ਕਿਸ ਵੇਲੇ ਬੋਲਦੈ ਬਾਬੀਹਾ ?

ਜੇ ਗੁਰਬਾਣੀ ਸਮਝਣ ਲਈ ਪੜੀ ਜਾਵੇ ਤਾਂ ਇਕ ਇਕ ਸਬਦਿ ਵਿਚ ਬੇਸ਼ਕੀਮਤੀ ਨੁਕਤੇ ਭਰੇ ਪਏ ਨੇ। ਪਰ ਸਿੱਖੀ ਸਿਧਾਂਤਾਂ ਦੇ ਉਲਟ ਵਿਆਖਿਆਵਾਂ ਨੇ ਇਸ ਖਜਾਨੇ ਨੂੰ ਸਾਡੇ ਨੇੜੇ ਹੁੰਦਿਆਂ ਵੀ ਦੂਰ ਕਰ ਦਿਤਾ। ਅੱਜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਰਚੇ ਇਕ ਬੇਸ਼ਕੀਮਤੀ ਸਬਿਦ ਦੀ  ਨਾ ਸਿਰਫ ਵਿਆਖਿਆ ਕਰਾਂਗੇ ਬਲਕਿ ਅੰਤ ਵਿਚ ਇਹ ਵੀ ਨੋਟ ਕਰਾਂਗੇ ਕਿ ਸਾਨੂੰ ਇਸ ਸਬਦਿ ਵਿਚੋਂ ਕਿਹੜੇ ਕਿਹੜੇ  ਨੁਕਤੇ ਸਿੱਖਣ ਨੂੰ ਮਿਲੇ।ਸਲੋਕ ਮਃ ੩ ॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥  ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥ ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥ ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥ 

{ਪੰਨਾ 

1285}ਅੱਗੇ ਵੱਧਣ ਤੋਂ ਪਹਿਲਾਂ ਇਸ ਸਬਦਿ ਵਿਚ ਆਉਣ ਵਾਲੇ ਦੋ ਸ਼ਬਦਾਂ/ਨੁਕਤਿਆਂ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਸਮਝ ਲਿਆ ਜਾਵੇ- ਬਾਬੀਹਾ ਅਤੇ ਅੰਮ੍ਰਿਤ ਵੇਲਾ ।

