ਕੀ ਹੈ ਕਰਣ ? ਕੀ ਹੈ ਕਾਰਣ ? ਕਿਥੇ ਨੇ ਸਿੱਖ ?

ਸੁਣ ਕੇ ਅਣਸੁਣਿਆ ਕਰਨ ਦੀ ਇਸ ਤੋਂ ਵੱਡੀ ਮਿਸਾਲ ਕੋਈ ਹੋਰ ਨਹੀਂ ਹੋ ਸਕਦੀ ਕਿ ਗੁਰਬਾਣੀ ਦੇ ਕਈ ਸਬਦਿ ਐਸੇ ਨੇ ਜੋ ਬਚਪਨ ਤੋਂ ਅਸੀਂ ਸੁਣਦੇ ਆ ਰਹੇ ਹਾਂ ਪਰ ਜਿੰਦਗੀ ਭਰ ਉਹੀ ਸਭ ਕਰਦੇ ਰਹੇ ਜੋ ਉਹਨਾਂ ਸ਼ਬਦਾਂ ਵਿਚ ਖਾਰਜ ਕਰ ਦਿਤਾ ਗਿਆ ਹੈ। ਇਸ ਲੇਖ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਵਲੋਂ ਪੰਨਾ 855 ਉਪਰ ਦਰਜ ਖੂਬਸੂਰਤ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਤੋਂ ਜਦੋਂ ਇਹ ਸ਼ਬਦ ਸੁਣੀਏ ਤਾਂ ਇਹ ਕੰਨਾਂ ਤੋਂ ਅੱਗੇ ਵੱਧ ਕੇ ਹਿਰਦੇ ਦੀਆਂ ਬਰੂਹਾਂ ਤੋਂ ਪਾਰ ਹੋ ਜਾਵੇ।

ਰਾਮਕਲੀ ਮਹਲਾ ੫ ॥ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ਕਿਰਪਾ ਧਾਰਿ ਰਹੀਮ ॥੧॥ ਰਹਾਉ ॥ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥ ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥ {ਪੰਨਾ 885}

ਇਸ ਸ਼ਬਦ ਦੀ ਬਣਤਰ ਪਾਤਸ਼ਾਹ ਨੇ ਇਸ ਤਰਾਂ ਬਣਾਈ ਹੈ ਕਿ ਸਬਦਿ ਦਾ ਵਿਸ਼ਾ ਰਹਾਉ ਦੇ ਸਲੋਕ ਵਿਚ ਰੱਖਿਆ ਹੈ ਅਤੇ ਵਿਸ਼ੇ ਸਬੰਧੀ, ਸਿੱਖੀ ਵਲੋਂ ਖਾਰਜ ਪੁਰਾਣੀਆਂ ਰਵਾਇਤਾਂ ਪਹਿਲੇ 4 ਸਲੋਕਾਂ ਵਿਚ ਅਤੇ ਆਪਣਾ ਫੈਸਲਾ ਗੁਰੂ ਸਾਹਿਬ ਨੇ ਪੰਜਵੇਂ ਤੇ ਆਖਰੀ ਸਲੋਕ ਵਿਚ ਫਰਮਾਇਆ ਹੈ। ਇਸ ਲਈ ਆਪਾਂ ਪਹਿਲਾਂ ਰਹਾਉ ਦਾ ਸਲੋਕ ਵਿਚਾਰਾਂਗੇ ਅਤੇ ਫਿਰ ਇਕ-ਇਕ ਕਰਕੇ ਪੰਜੇ ਸਲੋਕ।

ਕਾਰਣ ਕਰਣ ਕਰੀਮ ॥ਕਿਰਪਾ ਧਾਰਿ ਰਹੀਮ ॥੧॥ ਰਹਾਉ ॥

ਕਾਰਣ= ਮੂਲ/ਜੜ, ਤਰੀਕਾ/ਵਿਧੀ; ਕਰਣ= Final Output/ਉਤਪਤ, ਟੀਚਾ, ਅਕਾਲ ਪੁਰਖ ਨਾਲ ਮੇਲ; ਕਰੀਮ= ਕਰਮ ਕਰਨ ਵਾਲਾ (ਅਕਾਲ ਪੁਰਖ); ਕਿਰਪਾ= ਬਖਸ਼ਿਸ਼, ਅਕਾਲ ਪੁਰਖ ਨਾਲ ਮੇਲ ਹੋ ਜਾਣਾ; ਧਾਰਿ= ਧਾਰਨ ਕਰਨ ਵਾਲਾ, ਕਿਰਪਾ ਕਰ ਸਕਣ ਵਾਲਾ; ਰਹੀਮ= ਰਹਿਮ ਵਾਲਾ (ਅਕਾਲ ਪੁਰਖ)

ਅਰਥ: ਅਕਾਲ ਪੁਰਖ ਨਾਲ ਮੇਲ ਹੀ ਮੰਜਿਲ (ਕਰਣ) ਹੈ, ਭਾਵ ਸਚਿਆਰ ਹੋ ਜਾਣਾ। ਤੇ ਓਹੀ ਮੰਜਿਲ ‘ਤੇ ਪਹੁੰਚਣ ਦਾ ਜ਼ਰੀਆ (ਕਾਰਣ) ਭਾਵ ਹੁਕਮ। ਉਸਦੇ ਰਹਿਮ ਸਦਕਾ ਹੀ ਉਸਦੀ ਕਿਰਪਾ ਹੁੰਦੀ ਹੈ ਭਾਵ ਉਸ ਨਾਲ ਮੇਲ ਹੁੰਦਾ ਹੈ।

