ਜਦੋਂ ਮੈਂ ਦੇਵਤੇ ਲੱਭਣ ਤੁਰਿਆ

ਪੰਜਾਬ ਵਿਚ ਅਤੇ ਇੱਕ ਸਿੱਖ ਪਰਿਵਾਰ ਵਿਚ ਪੈਦਾ ਹੋਣ ਕਾਰਨ ਇੱਕ ਗੱਲ ਦਿਮਾਗ ਵਿਚ ਬਚਪਨ ਤੋਂ ਬੈਠੀ ਹੋਈ ਸੀ ਕਿ ਸਿੱਖ ਅਤੇ ਸਿੱਖੀ ਸਿਧਾਂਤ, ਹਿੰਦੂ ਮਿਥਹਾਸ ਦੇ ਦੇਵੀ ਦੇਵਤਿਆਂ ਅਤੇ ਇਨ੍ਹਾਂ ਦੀਆਂ ਕਾਲਪਨਿਕ ਕਹਾਣੀਆਂ ਵਿਚ ਯਕੀਨ ਨਹੀਂ ਕਰਦਾ। ਪਰ ਜ਼ਿਆਦਾਤਰ ਸਿੱਖਾਂ ਵਾਂਗ ਮੇਰੀ ਸਿੱਖੀ ਵੀ 34 ਕੁ ਸਾਲ ਦੀ ਉਮਰ ਤੱਕ ‘ਸੁਣੀ ਸੁਣਾਈ’ ਸਿੱਖੀ ਹੀ ਸੀ। ਇਸ ਤੋਂ ਪਹਿਲਾਂ ਕਦੇ ਵੀ ਇਹ ਜਜ਼ਬਾ ਨਹੀਂ ਸੀ ਜਾਗਿਆ ਕਿ ਖੁਦ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਿਆ ਜਾਵੇ। ਬੱਸ, ਕਿਸੇ ਵੱਡ ਵਡੇਰੇ ਤੋਂ ਕੋਈ ਗੱਲ ਸੁਣਕੇ, ਵਟਸਐਪ ਅਤੇ ਯੂ-ਟਿਊਬ ਉਪਰ ਕੋਈ ਐਸਾ ਮੈਸਿਜ ਅਤੇ ਵੀਡੀਓ ਦੇਖ ਕੇ ਦੋ ਕੁ ਮਿੰਟ ਲਈ, ਦੋ ਇੰਚ ਛਾਤੀ ਫੁਲਾ ਲੈਣੀ, ਜਿਸ ਵਿਚ ਸਿੱਖਾਂ ਦਾ ਮਹਿਮਾ ਮੰਡਲ ਕੀਤਾ ਗਿਆ ਹੋਵੇ।

ਆਖ਼ਰ ਹਾਲਾਤ ਅਜਿਹੇ ਬਣੇ ਕਿ ਆਪਣੀ ਹੋਂਦ ਸਬੰਧੀ ਜਾਨਣ ਦਾ ਜਜ਼ਬਾ ਪੈਦਾ ਹੋਇਆ। ਸ਼ੁਰੂਆਤ ਓਸ਼ੋ-ਰਜਨੀਸ਼ ਵਲੋਂ ਕੀਤੀ ਗਈ ਜਪੁ ਬਾਣੀ ਦੀ ਵਿਆਖਿਆ ਤੋਂ ਹੋਈ। ਦੋ ਕੁ ਸਾਲ ਓਹੀ ਵਾਰ ਵਾਰ ਸੁਣਦਾ ਰਿਹਾ। ਫ਼ਿਰ ਸਾਹਿਬ ਸਿੰਘ ਮਾਰਕੰਡੇ ਵਾਲੇ ਅਤੇ ਸੰਤ ਸਿੰਘ ਮਸਕੀਨ ਵਲੋਂ ਕੀਤੀ ਗਈ ਵਿਆਖਿਆ ਸੁਣੀ। ਅੰਤ ਵਿਚ ਸਿੱਖ ਜਗਤ ਦੀਆਂ ਸਭ ਤੋਂ ਸਨਮਾਨਯੋਗ ਹਸਤੀਆਂ ਵਿਚੋਂ ਇੱਕ ਪ੍ਰੋਫ਼ੈਸਰ ਸਾਹਿਬ ਸਿੰਘ ਵਲੋਂ ਕੀਤੀ ਗਈ ਵਿਆਖਿਆ ਪੜ੍ਹੀ। ਵਿਆਖਿਆ ਕਰਨ ਦੇ ਲਹਿਜੇ ਅਤੇ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਸਾਰੇ ਲਗਭਗ ਇੱਕੋ ਗੱਲ ਆਖ ਰਹੇ ਸਨ। ਮੈਨੂੰ ਹੁਣ ਲੱਗਾ ਕਿ ਮੈਂ ਜਪੁ ਬਾਣੀ ਲਗਭਗ ਸਮਝ ਚੁੱਕਾ ਹਾਂ, ਇਸ ਲਈ ਹੋਰ ਬਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ।

ਇਸ ਦੌਰਾਨ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ‘ਹਮ ਹਿੰਦੂ ਨਹੀਂ’ ਅਤੇ ਸਿੰਘ ਸਭਾ ਕੈਨੇਡਾ ਵਲੋਂ ਛਾਪੀਆਂ ਜਾਂਦੀਆਂ ਮੈਗਜ਼ੀਨਾਂ ਵਿਚੋਂ ਹਿੰਦੂ ਦੇਵੀ-ਦੇਵਤਿਆਂ ਦਾ ਖੰਡਨ ਕਰਨ ਵਾਲੇ ਗੁਰਬਾਣੀ ਦੇ ਸ਼ਬਦ ਪੜ੍ਹੇ। ਪਤਾ ਲੱਗਾ ਕਿ ਗੁਰੂ ਸਾਹਿਬਾਨਾਂ ਮੁਤਾਬਿਕ ਸ਼ਿਵ ਨੂੰ ਪੂਜ ਕੇ ਵੱਧੋ ਵੱਧ ਬਲਦ ਉਪਰ ਬੈਠ ਕੇ ਡਮਰੂ ਹੀ ਬਜਾਇਆ ਜਾ ਸਕਦਾ ਹੈ (ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਧ ਚਢੇ ਡਉਰੂ ਢਮਕਾਵੈ॥2॥ – 874), ਪਤਾ ਲੱਗਾ ਕ੍ਰਿਸ਼ਨ ਦੇ ਰੰਗਰਲੀਆਂ ਵਾਲੇ (ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਰ ਕ੍ਰਿਸਨ੍ਰ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥ – 470) ਅਤੇ ਰਾਮ ਚੰਦਰ ਦੇ ਰੋਂਦੂ ਕਿਰਦਾਰ ਦਾ (ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ – 953) ਅਤੇ ਯੋਗੀਆਂ ਦੇ ਵੇਹਲੜ ਤੇ ਮੰਗਤਾ ਰੂਪੀ ਕਿਰਦਾਰ ਦਾ (ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥)। ਇੰਦਰ ਅਤੇ ਬ੍ਰਹਮਾ ਦਾ ਚਰਿੱਤਰਹੀਣ ਅਤੇ ਅਧਿਆਤਮਿਕ ਤੌਰ ’ਤੇ ਕੰਗਾਲ ਚਿਹਰਾ ਵੀ ਸਾਹਮਣੇ ਆਇਆ। (ਮੈਲਾ ਬ੍ਰਹਮਾ ਮੈਲਾ ਇੰਦੁ॥ ਰਵਿ ਮੈਲਾ ਮੈਲਾ ਹੈ ਚੰਦੁ॥ ਮੈਲਾ ਸਿਵ ਸੰਕਰਾ ਮਹੇਸ॥ ਮੈਲੇ ਸਿਧ ਸਾਧਿਕ ਅਰੁ ਭੇਖ॥ – 1158)(ਗੌਤਮ ਤਪਾ ਮਾਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੋਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥) ਪਰ ਇਸ ਤਮਾਮ ਜਾਣਕਾਰੀ ਨੇ ਮੈਨੂੰ ਮੁੜ ਜਪੁ ਬਾਣੀ ਦੇ ਨੌਵੀਂ ਪੌੜੀ ’ਤੇ ਵਾਪਿਸ ਲੈ ਆਂਦਾ (ਸੁਣਿਐ ਈਸਰੁ ਬਰਮਾ ਇੰਦੁ॥ – 2), ਜਿਸ ਦੀ ਵਿਆਖਿਆ ਵਿਚ ਮਸਕੀਨ ਅਤੇ ਪ੍ਰੋ. ਸਾਹਿਬ ਸਿੰਘ ਇਹ ਕਹਿ ਰਹੇ ਹਨ ਕਿ ਰੱਬ ਦਾ ਨਾਮ ਸੁਣਨ ਨਾਲ ਸ਼ਿਵ, ਬ੍ਰਹਮਾ ਅਤੇ ਇੰਦਰ ਦੀ ਉਪਾਧੀ ਜਾਂ ਉਨ੍ਹਾਂ ਵਰਗੀ ਸ਼ਖ਼ਸੀਅਤ ਬਣ ਜਾਂਦੀ ਹੈ।

ਗੁਰਬਾਣੀ ਦੇ ਇੰਨੇ ਅੰਤਰ ਵਿਰੋਧੀ ਅਰਥਾਂ ਨੇ ਮੇਰਾ ਦਿਮਾਗ ਘੁੰਮਣ-ਘੇਰੀ ਵਿਚ ਫਸਾ ਦਿੱਤਾ। ਮੈਨੂੰ ਇੱਕ ਗੱਲ ਸਮਝ ਆਈ ਕਿ ਗੁਰਬਾਣੀ ਦੇ ਸਫ਼ਰ ਦੇ ਅੱਗੇ ਵਧਣ ਤੋਂ ਪਹਿਲਾਂ ਇਹ ਦੇਵਤਿਆਂ ਵਾਲਾ ਭੰਬਲਭੂਸਾ ਦੂਰ ਕਰਨਾ ਜ਼ਰੂਰੀ ਹੈ। ਮੇਰੇ ਇਸ ਨਵੇਂ ਸਫ਼ਰ ਦੇ ਰਸਤੇ ਵਿਚ ਇਹ ਪਹਿਲੀ ਖਾਈ ਸੀ ਜੋ ਮੈਂ ਪਾਰ ਕਰਨੀ ਸੀ। ਕੁਝ ਸਮਾਂ ਪਾ ਕੇ ਮੇਰਾ ਸੰਪਰਕ ਸਿੰਘ ਸਭਾ ਕੈਨੇਡਾ ਵਾਲੇ ਸ. ਗੁਰਚਰਨ ਸਿੰਘ ਜਿਊਣਵਾਲਾ ਨਾਲ ਹੋਇਆ ਅਤੇ ਫ਼ਿਰ ਉਨ੍ਹਾਂ ਰਾਹੀਂ ਸ. ਇੰਦਰ ਸਿੰਘ ਘੱਗਾ ਅਤੇ ਕਰਨਲ ਮਨਮੋਹਨ ਸਿੰਘ ਸਕਾਊਟ ਨਾਲ ਵੀ। ਘੱਗਾ ਜੀ ਵਲੋਂ ਲਿਖੀ ‘ਗੁਰਮਿਤ ਸਿਧਾਂਤ ਦੀ ਕਸਵੱਟੀ ਤੇ ਪੌਰਾਣਕ ਕਥਾਵਾਂ ਦਾ ਅੰਤ’ ਅਤੇ ਸਕਾਊਟ ਜੀ ਦੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਨਵੇਂ ਨਜ਼ਰੀਏ ਨਾਲ ਲਿਖੀ ਜਪੁ ਬਾਣੀ ਦੀ ਵਿਆਖਿਆ ਦਾ ਡ੍ਰਾਫ਼ਟ ‘ਜਪੁ ਬਾਣੀ – 543’ ਪੜ੍ਹਨ ਨੂੰ ਮਿਲਿਆ। ਦੋਵੇਂ ਕਿਤਾਬਾਂ ਪੜ੍ਹ ਕੇ ਦੁਵਿਧਾ ਵਿਚ ਘਿਰਿਆ ਮਨ ਸਮਝੋ ਸਪੀਡ ਬੋਟ ’ਤੇ ਚੜ੍ਹ ਗਿਆ। ਘੱਗਾ ਜੀ ਦੀ ਕਿਤਾਬ ਸਦਕਾ ਹਿੰਦੂ ਮਿਥਹਾਸ ਦੇ ਹਰ ਇੱਕ ਪਾਤਰ ਨਾਲ ਜਾਣ ਪਛਾਣ ਹੋ ਗਈ ਅਤੇ ਇਹ ਪਤਾ ਲੱਗਾ ਕਿ ਇਨ੍ਹਾਂ ਦੀ ਅਸਲੀਅਤ ਆਰਿਅਨ- ਦ੍ਰਾਵਿੜ ਕਬੀਲਿਆਂ ਦੇ ਇਤਿਹਾਸ ਵਿਚ ਲੁਕੀ ਹੋਈ ਹੈ। ਇਨ੍ਹਾਂ ਦੋਵੇਂ ਕਿਤਾਬਾਂ ਨੇ ਸਮਝਾਇਆ ਕਿ ਨੌਵੀਂ ਪੌੜੀ ਇਹ ਕਹਿ ਰਹੀ ਹੈ ਕਿ ਗੁਰਬਾਣੀ ਪੜ੍ਹਕੇ ਇਨ੍ਹਾਂ ‘ਦੇਵਤਿਆਂ’ ਦੀ ਅਸਲੀਅਤ ਪਤਾ ਲੱਗ ਜਾਵੇਗੀ, ਨਾ ਕਿ ਉਨ੍ਹਾਂ ਦੀ ਪਦਵੀ ਮਿਲ ਜਾਵੇਗੀ।

ਇੰਦਰ ਸਿੰਘ ਘੱਗਾ ਦੀ ਕਿਤਾਬ ਹਿੰਦੂ ਮਿਥਹਾਸ ਦੇ ਹਰ ਉਸ ਕਿਰਦਾਰ ਬਾਰੇ ਚਰਚਾ ਕਰਦੀ ਹੈ, ਜਿਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਬ੍ਰਹਮਾ ਤੋਂ ਲੈ ਕੇ ਸ਼ਿਵ ਤੱਕ, ਰਾਮ ਚੰਦਰ ਤੋਂ ਲੈ ਕੇ ਕ੍ਰਿਸ਼ਨ ਤੱਕ, ਧਰਮਰਾਜ ਤੋਂ ਲੈ ਕੇ ਯਮਰਾਜ ਤੱਕ। ਹਰ ਕਿਰਦਾਰ ਬਾਰੇ ਪਹਿਲਾਂ ਉਹ ਦੱਸਦੇ ਹਨ ਕਿ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਕੀ ਕਹਿੰਦਾ ਹੈ ਤੇ ਫ਼ਿਰ ਹਿੰਦੂ ਮਿਥਿਹਾਸ ਕੋਸ਼ ਕੀ ਕਹਿੰਦਾ ਹੈ। ਫ਼ਿਰ ਉਹ ਉਨ੍ਹਾਂ ਗੁਰਬਾਣੀ ਦੇ ਸ਼ਬਦਾਂ ਦਾ ਜ਼ਿਕਰ ਕਰਦੇ ਹਨ ਜਿਸ ਵਿਚ ਉਸ ਕਿਰਦਾਰ ਦਾ ਜ਼ਿਕਰ ਹੈ। ਜਿੱਥੇ ਅਜਿਹੇ ਸ਼ਬਦਾਂ ਦੀ ਢੁਕਵੀਂ ਵਿਆਖਿਆ ਪੜ੍ਹਨ ਨੂੰ ਮਿਲਦੀ ਹੈ ਉਥੇ ਇਹ ਪਤਾ ਲਗਦਾ ਹੈ ਕਿ ਹਿੰਦੂ ਮਿਥਹਾਸ ਕੋਸ਼ ਅਤੇ ਇਨ੍ਹਾਂ ਦੇ ਗ੍ਰੰਥਾਂ ਵਿਚ ਵੀ ਲਗਭਗ ਹਰ ਕਿਰਦਾਰ ਬਾਰੇ ਕੁਝ ਅਜਿਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਇਨ੍ਹਾਂ ਕਿਰਦਾਰਾਂ ਦੇ ‘ਦੇਵਤੇ’ ਜਾਂ ਕਿਸੇ ਰੂਹਾਨੀ ਸ਼ਖ਼ਸੀਅਤ ਹੋਣ ਦੇ ਭਰਮ ਨੂੰ ਚਕਨਾ ਚੂਰ ਕਰਦੀਆਂ ਹਨ। ਇਹ ਗੱਲ ਦੁੱਧ-ਚਿੱਟੀ ਹੋ ਜਾਂਦੀ ਹੈ ਕਿ ਜ਼ਿਆਦਾਤਰ ਕਿਰਦਾਰ ਕੇਵਲ ਕਾਲਪਨਿਕ ਹਨ ਜਾਂ ਹਾਸੋ-ਹੀਣੇ ਪੱਧਰ ਤੱਕ ਵਧਾ ਚੜਾ ਕੇ ਪੇਸ਼ ਕੀਤੇ ਗਏ ਹਨ। ਜਿਵੇਂ ਕਿ ਵਿਸ਼ਵਕਰਮਾ,ਹਨੂੰਮਾਨ, ਧਰਮਰਾਜ, ਯਮਰਾਜ, ਚਿਤਰ-ਗੁਪਤ ਆਦਿ ਦੇ ਕਿਰਦਾਰ। ਹਿੰਦੂ ਮਿਥਹਾਸਿਕ ਸੋਮਿਆਂ ਮੁਤਾਬਿਕ ਹਨੂੰਮਾਨ ਨੇ ਆਪਣੇ ਬਚਪਨ ਵਿਚ ਸੂਰਜ ਨੂੰ ਮੂੰਹ ਵਿਚ ਪਾ ਲਿਆ ਸੀ ਅਤੇ ਫ਼ਿਰ ਇੰਦਰ ਵਲੋਂ ਉਸ ਦੇ ਮੂੰਹ ਉਪਰ ਵੱਜਰ ਨਾਲ ਹਮਲਾ ਕਰਨ ਤੋਂ ਬਾਅਦ ਹਨੂੰਮਾਨ ਨੇ ਸੂਰਜ ਦੇਵਤੇ ਨੂੰ ਚਿੱਤੜਾਂ ਰਾਹੀਂ ਬਾਹਰ ਕੱਢ ਦਿੱਤਾ। ਪਰ ਉਸ ਦਾ ਮੂੰਹ ਹਮੇਸ਼ਾ ਲਈ ਵਿੰਗਾ ਹੋ ਗਿਆ ਅਤੇ ਚਿੱਤੜ ਲਾਲ। ਵਾਹ ਜੀ ਵਾਹ! ਅਖੇ, ਇਸੇ ਲਈ ਅੱਜ ਤੱਕ ਬਾਂਦਰਾ ਦਾ ਪਿਛਵਾੜਾ ਲਾਲ ਅਤੇ ਮੂੰਹ ਵਿੰਗਾ ਹੁੰਦਾ ਹੈ। ਵਿਸ਼ਵਕਰਮਾ ਬਾਰੇ ਵੀ ਇਸੇ ਤਰ੍ਹਾਂ ਦੀ ਊਟ ਪਟਾਂਗ ਜਿਹੀ ਕਹਾਣੀ ਹੈ ਜਿਸ ਵਿਚ ਉਹ ਪਹਿਲਾਂ ਆਪਣੀ ਧੀ ਦਾ ਵਿਆਹ ਸੂਰਜ ਨਾਲ ਕਰ ਦਿੰਦਾ ਹੈ ਅਤੇ ਫਿਰ ਆਪਣੇ ਜਵਾਈ (ਸੂਰਜ) ਦੀ ਗਰਮੀ ਨੂੰ ਘਟਾਉਣ ਵਾਸਤੇ ਉਸ ਨੂੰ ਆਪਣੇ ਰੰਦੇ ਉਪਰ ਰੱਖ ਕੇ ਥੋੜ੍ਹਾ ਕੱਟ ਦਿੰਦਾ ਹੈ। ਪਰ ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਸਾਰੇ ਕਿਰਦਾਰ ਪੂਰੀ ਤਰ੍ਹਾਂ ਨਾਲ ਮਿਥਿਹਾਸਕ ਨਹੀਂ ਹਨ, ਜਿਵੇਂ ਕਿ ਰਾਮਚੰਦਰ, ਰਾਵਣ, ਇੰਦਰ, ਮਹਿਖ਼ਾਸੁਰ, ਰਾਜਾ ਬਲ ਆਦਿ। ਪਤਾ ਲਗਦਾ ਹੈ ਕਿ ਇੰਦਰ ਕਿਸੇ ਵੇਲੇ ਆਰਿਅਨ ਕਬੀਲਿਆਂ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ, ਜਿਸ ਨੇ ਅਣਗਿਣਤ ਦ੍ਰਾਵਿੜ ਲੋਕਾਂ ਦਾ ਕਤਲੇਆਮ ਕੀਤਾ। ਦੂਜੇ ਪਾਸੇ ਰਾਵਨ, ਬਲਿ, ਮਹਿਖਾਸੁਰ ਆਦਿ ਪ੍ਰਸਿੱਧ ਤਾਕਤਵਰ ਅਤੇ ਹਰਮਨਪਿਆਰੇ ਦ੍ਰਾਵਿੜ ਰਾਜੇ ਸਨ ਜਿਨ੍ਹਾਂ ਨੂੰ ਛਲ, ਧੋਖੇ ਅਤੇ ਜ਼ੋਰ ਨਾਲ ਮਾਰਿਆ ਗਿਆ। ਆਰਿਅਨਾਂ ਨੇ ਆਪਣੇ ਅਤੇ ਦ੍ਰਾਵਿੜ ਲੋਕਾਂ ਵਿਚਕਾਰ ਹੋਏ ਇਸ ਸੰਘਰਸ਼ ਨੂੰ ‘ਦੇਵਤੇ ਬਨਾਮ ਅਸੁਰ’ ਦੇ ਤੌਰ ’ਤੇ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਇਹ ਸਭ ਲੱਖਾਂ ਸਾਲ ਪਹਿਲਾਂ ਕਿਸੇ ਹੋਰ ਦੁਨੀਆਂ ਵਿਚ ਵਾਪਰਿਆ ਹੋਵੇ। ਪੂਰੇ ਸੰਘਰਸ਼ ਦੀ ਛਵੀ ਵੀ ਇਸ ਤਰ੍ਹਾਂ ਬਣਾਈ ਗਈ ਜਿਵੇਂ ‘ਅਸੁਰ’ ਬਹੁਤ ਘਟੀਆ, ਡਰਾਵਣੇ ਅਤੇ ਜ਼ਾਲਮ ਲੋਕ ਹੋਣ ਅਤੇ ਦੇਵਤੇ ਨਿਰੇ ਦੁੱਧ ਦੇ ਧੋਤੇ।
ਆਪਣੀ ਜੰਗ ਨੂੰ ਜਾਇਜ਼ ਠਹਿਰਾਉਣ ਲਈ ਸਦੀਆਂ ਤੋਂ ਵੱਖ-ਵੱਖ ਹੁਕਮਰਾਨ, ਦੁਸ਼ਮਣ ਨੂੰ Demonize (ਸ਼ੈਤਾਨ ਸਿੱਧ ਕਰਨਾ) ਕਰਦੇ ਆ ਰਹੇ ਹਨ। ਜੇ ਰੋਮਨ ਰਾਜ ਦਾ ਇਤਿਹਾਸ ਪੜ੍ਹੀਏ ਤਾਂ ਉਹ ਆਪਣੇ ਅਤੇ ਜਰਮਨ ਯੋਧਿਆਂ ਵਿਚਕਾਰ ਹੋਈਆਂ ਵੱਡੀਆਂ ਲੜਾਈਆਂ ਵਿਚ ਉਨ੍ਹਾਂ ਨੂੰ Barbarians (ਜੰਗਲੀ, ਜ਼ਾਲਮ) ਕਹਿ ਕੇ ਮੁਖ਼ਾਤਿਬ ਹੁੰਦੇ ਹਨ ਅਤੇ ਆਪਣੇ ਆਪ ਨੂੰ ਦੇਵਤੇ (Gods)। ਏਸੇ ਤਰਾਂ ਮਿਸਰ ਦੇਸ਼ ਵਿਚ ਫਰੋਆਜ ਨੇ ਅਤੇ ਪਰਸ਼ੀਆ (ਅੱਜ ਦਾ ਇਰਾਨ) ਵਿਚ ਸ਼ਾਹ ਸਲਤਨਤ ਨੇ ਰੱਬੀ ਹਸਤੀਆਂ ਬਣਕੇ ਲੰਬਾ ਸਮਾਂ ਉਥੋਂ ਦੇ ਲੋਕਾਂ ਉਪਰ ਰਾਜ ਕੀਤਾ। 18ਵੀਂ ਸਦੀਂ ਵਿਚ ਬ੍ਰਿਟਿਸ਼ ਸਾਮਰਾਜ ਨੇ ਸਾਰੀ ਦੁਨੀਆਂ ਉਪਰ ਬੇਅੰਤ ਜੁਲਮ ਕਰਦਿਆਂ ਆਪਣਾ ਰਾਜ ਕਾਇਮ ਕਰਨਾ ਸ਼ੁਰੂ ਕੀਤਾ ਜਿਸਨੂੰ ਉਹ ਅੱਜ ਤੱਕ ‘ਅਸੱਭਿਅਕ ਲੋਕਾਂ ਨੂੰ ਸਭਿਅਕ ਬਨਾਉਣ ਦੀ ਮੁਹਿੰਮ’ ਕਰਾਰ ਦਿੰਦਾ ਹੈ। ਤਾਜ਼ਾ ਉਦਾਹਰਨ ਲਈਏ ਤਾਂ ਅਮਰੀਕਾ ਨੇ ਸਦਾਮ ਹੁਸੈਨ ਨੂੰ ਤਾਨਾਸ਼ਾਹ ਆਖ ਕੇ ਹੱਸਦਾ ਵੱਸਦਾ ਇਰਾਕ ਤਬਾਹ ਕਰ ਦਿੱਤਾ ਅਤੇ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਭਲਾਮਾਣਸ ਦੇਸ਼ ਕਹਿੰਦਾ ਨਹੀਂ ਥੱਕਦਾ। ਇਸੇ ਤਰ੍ਹਾਂ ਆਰਿਅਨਾਂ ਨੇ ਆਪਣੇ ਆਪ ਨੂੰ ਸੁਰ, ਦੇਵ, ਦੇਵਤੇ ਅਤੇ ਦ੍ਰਾਵਿੜ ਲੋਕਾਂ ਨੂੰ ਅਸੁਰ, ਦੈਂਤ, ਰਾਖ਼ਸ਼ਸ, ਚੰਡਾਲ ਆਦਿ ਨਾਵਾਂ ਨਾਲ ਸੰਬੋਧਨ ਕੀਤਾ।

ਇਤਿਹਾਸਿਕ ਖੋਜਾਂ ਦੀ ਕਸਵਟੀ ਤੇ

ਘੱਗਾ ਜੀ ਵਲੋਂ ਆਰਿਅਨ ਅਤੇ ਦ੍ਰਾਵਿੜ ਲੋਕਾਂ ਦੇ ਜ਼ਿਕਰ ਨੇ ਮੇਰੇ ਲਈ ਇਹ ਖੋਜ ਹੋਰ ਦਿਲਚਸਪ ਕਰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਕੁਝ ਅਜਿਹੇ ਸਰੋਤ ਪੜ੍ਹਨ ਚਾਹੇ ਜੋ ਸਿੱਖੀ ਨਾਲ ਸਬੰਧਤ ਨਾ ਹੋਣ ਤਾਂ ਜੋ ਇੱਕ ਨਵੇਂ ਪੱਖ ਤੋਂ ਵੀ ਆਰਿਅਨ-ਦ੍ਰਾਵਿੜ ਸੰਘਰਸ਼ ਬਾਰੇ ਜਾਣਿਆ ਜਾ ਸਕੇ। ਮੈਂ ਯੂ-ਟਿਊਬ ਅਤੇ ਇੰਟਰਨੈਟ ਉਪਰ ਉਪਲਬਧ ਕਈ ਲੇਖਕਾਂ ਅਤੇ ਮਾਹਰਾਂ ਦੇ ਵਿਚਾਰ ਪੜ੍ਹੇ-ਸੁਣੇ। ਪੜ੍ਹਦਿਆਂ ਪੜ੍ਹਦਿਆਂ ਇੱਕ ਕਿਤਾਬ ਬਾਰੇ ਪਤਾ ਲੱਗਾ ਜੋ ਕਿ ਮਹਿਖ਼ਾਸੁਰ ਅਤੇ ਦੁਰਗਾ (ਚੰਡੀ) ਬਾਰੇ ਲਿਖੀ ਗਈ ਹੈ। ਪਾਠਕਾਂ ਨੂੰ ਦੱਸ ਦੇਵਾਂ ਕਿ ਮਹਿਖ਼ਾਸੁਰ ਉਹ ਸ਼ਖ਼ਸ ਹੈ ਜੋ ਫ਼ੋਟੋਆਂ ਅਤੇ ਮੂਰਤੀਆਂ ਵਿਚ ਦੁਰਗਾ ਦੇ ਪੈਰਾਂ ਹੇਠ ਪਿਆ ਹੈ, ਜਿਸ ਦੀ ਹਿੱਕ ਵਿਚ ਦੁਰਗਾ ਦਾ ਤਰਸ਼ੂਲ ਖੁਬਿਆ ਹੋਇਆ ਹੈ। ਇਸ ਦੇ ਸਰੀਰ ਦਾ ਉਪਰਲਾ ਹਿੱਸਾ ਇਨਸਾਨ ਦਾ ਹੈ ਜੋ ਕਿ ਕਾਲਾ ਹੈ, ਜਿਸ ਦੀਆਂ ਲੰਬੀਆਂ ਮੁੱਛਾਂ ਅਤੇ ਸਿਰ ਦੇ ਵਾਲ ਸੰਘਣੇ ਹਨ। ਇਸ ਦੇ ਸਰੀਰ ਦਾ ਹੇਠਲਾ ਹਿੱਸਾ ਮੱਝ ਦਾ ਦਿਖਾਇਆ ਜਾਂਦਾ ਹੈ। ਦੁਰਗਾ ਵੱਲੋਂ ਮਹਿਖਾਸੁਰ ਨੂੰ ਮਾਰਨ ਦੀ ਖੁਸ਼ੀ ਵਿਚ ਹੀ ਦੁਰਗਾ ਪੂਜਾ ਭਾਰਤ ਵਿਚ ਅਤੇ ਖਾਸ ਕਰਕੇ ਬੰਗਾਲ ਆਦਿ ਇਲਾਕਿਆਂ ਵਿਚ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਕਿਤਾਬ ਦਾ ਪੂਰਾ ਨਾਮ ਹੈ ‘ਮਹਿਖਾਸੁਰ-ਇੱਕ ਜਨਨਾਇਕ ’ (ਪ੍ਰਕਾਸ਼ਕ – ਫਾਰਵਰਡ ਪ੍ਰੈਸ, ਸੰਪਾਦਕ – ਪ੍ਰਮੋਦ ਰੰਜਨ)। ਮਹਿਖਾਸੁਰ (ਮਹਿਖਾ-ਮੱਝ, ਅਸੁਰ-ਦੈਂਤ) ਦੀ ਮੌਤ ਦਾ ਜਸ਼ਨ ਤਿਓਹਾਰ ਦੇ ਰੂਪ ਵਿਚ ਦੁਰਗਾ ਪੂਜਾ ਦੇ ਨਾਮ ’ਤੇ ਹਰ ਸਾਲ ਉਸੇ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਕਿ ਰਾਵਨ ਦੀ ਮੌਤ ਦਾ ਜਸ਼ਨ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅਸਲ ਵਿਚ ਮਹਿਖਾਸੁਰ ਇੱਕ ਦ੍ਰਾਵਿੜ ਰਾਜਾ ਸੀ ਜੋ ਸ਼ਾਇਦ ਮੱਝਾਂ ਪਾਲਣ ਵਾਲੇ ਲੋਕਾਂ ਦੀ ਅਗਵਾਈ ਕਰਦਾ ਸੀ। ਇਸ ਰਾਜੇ ਦੀ ਹਰਮਨਪਿਆਰਤਾ ਦਾ ਸਬੂਤ ਇਹ ਹੈ ਕਿ ਅੱਜ ਵੀ ਮਹਿਖਾਸੁਰ ਦੇ ਨਾਮ ਹੇਠ ਝਾਰਖੰਡ, ਮੱਧ ਪ੍ਰਦੇਸ਼, ਉਡੀਸ਼ਾ ਆਦਿ ਦੇ ਪਿੰਡਾਂ ਵਿਚ ਮਹਿਖਾਸੁਰ ਦੀ ਪੂਜਾ ਹੁੰਦੀ ਹੈ, ਉਸ ਦੀ ਯਾਦ ਵਿਚ ਛੋਟੇ ਛੋਟੇ ਮੰਦਰ ਬਣੇ ਹੋਏ ਹਨ, ਪਿੰਡਾਂ ਦੇ ਨਾਮ ਵੀ ਮਹਿਖਾਸੁਰ ਦੇ ਨਾਮ ’ਤੇ ਰੱਖੇ ਹੋਏ ਹਨ। 2011 ਤੋਂ ਇਨ੍ਹਾਂ ਸੂਬਿਆਂ ਵਿਚ ਮਹਿਖ਼ਾਸੁਰ ਸ਼ਹੀਦੀ ਦਿਵਸ ਵੀ ਵੱਡੇ ਪੱਧਰ ’ਤੇ ਮਨਾਇਆ ਜਾਣ ਲੱਗ ਪਿਆ ਹੈ। ਇਸ ਹਰਮਨਪਿਆਰੇ ਰਾਜੇ ਨੂੰ ਜਦੋਂ ਆਰਿਅਨ ਰਾਜੇ ਸਿੱਧੀ ਜੰਗ ਵਿਚ ਮਾਰ ਨਾ ਸਕੇ ਤਾਂ ਉਨ੍ਹਾਂ ਵਲੋਂ ਛਲ/ਧੋਖੇ ਦਾ ਪ੍ਰਯੋਗ ਕੀਤਾ ਗਿਆ। ਦੁਰਗਾ (ਚੰਡੀ) ਨਾਮ ਦੀ ਇੱਕ ਔਰਤ ਤਿਆਰ ਕੀਤੀ ਗਈ ਜੋ ਜਾਂ ਤਾਂ ਆਰਿਅਨ ਸੀ ਜਾਂ ਫ਼ਿਰ ਦ੍ਰਾਵਿੜ ਲੋਕਾਂ ਦੀ ਗ਼ਦਾਰ ਸੀ। ਦੁਰਗਾ ਨੇ ਆਪਣੇ ਰੂਪ ਨਾਲ ਮਹਿਖਾਸੁਰ ਨੂੰ ਆਪਣੇ ਵੱਸ ਵਿਚ ਕਰ ਲਿਆ। ਇਸ ਗੱਲ ਦੀ ਪੁਸ਼ਟੀ ‘ਦੇਵੀ ਭਗਵਤ ਪੁਰਾਣ’ ਵਿਚ ਵੀ ਹੈ ਕਿ ਮਹਿਖਾਸੁਰ ਨੂੰ ਮਾਰਨ ਲਈ ਦੁਰਗਾ ਨੇ ਉਸ ਨੂੰ ਆਕਰਸ਼ਿਤ ਕੀਤਾ। ਮਹਿਖਾਸੁਰ ਨੇ ਦੁਰਗਾ ਨਾਲ ਲਗਾਤਾਰ 9 ਰਾਤਾਂ ਬਿਤਾਈਆਂ ਅਤੇ ਨੌਵੀਂ ਰਾਤ ਦੁਰਗਾ ਨੇ ਮੌਕਾ ਦੇਖ ਕੇ ਮਹਿਖਾਸੁਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸੇ ਲਈ ਦੁਰਗਾ ਦੀ ਯਾਦ ਵਿਚ ‘ਨਵ-ਰਾਤ-ਰੇ’ ਮਨਾਏ ਜਾਂਦੇ ਹਨ, ਨਾ ਕਿ ‘ਨਵ-ਦਿਵ-ਸੇ’। ਵੈਸੇ ਵੀ ਜੰਗ ਦਾ ਇੱਕ ਅਸੂਲ ਇਹ ਹੁੰਦਾ ਸੀ ਕਿ ਜੰਗ ਕੇਵਲ ਦਿਨ ਵਿਚ ਹੀ ਲੜੀ ਜਾਂਦੀ ਸੀ ਨਾ ਕਿ ਰਾਤ ਨੂੰ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਮਹਿਖ਼ਾਸੁਰ ਨੂੰ ਸਾਧਾਰਨ ਯੁੱਧ ਰਾਹੀਂ ਨਹੀਂ ਮਾਰਿਆ ਗਿਆ। ਜਿਵੇਂ ਹੀ ਮਹਿਖ਼ਾਸੁਰ ਦੇ ਕਤਲ ਦੀ ਖ਼ਬਰ ਤਾਕ ਵਿਚ ਬੈਠੇ ਆਰਿਅਨਾਂ ਨੂੰ ਮਿਲੀ ਤਾਂ ਉਨ੍ਹਾਂ ਨਿਰਾਸ਼ਾ ਵਿਚ ਡੁੱਬੇ ਦ੍ਰਾਵਿੜ ਲੋਕਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ। ਫ਼ਿਰ ਉਨ੍ਹਾਂ ਸਿਰਾਂ ਦੀ ਇੱਕ ਮਾਲਾ ਬਣਾ ਕੇ ਦੁਰਗਾ ਦੇ ਗਲ ’ਚ ਪਾਈ ਗਈ ਅਤੇ ਉਸ ਨੂੰ ਦੇਵੀ ਦਾ ਦਰਜਾ ਦੇ ਦਿੱਤਾ ਗਿਆ। ਇੱਥੋਂ ਹੀ ਦੇਵਤਿਆਂ ਦੇ ਨਾਲ ਨਾਲ ਆਰਿਅਨ ਦੇਵੀਆਂ ਦਾ ਚਲਨ ਸ਼ੁਰੂ ਹੋਇਆ। ਜ਼ਿਕਰਯੋਗ ਹੈ ਕਿ ਅੱਜ ਵੀ ਦੁਰਗਾ ਦੀ ਮੂਰਤੀ ਬਨਾਉਣ ਲਈ ਬੰਗਾਲ ਵਿਚ ਇੱਕ ਮੁੱਠੀ ਮਿੱਟੀ ਕਿਸੇ ਵਹਿਸ਼ਿਆ ਦੇ ਕੋਠੇ ਤੋਂ ਲਿਆਈ ਜਾਂਦੀ ਹੈ ਅਤੇ ਬੰਗਾਲੀ ਵਹਿਸ਼ਿਆਵਾਂ ਅੱਜ ਵੀ ਬੜੇ ਮਾਣ ਨਾਲ ਦੁਰਗਾ ਨੂੰ ਆਪਣੀ ਪੂਰਵਜ ਵਜੋਂ ਪੂਜਦੀਆਂ ਹਨ।

ਅਜਿਹੀਆਂ ਹੀ ਕਈ ਧੋਖੇ ਅਤੇ ਜ਼ੁਲਮ ਭਰੀਆਂ ਜੰਗਾਂ ਤੋਂ ਬਾਅਦ ਦ੍ਰਾਵਿੜ ਲੋਕਾਂ ਨੂੰ ਦੱਖਣ ਵੱਲ ਅਤੇ ਜੰਗਲਾਂ ’ਚ ਧੱਕ ਦਿੱਤਾ ਗਿਆ ਜੋ ਕਿ ਅੱਜ ਵੀ ਭਾਰਤ ਵਿਚ ਦ੍ਰਾਵਿੜ, ਸ਼ੂਦਰ ਅਤੇ ਆਦਿਵਾਸੀਆਂ ਦੇ ਰੂਪ ਵਿਚ ਰਹਿ ਰਹੇ ਹਨ। ਜਿਨ੍ਹਾਂ ਦ੍ਰਾਵਿੜ ਲੋਕਾਂ ਨੇ ਗ਼ੁਲਾਮੀ ਕਬੂਲ ਲਈ, ਉਹ ਉਤਰ ਭਾਰਤ ਦੇ ਇਲਾਕਿਆਂ ਵਿਚ ਹੀ ਰਹਿੰਦੇ ਰਹੇ। ਇਨ੍ਹਾਂ ਹਾਰ ਚੁੱਕੇ ਦ੍ਰਾਵਿੜ ਲੋਕਾਂ ਦੀ ਗ਼ੁਲਾਮੀ ਨੂੰ ਸਦੀਵੀਂ ਬਨਾਉਣ ਲਈ ਕਿਤਾਬਾਂ ਲਿਖੀਆਂ ਗਈਆਂ, ਜਿਸ ਵਿਚ ਇਨ੍ਹਾਂ ਨੂੰ ਅਸੁਰ, ਅਛੂਤ, ਸ਼ੂਦਰ, ਰਾਕਸ਼ਸ, ਚੰਡਾਲ ਆਦਿ ਕਹਿ ਕੇ ਸੰਬੋਧਨ ਕੀਤਾ ਗਿਆ। ਆਉਣ ਵਾਲੀਆਂ ਪੀੜ੍ਹੀਆਂ ਇਸ ਅਣਮਨੁੱਖੀ ਦਾਸਤਾਨ ਨੂੰ ਬਿਨਾ ਸਵਾਲੀਆ ਨਿਸ਼ਾਨ ਦੇ ਹਜ਼ਮ ਕਰ ਲੈਣ, ਇਸ ਲਈ ਇਸ ਨੂੰ ਰੂਹਾਨੀ ਰੂਪ ਦੇ ਦਿੱਤਾ ਗਿਆ। ਦ੍ਰਾਵਿੜ ਲੋਕਾਂ ਦੀ ਮਾੜੀ ਹਾਲਤ ਦੀ ਜ਼ਿੰਮੇਵਾਰੀ ਉਨ੍ਹਾਂ ਉਪਰ ਹੀ ਇਹ ਕਹਿ ਕੇ ਪਾ ਦਿੱਤੀ ਗਈ ਕਿ ਇਹ ਉਨ੍ਹਾਂ ਦੇ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦੀ ਸਜ਼ਾ ਹੈ। ਜਾਤੀਵਾਦ (ਵਰਣਆਸ਼ਰਮ ਧਰਮ) ਨਾਮੀ ਕੋਹੜਨੁਮਾ ਸਿਸਟਮ ਦੀ ਇਜ਼ਾਦ ਵੀ ਬਹੁਗਿਣਤੀ ਦ੍ਰਾਵਿੜ ਲੋਕਾਂ ਨੂੰ ਗ਼ੁਲਾਮ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਆਰਥਿਕ, ਸਮਾਜਿਕ ਅਤੇ ਧਾਰਮਿਕ ਪੱਖੋਂ ਕੰਟਰੋਲ ਕਰਨ ਲਈ ਬਣਾਇਆ ਗਿਆ ਜੋ ਕਿ ਅੱਜ ਵੀ ਕਾਮਯਾਬੀ ਨਾਲ ਚੱਲ ਰਿਹਾ ਹੈ। ਬਹੁਤਿਆਂ ਨੂੰ ਚੌਥੇ ਦਰਜੇ ਦਾ ਨਾਗਰਿਕ ਬਣਾ ਕੇ ਸ਼ੂਦਰ ਕਹਿ ਦਿੱਤਾ ਗਿਆ ਅਤੇ ਬਾਕੀਆਂ ਨੂੰ ਬੇਦਰਜਾ ਕਰ ਦਿੱਤਾ ਗਿਆ, ਯਾਨੀ ਮਨੁੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਇਨ੍ਹਾਂ ਨੂੰ ਅਛੂਤ, ਚੰਡਾਲ ਆਦਿ ਐਲਾਨ ਦਿੱਤਾ ਗਿਆ। ਇਸ ਸਾਰੇ ਵਰਤਾਰੇ ਨੂੰ, ਜਿੰਨ੍ਹਾਂ ਕਿਤਾਬਾਂ ਵਿਚ ਲਿਖਿਆ ਗਿਆ, ਉਨ੍ਹਾਂ ਨੂੰ ਹੀ ਵੇਦ, ਪੁਰਾਣ ਅਤੇ ਸਿਮ੍ਰਿਤੀਆਂ ਆਖਿਆ ਗਿਆ।
ਅਜੋਕੇ ਸਮੇਂ ਵਿਚ ਹਿੰਦੂ ਮਿਥਹਾਸ ਦੇ ਭੰਬਲ ਭੂਸੇ ਵਿਚੋਂ ਆਰਿਅਨ, ਦ੍ਰਾਵਿੜ ਲੋਕਾਂ ਦਾ ਇਤਿਹਾਸ ਕੱਢਣ ਵਾਲੇ ਨਾਇਕ ਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਹੈ। ਭਾਵੇਂ ਉਨ੍ਹਾਂ ਨੂੰ ਕੇਵਲ ਸੰਵਿਧਾਨ ਘਾੜੇ ਦੇ ਰੂਪ ਵਿਚ ਹੀ ਸੀਮਤ ਕਰ ਦਿੱਤਾ ਗਿਆ ਹੈ। ਪਰ ਉਨ੍ਹਾਂ ਨੇ ਇੱਕ ਵੱਡਾ ਕੰਮ, ਉਨ੍ਹਾਂ ਸ਼ਾਸਤਰਾਂ ਨੂੰ ਘੋਖਣ ਦਾ ਕੀਤਾ, ਜਿਨ੍ਹਾਂ ਨੇ ਭਾਰਤ ਦੀ ਬਹੁਗਿਣਤੀ ਨੂੰ ਜਾਨਵਰਾਂ ਦਾ ਦਰਜਾ ਦਿੱਤਾ। ਇਸ ਸਬੰਧ ਵਿਚ ਡਾ. ਅੰਬੇਦਕਰ ਦੀਆਂ ਤਿੰਨ ਕਿਤਾਬਾਂ ਸਾਹਮਣੇ ਆਈਆਂ- Annihilation of Caste, Riddles in Hinduism, Who are Shudras ? ਇਨ੍ਹਾਂ ਕਿਤਾਬਾਂ ਵਿਚ ਡਾ. ਸਾਹਿਬ ਬਹੁਤੀਆਂ ਗੱਲਾਂ ਸੂਰਜ ਦੀ ਧੁੱਪ ਵਾਂਗ ਸਾਫ਼ ਕਰ ਦਿੰਦੇ ਹਨ। ਇਨ੍ਹਾਂ ਨੂੰ ਪੜ੍ਹਕੇ ਪ੍ਰੋ. ਘੱਗਾ ਅਤੇ ਹੋਰ ਉਪਰ ਦੱਸੀਆਂ ਕਿਤਾਬਾਂ ਵਿਚ ਲਿਖੀਆਂ ਗੱਲਾਂ ਦੀ ਵਧੇਰੇ ਢੁਕਵੇਂ ਤਰਕਾਂ ਅਤੇ ਤੱਥਾਂ ਨਾਲ ਪੁਸ਼ਟੀ ਹੋ ਜਾਂਦੀ ਹੈ। ਇਸ ਵਿਸ਼ੇ ਉਪਰ ਇੱਕ ਬਹੁਤ ਮਕਬੂਲ ਕਿਤਾਬ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਵੀ ਲਿਖੀ ਗਈ ਹੈ।

