ਕਿਸੇ ਵੀ ਕ੍ਰਾਂਤੀ, ਅੰਦੋਲਨ ਜਾਂ ਲਹਿਰ ਨੂੰ ਰਵਾਨਗੀ ਦੇਣ ਲਈ, ਅਗਲੀਆਂ ਨਸਲਾਂ ਤੱਕ ਪਹੁੰਚਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਲਹਿਰ ਦੀ ਵਾਰਿਸ ਜਵਾਨੀ ਦੀਆਂ ਰਗਾਂ ਵਿੱਚ ਉਸ ਲਹਿਰ ਪ੍ਰਤੀ ਚਾਅ ਹੋਵੇ, ਇਕ ਜੋਸ਼ ਹੋਵੇ ਉਸਨੂੰ ਅੱਗੇ ਵਧਾਉਣ ਦਾ। ਸਿੱਖਾਂ ਕੋਲ 1469 ਤੋਂ ਲੈ ਕੇ ਹੁਣ ਤੱਕ ਇੱਕੋ ਸਰਮਾਇਆ ਹੈ ਜੋ ਸਾਨੂੰ ਹੋਰਾਂ ਨਾਲੋਂ ਵੱਖਰਾ ਕਰਦਾ ਹੋਇਆ ਸਭ ਨਾਲ ਇੱਕ ਹੋਣ ਦੀ ਜਾਂਚ ਸਿਖਾਉਂਦਾ ਹੈ ਤੇ ਉਹ ਹੈ ਗੁਰਬਾਣੀ, ਜੋ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਇਸੇ ਗੁਰਬਾਣੀ ਦੇ ਗਿਆਨ ਨੇ ਸਦੀਆਂ ਪਹਿਲਾਂ ਉਹ ਸਿੱਖ ਸਿਰਜੇ ਜਿਨ੍ਹਾਂ ਦੇ ਕਿਰਦਾਰਾਂ ‘ਤੇ ਅੱਜ ਵੀ ਦੁਨੀਆ ਅਸ਼-ਅਸ਼ ਕਰਦੀ ਹੈ। ਇਹ ਗੁਰਬਾਣੀ ਦਾ ਗਿਆਨ ਹੀ ਸੀ ਜਿਸਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ, ਇੱਕ ਘੁੰਗਣੀਆਂ ਵੇਚਣ ਵਾਲੇ ਅਨਾਥ ਬੱਚੇ ਨੂੰ ਗੁਰੂ ਰਾਮਦਾਸ ਬਣਾਇਆ, ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ’ਤੇ ਬੈਠ ਕੇ ਵੀ ਅਡਿੱਗ ਬਣਾਈ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਤੋਂ ਉਹਨਾਂ ਲੋਕਾਂ ਦੇ ਧਰਮ ਦੀ ਰਾਖੀ ਲਈ ਕੁਰਬਾਨੀ ਦੁਆਈ ਜਿਨ੍ਹਾਂ ਦੇ ਧਾਰਮਿਕ ਅਸੂਲਾਂ ਨਾਲ ਉਹ ਸਹਿਮਤ ਹੀ ਨਹੀਂ ਸਨ। ਇਹ ਗੁਰਬਾਣੀ ਦਾ ਚਾਨਣ ਹੀ ਸੀ ਜਿਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਹਿੱਕ ਤਾਣ ਕੇ ਖੜਾਇਆ। ਇਹ ਗੁਰਬਾਣੀ ਗਿਆਨ ਦਾ ਚਾਨਣ ਹੀ ਸੀ ਜਿਸਨੇ ਬੰਦਾ ਬਹਾਦਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਅਤੇ ਹਜ਼ਾਰਾਂ ਸਿੰਘਾਂ-ਸਿੰਘਣੀਆਂ ਤਿਆਰ ਕੀਤੇ ਜਿਨ੍ਹਾਂ ਦੇ ਮਨਾਂ ਵਿੱਚ, ਲਾ-ਮਿਸਾਲ ਕੁਰਬਾਨੀਆਂ ਦਿੰਦੇ ਹੋਏ ਵੀ, ਖੇੜਾ ਤੇ ਅਕਾਲ ਪੁਰਖ ਦਾ ਸ਼ੁਕਰ ਸੀ।
ਪਹਾੜਾਂ ਜਿਹੀਆਂ ਔਕੜਾਂ ਨੂੰ ਸਰ ਕਰਨ ਵਾਲਾ ਸਿਰੜ ਬਖਸ਼ਣ ਵਾਲੀ, ਤੰਗ ਹਾਲਾਤਾਂ ਵਿੱਚ ਚੜ੍ਹਦੀਕਲਾ ਬਖਸ਼ਣ ਵਾਲੀ, ਇੱਕ ਆਮ ਇਨਸਾਨ ਨੂੰ ਰੱਬੀ ਇਨਸਾਨ ਵਿੱਚ ਬਦਲ ਦੇਣ ਵਾਲੀ ਗੁਰਬਾਣੀ ਤੋਂ, ਫੇਰ, ਸਿੱਖ ਜਵਾਨੀ ਟੁੱਟ ਕਿਉਂ ਗਈ ?