ਬਾਬੀਹਾ (Indian Paradise Flycatcher) ਇਕ ਅਜਿਹਾ ਪੰਛੀ ਹੈ ਜੋ ਲੋਕ ਸਾਹਿਤ ਦਾ ਹਿੱਸਾ ਰਿਹਾ ਹੈ। ਭਾਵ ਕਿੱਸਿਆਂ ਵਿਚ, ਕਵਿਤਾਵਾਂ ਵਿਚ ਬਾਬੀਹਾ ਦਾ ਜ਼ਿਕਰ ਹੁੰਦਾ ਰਿਹਾ ਹੈ। ਜਿਸ ਪਿੱਛੇ ਇਕ ਵੱਡਾ ਕਾਰਨ ਇਸਦੀ ਬੇਹੱਦ ਸੁਰੀਲੀ ਆਵਾਜ਼ ਹੈ ਅਤੇ ਦੂਜਾ ਇਸਦਾ ਮੀਂਹ ਨਾਲ ਗਹਿਰਾ ਰਿਸ਼ਤਾ ਹੈ। ਕਿਓਂਕਿ ਇਹ ਬਰਸਾਤੀ ਜੰਗਲਾਂ ਵਿਚ ਰਹਿਣਾ ਪਸੰਦ ਕਰਦਾ ਹੈ ਅਤੇ ਮੀਹਾਂ ਦੀ ਰੁੱਤ ਵਿਚ ਇਸਦੀ ਦਿਲ ਟੁੰਬਮੀਂ ਆਵਾਜ਼ ਜ਼ਿਆਦਾ ਸੁਣਨ ਨੂੰ ਮਿਲਦੀ ਹੈ। ਇਸ ਕਾਰਨ ਇਸ ਪੰਛੀ ਨੂੰ ਲੈ ਕੇ ਦੋ ਮਿੱਥ ਬਣ ਗਏ। ਪਹਿਲਾ ਇਹ ਕਿ ਬਬੀਹਾ ਸਿਰਫ ਮੀਂਹ ਦੀਆਂ ਬੂੰਦਾਂ ਹੀ ਪੀਂਦਾ ਹੈ ਤੇ ਕਦੇ ਵੀ ਪਾਣੀ ਜ਼ਮੀਨ ਤੋਂ ਨਹੀਂ ਪੀਂਦਾ। ਦੂਜਾ ਇਹ ਕਿ ਜੋ ਇਹ ਲਗਾਤਾਰ ਅਵਾਜ਼ਾਂ ਕੱਢ ਰਿਹਾ ਹੈ, ਗਾ ਰਿਹਾ ਹੈ, ਉਹ ਅਸਲ ਵਿਚ ਉਸਦੀ ਤਿੱਖੀ ਪਿਆਸ ਹੈ ਮੀਂਹ ਦੀਆਂ ਬੂੰਦਾਂ ਲਈ, ਉਹ ਇਕ ਪੁਕਾਰ ਹੈ ਬੱਦਲਾਂ ਜਾਂ ਸ੍ਰਿਸ਼ਟੀ ਦੇ ਕਰਤੇ ਅੱਗੇ ਕਿ ਉਹ ਮੀਂਹ ਵਰਸਾਵੇ ਤਾਂਕਿ ਉਹ ਆਪਣੀ ਪਿਆਸ ਬੁਝਾ ਸਕੇ। ਇਹ ਭਾਵੇਂ ਪੂਰਾ ਸੱਚ ਨਾ ਹੋਵੇ ਪਰ ਇਸ ਦਿਲਚਸਪ ਮਿਥ ਨੂੰ ਕਵੀਆਂ ਤੇ ਰੂਹਾਨੀ ਸ਼ਕਸੀਅਤਾਂ ਨੇ ਆਪਣੀ ਗੱਲ ਕਹਿਣ ਲਈ ਅਲੰਕਾਰ ਜਾਂ ਉਧਾਹਰਣ ਦੇ ਰੂਪ ਵਿਚ ਵਰਤਿਆ।ਗੁਰੂ ਨਾਨਕ ਸਾਹਿਬ ਅਤੇ ਗੁਰੂ ਅਮਰਦਾਸ ਜੀ ਵਲੋਂ ਬਾਬੀਹੇ ਦਾ ਜ਼ਿਕਰ ਆਪਣੀ ਬਾਣੀ ਵਿਚ ਕਈ ਥਾਂ ਸਾਨੂੰ ਅਹਿਮ ਨੁਕਤੇ ਸਮਝਾਉਣ ਲਈ ਕੀਤਾ ਗਿਆ ਹੈ।ਸੋ ਬਾਬੀਹੇ ਦਾ ਗੁਰਬਾਣੀ ਵਿਚ ਭਾਵ