ਭਾਵ: ਜ਼ਿਆਦਾ ਤਰ ਵਿਆਖਿਆਵਾਂ ਵਿਚ ‘ਕਰਣ’ ਤੋਂ ਭਾਵ ‘ਸ੍ਰਿਸ਼ਟੀ ਦੀ ਰਚਨਾ’ ਲਿਆ ਗਿਆ ਹੈ। ਪਰ ਜੇ ਆਪਾਂ ਸਬਦਿ ਦੇ ਬਾਕੀ ਸਲੋਕ ਪੜਾਂਗੇ ਤਾਂ ਦੇਖਾਂਗੇ ਕਿ ਸ੍ਰਿਸ਼ਟੀ ਦੀ ਰਚਨਾ ਦੀ ਕੋਈ ਗੱਲ ਇਥੇ ਹੋ ਹੀ ਨਹੀਂ ਰਹੀ। ਪੂਰੀ ਗੁਰਬਾਣੀ ਅਤੇ ਇਸ ਸਬਦਿ ਦਾ ਵਿਸ਼ਾ ਹੈ ਉਸ ਅਕਾਲ ਪੁਰਖ ਨਾਲ ਮੇਲ ਕਰਨ ਦਾ, ਸਚਿਆਰ ਬਣਨ ਦਾ ਅਤੇ ਗੱਲ ਹੋ ਰਹੀ ਉਹ ਮੇਲ ਕਰਨ ਲਈ ਵਰਤੇ ਜਾਂਦੇ ਢੰਗ ਤਰੀਕਿਆਂ ਦੀ। ਜਿਸਨੂੰ ਇਥੇ ‘ਕਾਰਣ’ ਕਿਹਾ ਗਿਆ ਹੈ। ਉਹ ਕਾਰਨ ਜਿਸ ਨਾਲ ਉਸ ਅਕਾਲ ਪੁਰਖ ਨਾਲ ਮੇਲ ਬਣ ਸਕੇ। ਇਸ ਸ਼ਬਦ ਵਿਚ ਪਾਤਸ਼ਾਹ ਕਹਿ ਰਹੇ ਹਨ ਕਿ ਤੂੰ ਹੀ ਕਰਣ ਹੈ ਤੇ ਤੂੰ ਹੀ ਕਾਰਣ। ਕਰਣ ਆਪਾਂ ਸਮਝ ਲਿਆ ਕਿ ਉਸ ਨਾਲ ਹੋਣ ਵਾਲੇ ਮੇਲ ਨੂੰ, ਕਰਣ ਕਿਹਾ ਗਿਆ ਹੈ। ਪਰ ਓਹੀ ਇਸ ਮੇਲ ਦਾ ਕਾਰਣ ਹੈ, ਇਸ ਦਾ ਭਾਵ ਕਿ ਤੇਰੇ ਬਣਾਏ ਹੁਕਮੁ ਉਪਰ ਚੱਲਕੇ ਹੀ ਕਰਣ (ਆਖਰੀ ਟੀਚਾ) ਤੱਕ ਮੈਂ ਪਹੁੰਚ ਸਕਦਾ ਹਾਂ।ਜਦੋਂ ਤੇਰੇ ਹੁਕਮੁ ਤੇ ਚੱਲਣ ਬਗੈਰ ਕੋਈ ਹੋਰ ਤਰੀਕਾ ਹੈ ਹੀ ਨਹੀਂ ਤਾਂ ਤੂੰ ਹੀ ‘ਕਾਰਣ’ ਹੋਇਆ। ਇਹ ਤੇਰੀ ਰਹਿਮਤ ਹੀ ਹੈ ਕਿ ਤੂੰ ਮੈਨੂੰ ਏਨੇ ਜੋਗਾ ਬਣਾਇਆ (ਏਨੀ Capacity/ਸਮਰੱਥਾ ਦਿਤੀ) ਕਿ ਮੈਂ ਤੇਰੇ ਨਾਲ ਜੁੜ ਸਕਾਂ। ਕਰੋੜਾਂ ਹੋਰ ਜੀਵ, ਜਾਨਵਰ ਇਸ ਗ੍ਰਹਿ ਉਪਰ ਮੇਰੇ ਤੋਂ (ਇਨਸਾਨ ਤੋਂ) ਪੁਰਾਣੇ ਹਨ ਜੋ ਅਜਿਹਾ ਕਰਨ ਦੇ ਕਾਬਿਲ ਨਹੀਂ। ਤੂੰ ਚਾਹੁੰਦਾ ਤਾਂ ਮੈਂ ਵੀ ਉਹਨਾਂ ਵਾਂਗ ਇਸ ਕਾਬਲੀਅਤ ਤੋਂ ਸੱਖਣਾ ਹੁੰਦਾ।

ਰਹਾਉ ਦੇ ਸਲੋਕ ਤੋਂ ਬਾਅਦ ਬਾਕੀ ਦੇ 5 ਸਲੋਕਾਂ ਵੱਲ ਚਲਦੇ ਹਾਂ। ਪਹਿਲੇ ਚਾਰ ਸਲੋਕਾਂ ਵਿਚ ਗੁਰੂ ਸਾਹਿਬ ਦੱਸਣਗੇ ਉਹ ਤਰੀਕੇ ਜੋ ਹੋਰ ਧਰਮਾਂ ਦੇ ਲੋਕ (ਤੇ ਅੱਜ ਕੱਲ ਸਿੱਖ ਵੀ) ਅਕਾਲ ਪੁਰਖ ਨਾਲ ਮੇਲ ਲਈ ਵਰਤਦੇ ਆ ਰਹੇ ਨੇ। ਪਰ ਇਹ ਤਰੀਕੇ ਗੁਰੂ ਵੱਲੋਂ ਖਾਰਜ ਕੀਤੇ ਹੋਏ ਹਨ। ਇਹ ਪੜ ਕੇ ਕਈਆਂ ਨੂੰ ਝਟਕਾ ਲਗੇਗਾ ਪਰ ਇਹੀ ਤਾਂ ਨਾਨਕ ਦੀ ਸਿੱਖੀ ਦਾ ਇਨਕਲਾਬ ਹੈ ਜਿਸ ਤੋਂ ਪਿਛਲੀਆਂ ਕਈ ਪੀੜੀਆਂ ਨਾ-ਵਾਕਿਫ ਹਨ। ਉਹ ਇਨਕਲਾਬ ਹੀ ਕਾਹਦਾ ਜਿਹੜਾ ਧੁਰ ਅੰਦਰ ਤੱਕ ਖੜਾਕਾ ਨਾ ਕਰ ਦੇਵੇ। ਖੈਰ, ਆਪਾਂ ਇਕ-ਇਕ ਕਰਕੇ ਸਾਰੇ ਸਲੋਕਾਂ ਦੀ ਵਿਆਖਿਆ ਕਰਦੇ ਹਾਂ ਅਤੇ ਨਾਲ-ਨਾਲ ਦੇਖਾਂਗੇ ਕਿ ਗੁਰੂ ਦੀ ਇਸ ਕਸਵੱਟੀ ਉਪਰ ਅੱਜ ਦੇ ਬਹੁਤੇ ਸਿੱਖ ਕਿਥੇ ਖੜੇ ਹਨ।

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥

ਅਰਥ: ਆਪਣੇ ਰੱਬ ਨੂੰ ਪਾਉਣ ਵਾਸਤੇ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਨਾਮ ਰਟਦੇ ਹਨ। ਭਾਵ: ਕਈ ਪੁਰਾਣੇ ਧਰਮਾਂ ਦੇ ਲੋਕ ਆਪਣੇ ਰੱਬ ਦਾ ਨਾਮ ਵਾਰ ਵਾਰ ਦੁਹਰਾਉਂਦੇ ਹਨ, ਰਟਦੇ ਹਨ ਅਤੇ ਮੰਨਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਖਾਸ ਨਾਮ ਦੁਹਰਾਉਣ ਨਾਲ ਉਸ ਗੁਸਾਈਂ ਜਾਂ ਅਲਾਹ ਨਾਲ ਮੇਲ ਹੋ ਜਾਵੇਗਾ। ਆਪ ਹੀ ਉਸ ਸਰਵ-ਸ਼ਕਤੀਮਾਨ ਦਾ ਕੋਈ ਨਾਮ ਰੱਖ ਲੈਣਾ ਅਤੇ ਫੇਰ ਉਸ ਨਾਮ ਦੇ ਰਟਨ ਨਾਲ ਉਸ ਨੂੰ ਵੱਸ ਵਿਚ ਕਰਨ ਦਾ ਰਿਵਾਜ਼, ਬਹੁਤੇ ਪੁਰਾਣੇ ਧਰਮਾਂ ਵਿਚ ਹੈ। ਬਸ ਰਟਨ ਵਾਲੇ ਨਾਮ ਅਲਗ-ਅਲਗ ਹਨ। ਪਰ ਪੰਜਵੇਂ ਪਾਤਸ਼ਾਹ ਇਸ ਤਰੀਕੇ ਨੂੰ ਰੱਦ ਕੀਤੇ ਹੋਏ ਤਰੀਕਿਆਂ ਵਿਚ ਸ਼ਾਮਿਲ ਕਰਦੇ ਨੇ। ਅੰਕ 555 ਉਪਰ ਗੁਰੂ ਅਮਰਦਾਸ ਜੀ ਦਾ ਇਕ ਸਬਦਿ ਇਸੇ ਨੁਕਤੇ ਦੀ ਪੁਸ਼ਟੀ ਕਰਦਾ ਹੈ: ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ (ਭਾਵ:ਕਿਸੇ ਖਾਸ ਨਾਮ ਦੇ ਰਟਨ ਨਾਲ ਉਹ ਸਰਬ-ਵਿਆਪਕ ਅਕਾਲ-ਪੁਰਖ ਨੂੰ ਪਾਇਆ ਨਹੀਂ ਜਾ ਸਕਦਾ)

ਸਿਖਾਂ ਦੀ ਸਥਿਤੀ: ਵੱਡੇ ਵੱਡੇ ਪ੍ਰਚਾਰਕਕੀਰਤਨੀਏਪਖੰਡੀ ਸਾਧਾਂ ਨੇ ਪਿਛਲੇ ਕੁਝ ਦਹਾਕਿਆਂ ਤੋਂ ਸਿਰਫ ਅਤੇ ਸਿਰਫ ਨਾਮ ਰਟਨ ਨੂੰ ਹੀ ਸਿੱਖੀ ਬਣਾ ਦਿੱਤਾ ਹੈ। ਨਾਮ ਰਟਨ ਦੇ ਵਿਸ਼ੇਸ਼ ਕੈਂਪਗੁਰਦਵਾਰਿਆਂ ਵਿਚ ਲਗਦੇ ਨੇ। ਢੰਗ ਭਾਵੇਂ ਵੱਖੋ-ਵੱਖਰੇ ਹਨਕੋਈ ਤੇਜ਼ਕੋਈ ਹੌਲੀਕੋਈ ਲਾਈਟਾਂ ਬੁਝਾ ਕੇਕੋਈ ਜਗਾ ਕੇਵਾਹਿਗੁਰੂ-ਵਾਹਿਗੁਰੂ ਰਟ ਕੇ ਹੀ ਉਸ ਅਕਾਲ ਪੁਰਖ ਨੂੰ ਵੱਸ ਵਿਚ ਕਰਨ ਦੀ ਕੋਸ਼ਿਸ਼ ਚ ਲਗਿਆ ਹੋਇਆ ਹੈ। ਅਜਿਹਾ ਕਰਕੇ ਸਿੱਖਾਂ ਨੇ ਸਿੱਖੀ ਨੂੰ ਵੀ ਪੁਰਾਣੇ ਧਰਮਾਂ ਦੀ ਕਤਾਰ ਵਿਚ ਹੀ ਖੜ੍ਹਾ ਕਰ ਦਿਤਾ। ਬਸ ਫਰਕ ਇਹੀ ਰਹਿ ਗਿਆ ਕਿ ਜੇ ਕੋਈ ਰਾਮ-ਰਾਮ ਜਾਂ ਖੁਦਾ-ਖੁਦਾ ਕਹਿੰਦਾ ਹੈ ਤਾਂ ਸਿੱਖ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਪਏ।

ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥

ਅਰਥ: ਕੋਈ ਤੀਰਥਾਂ ਤੇ ਜਾਕੇ ਪੂਜਾ ਕਰਦਾ ਹੈ ਤੇ ਕੋਈ ਹੱਜ ਤੇ ਜਾ ਕੇ ਸਿਰ ਨਵਾਉਂਦਾ ਹੈ।

ਭਾਵ: ਬਹੁਤੇ ਧਰਮਾਂ ਦੇ ਲੋਕ, ਅੰਤਹੀਣ ਬ੍ਰਹਿਮੰਡ ਦੇ ਇਕ ਬੇਹੱਦ ਮਾਮੂਲੀ ਜਿਹੇ ਪ੍ਰਿਥਵੀ ਨਾਮਕ ਗ੍ਰਹਿ ਉਪਰ, ਕੁਝ ਛੋਟੇ ਛੋਟੇ ਸਥਾਨ ਚਿਨਹਿਤ ਕਰ ਲੈਂਦੇ ਹਨ ਕਿ ਇਹ ਬਾਕੀ ਧਰਤੀ ਨਾਲੋਂ ਜ਼ਿਆਦਾ ਪਵਿੱਤਰ ਹਨ। ਕਿਸੇ ਲਈ ਤੀਰਥ ਅਤੇ ਕਿਸੇ ਲਈ ਹੱਜ, ਕਿਸੇ ਲਈ ਕੋਈ ਪਰਬਤ ਤੇ ਕਿਸੇ ਲਈ ਕੋਈ ਦਰਿਆ ਜਾਂ ਸਰੋਵਰ ਐਸੀ ਜਗ੍ਹਾ ਹੈ ਜਿਥੇ ਸਿਰਫ ਪਹੁੰਚਣ ਨਾਲ ਹੀ ਜਾਂ ਓਥੇ ਜਾਕੇ ਕੋਈ ਕਰਮ ਕਾਂਡ ਕਰਨ ਨਾਲ ਉਹ ਰੱਬ ਦੇ ਨੇੜੇ ਹੋ ਜਾਣਗੇ। ਖਾਤੇ ਵਿਚ ਲਿਖੇ ਪਾਪ ਖ਼ਤਮ ਹੋ ਜਾਣਗੇ ਜਾ ਘਟ ਜਾਣਗੇ, ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ, ਦੁੱਖ ਦੂਰ ਹੋ ਜਾਣਗੇ।