ਅਜਿਹਾ ਨਹੀਂ ਕਿ ਸਿਰਫ਼ ਅੱਜ ਦੀ ਜਵਾਨੀ ਸਿੱਖੀ ਤੋਂ ਬੇਮੁੱਖ ਹੋ ਗਈ ਸਗੋਂ ਲਗਭਗ ਪਿਛਲੇ 200 ਸਾਲ ਤੋਂ ਹੀ ਜਵਾਨੀ ਦੇ ਇਹ ਹਾਲਾਤ ਨੇ। ਇਸ ਲੇਖ ਦਾ ਮਕਸਦ ਉਹਨਾਂ ਕਾਰਨਾਂ ਦੀ ਚਰਚਾ ਕਰਨਾ ਹੈ ਜਿਨ੍ਹਾਂ ਕਾਰਨ ਇਹ ਹਾਲਾਤ ਬਣੇ। ਪਰ ਸਹੀ ਕਾਰਨਾਂ ਤੱਕ ਪਹੁੰਚਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਗੁਰਬਾਣੀ ਤੋਂ ਟੁੱਟੀ ਇਹ ਸਿੱਖ ਨੌਜਵਾਨੀ ਫਿਰ ਜੁੜੀ ਕਿਥੇ ਹੈ ?
1. ਸੋਸ਼ਲ ਮੀਡੀਏ ਨਾਲ: ਜਵਾਨੀ ਅੱਜ ਕਲ ਸੋਸ਼ਲ ਮੀਡੀਏ ਦੀ ਦੁਨੀਆ ਵਿੱਚ ਰੀਲਾਂ ਵੇਖਦੀ, ਲਾਈਕ ਅਤੇ ਵਿਊ ਭਾਲਦੀ, ਗੁਆਚੀ ਪਈ ਹੈ। ਏ.ਆਈ. (Artificial Intelligence) ਅਤੇ ਦੁਨੀਆਂ ਦੇ ਚੋਟੀ ਦੇ ਮਨੋ ਵਿਗਿਆਨੀਆਂ (Psychologist) ਦੀ ਮਦਦ ਨਾਲ ਬਣੀਆਂ ਵੱਖੋ ਵੱਖਰੀਆਂ ਸੋਸ਼ਲ ਮੀਡੀਆ ਐਪਸ ਨੂੰ ਇਸ ਢੰਗ ਨਾਲ ਬਣਾਇਆ ਜਾਂਦਾ ਹੈ ਕਿ ਇਹਨਾਂ ਨੂੰ ਵਰਤਣ ਵਾਲਾ ਵਿਅਕਤੀ ਆਪਣਾ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡਕੇ ਇਹਨਾਂ ਵਿੱਚ ਰੁਝਿਆ ਰਹੇ। ਉੱਠਣਾ ਵੀ ਇਹਨਾਂ ਐਪਸ ਨਾਲ ਤੇ ਸੌਣਾ ਵੀ ਇਹਨਾਂ ਨਾਲ। ਇਸ ਲਈ ਸ਼ਾਇਦ ‘ਗੁਆਚਣ’ ਨਾਲੋਂ ‘ਗੁਲਾਮ’ ਸ਼ਬਦ ਜ਼ਿਆਦਾ ਢੁੱਕਵਾਂ ਹੈ।
2. ਗਾਇਕ, ਐਕਟਰ ਤੇ ਸੈਲੇਬ੍ਰਿਟੀਆਂ ਪਿੱਛੇ: ਕਿਸੇ ਹੋਰ ਦੇ ਲਿਖੇ ਡਾਇਲਾਗ ਬੋਲਣ ਵਾਲੇ, ਕਿਸੇ ਹੋਰ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ, ਲੱਖਾਂ ਕਰੋੜਾਂ ਰੁਪਇਆ ਲੈ ਕੇ ਆਮ ਲੋਕਾਂ ਨੂੰ ਮਾੜੀ ਤੋਂ ਮਾੜੀ ਚੀਜ਼ਾਂ ਦੀ ਮਸ਼ਹੂਰੀ ਕਰਨ ਵਾਲੇ ਇਹਨਾਂ ਲਗਭਗ ਅਨਪੜ੍ਹ ਕਲਾਕਾਰਾਂ ਪਿੱਛੇ ਸਾਡੇ ਨੌਜਵਾਨ ਅੱਜ ਲਟਾ-ਪੀਂਘ ਹੋਏ ਪਏ ਨੇ। ਹਥਿਆਰ, ਫੁਕਰਪੁਣਾ, ਨਸ਼ਾ, ਗੈਂਗਸਟਰਵਾਦ, ਜੱਟਵਾਦ, ਨੰਗੇਜਪੁਣਾ ਪ੍ਰਮੋਟ ਕਰਨ ਵਾਲੇ ਇਹ ਕਲਾਕਾਰ ਅੱਜ ਸਾਡੀ ਨੌਜਵਾਨੀ ਦੇ ਰੋਲਮਾਡਲ (ਨਾਇਕ) ਨੇ।
3. ਪਲਾਜ਼ੇ, ਪੱਬਾਂ ਤੇ ਪਾਰਟੀਆਂ ਵਿੱਚ ਕੁੜੀਆਂ ਛੇੜਦੇ: ਮੈਂ ਤਾਂ ਸਿਰਫ ਸੁਣਿਆ ਹੀ ਹੈ ਕਿ ਕੋਈ ਸਮਾਂ ਸੀ ਜਦੋਂ ਲੋਕ ਆਪਣੀਆਂ ਕੁੜੀਆਂ ਨੂੰ ਘਰੋਂ ਤੋਰਨ ਤੋਂ ਪਹਿਲਾਂ ਕਹਿੰਦੇ ਸੀ ਕਿ ਜੇ ਕਿਤੇ ਖ਼ਤਰਾ ਮਹਿਸੂਸ ਹੋਵੇ ਤਾਂ ਕੋਈ ਸਰਦਾਰ ਮੁੰਡਾ ਦੇਖ ਕੇ ਉਸ ਕੋਲ ਰੁਕ ਜਾਵੀਂ। ਪਰ ਹੁਣ ਸਰਦਾਰਾਂ ਦੀਆਂ ਕੁੜੀਆਂ, ਸਰਦਾਰਾਂ ਦੇ ਮੁੰਡਿਆਂ ਕੋਲੋਂ ਹੀ ਡਰ ਕਿ ਨਿਕਲਦੀਆਂ ਨੇ। ਭੈੜੀ ਝਾਕਣੀ, ਘੂਰਨਾ, ਕਰਜੇ ’ਤੇ ਲਈਆਂ ਮਹਿੰਗੀਆਂ ਗੱਡੀਆਂ ਵਿੱਚ ਬਹਿ ਕਿ ਕੁੜੀਆਂ ਦਾ ਪਿੱਛਾ ਕਰਨਾ, ਸਾਡੇ ਨੌਜਵਾਨਾਂ ਦਾ ਮੁੱਖ ਟਾਈਮ ਪਾਸ ਹੈ। ਇਹਨਾਂ ਹਰਕਤਾਂ ਨਾਲ ਬਾਹਰਲੇ ਮੁਲਕਾਂ ਵਿੱਚ ਜਲੂਸ ਕੜਾਉਂਦੀ ਜਵਾਨੀ ਨੂੰ ਦੇਖ, ਯਕੀਨ ਹੀ ਨਹੀਂ ਹੁੰਦਾ ਕਿ ਹਰੀ ਸਿੰਘ ਨਲੂਏ ਵਰਗੇ ਯੋਧੇ ਇਸੇ ਕੌਮ ਵਿੱਚ ਹੋਏ ਹੋਣਗੇ ਜਿਨ੍ਹਾਂ ਦੇ ਕਿਰਦਾਰ ਦੀ ਦੁਹਾਈ ਦੁਸ਼ਮਣਾਂ ਦੀਆਂ ਔਰਤਾਂ ਦਿੰਦਿਆਂ ਸਨ।
