾਜ ਹੈ।
ਪੌੜੀ 32 – ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
ਪਾਤਸ਼ਾਹ ਫਰਮਾਉਂਦੇ ਹਨ ਕਿ ਰੱਬ ਨਾਲ ਜੁੜਨ ਦਾ ਤਰੀਕਾ ਇਹੀ ਹੈ ਜਿਸ ਵਿਚ ਪੌੜੀ ਦਰ ਪੌੜੀ ਮਨ ਅਤੇ ਅੰਤਰ-ਆਤਮਾ ਉੱਪਰ ਉਠਦੇ ਨੇ। ਪਰ ਜੇ ਕਿਸੇ ਖਾਸ ਨਾਮ ਦੇ ਰਟਨ ਨਾਲ ਪਰਮਾਤਮਾ ਤਕ ਪਹੁੰਚਣ ਦੀ ਕੋਸ਼ਿਸ਼ ਕਰੋਗੇ ਤਾਂ ਭਾਵੇਂ 20 ਲੱਖ ਜੀਭ ਨਾਲ ਲੱਖਾਂ ਬਾਰ ਪਰਮਾਤਮਾ ਦਾ ਨਾਮ ਲੈ ਲਵੋ ਤਾਂ ਵੀ ਇਹ ਸੰਭਵ ਨਹੀਂ ਹੋਣਾ। ਦੋਹੇਂ ਤਰੀਕਿਆਂ ਵਿਚ ਫਰਕ ਐਨਾ ਹੈ ਜਿੰਨਾ ਅਸਮਾਨ ਵਿਚ ਉਡਣ ਵਾਲੇ ਬਾਜ ਦਾ ਤੇ ਧਰਤੀ ਤੇ ਰੇਂਗਨ ਵਾਲੇ ਕੀੜੇ ਦਾ। ਪਰਮਾਤਮਾ ਨਾਲ ਸਿਰਫ ਅੰਦਰੋਂ ਜੁੜਿਆ ਜਾਣਾ ਹੈ ਬਾਕੀ ਤਰੀਕੇ ਸਿਰਫ ਫਰਜ਼ੀ ਅਤੇ ਕੂੜ ਭਰੇ ਹਨ।
ਪੌੜੀ 33 – ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥
ਪਰਮਾਤਮਾ ਦੀ ਬਖਸ਼ਿਸ਼ ਕਰਮਕਾਂਡ ਦੇ ਰੂਪ ਵਿਚ ਨਾ ਕੁਝ ਬੋਲਣ ਨਾਲ ਤੇ ਨਾ ਚੁੱਪ ਰਹਿਣ ਨਾਲ ਮਿਲਦੀ ਹੈ; ਨਾ ਲਗਾਤਾਰ ਮੰਗਣ ਨਾਲ ਨਾ ਕੁਝ ਦੇਣ ਨਾਲ; ਨਾ ਜਨਮ ਮਰਨ ਸਬੰਧੀ ਕਰਮਕਾਂਡ ਨਾਲ ਮਿਲਦੀ ਹੈ। ਨਾ ਰਾਜ ਸੱਤਾ ਲੈਣ ਨਾਲ ਤੇ ਨਾ ਮਨ ਦੀਆਂ ਇੱਛਾਵਾਂ ਪੂਰੀਆਂ ਹੋਣ ਨਾਲ ਬਖਸ਼ਿਸ਼ ਹੁੰਦੀ ਹੈ। ਨਾ ਕਿਸੇ ਕਰਮਕਾਂਡੀ ਰੂਪੀ ਧਿਆਨ, ਗਿਆਨ ‘ਤੇ ਵਿਚਾਰ ਨਾਲ ‘ਤੇ ਨਾ ਵੱਖ ਵੱਖ ਵਿਧੀਆਂ ਨਾਲ ਘਰ ਬਾਰ ਛੱਡ ਕੇ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ। ਜਿਨ੍ਹਾਂ ਕੋਲ ਐਸੀਆਂ ਜੁਗਤਾਂ ਹਨ ਪਰਮਾਤਮਾ ਨਾਲ ਜੁੜਨ ਦੀਆਂ , ਓਹਨਾ ਇਹ ਸਭ ਕਰਕੇ ਦੇਖ ਲਿਆ ਹੈ। ਪਰ ਇਹ ਸਭ ਕਰਨ ਵਾਲੇ ਜਾਂ ਨਾ ਕਰਨ ਵਾਲੇ ਨਾ ਤਾਂ ਬਖਸ਼ਿਸ਼ ਲਈ ਕਾਬਿਲ ਹੋ ਜਾਂਦੇ ਹਨ ਤੇ ਨਾ ਨਾਕਾਬਿਲ।
ਬਖਸ਼ਿਸ਼ ਕਿੰਜ ਮਿਲਦੀ ਹੈ ਇਹ ਪਾਤਸ਼ਾਹ ਹੁਣ ਤਕ ਪੂਰੀ ਬਾਣੀ ਵਿਚ ਵਿਸਥਾਰ ਨਾਲ ਸਮਝਾ ਚੁਕੇ ਹਨ ਪਰ ਪੂਰੀ ਪ੍ਰਕ੍ਰਿਆ/ਸਫ਼ਰ ਨੂੰ ਪੰਜ ਵੱਡੇ ਖੰਡਾਂ ਵਿਚ ਵੰਡ ਕੇ ਅਗਲੀਆਂ ਪੌੜੀਆਂ ਵਿਚ ਸਮਝਾ ਰਹੇ ਹਨ। ਇਹ ਪੰਜ ਖੰਡ ਹਨ : ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ।
ਪੌੜੀ 34- ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥
ਜਿਸ ਤਰਾਂ ਪੂਰੀ ਕੁਦਰਤ ਹੁਕਮ ਵਿਚ ਕੰਮ ਕਰ ਰਹੀ ਜਿਸ ਤਹਿਤ ਦਿਨ-ਰਾਤ, ਮੌਸਮ ਆਦਿ ਆਉਂਦੇ ਜਾਂਦੇ ਨੇ, ਉਸੇ ਤਰਾਂ ਪੰਜ ਤੱਤਾਂ (ਹਵਾ, ਪਾਣੀ, ਅਗਨ, ਪਤਾਲ (Space) ਅਤੇ ਧਰਤੀ) ਤੋਂ ਮੇਰਾ ਸਰੀਰ ਬਣਿਆ ਜਿਸ ਵਿਚ ਰੱਬ ਨਾਲ ਜੁੜਨ ਦੀ ਥਾਂ (ਧਰਮ ਸਾਲ ਭਾਵ ਮਨ ਅਤੇ ਅੰਤਰ-ਆਤਮਾ) ਬਣੀ ਹੈ। ਇਸ ਧਰਮ ਸਾਲ ਵਿਚ ਮੈਂ ਪਰਮਾਤਮਾ ਨਾਲ ਜੁੜਨ ਵਾਲੀ ਜੁਗਤ ਵਿਚ ਰੰਗਿਆ ਗਿਆ, ਜੋ ਜੁਗਤ ਹੈ ਕਦੇ ਨਾ ਖਤਮ ਹੋਣ ਵਾਲੇ ਅਨੇਕਾਂ ਗੁਣਾ ਦੀ। ਇਸੇ ਧਰਮ ਸਾਲ ਵਿਚ ਹੀ ਉਸ ਸੱਚੇ ਦਾ ਵਾਸ ਹੈ ਅਤੇ ਉਸ ਸੱਚੇ (ਪਰਮਾਤਮਾ) ਦਾ ਦਰਬਾਰ (ਉਹ ਥਾਂ ਜਿਥੇ ਫੈਸਲੇ ਹੁੰਦੇ ਨੇ) ਵੀ। ਜਿਥੇ ਉਸਦੀ ਨਦਰਿ ਦੀ ਕਸਵਟੀ ਉਪਰ ਮੇਰੇ ਕੰਮਾਂ ਦੀ ਪਰਖ ਹੁੰਦੀ ਹੈ। ਭਾਵ ਮੇਰੇ ਹਰ ਛੋਟੇ ਵੱਡੇ ਕੰਮ ਦੀ ਪਰਖ ਹੁੰਦੀ ਹੈ ਕਿ ਉਹ ਮੈਨੂੰ ਪਰਮਾਤਮਾ ਦੇ ਨਾਲ ਜੋੜ ਰਿਹਾ ਹੈ ਜਾਂ ਉਸ ਤੋਂ ਦੂਰ ਕਰ ਰਿਹਾ ਹੈ। ਇਸ ਧਰਮਸਾਲ ਵਿਚ ਹੁਣ ਪੰਜੇ ਇੰਦਰੀਆਂ ਆਪਣੇ ਸੋਹਣੇ ਵਿਹਾਰ ਕਾਰਨ ਸੋਹਣੀਆਂ ਲਗ ਰਹੀਆਂ ਹਨ ਭਾਵ ਸਧੇ ਹੋਏ ਮਨ ਦੇ ਕੰਟਰੋਲ ਵਿਚ ਹਨ। ਜਿਸ ਕਾਰਨ ਮੇਰਾ ਹਰ ਕਰਮ (ਕੰਮ/ਫੈਸਲਾ) ਨਿਸ਼ਾਨੇ ‘ਤੇ ਵੱਜ ਰਿਹਾ ਹੈ ਭਾਵ ਪਰਮਾਤਮਾ ਵੱਲ ਲੈ ਜਾ ਰਿਹਾ ਹੈ। ਇਸੇ ਤਰਾਂ ਪਰਮਾਤਮਾ ਤੋਂ ਖੁੰਝੀ ਅੰਤਰ-ਆਤਮਾ ਹੁਣ ਪ੍ਰਮਾਤਮਾ ਵਾਲੀ ਹੋ ਗਈ ਹੈ। ਭਾਵ ਮੈਂ ਪ੍ਰਮਾਤਮਾ ਨਾਲ ਜੁੜ ਗਿਆ ਹਾਂ। ਇਸੇ ਰਸਤੇ ਤੇ ਚੱਲ ਕੇ ਪਰਮਾਤਮਾ ਨੂੰ ਜਾਪਿਆ (ਸਚਿਆਰ ਬਣਿਆ) ਜਾ ਸਕਦਾ ਹੈ।
ਧਰਮ ਖੰਡ ਬਾਰੇ ਇਸ ਪੌੜੀ ਵਿਚ ਸਮਝਾਉਣ ਤੋਂ ਬਾਅਦ ਅਗਲੀ ਪੌੜੀ ਦੀ ਪਹਿਲੀ ਪੰਕਤੀ ਵਿਚ ਫਰਮਾਉਂਦੇ ਹਨ ਕਿ ਇਸ ਧਰਮ ਖੰਡ ਦੀ ਇਹੀ ਤਰਤੀਬ ਹੈ।
ਪੌੜੀ 35- ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
ਇਹ ਪੌੜੀ ਗਿਆਨ ਖੰਡ ਦੀ ਹੈ। ਪਾਤਸ਼ਾਹ ਗਿਆਨ ਖੰਡ ਦੇ ਕਰਮੁ ਦਾ ਜ਼ਿਕਰ ਕਰਦੇ ਹੋਏ ਫਰਮਾਉਂਦੇ ਹਨ ਕਿ ਗੁਰੂ ਦੇ ਗਿਆਨ ਸਦਕਾ ਇਹ ਸਮਝ ਆਉਂਦੀ ਹੈ ਕਿ ਇਸ ਸੰਸਾਰ ਵਿੱਚ ਬੇਅੰਤ ਧਾਰਮਿਕ ਫਲਸਫੇ ਹਨ। ਇਹ ਫਲਸਫੇ ਪੈਦਾ ਕਰਨ ਵਾਲਿਆਂ ਨੇ ਆਪਣੇ ਫਲਸਫਿਆਂ ਨੂੰ ਵੱਖ ਵੱਖ ਰੰਗਾ, ਵੇਸਾਂ ਦੀ ਦਿੱਖ ਦਿਤੀ ਹੈ। ਇਹ ਵੀ ਗਿਆਨ ਮਿਲਦਾ ਹੈ ਕਿ ਬੇਅੰਤ ਫਲਸਫਿਆਂ ਵਿਚ ਬੇਅੰਤ ਨੀਵੇਂ ਤੇ ਉਚੇ ਕਰਮ ਮਿਥੇ ਹੋਏ ਹਨ ਅਤੇ ਉਹਨਾਂ ਨੂੰ ਲੈਕੇ ਬੇਅੰਤ ਉਪਦੇਸ਼ ਕੀਤੇ ਹੋਏ ਹਨ; ਕਈ ਘਟ-ਵੱਧ ਗਿਆਨ ਮੁਤਾਬਿਕ ਵੱਡੇ ਛੋਟੇ ਸੂਰ (ਧਾਰਮਿਕ ਆਗੂ) ਥਾਪੇ ਹੋਏ ਹਨ; ਵੱਖ ਵੱਖ ਵੇਸਾਂ ਵਾਲੇ ਅਨੇਕਾਂ ਤਰੀਕਿਆਂ ਅਤੇ ਵਿਚਾਰਾਂ ਵਾਲੇ ਅਨੇਕਾਂ ਤਰਾਂ ਦੇ ਭਗਤ ਮਿਲਦੇ ਹਨ; ਜਿਵੇਂ ਸਮੁੰਦਰਾਂ ਵਿਚ ਬੇਅੰਤ ਰਤਨ ਹਨ ਉਨੇ ਹੀ ਦੇਵਤੇ, ਵਿਦਵਾਨ, ਮੁਨੀ ਆਦਿ ਮੌਜੂਦ ਹਨ। ਇਹ ਗਿਆਨ ਘਰ ਕਰ ਜਾਂਦਾ ਹੈ ਕਿ ਇਹਨਾਂ ਫਲਸਫਿਆਂ ਦੇ ਅਨੇਕਾਂ ਸਰੋਤ ਹਨ ਤੇ ਅਨੇਕਾਂ ਵਖਿਆਨ ਹਨ ਤੇ ਅਨੇਕਾਂ ਸ਼੍ਰੇਣੀਆਂ/ਦਰਜਾਬੰਦੀਆਂ ਹਨ। ਪਾਤਸ਼ਾਹ ਫਰਮਾਉਂਦੇ ਹਨ ਕਿ ਅਨੇਕਾਂ ਫਲਸਫਿਆਂ ਦੇ ਅਨੇਕਾਂ ਚੇਲੇ ਹਨ ਪਰ ਇਹ ਅੰਤ ਨਹੀਂ, ਅਜੇ ਹੋਰ ਫਲਸਫੇ ਪੈਦਾ ਹੋਣਗੇ ਅਤੇ ਹੁੰਦੇ ਰਹਿਣਗੇ। ਇਹਨਾਂ ਵਿਚੋਂ ਕੋਈ ਵੀ ਫਲਸਫਾ ਉਸ ਮਾਲਿਕ ਨਾਲ ਜੋੜ ਨਹੀਂ ਪਾਏਗਾ। ਪਾਤਸ਼ਾਹ ਫਰਮਾਉਂਦੇ ਹਨ ਕਿ ਗਿਆਨ ਖੰਡ ਵਿਚ ਸਭ ਤੋਂ ਵੱਡਾ ਗਿਆਨ (ਪ੍ਰਚੰਡ) ਇਹ ਪ੍ਰਾਪਤ ਹੁੰਦਾ ਹੈ ਕਿ ਇਹ ਫਲਸਫੇ ਸਿਰਫ ਵਖਿਆਨ, ਕੌਤਕ, ਪੇਸ਼ਕਾਰੀ ਆਦਿ ਦਾ ਆਨੰਦ ਹੀ ਦੇ ਸਕਦੇ ਹਨ। ਪਰਮਾਤਮਾ ਦੇ ਕਰਮ ਦਾ ਪਾਤਰ ਨਹੀਂ ਬਣਾ ਸਕਦੇ ਭਾਵ ਉਸ ਨਾਲ ਜੋੜ ਨਹੀਂ ਸਕਦੇ।
ਪੌੜੀ 36- ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