ਕੋਈ ਖਾਸ ਵਿਧੀ ਰਾਹੀਂ ਆਪੋ ਕਲਪੇ ਰੱਬ ਦੀਆਂ ਮੂਰਤੀਆਂ ਬਨਾਉਣਾ, ਦੁੱਧ/ਕੱਚੀ ਲੱਸੀ ਨਾਲ ਉਸਨੂੰ ਧੋਣਾ, ਮੂਰਤੀਆਂ ਨੂੰ ਖਾਸ ਸਾਜੋ ਸਮਾਨ ਨਾਲ ਸਜਾਉਣਾ, ਉਹਨਾਂ ਦੀ ਖਾਸ ਪ੍ਰਕ੍ਰਿਆ ਨਾਲ ਪੂਜਾ ਕਰਨਾ; ਸਿਰ ਨਿਵਾਉਣ ਵੇਲੇ ਵਿਸ਼ੇਸ਼ ਰੂਪ ਦੇ, ਵਿਸ਼ੇਸ਼ ਰੰਗ ਦੇ, ਕਪੜੇ ਪੌਣੇ, ਵੱਖੋ-ਵੱਖਰੇ ਢੰਗਾਂ ਨਾਲ ਉਸ ਸਥਾਨ ਦੀ ਪਰਿਕਰਮਾ ਕਰਨਾ ਆਦਿ ਰੱਬ ਪਾਉਣ ਦੇ ਪੁਰਾਣੇ ਤਰੀਕਿਆਂ ਵਿਚ ਸ਼ਾਮਿਲ ਹਨ। ਪਰ ਇਹ ਸਾਰਾ ਕਰਮ ਕਾਂਡ ਗੁਰੂ ਪਾਤਸ਼ਾਹ ਖਾਰਜ ਕਰਦੇ ਹੋਏ ਅਗੇ ਵੱਧਦੇ ਹਨ।

ਸਿਖਾਂ ਦੀ ਸਥਿਤੀ: ਕੀ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ5 ਤਖ਼ਤ ਤੇ ਕਈ ਖਾਸ ਗੁਰਦਵਾਰਿਆਂ ਨੂੰ ਤੀਰਥ ਨਹੀਂ ਬਣਾ ਲਿਆ ਓਥੇ ਜਾਕੇ ਸਰੋਵਰਾਂ ਵਿਚ ਨਹਾਉਣਾਸਰੋਵਰਾਂ ਦਾ ਪਾਣੀ ਬੋਤਲਾਂ ਵਿਚ ਭਰਕੇ ਲਿਉਣਾਸੁੱਖਾ ਸੁਖਣਾ ਤੇ ਹੋਰ ਬਹੁਤ ਕੁਛ। ਗੁਰਦਵਾਰੇ ਵਿਚ ਪਹਿਲਾਂ ਮੱਥਾਗੁਰੂ ਗਰੰਥ ਸਾਹਿਬ ਦੇ ਸਿਰਫ ਅੱਗੇ ਟੇਕਦੇ ਸੀ ਪਰ ਕੁਝ ਸਾਲਾਂ ਤੋਂ ਬਹੁਤੇ ਸਿੱਖ ਗੁਰੂ ਗਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਨ ਤੇ ਫਿਰ ਪ੍ਰਕਰਮਾ ਕਰਦੇ ਹੋਏ ਪਿੱਛੇ ਵੀ ਮੱਥਾ ਟੇਕਦੇ ਹਨ। ਕੀ ਇਹ ਕਰਮ ਕਾਂਡ ਨਹੀਂ ਸਿੱਖਾਂ ਦੇ ਕਈ ਗੁਰਦਵਾਰਿਆਂ ਵਿਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਆਰਤੀ/ਪੂਜਾ ਵੀ ਹੋਣ ਲੱਗ ਗਈ ਹੈ। ਇਸ ਤੋਂ ਵੱਧ ਗੁਰੂ ਦੇ ਸਿਧਾਂਤਾਂ ਦੀ ਬੇ-ਅਦਬੀ ਹੋਰ ਕੀ ਹੋ ਸਕਦੀ ਹੈ। ਸਾਡੇ ਲਈ ਤੀਰਥ ਸਿਰਫ ਗੁਰੂ ਦੀ ਸਿਖਿਆ ਨਾਲ ਆਪਣੇ ਅੰਦਰ ਦੀ ਮੈਲ ਧੋਣਾ ਅਤੇ ਰਬੀ ਗੁਣ ਪੈਦਾ ਕਰਨਾ ਹੈ। ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ (ਭਾਵ: ਮੈਂ ਵੀ ਤੀਰਥ ਨਹਾਂਉਦਾ ਹਾਂ ਪਰ ਮੇਰੇ ਲਈ ਤੀਰਥਸਬਦਿ ਵਿਚਾਰ ਨਾਲ ਗਿਆਨ ਪ੍ਰਾਪਤ ਕਰਨਾ ਹੈ। ਮੇਰੇ ਲਈ ਤੀਰਥ ਆਪਣੇ ਅੰਦਰ ਰੱਬੀ ਗੁਣ ਪੈਦਾ ਕਰਨਾ ਹੈ)

ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥

ਅਰਥ: ਕਿਸੇ ਲਈ ਖਾਸ ਪੁਸ਼ਾਕ ਤੇ ਧਾਰਮਿਕ ਕਿਤਾਬਾਂ ਦੀ ਪੜਾਈ ਹੀ ਰੱਬ ਤਕ ਪਹੁੰਚਣ ਦਾ ਵਸੀਲਾ ਹੈ।

ਭਾਵ: ਦੁਨੀਆ ਦੇ ਹਰ ਧਰਮ ਦਾ ਇਕ ਖਾਸ ਪਹਿਰਾਵਾ ਹੈ। ਤੇ ਉਹ ਪਹਿਰਾਵਾ ਪਾਉਣ ਵਾਲੇ ਨੂੰ ਦੂਸਰੇ ਮਨੁੱਖ ਨਾਲੋਂ ਜ਼ਿਆਦਾ ਇੱਜ਼ਤ ਮਿਲਦੀ ਹੈ। ਫਿਰ ਚਾਹੇ ਧਾਰਮਿਕ ਗੁਣਾ ਪੱਖੋਂ ਉਹ ਬਿਲਕੁਲ ਕੋਰਾ ਹੀ ਕਿਉਂ ਨਾ ਹੋਵੇ। ਇਹੀ ਹਾਲ ਧਾਰਮਿਕ ਕਿਤਾਬਾਂ ਦਾ ਪਾਠ ਕਰਨ ਵਾਲੇ ਮਨੁੱਖਾਂ ਦਾ ਹੁੰਦਾ ਹੈ। ਆਮ ਲੋਕਾਂ ਤੋਂ ਇਲਾਵਾ ਉਹਨਾਂ ਨੂੰ ਖੁਦ ਵੀ ਇਹ ਲੱਗਣ ਲੱਗ ਜਾਂਦਾ ਹੈ ਕਿ ਅਸੀਂ ਦੂਜਿਆਂ ਨਾਲੋਂ ਵੱਖ ਹਾਂ, ਬਿਹਤਰ ਹਾਂ, ਰੱਬ ਦੇ ਖਾਸ ਬੰਦੇ ਹਾਂ। ਪਰ ਗੁਰੂ ਸਾਹਿਬ ਇਹਨਾਂ ਕੰਮਾਂ ਨੂੰ ਵੀ ਖਾਰਜ ਕੀਤੇ ਕੰਮਾਂ ਦੀ ਸੂਚੀ ਵਿਚ ਹੀ ਪਾ ਰਹੇ ਹਨ। ਇਹ ਲੇਖ ਪੜ ਰਹੇ ਬਹੁਤ ਜਣੇ ਇਹ ਸੋਚ ਰਹੇ ਹੋਣਗੇ ਕਿ ਧਾਰਮਿਕ ਕਿਤਾਬਾਂ ਜਾਂ ਗਰੰਥ ਪੜਨ ਵਿਚ ਕੀ ਬੁਰਾਈ ਹੈ। ਬੁਰਾਈ ਕੋਈ ਨਹੀਂ, ਪਰ ਸਿੱਖੀ ਕਰਮ ਕਾਂਡਾਂ ਦਾ ਨਾਮ ਨਹੀਂ, ਸਿੱਖੀ ਵਿਚ ਅਮਲ ਜਰੂਰੀ ਹੈ। ਪੜਨਾ, ਫਿਰ ਸਮਝਣਾ, ਫਿਰ ਉਸ ਵਿਚ ਵਿਸ਼ਵਾਸ ਕਰਨਾ, ਉਸ ਉਪਰ ਚਲਣ ਲਈ ਮੁਸ਼ੱਕਤ ਕਰਨਾ ਅਤੇ ਫਿਰ ਉਹ ਬਣ ਜਾਣਾ ਹੀ ਸਿੱਖੀ ਹੈ। ਨਾਨਕ ਪਾਤਸ਼ਾਹ ਦਾ ਇਹ ਸਲੋਕ ਇਸ ਨੁਕਤੇ ਨੂੰ ਹੋਰ ਪੁਖਤਾ ਕਰ ਦਿੰਦਾ ਹੈ:

ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ {ਪੰਨਾ 467} (ਭਾਵ: ਸਿਰਫ ਮਨ ਦੇ ਪੱਧਰ ਉਪਰ ਉਸ ਕਰਤਾਰ ਬਾਰੇ ਕੀਤੀ ਹੋਈ ਵਿਚਾਰ ਹੀ ਕੰਮ ਆਵੇਗੀ, ਬਾਕੀ ਚਾਹੇ ਤੂੰ ਗਰੰਥ ਪੜ ਪੜ ਕੇ ਗੱਡੇ ਲੱਧ ਦੇ, ਚਾਹੇ ਟੋਏ ਭਰ ਦੇ, ਇਸ ਨਾਲ ਸਿਰਫ ਤੇ ਸਿਰਫ ਹਉਮੈਂ ਦੀ ਪੰਡ ਹੀ ਇਕੱਠੀ ਹੁੰਦੀ ਹੈ।)

ਸਿੱਖਾਂ ਦੀ ਸਥਿਤੀ:  ਪਰ ਅੱਜ ਦੇ ਸਿੱਖਾਂ ਵਿਚ ਗੁਰਬਾਣੀ ਸਮਝਣ ਅਤੇ ਗੁਰਬਾਣੀ ਨੂੰ ਆਪਣੀ ਸੋਚ ਦਾ ਅਧਾਰ ਬਨਾਉਣ ਦੀ ਖਿੱਚ ਨਾਮਾਤਰ ਹੈ। ਵੱਡੀ ਤਾਦਾਦ ਅਜੇ ਸਿਰਫ ਪਾਠ ਕਰਕੇ ਗੁਰੂ ਤੋਂ ਕੁਛ ਦੁਨਿਆਵੀ ਮੰਗਾਂ ਪੂਰੀਆਂ ਕਰਵਾਉਣ ਤੇ ਹੀ ਖੜੀ ਹੈ। ਪਰ ਬਹੁ-ਗਿਣਤੀ ਤਾਂ ਪੈਸੇ ਦੇ ਕੇ ਹੀ ਪਾਠ ਕਰਵਾਉਣ ਵਿਚ ਵਿਸ਼ਵਾਸ ਕਰਦੀ ਹੈ। ਤਾਂ ਹੀ ਅੱਜ ਘਰੇ ਅਖੰਡ ਪਾਠ ਕਰਵਾ ਲੈਣਾ ਸ਼ਾਇਦ ਸਭ ਤੋਂ ਵੱਡਾ ਧਾਰਮਿਕ ਕੰਮ ਮੰਨਿਆ ਜਾਂਦਾ ਹੈ। ਹਜਾਰਾਂ ਸੁਖਮਨੀ ਸਾਹਿਬ ਸੋਸਾਇਟੀਆਂਲੱਖਾਂ ਬਾਰਇਕੋ ਬਾਣੀ ਦਾ ਪਾਠਬਿਨਾ ਕਿਸੇ ਵਿਚਾਰ ਦੇ ਕਰ ਰਹੀਆਂ ਹਨ।
ਪਹਿਰਾਵੇ ਬਾਰੇ ਗੱਲ ਕਰੀਏ ਤਾਂ ਕਿਸੇ ਵੀ ਗੁਰਦਵਾਰੇ ਵਿਚ ਜੇ ਇਕ ਬੰਦੇ ਦੀ ਖੁੱਲੀ ਲੰਬੀ ਦਾੜੀ ਹੈਪੱਗ ਬੰਨਦਾ ਹੈ ਪਰ ਗੁਰਬਾਣੀ ਦੇ ਇਕ ਸਲੋਕ ਤੱਕ ਦੀ ਵਿਚਾਰ ਕਰਨ ਦੇ ਕਾਬਿਲ ਨਹੀਂ ਤਾਂ ਵੀ ਉਸਦੀ ਬਤੌਰ ਸਿੱਖ ਲੱਖ ਗੁਣਾ ਵੱਧ ਇੱਜਤ ਹੈ ਮੁਕਾਬਲੇ ਉਸ ਵਿਅਕਤੀ ਦੇ ਜਿਸਦੀ ਦਾੜੀ ਜਾਂ ਬਾਲ ਕੱਟੇ ਹੋਏ ਹਨ ਪਰ ਗੁਰਬਾਣੀ ਦੇ ਅਰਥ ਬਾਖੂਬੀ ਕਰ ਸਕਦਾ ਹੈ।

ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥

ਅਰਥ: ਫਿਰਕਿਆਂ ਵਿਚ ਵੰਡੀ ਮਨੁੱਖਤਾ, ਮਰਨ ਤੋਂ ਬਾਅਦ ਦੀ ਕਾਲਪਨਿਕ ਦੁਨੀਆ ਦੀ ਆਸ ਵਿਚ ਜਿਉਂਦੀ ਹੈ।

ਭਾਵ: ਬਹੁਤੇ ਧਾਰਮਿਕ ਕੰਮ ਸਿਰਫ ਇਸ ਲਈ ਕੀਤੇ ਜਾਂਦੇ ਹਨ ਕਿ ਇਸ ਦਾ ਫਲ ਮੈਨੂੰ ਅਗਲੇ ਜਨਮ ਵਿਚ ਮਿਲੇਗਾ। ਗਰੀਬ ਨੂੰ ਜੇ ਕਦੇ ਰੋਟੀ ਦਿਤੀ, ਡਿੱਗੇ ਹੋਏ ਨੂੰ ਜੇ ਕਦੇ ਸਹਾਰਾ ਦਿਤਾ ਤਾਂ ਬਹੁਤੀ ਬਾਰ ਸਿਰਫ ਇਸ ਲਈ ਕਿ ਮਰਨ ਤੋਂ ਬਾਅਦ ਇਕ ਖਾਸ ਜਗਾਹ ਉਪਰ ਪਹੁੰਚਣ ਦੀ ਲਾਲਸਾ ਹੈ। ਕੋਈ ਉਸਨੂੰ ਬਹਿਸ਼ਤ, ਕੋਈ ਸਵਰਗ, ਕੋਈ ਪੈਰਾਡਾਈਸ, ਕੋਈ ਸੁਰਗਿੰਦੂ (ਇੰਦਰ ਦਾ ਸਵਰਗ) ਆਖਦਾ ਹੈ। ਹਰ ਧਰਮ ਨੇ ਆਪਣੇ ਸਵਰਗਾਂ ਦਾ ਮਾਹੌਲ/ਨਜ਼ਾਰੇ ਵੀ ਆਪਣੀ ਕਲਪਨਾ ਮੁਤਾਬਿਕ ਮਿਥੇ ਹੋਏ ਹਨ। ਇਥੇ ਇਕ ਹੋਰ ਮਾਨਤਾ ਵੀ ਹੈ ਕਿ ਇਸ ਸ੍ਰਿਸ਼ਟੀ ਦਾ ਮਾਲਿਕ ਉਸੇ ਸਵਰਗ, ਬਹਿਸ਼ਤ ਵਿਚ ਰਹਿੰਦਾ ਹੈ ਅਤੇ ਉਸ ਨਾਲ ਮਿਲਣਾ ਮਰਨ ਤੋਂ ਬਾਅਦ ਹੀ ਹੋ ਸਕਦਾ ਹੈ।

ਗੁਰੂ ਪਾਤਸ਼ਾਹ ਨੇ ਇਸ ਸੋਚ ਨੂੰ ਵੀ ਇਥੇ ਰੱਦ ਸੂਚੀ ਵਿਚ ਇਸ ਲਈ ਪਾਇਆ ਕਿਓਂਕਿ ਸਿੱਖੀ ਸਿਰਫ ਇਸੇ ਜਨਮ ਦੀ ਗੱਲ ਕਰਦੀ ਹੈ। ਇਸੇ ਜਨਮ ਵਿਚ ਮਨ ਨੂੰ ਜਕੜਨ ਵਾਲੇ ਬੰਧਨਾਂ ਤੋਂ ਮੁਕਤੀ ਦਵਾਕੇ, ਇਸੇ ਜਨਮ ਨੂੰ ਸਵਰਗ ਬਣਾਉਣ ਦਾ ਰਸਤਾ ਦਿਖਾਉਂਦੀ ਹੈ। ਮਰਨ ਤੋਂ ਬਾਅਦ ਦੀ ਦੁਨੀਆਂ ਦੀ ਕੋਈ ਲਾਲਸਾ ਨਹੀਂ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥ {ਪੰਨਾ 969} (ਭਾਵ: ਨਾ ਮੈਂ ਨਰਕ ਬਾਰੇ ਸੋਚਾਂ ਤੇ ਨਾ ਸਵਰਗ ਬਾਰੇ, ਜੋ ਉਸ ਅਕਾਲ ਪੱਖ ਨਾਲ ਜੁੜ ਗਿਆ ਉਸਨੇ ਦੋਹੇਂ ਰੱਦ ਕਰ ਦਿਤੇ। ਗੁਰੂ ਦੇ ਗਿਆਨ ਸਦਕਾ ਇਹ ਮੇਰੇ ਲਈ ਕੋਈ ਵਿਸ਼ਾ ਹੈ ਹੀ ਨਹੀਂ )

ਰਹੀ ਗੱਲ ਉਸ ਮਾਲਿਕ ਨਾਲ ਮਿਲਣ ਦੀ ਤਾਂ ਉਹ ਤਾਂ ਇਥੇ ਹੀ ਹੈ, ਸਾਡੇ ਅੰਦਰ ਹੀ ਹੈ। ਉਸ ਲਈ ਸਰੀਰਕ ਤੌਰ ਤੇ ਮਰਨ ਦੀ ਲੋੜ ਨਹੀਂ, ਉਸ ਨਾਲ ਜਿਉਂਦੇ ਜੀਅ ਹੀ ਮਨ ਦੇ ਪੱਧਰ ਤੇ ਜੁੜਿਆ ਜਾ ਸਕਦਾ ਹੈ ਪਰ ਖੁਦ ਮਰਨ ਦੀ ਥਾਂ ਮਾਰਨਾ ਪਵੇਗਾ ਆਪਣੇ ਵਿਕਾਰਾਂ ਨੂੰ।