4. ਨਗਰ ਕੀਰਤਨਾਂ ਵਿੱਚ, ਲੰਗਰਾਂ ਵਿੱਚ, ਪ੍ਰਭਾਤ ਫੇਰੀਆਂ ਵਿੱਚ: ਜੇ ਨੌਜਵਾਨੀ ਵਿੱਚ ਥੋੜ੍ਹੀ ਬਹੁਤ ਧਾਰਮਿਕ ਭਾਵਨਾ ਜਾਗਦੀ ਵੀ ਹੈ ਤਾਂ ਉਹ ਨਗਰ ਕੀਰਤਨਾਂ ਵਿੱਚ ਬ੍ਰੈਡ ਪਕੌੜੇ ਵਰਤਾ ਕੇ, ਪਹਿਲਾਂ ਤੋਂ ਸਾਫ਼ ਸੜਕਾਂ ਉਪਰ ਝਾੜੂ ਮਾਰਕੇ, ਲੰਗਰਾਂ ਵਿੱਚ ਦਾਲਾਂ ਵਰਤਾ ਕੇ, ਭਾਂਡੇ ਮਾਂਝ ਕੇ, ਪ੍ਰਭਾਤ ਫੇਰੀਆਂ ਵਿੱਚ ਸ਼ਾਮਿਲ ਹੋ ਕੇ, ਆਪਣੇ ਧਾਰਮਿਕ ਹੋਣ ਦੀ ਫੀਲ ਲੈ ਲੈਂਦੇ ਹਨ। ਉਹਨਾਂ ਦੇ ਪਰਿਵਾਰ ਵਾਲੇ ਵੀ ਖੁਸ਼ ਹੋ ਜਾਂਦੇ ਹਨ ਕਿ ਸਾਡੇ ਬੱਚੇ ਨੇ ਰੂਹਾਨੀਅਤ ਦੀ ਚੋਟੀ ਸਰ ਕਰ ਲਈ ਹੈ। ਜੇ ਕੁੱਝ ਘਾਟ ਰਹਿ ਜਾਵੇ ਤਾਂ ਮੋਟਰਸਾਇਕਲਾਂ ‘ਤੇ ਅੰਮ੍ਰਿਤਸਰ ਜਾਂ ਹਜ਼ੂਰ ਸਾਹਿਬ ਦਾ ਇੱਕ ਟੂਰ ਪ੍ਰੋਗਰਾਮ ਬਣਾ ਲੈਂਦੇ ਹਨ। ਹਾਂ ਸੈਲਫੀਆਂ ਖਿੱਚ-ਖਿੱਚ ਸੋਸ਼ਲ ਮੀਡੀਆ ਉਪਰ ਪਾਉਣਾ ਇਹਨਾਂ ਸਾਰੇ ਕਰਮਕਾਂਡਾਂ ਦਾ ਪ੍ਰਮੁੱਖ ਹਿੱਸਾ ਹੈ।
5. ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਵਿੱਚ: ਜੋ ਰਾਜਨੀਤਿਕ ਪਾਰਟੀਆਂ ਸਾਡੀ ਕੌਮ ਦੀ ਬਰਬਾਦੀ ਦਾ ਖੁਲੱਮ-ਖੁੱਲ੍ਹਾ ਕਾਰਨ ਹਨ, ਉਹਨਾਂ ਪਾਰਟੀਆਂ ਵਿੱਚ ਦੋ ਕੌੜੀ ਦੇ ਅਹੁਦੇ ਲੈਣ ਲਈ, ਆਪਣੀਆਂ ਜ਼ਮੀਨਾਂ ਵੇਚ ਵੇਚ ਉਹਨਾਂ ਪਾਰਟੀਆਂ ਦੀ ਹਮਾਇਤ ਕਰਨੀ, ਨਾਹਰੇ ਲਾਉਣੇ, ਨਸ਼ੇ ਵੰਡਣ ਜਿਹੇ ਸਾਰੇ ਕੰਮ ਸਾਡੀ ਜਵਾਨੀ ਬੜੇ ਮਾਣ ਨਾਲ ਕਰਦੀ ਹੈ। ਦੁੱਖ ਦੀ ਗੱਲ ਇਹ ਵੀ ਕਿ ਇਹ ਸਭ ਕਰਨ ਦੇ ਬਾਵਜੂਦ ਸਿਆਸੀ ਸਮਝ ਐਨੀ ਕਮਜ਼ੋਰ ਕਿ ਹਰ ਦਿਨ ਇੱਕ ਨਵੇਂ ਬਣੇ ਘੜੰਮ ਚੌਧਰੀ ਦੀ ਵਹੀਰ ਦਾ ਹਿੱਸਾ ਬਣ ਜਾਂਦੇ ਨੇ, ਚੋਣਾਂ ਵੀ ਜਿਤਾ ਦਿੰਦੇ ਨੇ। ਸਦੀਆਂ ਤੋਂ ਧੱਕੇ ਖਾਂਦੀ ਕੌਮ ਨੂੰ ਅਜੇ ਤੱਕ ਆਪਣੇ ਲੀਡਰ ਚੁਣਨੇ ਨਹੀਂ ਆਏ।