ਸਰਮ (ਮੁਸ਼ੱਕਤ) ਖੰਡ ਦੀ ਕਹਾਣੀ ਖੂਬਸੂਰਤ ਹੈ ਜਿਥੇ ਮਨ ਅਤੇ ਅੰਤਰ-ਆਤਮਾ ਨੂੰ ਇਕ ਸ਼ਾਨਦਾਰ ਹੀਰੇ ਵਾਂਗ ਘੜਿਆ ਜਾਂਦਾ ਹੈ। ਇਸ ਘੜੀ ਹੋਈ ‘ਹੀਰੇ’ ਦੀ ਖੂਬਸੂਰਤੀ ਪੂਰੀ ਤਰਾਂ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਖੰਡ ਵਿਚ ਸੁਰਤ, ਮੱਤ, ਮਨ, ਬੁੱਧ (ਮਨ ਅਤੇ ਅੰਤਰ-ਆਤਮਾ) ਇਸ ਤਰਾਂ ਘੜੀ ਜਾਂਦੇ ਹਨ ਕਿ ਇਹ ਖਰੀ ਅਧਿਆਤਮਿਕਤਾ ਵੱਲ ਸੇਧੀ ਜਾਂਦੀ ਹੈ ਭਾਵ ਇਸ ਕਾਬਿਲ ਹੋ ਜਾਂਦੀ ਹੈ ਕਿ ਬਖਸ਼ਿਸ਼ ਦੀ ਪਾਤਰ ਬਣ ਸਕੇ, ਪਰਮਾਤਮਾ ਨਾਲ ਜੁੜਨ ਦੇ ਕਾਬਿਲ ਹੋ ਸਕੇ।
ਪੌੜੀ 37- ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭॥
ਇਸ ਪੌੜੀ ਵਿਚ ਪਾਤਸ਼ਾਹ ਕਰਮ ਖੰਡ (ਬਖਸ਼ਿਸ਼ ਦਾ ਖੰਡ) ਅਤੇ ਸੱਚ ਖੰਡ (ਜਿਸ ਖੰਡ ਵਿਚ ਪਰਮਾਤਮਾ ਨਾਲ ਜੁੜ ਜਾਈਦਾ ਹੈ) ਬਿਆਨ ਕਰਦੇ ਹਨ। ਦੋਵੇਂ ਖੰਡ ਇਕੋ ਪੌੜੀ ਵਿਚ ਸ਼ਾਇਦ ਇਸ ਕਰਕੇ ਹਨ ਕਿਓਂਕਿ ਇਹ ਦੋਵੇਂ ਇਕ ਹੀ ਹਨ ਜਾਂ ਕਹਿ ਲਈਏ ਇਕ ਦੂਜੇ ਨਾਲ ਜੁੜੇ ਹੋਏ ਹਨ। ਕਿਉਂਕਿ ਪਿਛਲੀਆਂ ਪੌੜੀ ਵਿਚ ਅਸੀਂ ਸਮਝਿਆ ਕਿ ਪਰਮਾਤਮਾ ਨਾਲ ਜੁੜਨਾ ਹੀ ਉਸਦੀ ਬਖਸ਼ਿਸ਼ ਹੈ।
ਪਾਤਸ਼ਾਹ ਫਰਮਾਉਂਦੇ ਹਨ ਕਿ ਕਰਮ ਖੰਡ ਅੰਤਰ-ਆਤਮਾ ਦੇ ਤਕੜੇ ਹੋਣ ਦੀ ਕਹਾਣੀ ਹੈ। ਜਿਥੇ ਰੱਬੀ ਗੁਣਾ ਦੇ ਇਲਾਵਾ ਹੋਰ ਕੁਝ ਨਹੀਂ। ਜਿਥੇ ਜਬਰਦਸਤ ਹੌਂਸਲਾ ਅਤੇ ਤਾਕਤ ਪੈਦਾ ਹੁੰਦੀ ਹੈ ਭਾਵ ਮਨ ਅਤੇ ਅੰਤਰ-ਆਤਮਾ ਐਨੇ ਬਲਵਾਨ ਹੋ ਜਾਂਦੇ ਹਨ ਕਿ ਇੰਦਰੀਆਂ ਨੂੰ ਵਸ ਵਿਚ ਰਖਿਆ ਜਾ ਸਕੇ, ਸੋਚ ਪ੍ਰਕ੍ਰਿਆ ਨੂੰ ਰੱਬੀ ਰੱਖਿਆ ਜਾ ਸਕੇ, ਆਪਣੇ ਫੈਸਲੇ ਅਤੇ ਕੰਮ/ਕਰਮ ਅੰਤਰ-ਆਤਮਾ ਦੀ ਆਵਾਜ਼ ਮੁਤਾਬਿਕ ਹੋ ਸਕਣ, ਕਿਉਂਕਿ ਹੁਣ ਮਨ ਅਤੇ ਅੰਤਰ-ਆਤਮਾ ਵਿਚ ਪਰਮਾਤਮਾ ਪੂਰੀ ਤਰਾਂ ਵਸ ਚੁਕਿਆ ਹੈ। ਇਸ ਖੰਡ ਵਿਚ ਇਹ ਦੋਵੇਂ ਹੁਣ ਰੱਬੀ ਗੁਣ ਹੀ ਬਣ ਗਏ ਹਨ, ਜਿਸਦਾ ਰੂਪ ਵਖਿਆਨ ਕਰਨਾ ਮੁਸ਼ਕਿਲ ਹੈ। ਪਾਤਸ਼ਾਹ ਫਰਮਾਉਂਦੇ ਹਨ ਕਿ ਹੁਣ ਕਿਓਂਕਿ ਪਰਮਾਤਮਾ ਅੰਦਰ ਵਸ ਚੁਕਾ ਹੈ ਇਸ ਲਈ ਨਾ ਤਾਂ ਅਧਿਆਤਮਿਕ ਮੌਤ ਸੰਭਵ ਹੈ ਅਤੇ ਨਾ ਹੀ ਅਧਿਆਤਮਿਕ ਠੱਗੀ ਹੋ ਸਕਦੀ ਹੈ ਭਾਵ ਨਾ ਤਾਂ ਅਉਗਣ ਪੈਦਾ ਹੋਣੇ ਸੰਭਵ ਹਨ ਤੇ ਨਾ ਹੀ ਇਸ ਰਸਤੇ ਤੋਂ ਭਟਕਣ ਦੀ ਸੰਭਾਵਨਾ ਹੈ। ਕਰਮ ਖੰਡ ਵਿਚ ਜੋ ਆਸਥਾ/ਪਿਆਰ ਪਰਮਾਤਮਾ ਪ੍ਰਤੀ ਹੈ ਉਹ ਰੱਬੀ ਗਿਆਨ ਦੇ ਅਧਾਰ ਤੇ ਹੀ ਹੈ। ਮਨ ਅਤੇ ਅੰਤਰ-ਆਤਮਾ ਪਰਮਾਤਮਾ ਨਾਲ ਜੁੜਣ ਦੇ ਕਾਰਨ ਮਿਲਣ ਵਾਲੇ ਆਨੰਦ ਵਿਚ ਗੜੁੱਚ ਹੋ ਗਏ ਹਨ।
ਪ੍ਰਮਾਤਮਾ ਦਾ ਅੰਦਰ ਵਸ ਜਾਣਾ ਹੀ ਸੱਚ ਖੰਡ ਹੈ। ਸਾਰੇ ਖੰਡ ਪਾਰ ਕਰਨ ‘ਤੇ ਹੀ ਉਸਦੀ ਨਦਰਿ ਨੇ ਮੈਨੂੰ ਨਿਹਾਲ ਕੀਤਾ। ਇਹ ਸਾਰੇ ਖੰਡ ਹੀ ਮੇਰੀ ਅਧਿਆਤਮਿਕਤਾ ਦਾ ਸੰਸਾਰ ਹੈ ਅਤੇ ਬਖਸ਼ਿਸ਼ ਦੇ ਇਸ ਸੰਸਾਰ ਦੇ ਵਖਿਆਨ ਦਾ ਕੋਈ ਅੰਤ ਨਹੀਂ। ਇਸੇ ਬਖਸ਼ਿਸ਼ ਵਿਚ ਸਿਖਰਲਾ ਗਿਆਨ ਪ੍ਰਾਪਤ ਹੋਇਆ ਅਤੇ ਇਹ ਸਾਰਾ ਚਾਨਣ ਉਸਦੇ ਹੁਕਮੁ ਵਿਚ ਵਾਪਰਿਆ। ਪਾਤਸ਼ਾਹ ਫਰਮਾਉਂਦੇ ਹਨ ਕਿ ਮੈਂ ਸਭ ਘੋਖਣ ਅਤੇ ਵਿਚਾਰ ਕਰਨ ਤੋਂ ਬਾਅਦ ਇਸ ਰਾਹ ਤੁਰਿਆ ਅਤੇ ਪਰਮਾਤਮਾ ਨਾਲ ਜੁੜਿਆ ਤਾਂ ਵੀ ਇਸ ਸਫ਼ਰ ਨੂੰ ਪੂਰੀ ਤਰਾਂ ਬਿਆਨ ਕਰਨਾ ਮੇਰੇ ਲਈ ਅਸੰਭਵ ਹੈ।