– ਕੁਛ ਪਾਉਣ ਦੀ ਤਿੱਖੀ ਇੱਛਾ ਰੱਖਣ ਵਾਲਾ ਮਨੁੱਖ

, ਸਚਿਆਰ ਬਣਨ ਦੀ ਤਾਂਘ ਵਾਲਾ ਦ੍ਰਿੜ ਸੰਕਲਪ ਤੇ ਕੋਸ਼ਿਸ਼ ਕਰਦਾ ਹੋਇਆ ਸਿੱਖ

ਅੰਮ੍ਰਿਤਆਮ ਤੌਰ ਤੇ ਵਿਆਖਿਆਕਾਰ ਅੰਮ੍ਰਿਤ ਵੇਲੇ ਦੀ ਵਿਆਖਿਆ ਦਿਨ ਦੇ ਇਕ ਖਾਸ ਸਮੇਂ ਵਜੋਂ ਕਰਦੇ ਨੇ (ਸਵੇਰ ਦੇ 3 ਵਜੇ ਤੋਂ 6 ਵਜੇ ਤੱਕ) ਜਿਸ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਲਈ ਬਾਕੀ ਸਮੇਂ ਨਾਲੋਂ ਉੱਤਮ ਮੰਨਦੇ ਨੇ । ਪਰ ਥੋੜਾ ਜਿਹਾ ਘੋਖਣ ਤੋਂ ਬਾਅਦ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਅੰਮ੍ਰਿਤ ਸ਼ਬਦ ਗੁਰਬਾਣੀ ਵਿਚ 

867 ਪੰਕਤੀਆਂ ਵਿਚ ਆਉਂਦਾ ਹੈ ਤੇ ਕਿਤੇ ਵੀ ਅੰਮ੍ਰਿਤ ਸ਼ਬਦ

, ਦਿਨ ਦੇ ਕਿਸੇ ਖਾਸ ਪਹਿਰ ਲਈ ਨਹੀਂ ਆਉਂਦਾ। ਜੇ ਤੁਹਾਡੇ ਧਿਆਨ ਵਿਚ ਕੋਈ ਐਸਾ ਸਬਦਿ ਹੈ ਤਾਂ ਆਪਾਂ ਚਰਚਾ ਕਰ ਸਕਦੇ ਹਾਂ ਪਰ ਮੈਨੂੰ ਅਜੇ ਤੱਕ ਕੋਈ ਐਸਾ ਸਬਦਿ ਨਹੀਂ ਮਿਲਿਆ।

ਪਹਿਲਾਂ ਅੰਮ੍ਰਿਤ ਦੇ ਅੱਖਰੀ ਅਰਥ ਦੇਖ ਲੈਂਦੇ ਹਾਂ। ਅ+ਮ੍ਰਿਤ= ਉਹ ਵਸਤ ਜੋ ਮਰਨ ਨਾ ਦੇਵੇ ।ਹੁਣ

, ‘ਅੰਮ੍ਰਿਤ

‘ ਸ਼ਬਦ ਵਾਲੀਆਂ ਕੁਝ ਪੰਕਤੀਆਂ ਦੇਖ ਲੈਂਦੇ ਹਾਂ ਤਾਂ ਕਿ ਇਸਦੇ ਸਹੀ ਅਰਥ ਸਮਝ ਸਕੀਏ :

1. ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ 
(ਗੁਰੂ ਦੀ ਬਾਣੀ ਅੰਮ੍ਰਿਤ ਹੈ ਜਿਸ ਨਾਲ ਦੁਨਿਆਵੀ ਭੁੱਖ ਮਿਟ ਜਾਂਦੀ ਹੈ ਤੇ ਸਾਡੀ ਆਤਮਿਕ ਮੌਤ ਨਹੀਂ ਹੁੰਦੀ)

2. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ 
(ਬਾਣੀ ਸਾਡਾ ਗੁਰੂ ਹੈ ਅਤੇ ਇਸ ਵਿਚ ਹੀ ਹਰ ਤਰਾਂ ਦਾ ਅੰਮ੍ਰਿਤ ਹੈ ਭਾਵ ਉਹ ਗਿਆਨ ਹੈ ਜੋ ਸਾਨੂੰ ਆਤਮਿਕ ਤੌਰ ‘ਤੇ ਮਰਨ ਨਹੀਂ ਦਿੰਦਾ )