6. ਖਾਲਿਸਤਾਨ ਲਈ ਧਰਨੇ, ਰੈਫ੍ਰੇਂਡਮਾਂ ਦੀਆਂ ਲਾਈਨਾਂ ਵਿੱਚ: ਵਿਦੇਸ਼ਾਂ ਵਿੱਚ ਜੰਮੀਆਂ ਪੀੜੀਆਂ ਨੂੰ ਗੁਰਬਾਣੀ ਦਾ ਭਾਵੇਂ ਇੱਕ ਸਬਦਿ ਨਾ ਚੇਤੇ ਹੋਵੇ ਪਰ ਇੱਕ ਸ਼ਬਦ ਜ਼ਰੂਰ ਪਤਾ ਹੈ, ਉਹ ਹੈ – ਖਾਲਿਸਤਾਨ। ਨਾ ਸਿੱਖੀ ਦੀ ਸਮਝ, ਨਾ ਇਤਿਹਾਸ ਦੀ, ਨਾ ਸਿਆਸੀ ਸਮਝ। ਇਹ ਏਨੀਆਂ ਸਾਊ ਭੇਡਾਂ ਨੇ ਕਿ ਕੋਈ ਵੀ, ਇਸ ਸ਼ਬਦ ਦੇ ਆਸਰੇ ਇਹਨਾਂ ਦਾ ਪੈਸੇ, ਸਮਾਂ, ਐਨਰਜੀ ਤੇ ਜ਼ਿੰਦਗੀ ਤੱਕ ਬਰਬਾਦ ਕਰ ਸਕਦਾ ਹੈ। ਉਹ ਫੇਰ ਇਹਨਾਂ ਦਾ ਦੁਸ਼ਮਣ ਹੀ ਕਿਉਂ ਨਾ ਹੋਵੇ।
7. ਆਪਣੀਆਂ ਨੌਕਰੀਆਂ ਤੇ ਘਰੇਲੂ ਜ਼ਿੰਮੇਵਾਰੀਆਂ ਵਿੱਚ: ਜੋ ਸੁਹਿਰਦ ਜਵਾਨੀ ਨਸ਼ਿਆਂ ਵਿੱਚ ਵੀ ਨਹੀਂ ਤੇ ਫੁਕਰਬਾਜ਼ੀ ਦੀ ਦੌੜ ਵਿੱਚ ਵੀ ਨਹੀਂ, ਉਹ ਆਪਣੇ ਕੰਮ ਕਾਰ, ਨੌਕਰੀਆਂ ਅਤੇ ਜ਼ਿੰਦਗੀ ਦੀ ਜਦੋ-ਜਹਿਦ ਵਿੱਚ ਮਸ਼ਰੂਫ ਹੈ। ਉਹਨਾਂ ਵਿਚੋਂ ਬਹੁਤੇ ਜ਼ਿੰਮੇਵਾਰੀਆਂ ਦੀ ਭੱਜ ਦੌੜ ਕਾਰਨ ਤਣਾਅ ਵਿੱਚ ਨੇ, ਕਈ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਪਰ ਉਹਨਾਂ ਨੂੰ ਇਹ ਨਹੀਂ ਲਗਦਾ ਕਿ ਗੁਰਬਾਣੀ ਮੇਰੀਆਂ ਉਲਝਣਾਂ ਦਾ, ਮੇਰੇ ਤਣਾਅ ਦਾ ਕੋਈ ਹੱਲ ਕਰ ਸਕਦੀ ਹੈ।
ਜਦੋਂ ਪਤਾ ਲੱਗ ਗਿਆ ਕਿ ਜਵਾਨੀ ਕਿੱਥੇ ਰੁੱਝੀ ਐ, ਤਾਂ ਇਹ ਵੀ ਚਰਚਾ ਕਰੀਏ ਕਿ ਹਰ ਚੀਜ਼ ਵਿੱਚ ਦਿਲਚਸਪੀ ਰੱਖਣ ਵਾਲੀ ਜਵਾਨੀ ਦੀ ਦਿਲਚਸਪੀ ਗੁਰਬਾਣੀ ਵਿੱਚ ਕਿਉਂ ਨਹੀਂ ?