ਸਿੱਖਾਂ ਦੀ ਸਥਿਤੀ: ਭਾਵੇਂ ਸਿੱਖਾਂ ਨੇ ਕੋਈ ਖਾਸ ਤਰਾਂ ਦਾ ਕਾਲਪਨਿਕ ਸਵਰਗ ਤਾਂ ਨਹੀਂ ਬਣਾਇਆ ਪਰ ਬਹੁਤੇਸਨਾਤਨ ਧਰਮ ਅਨੁਸਾਰ ਕਲਪੀਆਂ 84 ਲੱਖ ਜੂਨਾਂ ਵਿਚ ਵਿਸ਼ਵਾਸ ਕਰਦੇ ਹਨ। ਪਿਛਲੇ ਜਨਮਅਗਲੇ ਜਨਮ ਨੂੰ ਵੀ ਮੰਨਦੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਕਿਸਮਤ ਨੂੰ ਮੰਨਣ ਦੀ ਥਾਂ ਹੁਕਮੁ ਮੰਨਣ ਲਈ ਕਿਹਾ ਸੀ। ਪਰ ਅਸੀਂ ਹੁਕਮ ਤਾਂ ਸਮਝਿਆ ਹੀ ਨਹੀਂ ਸਗੋਂ ਹਰ ਅਣਚਾਹੀ ਸਥਿਤੀ ਲਈ ਜਾਂ ਤਾਂ ਕਿਸਮਤ ਨੂੰ ਜਾਂ ਫਿਰ ਰੱਬ ਨੂੰ ਹੀ ਜਿੰਮੇਵਾਰ ਮੰਨ ਲੈਂਦੇ ਹਾਂ।

ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥

ਅਰਥ: ਨਾਨਕ ਦਾ ਫਲਸਫਾ ਫਰਮਾਉਂਦਾ ਹੈ ਕਿ ਜੇ ਉਸ ਮਾਲਿਕ ਦੇ ਬਣਾਏ ਅਟੱਲ ਹੁਕਮੁ ਨੂੰ ਪਛਾਣ ਲਿਆ ਤਾਂ ਉਸ ਮਾਲਿਕ ਨਾਲ ਮਿਲਣ ਦਾ ਭੇਦ ਵੀ ਜਾਣ ਲਵੇਂਗਾ।

ਭਾਵ: ਸਭ ਖਾਰਜ ਕੀਤੇ ਢੰਗ ਤਰੀਕਿਆਂ ਦੀ ਸੂਚੀ ਦੇਣ ਤੋਂ ਬਾਅਦ ਹੁਣ ਪਾਤਸ਼ਾਹ ਆਖਰੀ ਸਲੋਕ ਵਿਚ, ਬਾਬੇ ਨਾਨਕ ਦਾ ਰਾਹ ਦੱਸਣ ਲੱਗੇ ਹਨ। ਇਸ ਆਖਰੀ ਸਲੋਕ ਵਿਚ ਐਸਾ ਨੁਕਤਾ ਹੈ ਜੋ ਸਿੱਖੀ ਨੂੰ ਹਰ ਧਾਰਮਿਕ ਵਿਚਾਰਧਾਰਾ ਤੋਂ ਵੱਖਰਾ ਕਰਦਾ ਹੈ ਤੇ ਉਹ ਹੈ ‘ਹੁਕਮੁ’। ਪਾਤਸ਼ਾਹ ਫਰਮਾਉਂਦੇ ਹਨ ਕਿ ਅਕਾਲ ਪੁਰਖ ਦਾ ਹੁਕਮੁ ਪਛਾਨਣ ਨਾਲ ਹੀ ਉਸ ਸਾਹਿਬ ਦਾ ਭੇਦ ਜਾਣਿਆ ਜਾ ਸਕਦਾ ਹੈ। ਇਸ ਗਾੜੇ ਗਿਆਨ ਨੂੰ ਹਜ਼ਮ ਕਰਨ ਲਈ ਕੁਲ ਤਿੰਨ ਨੁਕਤੇ ਸਮਝਣੇ ਜਰੂਰੀ ਹਨ: ਹੁਕਮੁ, ਹੁਕਮੁ ਪਛਾਣਨਾ ਅਤੇ ਭੇਦ ਜਾਨਣਾ।

ਭੇਦ ਜਾਨਣ ਤੋਂ ਭਾਵ ਉਹ ਤਰੀਕਾ ਜਿਸ ਨਾਲ ਉਸ ਮਾਲਿਕ ਦੀ ਹਸਤੀ ਬਾਰੇ ਇਕ ਸਮਝ ਬਣ ਸਕੇ, ਤੇ ਉਸ ਨਾਲ ਇਕ ਹੋਇਆ ਜਾ ਸਕੇ, ਉਸ ਪ੍ਰਤੀ ਰੋਸ/ਟਕਰਾਵ ਖਤਮ ਹੋ ਸਕੇ, ਸਦੀਵੀਂ ਖ਼ੇੜੇ ਦਾ ਅਹਿਸਾਸ ਕੀਤਾ ਜਾ ਸਕੇ। ਐਸੇ ਰਾਹਾਂ ਉਪਰ ਤੁਰਨ ਤੋਂ ਬਚਿਆ ਜਾ ਸਕੇ ਜੋ ਕਿਤੇ ਨਹੀਂ ਪਹੁੰਚਦੇ।

ਹੁਕਮੁ ਦੀ ਗੱਲ ਕਰੀਏ ਤਾਂ ਗੁਰਮਤਿ ਦੀ ਅਸਲੀ ਕੁੰਜੀ ਹੀ ਹੁਕਮੁ ਹੈ। ਹੁਕਮੁ ਨਾਲ ਹੀ ਸਚਿਆਰ (ਰੱਬੀ ਗੁਣਾਂ ਵਾਲਾ ਮਨੁੱਖ) ਬਣਿਆ ਜਾ ਸਕਦਾ ਹੈ, ਇਹ ਐਲਾਨ ਪਾਤਸ਼ਾਹ ਨੇ ਜਪੁ ਬਾਣੀ ਦੀ ਪਹਿਲੀ ਪੌੜੀ ਵਿਚ ਹੀ ਕਰ ਦਿੱਤਾ ਹੈ। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਅਕਾਲ ਪੁਰਖ ਦੇ ਬਣਾਏ ਹੁਕਮੁ ਅਨੁਸਾਰ ਹੀ ਪੂਰੀ ਸ੍ਰਿਸ਼ਟੀ ਬਣੀ ਹੈ ਤੇ ਚੱਲ ਰਹੀ ਹੈ ਜਿਸ ਨੂੰ ਅਸੀਂ ਕੁਦਰਤੀ ਨਿਯਮ ਵੀ ਕਹਿ ਸਕਦੇ ਹਾਂ। ਇਸੇ ਤਰਾਂ ਅਕਾਲ ਪੁਰਖ ਨਾਲ ਮੇਲ ਲਈ, ਸਚਿਆਰ ਹੋਣ ਲਈ ਵੀ, ਇਕ ਕੁਦਰਤੀ ਨਿਯਮ ਹੈ, ਹੁਕਮੁ ਹੈ, ਤਰੀਕਾ ਹੈ, ਜੁਗਤ ਹੈ। ਅਸਲ ਵਿਚ ਜਪੁ ਬਾਣੀ ਉਸ ਹੁਕਮੁ ਦਾ ਨਕਸ਼ਾ ਹੈ ਤੇ ਪੂਰੀ ਗੁਰਬਾਣੀ ਉਸੇ ਹੁਕਮੁ ਦੀ ਤਫ਼ਸੀਲ।

ਸੋ ਹੁਕਮੁ ਪਛਾਨਣ ਤੋਂ ਭਾਵ ਸ੍ਰਿਸ਼ਟੀ ਵਿਚ, ਆਮ ਜਿੰਦਗੀ ਵਿਚ, ਰਿਸ਼ਤਿਆਂ ਵਿਚ, ਉਸ ਮਾਲਿਕ ਦੀ ਬਣਾਈ ਹਰ ਚੀਜ਼ ਵਿਚ, ਆਪਣੇ ਆਪ ਵਿਚ, ਹੁਕਮੁ ਵਰਤਦਾ ਦੇਖਣਾ, ਉਸ ਦਾ ਅਹਿਸਾਸ ਕਰਨਾ। ਪਾਤਸ਼ਾਹ ਵਲੋਂ ਸਚਿਆਰ ਬਣਨ ਦੇ ਹੁਕਮੁ ਨੂੰ ਸਮਝਕੇ ਉਸ ਉਪਰ ਚਲਣਾ ਤੇ ਜਿਉਂਦੇ ਜੀਅ ਸਚਖੰਡ (ਸਚ ਖੰਡਿ ਵਸੈ ਨਿਰੰਕਾਰੁ ॥) ਪਹੁੰਚਣਾ ਹੀ ਹੁਕਮੁ ਪਛਾਣਨਾ ਹੈ।

ਸਿੱਖਾਂ ਦੀ ਸਥਿਤੀ: ਹੁਕਮੁ ਤੇ ਚੱਲਣਾ ਤਾਂ ਸਿੱਖਾਂ ਦਾ ਤਾਂ ਹੋਵੇ ਜੇ ਆਮ ਸਿੱਖ ਨੂੰ ਹੁਕਮੁ ਦਾ ਨੁਕਤਾ ਕਿਸੇ ਨੇ ਸਮਝਾਇਆ ਹੋਵੇ। ਸਾਰੇ ਲੇਖ ਵਿਚ ਅਸੀਂ ਆਮ ਸਿੱਖ ਦੀ ਸਥਿਤੀ ਵਿਚਾਰੀ ਜੋ ਦੱਸਣ ਲਈ ਕਾਫੀ ਹੈ ਕਿ ਬਹੁਤੇ ਸਿੱਖ ਅੱਜ ਹੁਕਮੁ ਦੇ ਉਲਟ ਹੀ ਖੜੇ ਹਨ। ਹੁਕਮੁ ਨੂੰ ਛੱਡ ਹਰ ਸ਼ਹਿ ਅੱਜ ਦੇ ਸਿੱਖ ਨੂੰ ਮਨਜ਼ੂਰ ਹੈ। ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥ ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥ {ਪੰਨਾ 66} ਭਾਵ: ਮੂਰਖ ਇਨਸਾਨ ਹੁਕਮੁ ਨਾ ਸਮਝਣ ਕਾਰਨ ਗਲਤ ਰਸਤਿਆਂ ਤੇ ਭਟਕ ਰਿਹਾ ਹੈ। ਹੁਕਮੁ ਨੂੰ ਛੱਡ ਮਨ ਪਿੱਛੇ ਲਗਿਆ ਹੋਇਆਹਰ ਦਿਨ ਖੱਜਲ ਖੁਆਰ ਹੋ ਰਿਹਾ ਹੈ।

ਸਾਹਿਬ ਨਾਲ ਮੇਲ ਦੇ ਤਰੀਕੇਗੁਰੂ ਵੱਲੋਂ      ਖਾਰਜ ਜਾਂ ਮਨਜ਼ੂਰਸਿੱਖਾਂ ਵੱਲੋਂ   ਖਾਰਜ ਜਾਂ ਮਨਜ਼ੂਰ
ਨਾਮ ਰਟਣੇਖਾਰਜਮਨਜ਼ੂਰ
ਤੀਰਥਾਂ ‘ਤੇ ਜਾਣਾ, ਕਰਮਕਾਂਡ ਕਰਨੇਖਾਰਜਮਨਜ਼ੂਰ
ਧਾਰਮਿਕ ਗਰੰਥ ਪੜਨੇਖਾਰਜਮਨਜ਼ੂਰ
ਖਾਸ ਧਾਰਮਿਕ ਪਹਿਰਾਵਾ/ਭੇਸਖਾਰਜਮਨਜ਼ੂਰ
ਮਰਨ ਤੋਂ ਬਾਅਦ ਸੁਰਗ, ਬਹਿਸ਼ਤ ਦੀ ਲਾਲਸਾਖਾਰਜਮਨਜ਼ੂਰ
ਹੁਕਮੁ ਅਨੁਸਾਰ ਚੱਲਣਾਮਨਜ਼ੂਰਖਾਰਜ

ਆਮ ਸਿੱਖ ਦੇ ਮਾਨਸਿਕ ਦੁੱਖ ਦਾ ਅਤੇ ਕੌਮ ਦੀ ਦੁਰਗਤ ਦਾ ਇਹੀ ਕਾਰਨ ਹੈ ਕਿ ਨਾ ਸਾਨੂੰ ‘ਕਰਣ’ ਦਾ ਪਤਾ ਹੈ ਤੇ ਨਾ ‘ਕਾਰਣ’ ਦਾ।

ਮਨਿੰਦਰ ਸਿੰਘ
11 ਨਵੰਬਰ 2023
terahukum@gmail.com

Leave a Reply

Your email address will not be published. Required fields are marked *