ਸੋ ਅੰਮ੍ਰਿਤ ਦਾ ਗੁਰਬਾਣੀ ਵਿਚ ਭਾਵ – ਸਿੱਖ ਨੂੰ ਆਤਮਿਕ ਤੌਰ ‘ਤੇ ਜਿਉਂਦਾ ਰੱਖਣ ਵਾਲਾ ਗੁਰਬਾਣੀ ਦਾ ਗਿਆਨ
ਵੇਲੈ – ਕਿਸੇ ਖਾਸ ਕੰਮ ਦਾ ਸਮਾਂ ਜਿਵੇਂ ਸ਼ਾਮਾਂ ਵੇਲਾ, ਰੋਟੀ ਵੇਲਾ, ਚਾਹ ਵੇਲਾ
ਅੰਮ੍ਰਿਤ ਵੇਲੈ – ਗੁਰਬਾਣੀ ਸਮਝਣ, ਮੰਨਣ, ਆਪਣੇ ਆਪ ਤੇ ਲਾਗੂ ਕਰਨ ਅਤੇ ਗੁਰਬਾਣੀ ਬਣ ਜਾਣ ‘ਤੇ ਲਾਇਆ ਗਿਆ ਸਮਾਂ
ਬੋਲਿਆ – ਤਾਂਘ, ਕੋਸ਼ਿਸ਼
ਦਰਿ – ਅਕਾਲ ਪੁਰਖ ਦੇ ਦਰ ਉਪਰ, ਅੰਤਰ-ਆਤਮਾ
ਸੁਣੀ ਪੁਕਾਰ – ਤਾਂਘ ਰੱਖਣ ਵਾਲੀ ਵਸਤ ਦਾ ਮਿਲ ਜਾਣਾ, ਅਕਾਲ ਪੁਰਖ ਨਾਲ ਜੁੜ ਜਾਣਾ, ਸਚਿਆਰ ਹੋ ਜਾਣਾ
ਮੇਘੈ– ਬੱਦਲ, ਕਿਰਪਾ ਕਰ ਸਕਣ ਵਾਲਾ
ਕਿਰਪਾ – ਸਚਿਆਰ ਹੋ ਜਾਣਾ
ਸਚੁ – ਅਕਾਲ ਪੁਰਖ
ਉਰਿ – ਮਨ ਦਾ ਧੁਰ ਅੰਦਰ, ਅੰਤਰ-ਆਤਮਾ
ਨਾਮੇ – ਰੱਬੀ ਗੁਣ
ਤਿਖਾ – ਪਿਆਸ
ਨਦਰੀ – ਬਖਸ਼ਿਸ਼/ਕਿਰਪਾ/ਮੇਹਰ ਦੇ ਨਾਲ। ਗੁਰੂ ਦੇ ਗਿਆਨ ਦਾ ਮਨ ਅੰਦਰ ਵਸ ਜਾਣਾ ਹੀ ਗੁਰੂ ਦੀ ਨਦਰਿ ਹੈ
ਸਤਿਗੁਰੁ – ਅਕਾਲ ਪੁਰਖ ਨਾਲ ਜੋੜਨ ਵਾਲਾ ਗੁਰੂ/ਗਿਆਨ
ਸਾਹਿਬੁ – ਮਾਲਿਕ
ਵਿਕਾਰ – ਅਉਗਣਪੰਕਤੀ ਵਾਰ ਅਰਥ

:

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥

ਮੇਰੇ ਅੰਦਰ ਦਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਅੰਮ੍ਰਿਤ ਭਾਵ ਬਾਣੀ ਅਤੇ ਅੰਮ੍ਰਿਤ ਵੇਲੈ ਭਾਵ ਜਦੋਂ  ਮੈਂ ਆਪਣਾ ਵੇਲਾ/ਸਮਾਂ ਬਾਣੀ ਨੂੰ ਸਮਝਣ, ਬੁਝਣ ਵਿਚ ਲਾਉਣ ਲੱਗ ਗਿਆ, ਬਾਣੀ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦਿਤਾ, ਗੁਰਬਾਣੀ ਦੇ ਗਿਆਨ ਵਿਚ ਰਸ ਆਉਣ ਲੱਗ ਗਿਆ ਤੇ ਸਚਿਆਰ ਬਣਨ ਦੀ, ਅਕਾਲ ਪੁਰਖ ਨਾਲ ਜੁੜਨ ਦੀ ਤਿੱਖੀ ਤਾਂਘ ਮੇਰੇ ਦਿਲ ਵਿਚ ਪੈਦਾ ਹੋ ਗਈ ਤੇ ਇਸ ਮਕਸਦ ਲਈ ਲੋੜੀਂਦੀ ਮੁਸ਼ੱਕਤ ਵੀ ਲਗਾਤਾਰ ਜਾਰੀ ਰਹੀ । ਉਸ ਤੋਂ ਬਾਅਦ ਮੇਰੀ ਪੁਕਾਰ ਸੁਣੀ ਗਈ। ਮੈਂ ਸਚਿਆਰ ਹੋ ਗਿਆ।
ਜਦ ਅਕਾਲ ਪੁਰਖ ਨਾਲ ਮੇਲ ਹੋਇਆ, ਭਾਵ ਮੇਰੇ ਮਨ ਦੀ ਅਵਸਥਾ ‘ਰੱਬੀ’ ਹੋ ਗਈ ਤਾਂ ਮੇਰੀ ਅੰਤਰ-ਆਤਮਾ ਨੇ ਰੱਜ ਕੇ ਮੈਨੂੰ ਆਨੰਦ ਬਖਸ਼ਿਆ। ਸਾਰੇ ਸ਼ਿਕਵੇ ਸ਼ੁਕਰਾਨੇ ਵਿਚ ਬਦਲ ਗਏ। ਮਨ ਖੇੜ੍ਹੇ ਅਤੇ ਵਿਸਮਾਦ ਨਾਲ ਭਰ ਗਿਆ।ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥ਮੈਂ ਉਹਨਾਂ ਦੇ ਸਦ ਕੇ ਜਾਂਦਾ ਹਾਂ ਜਿਨ੍ਹਾਂ ਇਹ ਮੁਕਾਮ ਹਾਸਿਲ ਕੀਤਾ

, ਜੋ ਸਚਿਆਰ ਬਣ ਗਏ

, ਜੋ ਅਕਾਲ ਪੁਰਖ ਨਾਲ ਜੁੜ ਗਏ। ਨਾਨਕ

, ਗੁਰੂ ਦਾ ਗਿਆਨ ਵਿਚਾਰਨ ਨਾਲ ਰੱਬੀ ਗੁਣ ਪੈਦਾ ਹੋ ਗਏ

, ਜਿਨ੍ਹਾਂ ਸਭ ਹਰਿਆ ਕਰ ਦਿੱਤਾ ਭਾਵ ਸਿਰੇ ਪਹੁੰਚਾ ਦਿਤਾ।

ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥ ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥

ਉਹ ਮੇਰੇ ਬਾਬੀਹੇ ਮਨ, ਸਿਰਫ ਤਾਂਘ ਰੱਖਣ ਨਾਲ, ਬਾਰ ਬਾਰ ਪੁਕਾਰ ਕਰਨ ਨਾਲ, ਤੇਰੀ ਪਿਆਸ ਨਹੀਂ ਬੁਝਣੀ। ਭਾਵ ਸਿਰਫ ਸਚਿਆਰ ਬਣਨ ਦੀ ਇੱਛਾ ਰੱਖਣ ਨਾਲ ਕੁਝ ਨਹੀਂ ਹੋਣਾ। ਜਰੂਰੀ ਇਹ ਹੈ ਕਿ ਸਤਿਗੁਰੂ ਪਾਇਆ ਜਾਵੇ ਭਾਵ ਅਕਾਲ ਪੁਰਖ ਨਾਲ ਜੋੜਨ ਵਾਲੇ ਗੁਰੂ ਗਿਆਨ ਨੂੰ ਹਿਰਦੇ ਅੰਦਰ ਵਸਾਇਆ ਜਾਵੇ, ਇਸੇ ਨਾਲ ਹੀ ਉਸ ਕਰਤੇ ਪ੍ਰਤੀ ਪਿਆਰ ਪੈਦਾ ਹੋਵੇਗਾ।ਇਸਦਾ ਮਤਲਬ ਇਹ ਹੋਇਆ ਕਿ ਇਸ ਸਫ਼ਰ ਵਿਚ ਕਰਤੇ ਪ੍ਰਤੀ ਪਿਆਰ ਪੈਦਾ ਹੋਣਾ ਜਰੂਰੀ ਹੈ। ਜਦੋਂ ਕਿ ਆਮ ਜਿੰਦਗੀ ਵਿਚ ਕਰਤੇ ਨਾਲ ਪਿਆਰ ਦਾ ਦੂਰ ਦੀ ਗੱਲ ਹੈ ਸਗੋਂ ਰੱਬ ਉਹ ਹਸਤੀ ਹੈ ਜਿਸ ਨਾਲ ਸਾਨੂੰ ਸਭ ਤੋਂ ਵੱਧ ਸ਼ਿਕਾਇਤਾਂ ਹਨ ਇਸ ਲਈ ਪਿਆਰ ਕਦੇ ਪੈਦਾ ਹੀ ਨਹੀਂ ਹੁੰਦਾ। ਇਹ ਸ਼ਿਕਾਇਤਾਂ ਖਤਮ ਹੋਣ ਅਤੇ ਕਰਤੇ ਪ੍ਰਤੀ ਪਿਆਰ ਪੈਦਾ ਹੋਵੇ ਇਸ ਲਈ ਸਾਡੀ ਸੋਚਣ ਪ੍ਰਕ੍ਰਿਆ ਵਿਚ ਵੱਡਾ ਬਦਲਾਅ ਜਰੂਰੀ ਹੈ ਜੋ ਕਿ ਗੁਰੂ ਦੇ ਗਿਆਨ ਨਾਲ ਹੀ ਹੋ ਸਕਦਾ ਹੈ।

ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥ਕਰਤੇ ਪ੍ਰਤੀ ਪਿਆਰ ਅਤੇ ਗੁਰੂ ਦਾ ਗਿਆਨ ਹੀ ਮਨ ਵਿੱਚੋਂ ਵਿਕਾਰ ਕੱਢ ਕੇ ਉਸ ਅਕਲ ਪੁਰਖ ਨੂੰ ਮਨ ਵਿਚ ਵਸਾ ਸਕਦਾ ਹੈ। ਗੁਰੂ ਦਾ ਗਿਆਨ ਦੋ ਕੰਮ ਕਰਦਾ ਹੈ। ਇਕ ਪਾਸੇ ਰੱਬੀ ਗੁਣ ਪੈਦਾ ਹੁੰਦੇ ਨੇ ਤੇ ਦੂਜੇ ਪਾਸੇ ਮਨ ਵਿਚਲੇ ਵਿਕਾਰ ਬਾਹਰ ਨਿਕਲਦੇ ਨੇ। ਫੇਰ ਜਾ ਕੇ ਮਨ ਵਿਚ ਮਾਲਿਕ ਵਸਦਾ ਹੈ।
ਸਮੁੱਚੇ ਅਰਥ: ਇਸ ਖੂਬਸੂਰਤ ਸਬਦਿ ਵਿਚ ਨਾਨਕ ਪਾਤਸ਼ਾਹ ਨੇ ਬਾਬੀਹੇ ਦੀ ਉਧਾਹਰਣ ਦੇ ਕੇ

, ਸਚਿਆਰ ਬਣਨ ਦੀ ਜੁਗਤ ਦੇ ਕਈ ਨੁਕਤੇ ਸਾਨੂੰ ਸਮਝਾਏ ਹਨ। ਜਿਵੇਂ ਕੋਈ ਸੁਆਦਲਾ ਪਕਵਾਨ ਬਨਾਉਣ ਲਈ ਕਈ ਪਦਾਰਥਾਂ ਦੀ ਲੋੜ ਪੈਂਦੀ ਹੈ