1. ਮਾਂ ਬਾਪ ਤੋਂ ਕੋਈ ਗੁੜ੍ਹਤੀ ਨਹੀਂ:
ਸਿੱਖੀ ਦੀ ਸਾਰੀ ਕਹਾਣੀ ਇਹ ਹੈ ਕਿ ਗੁਰੂ ਦੀ ਦੱਸੀ ਜੁਗਤ ਨਾਲ ਸਿੱਖ ਇੱਕ ਐਸਾ ਮਨ ਤਿਆਰ ਕਰੇ ਜੋ ਰੱਬੀ ਵਿਚਾਰ ਅਤੇ ਰੱਬੀ ਗੁਣ ਪੈਦਾ ਕਰੇ। ਫੇਰ ਮੁਸ਼ੱਕਤ ਕਰਕੇ ਉਹਨਾਂ ਗੁਣਾਂ ਮੁਤਾਬਿਕ ਚਲਦਾ ਚਲਦਾ ਸਚਿਆਰ ਬਣ ਜਾਵੇ। ਸਾਡਾ ਗੁਰੂ ਸਾਨੂੰ ਇੱਕ ਸਚਿਆਰ ਮਨੁੱਖ ਦੇਖਣਾ ਚਾਹੁੰਦਾ ਹੈ ਜੋ ਦੁਨਿਆਵੀ ਅਤੇ ਰੂਹਾਨੀ ਜ਼ਿੰਦਗੀ ਵਿੱਚ ਇੱਕ ਸਫ਼ਲ ਇਨਸਾਨ ਹੋਵੇ। ਇਨਸਾਨ ਦਾ ਮਾਨਸਿਕ ਢਾਂਚਾ ਸਭ ਤੋਂ ਵੱਧ ਬਚਪਨ ਵਿੱਚ ਹੀ ਵਿਕਸਿਤ ਹੁੰਦਾ ਹੈ। ਜੇ ਬਚਪਨ ਵਿੱਚ ਹੀ ਗੁਰਬਾਣੀ ਦੀ ਗੁੜਤੀ ਬੱਚੇ ਨੂੰ ਦਿੱਤੀ ਹੋਵੇ ਤਾਂ ਵੱਡੇ ਹੋ ਕੇ ਗੁਰਬਾਣੀ ਦੇ ਕਈ ਗਹਿਰੇ ਨੁਕਤੇ ਸਮਝਣ ਵਿੱਚ ਔਕੜ ਨਹੀਂ ਆਉਂਦੀ। ਪਰ ਜਦੋਂ ਮਾਂ-ਬਾਪ ਨੂੰ ਖੁਦ ਹੀ ਗੁਰਬਾਣੀ ਦੀ ਨਾ ਕੋਈ ਸਮਝ ਤੇ ਨਾ ਖਿੱਚ ਹੋਵੇ ਤਾਂ ਬੱਚਿਆਂ ਨੂੰ ਕਿਸਨੇ ਸਮਝਾਉਣਾ ਹੋਇਆ। ਜਿਨ੍ਹਾਂ ਘਰਾਂ ਦਾ ਮਾਹੌਲ ਚੰਗਾ ਵੀ ਹੈ ਓਥੇ ਵੀ ਮਾਤਾਵਾਂ ਲਈ ਉਹਨਾਂ ਦੀ ਰਸੋਈ ਤੇ ਪਿਤਾ ਲਈ ਕ੍ਰਿਕਟ ਦਾ ਮੈਚ ਜਾਂ ਰਾਜਨੀਤਿਕ ਖ਼ਬਰਾਂ ਦੇਖਣਾ ਪਹਿਲੀ ਪ੍ਰਾਥਮਿਕਤਾ ਹੈ। ਮਾਂ ਬਾਪ ਨੂੰ ਇਸ ਲਈ ਚੇਟਕ ਨਹੀਂ ਕਿਓਂਕਿ ਉਹਨਾਂ ਦੇ ਮਾਂ-ਬਾਪ ਨੂੰ ਵੀ ਨਹੀਂ ਸੀ। ਅਸਲ ਵਿੱਚ ਕਈ ਸਦੀਆਂ ਤੋਂ ਗੁਰਬਾਣੀ ਵਿਚਾਰ ਦਾ ਕੋਈ ਸਭਿਆਚਾਰ ਹੀ ਸਿੱਖ ਕੌਮ ਵਿੱਚ ਨਹੀਂ ਹੈ, ਇਸੇ ਲਈ ਹਰ ਨਵੀਂ ਪੀੜੀ ਗੁਰਬਾਣੀ ਪੱਖੋਂ ਪਿਛਲੀ ਨਾਲੋਂ ਗਲਤਾਨ ਵੱਲ ਹੀ ਜਾ ਰਹੀ ਹੈ।