ਵਿਗਿਆਨ ਅਤੇ ਤਰਕ ਦੀ ਕਸਵਟੀ ਤੇ

ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਵਿਗਿਆਨੀਆਂ ਨੇ ਅੱਜ 24.5 ਕਰੋੜ ਸਾਲ ਪਹਿਲਾਂ ਧਰਤੀ ਉਪਰ ਵਿਚਰ ਚੁੱਕੇ ਡਾਇਨਾਸੋਰ ਦੀਆਂ ਹੱਡੀਆਂ ਵੀ ਲੱਭ ਲਈਆਂ ਹਨ। ਪਰ ਹਾਲੇ ਤੱਕ ਅਜਿਹੇ ਕਿਸੇ ਵੀ ‘ਦੇਵਤੇ’ ਜਾਂ ‘ਦੈਂਤ’ ਦੇ ਕੰਕਾਲ ਨਹੀਂ ਮਿਲੇ ਜਿਸ ਦੇ 4 ਜਾਂ 10 ਸਿਰ ਹੋਣ, 8-10 ਬਾਂਹਵਾਂ ਹੋਣ, ਅੱਧਾ ਸ਼ਰੀਰ ਮੱਝ ਦਾ ਅਤੇ ਅੱਧਾ ਸ਼ਰੀਰ ਇਨਸਾਨ ਦਾ ਹੋਵੇ, ਜਾਂ ਫਿਰ ਕਿਸੇ ਕੰਕਾਲ ਦੀ ਲੰਬਾਈ ਸੈਂਕੜੇ ਫੁੱਟ ਹੋਵੇ, ਜਿਸ ਤਰ੍ਹਾਂ ਦਾ ਵਿਖਿਆਨ ਹਿੰਦੂ ਮਿਥਿਹਾਸ ਵਿਚ ਹੈ। ਦੂਸਰੀ ਗੱਲ ਇਹ ਕਿ ਦੁਨੀਆ ਭਰ ਵਿਚ ਮਨੁੱਖੀ ਸਭਿਅਤਾ (Civilization) ਸਿਰਫ 10 ਕੁ ਹਜ਼ਾਰ ਸਾਲ ਪੁਰਾਣੀ ਹੈ। ਇਸ ਤੋਂ ਪਹਿਲਾਂ ਉਹ ਜਾਨਵਰਾਂ ਵਾਂਗ ਝੁੰਡਾਂ ਵਿਚ ਹੀ ਰਿਹਾ ਅਤੇ ਜਿੰਦਾ ਰਹਿਣਾ ਹੀ ਉਸ ਦਾ ਇੱਕੋ ਇੱਕ ਮਕਸਦ ਸੀ। ਪਤੀ-ਪਤਨੀ, ਮਾਤਾ-ਪਿਤਾ, ਭੈਣ-ਭਰਾ ਆਦਿ ਦੀ ਸਮਝ ਤਾਂ ਮਨੁੱਖ ਨੂੰ ਕੇਵਲ 10 ਹਜ਼ਾਰ ਸਾਲ ਪਹਿਲਾਂ ਹੀ ਆਈ ਹੈ। ਫਿਰ ਵੇਦਾਂ ਮੁਤਾਬਿਕ ਲੱਖਾਂ ਕਰੋੜਾਂ ਸਾਲ ਪਹਿਲਾਂ ਦੇਵੀ-ਦੇਵਤੇ ਹੋਂਦ ਵਿਚ ਕਿਵੇਂ ਆ ਗਏ। ਤੀਜੀ ਗੱਲ ਇਹ ਕਿ ਹਿੰਦੂ ਗ੍ਰੰਥਾਂ ਮੁਤਾਬਿਕ ਸ਼ੂਦਰ, ਨਾਰੀ ਅਤੇ ਛੋਟਾ ਮੋਟਾ ਮਾੜਾ ਕੰਮ ਕਰ ਚੁੱਕੇ ਇਨਸਾਨ ਵੀ ਅਖੌਤੀ ਸਵਰਗ ਵਿਚ ਨਹੀਂ ਜਾ ਸਕਦੇ। ਫਿਰ ਵੇਦਾਂ ਮੁਤਾਬਿਕ ਹੀ ਅਜਿਹੀਆਂ ਕਹਾਣੀਆਂ ਦਾ ਥੋੜ੍ਹੀ ਜਿਹੀ ਸਮਝ ਨਾਲ ਪਰਦਾਫਾਸ਼ ਹੋ ਜਾਂਦਾ ਹੈ ਜਦੋਂ ਇਹ ਲਿਖਦੇ ਹਨ ਕਿ ‘ਅਸੁਰਾਂ’ ਦਾ ਸਵਰਗ ’ਤੇ ਕਬਜ਼ਾ ਹੋ ਗਿਆ ਅਤੇ ਫਿਰ ਜਿਵੇਂ ਕਿਵੇਂ ਕਰਕੇ ਕਬਜ਼ਾ ਛੁਡਵਾਇਆ ਗਿਆ। ਜਿਸ ਸਵਰਗ ਵਿਚ ਦੇਵਤਿਆਂ ਜਾਂ ਬ੍ਰਾਹਮਣਾਂ ਤੋਂ ਬਿਨਾ ਕੋਈ ਜਾ ਨਹੀਂ ਸੀ ਸਕਦਾ ਫਿਰ ਉਥੇ ਅਸੁਰ ਕਿਵੇਂ ਪਹੁੰਚ ਗਏ ? ਇਹ ਸਭ ਕੁਝ ਇਹੋ ਸਾਬਤ ਕਰਦਾ ਹੈ ਕਿ ਆਰਿਅਨਾਂ ਦੀ ਰਹਿਣ ਦੀ ਜਗ੍ਹਾ (ਗੰਗਾ ਨਦੀ ਨਾਲ ਲਗਦੇ ਉਤਰ ਭਾਰਤ ਦੇ ਮੈਦਾਨੀ ਇਲਾਕੇ) ਨੂੰ ਹੀ ਸਵਰਗ ਕਿਹਾ ਗਿਆ ਜਿਸ ਨੂੰ ‘ਆਰੀਆ ਵਰਤ’ ਦੇ ਨਾਮ ਨਾਲ ਵੀ ਜਾਣਿਆ ਗਿਆ ਅਤੇ ਕਈ ਵਾਰ ਦ੍ਰਾਵਿੜਾਂ ਨੇ ਇਸ ’ਤੇ ਕਬਜ਼ਾ ਵੀ ਕੀਤਾ।