, ਓਵੇਂ ਹੀ ਸਚਿਆਰ ਬਣਨ ਲਈ ਪਹਿਲਾਂ

, ਤਿੱਖੀ ਤੇ ਨਾ-ਟੁੱਟਣ ਵਾਲੀ ਖਿੱਚ ਦੀ ਲੋੜ ਹੈ। ਜਿਸ ਸੱਚੇ ਅਕਾਲ ਪੁਰਖ ਨਾਲ ਜੁੜਨਾ ਹੈ ਉਸ ਨਾਲ ਮੁਹੱਬਤ ਵੀ ਚਾਹੀਦੀ ਹੈ ਅਤੇ ਰੱਬੀ ਗੁਣਾ ਦਾ ਖ਼ਜ਼ਾਨਾ ਵੀ। ਰੱਬੀ ਗੁਣਾ ਦੀ ਖੁਸ਼ਬੋ ਨਾਲ ਆਪਣੀ ਰੂਹ ਨੂੰ ਲਬਾਲਬ ਕਰਨ ਦੇ ਨਾਲ ਨਾਲ ਅੰਦਰੋਂ ਬਦਬੂਦਾਰ ਵਿਕਾਰ ਵੀ ਬਾਹਰ ਕੱਢਣੇ ਪੈਣਗੇ।ਇਸ ਦੇ ਨਾਲ ਹੀ ਪਾਤਸ਼ਾਹ ਨੇ ਇਹ ਵੀ ਦੱਸ ਦਿਤਾ ਹੈ ਕਿ ਇਹਨਾਂ ਸਭ ਜਰੂਰੀ ਪਦਾਰਥਾਂ ਦਾ ਸਰੋਤ ਹੈ ਗੁਰੂ ਦਾ ਸਬਦਿ

, ਉਸਦੀ ਵਿਚਾਰ।

ਪੱਲੇ ਬੰਨਣ ਵਾਲੇ ਨੁਕਤੇ:

  1. ਅੰਮ੍ਰਿਤ ਦਾ ਭਾਵ ਗੁਰਬਾਣੀ ਵਿਚ ਗੁਰੂ ਦਾ ਸਬਦਿ ਹੈ ਅਤੇ ਸਬਦਿ ਦਾ ਗਿਆਨ। ਗੁਰਬਾਣੀ ਵਿਚ ਕਿਤੇ ਵੀ ਸਵੇਰ ਦੇ ਪਹਿਰ ਨੂੰ ਅੰਮ੍ਰਿਤ ਵੇਲਾ ਨਹੀਂ ਕਿਹਾ ਗਿਆ ਹੈ। 
  2. ਗੁਰੂ ਨੂੰ ਸਭ ਤੋਂ ਪਿਆਰਾ ਓਹੀ ਹੈ ਜੋ ਸਚਿਆਰ ਬਣ ਗਿਆ। ਸੱਚੇ (ਅਕਾਲ ਪੁਰਖ) ਨਾਲ ਜੁੜੇ ਸਿੱਖ ਤੋਂ ਗੁਰੂ ਜਾਨ ਵਾਰ ਦਾ ਹੈ ਭਾਵ ਗੁਰੂ ਉਸ ਤੋਂ ਸਦਕੇ ਜਾਂਦਾ ਹੈ।
  3. ਜਿਵੇਂ ਜਿੰਦਗੀ ਵਿਚ ਕੁਝ ਵੀ ਬੇਸ਼ਕੀਮਤੀ ਹਾਸਿਲ ਕਰਨ ਲਈ ਤਾਂਘ ਦਾ ਹੋਣਾ ਜਰੂਰੀ ਹੈ। ਓਵੇਂ ਹੀ ਸਚਿਆਰ ਬਣਨ ਲਈ ਬਾਬੀਹੇ ਵਾਲੀ ਪਿਆਸ ਅਤੇ ਪੁਕਾਰ ਚਾਹੀਦੀ ਹੈ। ਸਚਿਆਰ ਬਣਨਾ ਜਿੰਦਗੀ ਦੀ ਇਕ ਪ੍ਰਮੁੱਖ ਤਰਜੀਹ (Priority) ਹੋਣੀ ਚਾਹੀਦੀ ਹੈ ਅਤੇ ਇਸ ਵਿਚ ਲਗਾਤਾਰਤਾ ਵੀ ਲੋੜੀਂਦੀ ਹੈ। ਇੰਝ ਨਹੀਂ ਕਿ ਅੱਜ ਇੱਛਾ ਹੈ ਤੇ ਕੱਲ ਨਹੀਂ। ਇਹ ਤਾਂਘ ਵੀ ਤਾਂ ਹੀ ਪੈਦਾ ਹੁੰਦੀ ਹੈ ਜੇ ਆਪਣਾ ਵੇਲਾ/ਸਮਾਂ/ਜਿੰਦਗੀ ਗੁਰਬਾਣੀ ਨੂੰ ਸਮਰਪਿਤ ਹੋਵੇ
  4. ਇਕੱਲੀ ਤਾਂਘ ਵੀ ਕਿਸੇ ਕੰਮ ਦੀ ਨਹੀਂ ਜੇ ਸਚਿਆਰ ਬਣਨ ਲਈ ਕੋਈ ਉਪਰਾਲਾ ਨਹੀਂ ਕਰਨਾ। 
  5. ਸਚਿਆਰ ਬਣਨ ਲਈ ਸੱਚੇ ਨਾਲ ਪਿਆਰ ਹੋਣਾ ਵੀ ਜਰੂਰੀ ਹੈ। ਤੇ ਇਹ ਪਿਆਰ ਜੇ ਨਹੀਂ ਹੈ ਤਾਂ ਗੁਰੂ ਦੇ ਗਿਆਨ ਨਾਲ ਹੀ ਇਹ ਪਿਆਰ ਮਨ ਵਿਚ ਉਪਜੇਗਾ।
  6. ਸੱਚੇ ਨਾਲ ਜੁੜਨ ਤੋਂ ਪਹਿਲਾ ਆਖਰੀ ਪੜਾਅ ਰੱਬੀ ਗੁਣਾ ਦਾ ਹੈ, ਜੋ ਸਬਦਿ ਵਿਚਾਰ ਨਾਲ ਪੈਦਾ ਹੋਣਗੇ। ਭਾਵ ਗੁਰੂ ਦੇ ਬਖਸ਼ੇ ਗਿਆਨ ਨੂੰ ਜਿੰਦਗੀ ਵਿਚ ਜਿਉਂ ਕੇ, ਕਮਾ ਕੇ ਹੀ ਇਹ ਸੰਭਵ ਹੈ।
  7. ਮਨ ਦੇ ਵਿਕਾਰਾਂ ਦਾ ਖਤਮ ਹੋਣਾ ਵੀ ਲਾਜ਼ਮੀ ਹੈ ਸੱਚੇ ਨੂੰ ਮਨ ਵਿਚ ਵਸਾਉਣ ਲਈ।

ਮੈਂ ਉਮੀਦ ਕਰਦਾ ਹਾਂ ਕਿ ਹਰ ਸਿੱਖ ਦਾ ਮਨ ਬਾਬੀਹਾ ਬਣੇ ਤੇ ਉਸ ਉਪਰ ਕਿਰਪਾ ਦਾ ਮੀਂਹ ਵੀ ਰੱਜ ਕੇ ਵਰਸੇ।

ਮਨਿੰਦਰ ਸਿੰਘ
30 ਅਪ੍ਰੈਲ 2024

Leave a Reply

Your email address will not be published. Required fields are marked *