ਪੌੜੀ 38- ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥
ਇਸ ਪੌੜੀ ਵਿਚ ਪਾਤਸ਼ਾਹ ਸੁਨਿਆਰ ਦੇ ਵਰਤਣ ਵਾਲੇ ਸਾਜੋ-ਸਮਾਨ ਨੂੰ ਅਲੰਕਾਰ ਦੇ ਤੌਰ ਤੇ ਵਰਤ ਕੇ ਪੂਰੀ ਪ੍ਰੀਕ੍ਰਿਆ ਨੂੰ ਕੁਝ ਕੁ ਪੰਕਤੀਆਂ ਵਿਚ ਸਮੇਟ ਰਹੇ ਹਨ। ਆਪਣੀਆਂ ਇੰਦਰੀਆਂ ਨੂੰ ਲਗਾਤਾਰ ਧੀਰਜ ਨਾਲ ਕੰਟਰੋਲ ਕਰਦੇ ਰਹਿਣਾ ਇਸ ਸਫ਼ਰ ਦੀ ਸ਼ੁਰੂਆਤ ਹੈ। ਵੈਸੇ ਸੁਨਿਆਰ ਆਪਣੇ ਧੀਰਜ ਲਈ ਜਾਣਿਆ ਜਾਂਦਾ ਹੈ ਸ਼ਾਇਦ ਇਸੇ ਲਈ ਪਾਤਸ਼ਾਹ ਨੇ ਸੁਨਿਆਰ ਦਾ ਅਲੰਕਾਰ ਵਰਤਿਆ ਹੈ। ਅਗੇ ਫਰਮਾਉਂਦੇ ਹਨ ਕਿ ਇੰਦਰੀਆਂ ਨੂੰ ਕੰਟਰੋਲ ਕਰਨ ਲਈ ਜੈਸਾ ਮਨ ਚਾਹੀਦਾ ਹੈ, ਉਹ ਰੱਬੀ ਗਿਆਨ ਦੇ ਅਧਾਰ ‘ਤੇ ਅਤੇ ਰੱਬੀ ਗਿਆਨ ਦੀ ਚੋਟ ਨਾਲ ਹੀ ਬਣਿਆ। ਜਿਵੇਂ ਜਿਵੇਂ ਅੰਦਰ ਬੈਠੇ ਪ੍ਰਮਾਤਮਾ ਪ੍ਰਤੀ ਗਹਿਰਾ ਸਤਿਕਾਰ ਅਤੇ ਪਿਆਰ ਵੱਧਦਾ ਗਿਆ, ਮਨ ਰੂਹਾਨੀ ਹੁੰਦਾ ਗਿਆ ਅਤੇ ਅੰਤਰ-ਆਤਮਾ ਦੀ ਟਕਸਾਲ ਵਿਚ ਮੇਰਾ ਮਨ ਸ਼ਬਦ ਹੀ ਬਣ ਗਿਆ ਹੈ ਭਾਵ ਗੁਰਬਾਣੀ ਬਣ ਗਿਆ ਹੈ ਭਾਵ ਰਬੀ ਗਿਆਨ ਅਤੇ ਗੁਣ ਹੀ ਬਣ ਗਿਆ ਹੈ। ਜਿਸਦਾ ਸਦਕਾ ਪਰਮਾਤਮਾ ਨੇ ਆਪਣੀ ਨਦਰਿ ਮੇਰੇ ਤੇ ਕੀਤੀ ਜਿਸ ਨਾਲ ਮੇਰੇ ਮਨ ਨੂੰ ਪਰਮ ਸੁਖ ਦੀ ਪ੍ਰਾਪਤੀ ਹੋਈ।
ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਸ਼ਬਦ ਗੁਰੂ ਹੀ ਮੇਰੇ ਇਸ ਸਫ਼ਰ ਦਾ ਪਵਨ, ਪਾਣੀ, ਮਾਤਾ-ਪਿਤਾ ਅਤੇ ਧਰਤੀ ਹੈ ਭਾਵ ਮੇਰੇ ਅਧਿਆਤਮਿਕ ਹੋਂਦ ਦਾ ਧੁਰਾ ਹੈ, ਪਾਲਣਹਾਰ ਹੈ ਅਤੇ ਬਚਾਕੇ ਰੱਖਣ ਵਾਲਾ ਹੈ। ਜਿਵੇ ਦਾਈ – ਦਾਇਆ, ਇਕ ਛੋਟੇ ਬੱਚੇ ਦਾ ਹਮੇਸ਼ਾ ਧਿਆਨ ਰਖਦੇ ਹਨ, ਉਸੇ ਤਰਾਂ ਮੇਰੇ ਗੁਰੂ ਨੇ ਮੇਰੇ ਇਸ ਸਫ਼ਰ ਵਿਚ ਹਮੇਸ਼ਾ ਮੇਰਾ ਮਾਰਗ ਦਰਸ਼ਨ ਕੀਤਾ। ਗੁਰੂ ਨੇ ਸਿਖਾਇਆ ਕਿ ਹਰ ਚੰਗੇ ਜਾਂ ਬੁਰੇ ਕੰਮ ਦਾ ਫੈਸਲਾ ਹੁਕਮੁ ਦੇ ਅਧਾਰ ‘ਤੇ ਕਰਨਾ ਹੈ। ਮੇਰੇ ਕਰਮ ਹੀ ਇਹ ਤਹਿ ਕਰਦੇ ਹਨ ਕਿ ਮੈਂ ਪਰਮਾਤਮਾ ਨਾਲ ਜੁੜਨਾ ਹੈ ਜਾਂ ਨਹੀਂ। ਜਿਨ੍ਹਾਂ ਨੇ ਰੱਬੀ ਗੁਣ ਬਣਨ ਦਾ ਔਖਾ ਸਫ਼ਰ ਤਹਿ ਕਰ ਲਿਆ, ਉਹਨਾਂ ਨੇ ਕੂੜ ਤੋਂ ਛੁਟਕਾਰਾ ਪਾ ਕੇ ਆਪਣੇ ਰੱਬ ਨੂੰ ਪਾ ਲਿਆ।
ਪਿਛਲੇ ਦੱਸ ਸਾਲਾਂ ਵਿਚ ਜਪੁ ਬਾਣੀ ਦੀਆਂ ਕਈ ਵਿਆਖਿਆਵਾਂ ਪੜੀਆਂ ਪਰ ਇਹ ਪਹਿਲੀ ਵਿਆਖਿਆ ਹੈ ਜਿਸਨੂੰ ਪੜ ਕੇ ਅਹਿਸਾਸ ਹੋਇਆ ਕਿ ਬਾਬੇ ਨਾਨਕ ਨੇ ਤਾਂ ਬਾ–ਕਮਾਲ ਕਾਬਲੀਅਤ ਨਾਲ ਏਨੇ ਬਾਰੀਕ ਨੁਕਤੇ, ਖੂਬਸੂਰਤੀ ਨਾਲ ਪਿਰਓ ਕੇ ਸਾਨੂੰ ਇਸ ਬਾਣੀ ਦੀ ਦਾਤ ਬਖਸ਼ੀ ਪਰ ਅਸੀਂ ਹੀ ਇਸਨੂੰ ਸਮਝ ਨਾ ਸਕੇ ਅਤੇ ਬਹੁਤੇ ਕਹਿਣ ਲਗ ਪਏ ਕਿ ਜਪੁ ਬਾਣੀ ਵਿਚ ਤਰਤੀਬ ਨਹੀਂ। ਡਾ ਕਰਮਿੰਦਰ ਸਿੰਘ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਅਸੀਂ ਬਾਬੇ ਨਾਨਕ ਦੀ ਇਸ ਬੇਸ਼ਕੀਮਤੀ ਬਾਣੀ ਦਾ ਸਹੀ ਦਰਸ਼ਨ ਕਰ ਸਕੇ।
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕਿ ਫਤਿਹ ||
ਮਨਿੰਦਰ ਸਿੰਘ ਕੈਨੇਡਾ
terahukum@gmail.com
ਫਰਵਰੀ 2023

Leave a Reply