ਉਕਤ ਕਿਤਾਬਾਂ ਅਤੇ ਸਰੋਤਾਂ ਨੂੰ ਮਿਲਾ ਕੇ ਮੇਰੀ ਨਿੱਜੀ ਸਮਝ ਨੇ ਇਹ ਸਿੱਟਾ ਕੱਢਿਆ:
1. ਅੱਜ ਤੋਂ ਲਗਭਗ 20 ਲੱਖ ਸਾਲ ਪਹਿਲਾਂ ਅਫ਼ਰੀਕਾ ਵਿਚ ਬਾਂਦਰ (Great Apes) ਦੀ ਇੱਕ ਕਿਸਮ ਤੋਂ ਮਨੁੱਖ ਦੀਆਂ ਕਈ ਨਸਲਾਂ ਪੈਦਾ ਹੋਈਆਂ ਜਿੰਨਾਂ ਵਿਚੋਂ ਹੋਮੋ ਨਿਅੰਡਰਥਲਸ (Homo Neanderthals) , ਹੋਮੋ ਇਰੈਕਟੱਸ (Homo Erectus), ਹੋਮੋ ਸੋਲੋਐਨਸਿਸ (Homo Soloensis) ਪ੍ਰਮੁੱਖ ਸਨ। ਫ਼ਿਰ ਲਗਭਗ 18 ਲੱਖ ਸਾਲ ਦੇ ਵਕਫ਼ੇ ਨਾਲ, ਯਾਨੀ ਅੱਜ ਤੋਂ 2 ਲੱਖ ਸਾਲ ਪਹਿਲਾਂ ਮਨੁੱਖ ਦੀ ਮੌਜੂਦਾ ਨਸਲ ਹੋਂਦ ਵਿਚ ਆਈ, ਜਿਸ ਨੂੰ ਸਾਇੰਸ ਹੋਮੋ-ਸੇਪੀਅਨਸ (Homo-Sapiens) ਕਹਿੰਦੀ ਹੈ। ਉਸ ਵੇਲੇ ਇਸ ਦਾ ਸਰੀਰ ਭਾਵੇਂ ਮੌਜੂਦਾ ਮਨੁੱਖ ਨਾਲ ਮਿਲਦਾ ਜੁਲਦਾ ਸੀ, ਪਰ ਦਿਮਾਗ ਹਾਲੇ ਬਹੁਤਾ ਵਿਕਸਤ ਨਹੀਂ ਸੀ ਹੋਇਆ। ਜੋ ਕੇ 30 ਕੁ ਹਜ਼ਾਰ ਸਾਲ ਪਹਿਲਾਂ ਹੀ ਪੂਰੀ ਤਰਾਂ ਵਿਕਸਤ ਹੋਇਆ। ਅੱਜ ਪੂਰੀ ਦੁਨੀਆਂ ਵਿਚ ਵਸਦੇ ਲਗਭਗ 700 ਕਰੋੜ ਲੋਕ ਇਸੇ ਇੱਕੋ ਨਸਲ ‘ਹੋਮੋ-ਸੇਪੀਅਨਸ’ ਦੇ ਹਨ। ਬਾਕੀ ਦੀਆਂ ਸਾਰੀਆਂ ਨਸਲਾਂ ਅੱਜ ਤੋਂ 30000 ਸਾਲ ਅਤੇ 13000 ਸਾਲ ਪਹਿਲਾਂ ਦੇ ਵਕਫ਼ੇ ਦਰਮਿਆਨ ਖਤਮ ਹੋ ਚੁਕੀਆਂ ਹਨ।
2. 70 ਹਜ਼ਾਰ ਸਾਲ ਪਹਿਲਾਂ ਕਈ ਕਾਰਨਾਂ ਕਰਕੇ ਇਹ ਮਨੁੱਖ ਪਹਿਲੀ ਵਾਰ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿਚ ਫ਼ੈਲਣ ਲੱਗੇ ਅਤੇ ਇਨ੍ਹਾਂ ਵਿਚੋਂ ਕੁਝ ਭਾਰਤੀ ਉਪ ਮਹਾਂਦੀਪ ਵਿਚ ਵੀ ਆਏ। ਇਸ ਤੋਂ ਹਜ਼ਾਰਾਂ ਸਾਲ ਬਾਅਦ ਵੀ ਮਨੁੱਖਾਂ ਦਾ ਇਸ ਧਰਤੀ ਉਪਰ ਆਉਣਾ ਜਾਰੀ ਰਿਹਾ। ਇੱਥੇ ਆ ਕੇ ਵਸੇ ਇਨ੍ਹਾਂ ਲੋਕਾਂ ਨੇ ਸਮਾਂ ਪਾ ਕੇ ਬਹੁਤ ਤਰੱਕੀ ਕੀਤੀ। ਇਨ੍ਹਾਂ ਨੂੰ ਹੀ ਬਾਅਦ ਵਿਚ ਦ੍ਰਾਵਿੜ ਆਖਿਆ ਗਿਆ। ਇਨ੍ਹਾਂ ਨੇ ਅੱਜ ਤੋਂ 5000 ਸਾਲ ਪਹਿਲਾਂ ਹੜੱਪਾ ਅਤੇ ਮਹਿੰਜੋਦਾੜੋ ਜਿਹੇ ਬਾਕਮਾਲ ਸ਼ਹਿਰ ਉਸਾਰੇ।
3. ਲਗਭਗ 3500 ਸਾਲ ਪਹਿਲਾਂ ਸੈਂਟਰਲ ਏਸ਼ੀਆ ਤੋਂ ਆਰਿਅਨ ਕਬੀਲੇ ਵੀ ਵਧੀਆ ਰੈਣ-ਬਸੇਰੇ ਦੀ ਭਾਲ ਵਿਚ ਭਾਰਤੀ ਉਪ ਮਹਾਂਦੀਪ ’ਤੇ ਪਹੁੰਚੇ। ਇਹ ਕਬੀਲੇ ਸੁਭਾਅ ਅਤੇ ਕਿੱਤੇ ਪੱਖੋਂ ਲੜਾਕੇ ਸਨ।
4. ਦ੍ਰਾਵਿੜ ਲੋਕ ਸੁਭਾਵਿਕ ਤੌਰ ’ਤੇ ਲੜਾਕੇ ਨਹੀਂ ਸਨ ਇਸੇ ਲਈ ਆਰਿਅਨ ਕਬੀਲਿਆਂ ਵਲੋਂ ਇਨ੍ਹਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ। ਇੰਦਰ ਇਨ੍ਹਾਂ ਦਾ ਇੱਕ ਵੱਡਾ ਰਾਜਾ ਸੀ। ਰਿਗਵੇਦ ਇਸ ਦਾ ਹਵਾਲਾ ਵੀ ਦਿੰਦਾ ਹੈ ਕਿ ਇੰਦਰ ਨੇ ਇੱਕ-ਇੱਕ ਦਿਨ ਵਿਚ 50-50 ਹਜ਼ਾਰ ਅਸੁਰਾਂ (ਦ੍ਰਾਵਿੜ ਲੋਕ) ਦਾ ਕਤਲ ਕੀਤਾ। ਦ੍ਰਾਵਿੜ ਲੋਕਾਂ ਦੀਆਂ ਬਸਤੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ।
5. ਪਰ ਕਈ ਥਾਵਾਂ ’ਤੇ ਦ੍ਰਾਵਿੜ ਕਬੀਲਿਆਂ ਦੇ ਸਰਦਾਰਾਂ ਜਾਂ ਕਹਿ ਲਵੋ ਰਾਜਿਆਂ ਨੇ ਆਰਿਅਨਾਂ ਦਾ ਡਟ ਕੇ ਸਾਹਮਣੇ ਕੀਤਾ ਅਤੇ ਉਨ੍ਹਾਂ ਨੂੰ ਭਾਂਜ ਵੀ ਦਿੱਤੀ। ਅਜਿਹੇ ਹਾਲਾਤ ਵਿਚ ਛਲ ਅਤੇ ਧੋਖੇ ਨਾਲ ਉਨ੍ਹਾਂ ਨੂੰ ਮਾਰਿਆ ਗਿਆ। ਜਿਵੇਂ ਰਾਮ ਚੰਦਰ ਵਲੋਂ ਰਾਵਨ ਨੂੰ, ਦੁਰਗਾ ਵਲੋਂ ਮਹਿਖਾਸੁਰ ਨੂੰ, ਵਿਸ਼ਨੂੰ ਵਲੋਂ ਬਲਿ ਰਾਜੇ ਨੂੰ ਆਦਿ। ਰਾਮ ਚੰਦਰ ਵੀ ਇੱਕ ਆਰਿਅਨ ਰਾਜਾ ਸੀ। ਰਾਮਾਇਣ ਵਿਚ ਰਾਮ ਚੰਦਰ ਅਤੇ ਉਸ ਦੇ ਭਰਾਵਾਂ ਨੂੰ ‘ਆਰਿਆ ਪੁੱਤਰ’ ਦੇ ਨਾਮ ਨਾਲ ਸੰਬੋਧਤ ਕੀਤਾ ਗਿਆ ਹੈ।
6. ਆਰਿਅਨਾਂ ਦੇ ਜ਼ੁਲਮਾਂ ਦੀ ਦਾਸਤਾਨ ਲਗਭਗ ਇੱਕ ਹਜ਼ਾਰ ਸਾਲ ਚੱਲੀ। ਇਸੇ ਸਮੇਂ ਦੇ ਅਲੱਗ ਅਲੱਗੇ ਹਿੱਸੇ ਨੂੰ ਸਤਯੁਗ, ਤ੍ਰੇਤਾ ਅਤੇ ਦੁਆਪਰ ਯੁੱਗ ਆਖਿਆ ਗਿਆ। ਇਨ੍ਹਾਂ ਦੀ ਇੱਕ ਹੋਰ ਘਟੀਆ ਚਾਲ ਇਹ ਹੁੰਦੀ ਸੀ ਕਿ ਆਪਣੇ ਹਰ ਵੱਡੇ ਰਾਜੇ ਨੂੰ ਵਿਸ਼ਨੂੰ ਜਾਂ ਸ਼ਿਵ ਦਾ ਅਵਤਾਰ ਆਖਿਆ ਜਾਂਦਾ ਸੀ। ਹੋਰ ਤਾਂ ਹੋਰ ਜੇ ਕੋਈ ਵੱਡਾ ਅਤੇ ਤਾਕਤਵਰ ਦ੍ਰਾਵਿੜ ਰਾਜਾ, ਕੋਈ ਬੁੱਧੀਜੀਵੀ ਜਾਂ ਕ੍ਰਾਂਤੀਕਾਰੀ ਸੋਚ ਵਾਲਾ ਧਾਰਮਿਕ ਵਿਅਕਤੀ, ਜੋ ਇਨ੍ਹਾਂ ਦਾ ਵਿਰੋਧੀ ਹੁੰਦਾ ਸੀ, ਉਸ ਨੂੰ ਵੀ ਮਰਨ ਤੋਂ ਬਾਅਦ ਬ੍ਰਾਹਮਣ ਪੁੱਤਰ ਜਾਂ ਸ਼ਿਵ-ਵਿਸ਼ਨੂੰ ਦਾ ਉਪਾਸ਼ਕ ਐਲਾਨ ਦਿੱਤਾ ਜਾਂਦਾ ਸੀ।
7. ਲਗਭਗ ਹਜ਼ਾਰ ਸਾਲ ਦਾ ਸਮਾਂ ਬੀਤ ਜਾਣ ਮਗਰੋਂ ਮਹਾਤਮਾ ਬੁੱਧ ਨੇ ਧਾਰਮਿਕ ਤੌਰ ’ਤੇ ਇਸ ਕੂੜ ਰਾਜ ਅਤੇ ਵੇਦਾਂ ਨੂੰ ਵੰਗਾਰਿਆ ਅਤੇ ਹਰ ਮਨੁੱਖ ਨੂੰ ਬਰਾਬਰ ਦਾ ਦਰਜਾ ਦਿੱਤਾ। ਪਰ ਬੁੱਧ ਅਤੇ ਬੋਧੀ ਰਾਜਿਆਂ ਦੇ ਰਾਜ ਤੋਂ ਬਾਅਦ ਹਾਲਾਤ ਪਹਿਲਾਂ ਵਰਗੇ ਹੀ ਬਣ ਗਏ।
8. ਫ਼ਿਰ ਲਗਭਗ 12-13 ਸੌ ਸਾਲ ਤੱਕ ਵਰਨ-ਆਸ਼ਰਮ ਧਰਮ (ਜਾਤੀਵਾਦ) ਦੇ ਨਾਮ ਹੇਠ ਮਜ਼ਲੂਮਾਂ ’ਤੇ ਜ਼ੁਲਮ ਹੁੰਦਾ ਰਿਹਾ। ਉਸ ਵੇਲੇ ਤੱਕ ਇਸ ਦੇਸ਼ ਦੇ ਮੂਲ ਨਿਵਾਸੀ ਇਹ ਭੁੱਲ ਹੀ ਗਏ ਕਿ ਉਹ ਆਪਣੇ ਹੀ ਦੇਸ਼ ਵਿਚ ਗੁਲਾਮੀ ਦੀ ਜਿੰਦਗੀ ਜਿਉਂ ਰਹੇਂ ਹਨ। ਉਹਨਾਂ ਵੀ ਬ੍ਰਾਹਮਣ ਦੀ ਇਹ ਗੱਪ ਕਹਾਣੀ ਮੰਨ ਲਈ ਕਿ ਕਿਸੇ ਰੱਬੀ ਇੱਛਾ ਕਾਰਨ ਹੀ ਉਹ ਨੀਚ ਹਨ ਅਤੇ ਬ੍ਰਾਹਮਣ, ਰੱਬ ਦਾ ਰੂਪ। ਇਸ ਤਰਾਂ ਆਰਿਅਨ ਲੋਕ ਬਿਨਾਂ ਤਲਵਾਰ ਦੇ ਜੋਰ ਤੋਂ ਭਾਰਤ ਦੇ ਮੂਲ ਨਿਵਾਸੀਆਂ ਨੂੰ ਸਦੀਆਂ ਤੱਕ ਗੁਲਾਮ ਬਨਾਉਣ ਦੀ ਆਪਣੀ ਯੋਜਨਾ ਵਿਚ ਕਾਮ੍ਯਾਬ ਹੋ ਗਏ। ‘ਆਰਿਅਨ’ ਅਤੇ ‘ਅਸੁਰ’ ਸ਼ਬਦ ਸਹਿਜੇ ਸਹਿਜੇ ਖ਼ਤਮ ਕਰ ਦਿੱਤੇ ਗਏ। ਆਰੀਅਨ ਲੋਕਾਂ ਨੇ ਬ੍ਰਾਹਮਣ, ਕਸ਼ੱਤਰੀ, ਵੈਸ਼ ਦੇ ਖਿਤਾਬ ਲੈ ਲਏ ਅਤੇ ਸਮਾਜ ਦੀ ਸਾਰੀ ਦੌਲਤ, ਅਤੇ ਰੁੱਤਬਾ ਆਪਣੇ ਨਾਮ ਕਰ ਲਿਆ  ਅਤੇ ਦ੍ਰਾਵਿੜਾਂ ਨੂੰ ਸ਼ੂਦਰ, ਅਤਿ ਸ਼ੂਦਰ, ਚੰਡਾਲ ਆਦਿ ਨਾਮ ਦੇਕੇ ਪੱਕੇ ਗੁਲਾਮ ਬਣਾਕੇ ਸਮਾਜ ਦੇ ਸਭ ਤੋਂ ਨਿਚਲੇ ਪਾਏਦਾਨ ਤੇ ਧੱਕ ਦਿੱਤਾ।

9. ਸੰਨ 998 ਇਸਵੀ ਤੋਂ ਬਾਅਦ ਮੁਸਲਿਮ ਰਾਜਿਆਂ ਦੇ ਹਮਲੇ ਅਤੇ ਰਾਜ ਅਗਲੀਆਂ ਕਈ ਸਦੀਆਂ ਤੱਕ ਜਾਰੀ ਰਹੇ। ਜੋ ਜ਼ੁਲਮ ਕਿਸੇ ਵੇਲੇ ਆਰਿਅਨਾਂ ਨੇ ਦ੍ਰਾਵਿੜਾਂ ਉਪਰ ਕੀਤਾ, ਉਹੀ ਜ਼ੁਲਮ ਮੁਸਲਿਮ ਬਾਦਸ਼ਾਹਾਂ ਨੇ ਭਾਰਤੀ ਲੋਕਾਂ ਉਪਰ ਕੀਤਾ ਜਿਸਦੇ ਲਪੇਟੇ ਵਿਚ ਬ੍ਰਾਹਮਣ ਅਤੇ ਉਸਦੀ ਬਣਾਈਆਂ ਕਥਿਤ ਉਚ ਜਾਤੀਆਂ ਵੀ ਆ ਗਈਆਂ।
10. ਬ੍ਰਾਹਮਣ ਅਤੇ ਮੁਗ਼ਲਾਂ ਦੀ ਸਦੀਆਂ ਪੁਰਾਣੀ ਅਧਿਆਤਮਿਕ, ਮਾਨਸਿਕ, ਰਾਜਨੀਤਕ ਅਤੇ ਧਾਰਮਿਕ ਗ਼ੁਲਾਮੀ ਵਿਚੋਂ ਆਮ ਜਨਤਾ ਨੂੰ ਬਾਹਰ ਕੱਢਣ ਲਈ ਫ਼ਿਰ ਇੱਕ ਵੱਡਾ ਹੰਭਲਾ ਬਾਬੇ ਨਾਨਕ ਅਤੇ ਬਾਕੀ ਸਿੱਖ ਗੁਰੂਆਂ ਨੇ ਮਾਰਿਆ। ਸਦੀਆਂ ਤੋਂ ਗ਼ੁਲਾਮ ਲੋਕਾਂ ਨੂੰ ਗੁਰਬਾਣੀ ਅਤੇ ਆਪਣੇ ਜੀਵਨ ਰਾਹੀਂ ਵੇਦਾਂ, ਅਵਤਾਰਾਂ ਅਤੇ ਦੇਵਤਿਆਂ ਦੀ ਅਸਲੀਅਤ ਸਮਝਾਈ। ਦੱਸਿਆ ਕਿ ਵੱਖ ਵੱਖ ਸਮਿਆਂ ਦੇ ਛੋਟੇ ਮੋਟੇ ਰਾਜਿਆਂ ਨੂੰ ਹੀ ਦੇਵਤਿਆਂ ਅਤੇ ਅਵਤਾਰਾਂ ਦਾ ਰੂਪ ਦਿੱਤਾ ਗਿਆ ਹੈ। (ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ਤਿਨ ਭੀ ਅੰਤ ਨਾ ਪਾਇਆ ਤਾਕਾ ਕਿਆ ਆਖਿ ਵੀਚਾਰੀ॥ – 423) ਕਦੇ ਆਪਣਾ ਰਾਜ ਮਾਨਣ ਵਾਲੇ, ਸਦੀਆਂ ਤੋਂ ਨਰਕ ਵਾਲੀ ਜ਼ਿੰਦਗੀ ਭੋਗਣ ਵਾਲੇ ਲੋਕਾਂ ਨੂੰ ਆਪਣੇ ਗਲ ਲਾ ਕੇ ਬ੍ਰਾਹਮਣ ਵਲੋਂ ਦਿੱਤੇ ਗਏ ਜਾਤਾਂ, ਗੋਤਾਂ ਦੇ ਕੋਹੜ ਨੂੰ ਉਤਾਰ ਕੇ ਸਿੰਘ ਬਣਾਇਆ। ਉਸ ਵੇਲੇ ਦੇ ਰਾਜਿਆਂ ਵਲੋਂ ਵਰਤੀ ਜਾਣ ਵਾਲੀ ਪੱਗ, ਘੋੜਾ ਅਤੇ ਸ਼ਸਤਰ ਦੇ ਕੇ ਸਰਦਾਰੀਆਂ ਬਖ਼ਸ਼ੀਆਂ ਅਤੇ ਮੁੜ ਰਾਜੇ ਬਣਨਯੋਗ ਬਣਾਇਆ ਅਤੇ ਫ਼ਿਰ ਹਜ਼ਾਰਾਂ ਕੁਰਬਾਨੀਆਂ ਉਪਰੰਤ ਇੱਕ ‘ਖਾਲਸਾ ਰਾਜ’ ਬਣਿਆ ਵੀ।
11. ਸੰਨ 1716 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸ਼ਹੀਦੀ ਯੁੱਗ ਸ਼ੁਰੂ ਹੋਇਆ। ਹਜ਼ਾਰਾਂ ਸਿੱਖ ਕਤਲ ਹੋਏ। ਬਚੇ ਹੋਏ ਸਿੱਖ ਘੋੜਿਆਂ ਉਪਰ ਜੰਗਲਾਂ ਵਿਚ ਜੀਵਨ ਬਸਰ ਕਰਨ ਲੱਗੇ। 1716 ਤੋਂ ਲੈ ਕੇ 1799 ਤੱਕ ਲਗਭਗ 83 ਸਾਲ ਆਪਣੇ ਆਪ ਨੂੰ ਬਚਾਏ ਰੱਖਣਾ ਅਤੇ ਆਪਣਾ ਰਾਜ ਸਥਾਪਤ ਕਰਨਾ ਹੀ ਇੱਕੋ ਇੱਕ ਮਕਸਦ ਬਣ ਗਿਆ ਸੀ। 1849 ਵਿਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਵੀ ਖੁਸ ਗਿਆ। ਸਿੱਖ ਕੌਮ ਗ਼ੁਲਾਮੀ ਅਤੇ ਅਨਪੜ੍ਹਤਾ ਵਿਚ ਧਸ ਗਈ ਅਤੇ ਸਿੱਖ, ਸਿੱਖੀ ਸਿਧਾਂਤ ਤੋਂ ਕੋਹਾਂ ਦੂਰ ਆ ਗਏ। ਜਿਸ ਭਾਸ਼ਾ ਵਿਚ ਗੁਰਬਾਣੀ ਲਿਖੀ ਗਈ, ਉਹ ਭਾਸ਼ਾ ਵੀ ਲਗਭਗ 200 ਸਾਲ ਮਗਰੋਂ ਸਿੱਖਾਂ ਨੂੰ ਭੁੱਲ ਭੁਲਾਅ ਗਈ। ਉਹ ਸਿਧਾਂਤ ਵੀ ਵਿੱਸਰ ਗਏ ਜੋ ਸਿੱਖੀ ਦਾ ਧੁਰਾ ਸਨ।
12. ਅਜਿਹਾ ਨਹੀਂ ਸੀ ਕਿ ਸਿੱਖ ਖੁਦ ਹੀ ਗੁਰਬਾਣੀ ਦੀ ਸਿੱਖਿਆ ਤੋਂ ਦੂਰ ਹੋ ਗਏ ਸਗੋਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਅਤੇ ਹਿੰਦੂ ਮਿਥਿਹਾਸ ਨਾਲ ਵਾਪਸ ਜੋੜਨ ਲਈ ਬੀੜਾ ਬ੍ਰਾਹਮਣਾਂ ਨੇ ਗੁਰੂ ਸਾਹਿਬਾਨਾ ਦੇ ਵੇਲੇ ਤੋਂ ਹੀ ਚੁੱਕਿਆ ਹੋਇਆ ਸੀ। ਉਨ੍ਹਾਂ ਲਈ ਸਿੱਖਾਂ ਦਾ ਮਾੜਾ ਦੌਰ ਇੱਕ ਸੁਨਹਿਰੀ ਮੌਕਾ ਸੀ, ਜਿਸ ਦਾ ਕਿ ਉਨ੍ਹਾਂ ਨੂੰ ਰੱਜ ਕੇ ਫ਼ਾਇਦਾ ਚੁੱਕਿਆ। ਇਸ ਸਮੇਂ ਬਨਾਰਸੀ ਬ੍ਰਾਹਮਣ ਸਿੱਖੀ ਭੇਸ ਬਣਾ ਕੇ ‘ਨਿਰਮਲੇ ਸਿੱਖ’ ਬਣ ਗਏ। ਇਨਾਂ ਨਿਰਮਲੇ ਸਿਖਾਂ ਅਤੇ ਉਦਾਸੀਆਂ (ਸ੍ਰੀ ਚੰਦ ਦੇ ਪੈਰੋਕਾਰ) ਨੇ ਸਿਖਾਂ ਦੇ ਗੁਰਦਵਾਰਿਆਂ ਅਤੇ ਸਿੱਖੀ ਮਾਨਸਿਕਤਾ ਉਪਰ ਕਬਜ਼ਾ ਕਰ ਲਿਆ। ਡੇਰਾਵਾਦ ਦਾ ਜਾਲ ਵੱਡੇ ਪੱਧਰ ’ਤੇ ਬਿਛਾਇਆ ਗਿਆ, ਗੁਰਬਾਣੀ ਦੇ ਅਰਥ ਹਿੰਦੂ ਮਿਥਿਹਾਸ ਦੀ ਪੁੱਠ ਚਾੜ੍ਹ ਕੇ ਕਰਵਾਏ ਗਏ ਅਤੇ ਗੁਰੂਆਂ ਨੂੰ ਘਟੀਆ ਰੂਪ ਵਿਚ ਅਤੇ ਦੇਵੀ ਉਪਾਸਕ ਦਰਸਾਉਣ ਵਾਲਾ ਅਤੇ ਗੁਰੂ ਗਰੰਥ ਸਾਹਿਬ ਦੇ ਸਿਰਮੌਰਤਾ ਨੂੰ ਚੁਣੌਤੀ ਦੇਣ ਵਾਲਾ ਕਥਿਤ ‘ਬਚਿੱਤਰ ਨਾਟਕ’ (ਬਾਅਦ ਵਿਚ ਦਸਮ ਗ੍ਰੰਥ) ਨਾਮਕ ਇਕ ਖ਼ਤਰਨਾਕ ਦਸਤਾਵੇਜ ਤਿਆਰ ਕੀਤਾ ਗਿਆ । ਇਸੇ ਕਥਿਤ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ(ਦੁਰਗਾ) ਦੀ ਵਾਰ ਦਾ ਲੇਖਕ ਕਹਿ ਕੇ ਦੁਰਗਾ ਦੀ ਉਸਤਤ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਸਾਰੇ ਕੂੜ ਕੰਮ ਵਿਚ ਅੰਗਰੇਜ਼ਾਂ ਨੇ ਵੀ ਬ੍ਰਾਹਮਣਾਂ ਦਾ ਸਾਥ ਦਿੱਤਾ।

ਇਸੇ ਕਾਰਨ ਅੱਜ ਮੇਰੇ ਵਰਗੇ ਸਿੱਖ ਜਦੋਂ ਗੁਰਬਾਣੀ ਸਮਝਣ ਵੱਲ ਤੁਰਦੇ ਹਨ ਤਾਂ ਛੇਤੀ ਹੀ ਭੰਬਲ ਭੂਸੇ ਵਿਚ ਪੈ ਜਾਂਦੇ ਹਨ ਕਿਉਂਕਿ ਸਹੀ ਨਾਲੋਂ ਗਲਤ ਸਮੱਗਰੀ ਜ਼ਿਆਦਾ ਹੈ ਅਤੇ ਸੌਖਿਆਂ ਹੀ ਉਪਲੱਬਧ ਹੈ। ਬਹੁਤੇ ਪ੍ਰਚਾਰਕਾਂ ਦੀਆਂ ਕਥਾਵਾਂ ਸੁਣਕੇ ਇਹ ਸਮਝ ਨਹੀਂ ਪੈਂਦੀ ਕਿ ਰਾਮ ਚੰਦਰਕ੍ਰਿਸ਼ਨ ਅਤੇ ਹੋਰ ਦੇਵਤੇ ਜੇਕਰ ਇੰਨੇ ਚੰਗੇ ਸਨ ਤਾਂ ਫਿਰ ਗੁਰੂਆਂ ਨੂੰ ਵੱਡੀਆਂ ਕੁਰਬਾਨੀਆਂ ਕਰਕੇ ਨਵਾਂ ਧਰਮ ਖੜ੍ਹਾ ਕਰਨ ਦੀ ਕੀ ਲੋੜ ਪੈ ਗਈ ਸੀਇਹ ਦੁਬਿਧਾ ਦੂਰ ਕਰਨ ਲਈ ਮੈਂ ਇਹ ਛੋਟੀ ਜਿਹੀ ਖੋਜ ਕੀਤੀ। ਜੋ ਸਮਝ ਆਇਆਤੁਹਾਡੇ ਨਾਲ ਸਾਂਝੀ ਕੀਤੀ। ਦੇਖਿਆ ਜਾਵੇ ਤਾਂ ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਲ ਸਿਧਾਂਤਾਂ ’ਤੇ 100 ਫ਼ੀਸਦੀ ਖਰੀ ਉਤਰਨ ਵਾਲੀ ਇੱਕ ਵੀ ਵਿਆਖਿਆ ਨਹੀਂ ਹੈ। ਹਾਂਇਸ ਵੱਲ ਕੁਝ ਚੰਗੇ ਉਪਰਾਲੇ ਜ਼ਰੂਰ ਸ਼ੁਰੂ ਹੋਏ ਹਨ।

ਸੋ ਦੇਵਤੇ ਲਭਦੇ-ਲਭਦੇ ਮੈਨੂੰ ਦੋ ਮੋਟੀਆਂ ਗੱਲਾਂ ਸਮਝ ਆਈਆਂ। ਪਹਿਲੀ, ਹਿੰਦੂ ਮਿਥਿਹਾਸ ਦੇ ਸਾਰੇ ਪਾਤਰ ਕੋਈ ਰੂਹਾਨੀ ਸ਼ਖ਼ਸੀਅਤਾਂ ਨਹੀਂ, ਸਗੋਂ ਮਿਥਿਹਾਸ ਅਤੇ ਜ਼ਾਲਮ ਇਤਿਹਾਸ ਦੇ ਪਾਤਰ ਹਨ, ਜਿਸ ਦੀ ਪੁਸ਼ਟੀ ਗੁਰਬਾਣੀ ਥਾਂ-ਥਾਂ ’ਤੇ ਕਰਦੀ ਹੈ, ਭੰਬਲ-ਭੂਸਾ ਕੇਵਲ ਗਲਤ ਵਿਆਖਿਆ ਕਰਨ ਵਾਲਿਆਂ ਨੇ ਹੀ ਪਾਇਆ ਹੈ। ਇਹ ਨੁਕਤਾ ਗੁਰਬਾਣੀ ਪੜ੍ਹਨ ਵੇਲੇ ਜ਼ਿਹਨ ਵਿਚ ਹੋਵੇ ਤਾਂ ਸਿਧਾਂਤਕ ਅਰਥ ਯਕੀਨਨ ਗਲਤ ਨਹੀਂ ਹੋਣਗੇ। ਦੂਜੀ, ਇਹ ਕਿ ਪੂਰੀ ਦੁਨੀਆਂ ਵਿਚ ਵਸਦਾ ਹਰ ਇੱਕ ਇਨਸਾਨ ਇੱਕੋ ਨਸਲ ਦਾ ਹੈ। ਜਿਹੜੇ ਸਿੱਖ ਆਪਣੇ ਗੋਤਾਂ, ਜਾਤਾਂ ਦੇ ਆਧਾਰ ਤੇ ਆਪਣੇ ਆਪ ਨੂੰ ਉੱਚਾ ਅਤੇ ਦੂਜੇ ਨੂੰ ਨੀਵਾਂ  ਮਹਿਸੂਸ ਕਰਦੇ ਹਨ ਉਹ ਤਕਨੀਕੀ ਰੂਪ ਵਿਚ ਬ੍ਰਾਹਮਣ ਵੱਲੋਂ ਬਣਾਏ ਵਰਨ-ਆਸ਼ਰਮ ਧਰਮ ਦੇ ਪੈਰੋਕਾਰ ਹਨ ਨਾ ਕਿ ਗੁਰੂ ਦੇ ਸਿੱਖ। ਹਜ਼ਾਰਾਂ ਸਾਲ ਪਹਿਲਾਂ ਰਹਿ ਚੁੱਕੇ ਛੋਟੇ ਮੋਟੇ ਰਾਜਿਆਂ ਨੂੰ ਅਵਤਾਰ ਜਾਂ ਦੇਵਤੇ ਮੰਨਣਾ ਅਤੇ ਕਿਸੇ ਵੀ ਇਨਸਾਨ ਨੂੰ ਨੀਚ ਆਖਣਾ, ਸਾਨੂੰ ਨਾ ਕੇਵਲ ਇਤਿਹਾਸਕ ਪੱਖੋਂ ਅਣਜਾਣ ਅਤੇ ਇਨਸਾਨੀਅਤ ਪੱਖੋਂ ਅਣਮਨੁੱਖੀ ਸਾਬਤ ਕਰਦਾ ਹੈ ਸਗੋਂ ਧਾਰਮਿਕ ਪੱਖੋਂ ਵੀ ਗੁਰੂ ਦਾ ਦੋਖੀ ਸਿੱਧ ਕਰਦਾ ਹੈ।

ਮਨਿੰਦਰ ਸਿੰਘ
terahukum@gmail.com

<Back To Articles

Leave a Reply

Your email address will not be published. Required fields are marked *