2. ਗੁਰਬਾਣੀ ਵਿਚਾਰ ਧਾਰਮਿਕ ਸਭਿਆਚਾਰ ਦਾ ਹਿੱਸਾ ਹੀ ਨਹੀਂ:
ਜ਼ਿਆਦਾਤਰ ਸਿੱਖ ਧਾਰਮਿਕ ਪਰਿਵਾਰਾਂ ਵਿਚ ਨਿਤਨੇਮ ਦਾ ਪਾਠ, ਅਖੰਡ ਪਾਠ, ਲੰਗਰ, ਪ੍ਰਭਾਤ ਫੇਰੀਆਂ, ਤੀਰਥ ਯਾਤਰਾਵਾਂ, ਨਾਮ ਰਟਣ ਆਦਿ ਦਾ ਰੁਝਾਨ ਰਿਹਾ ਹੈ। ਪਰ ਕਿਸੇ ਪਰਿਵਾਰ ਵਿੱਚ ਅਜਿਹਾ ਹੁੰਦਾ ਕਦੇ ਨਹੀਂ ਸੁਣਿਆ ਕਿ ਘਰ ਦਾ ਵੱਡਾ ਹਰ ਸ਼ਾਮ ਨੂੰ ਜਾਂ ਕਿਸੇ ਖਾਸ ਦਿਹਾੜੇ ‘ਤੇ ਬੈਠ ਕੇ ਸਾਰੇ ਪਰਿਵਾਰ ਨੂੰ ਕਿਸੇ ਸਬਦਿ ਦੇ ਅਰਥ ਸਮਝਾਵੇ ਜਾਂ ਪੂਰਾ ਪਰਿਵਾਰ ਗੁਰਬਾਣੀ ਦੇ ਕਿਸੇ ਇਕ ਨੁਕਤੇ ਉਪਰ ਚਰਚਾ ਕਰੇ ਜਾਂ ਘਰ ਦਾ ਬਜ਼ੁਰਗ ਗੁਰਬਾਣੀ ਨੂੰ ਲੈ ਕੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਵੇ। ਮੈਂ 45 ਸਾਲ ਦਾ ਹਾਂ ਤੇ ਮੈਂ ਅੱਜ ਤੱਕ ਆਪਣੇ ਦਾਦਿਆਂ ਦੀਆਂ ਪੀੜੀਆਂ ਵਿਚੋਂ ਵੀ ਨਹੀਂ ਸੁਣਿਆ ਕਿ ਕਿਸੇ ਪਰਿਵਾਰ ਦਾ ਅਜਿਹਾ ਸਭਿਆਚਾਰ ਰਿਹਾ ਹੋਵੇ।
3. ਕੋਈ ਕਾਮਯਾਬ ਤੇ ਮਸ਼ਹੂਰ ਸਿੱਖ ਗੁਰਬਾਣੀ ਦਾ ਨਾਮ ਲੈਣ ਨੂੰ ਰਾਜ਼ੀ ਨਹੀਂ:
ਨੌਜਵਾਨ ਹਮੇਸ਼ਾ ਅੰਤਰਰਾਸ਼ਟਰੀ ਖਿਡਾਰੀਆਂ, ਗਾਇਕਾਂ, ਫਿਲਮੀ ਸਤਾਰਿਆਂ ਤੇ ਕਾਮਯਾਬ ਉਦਯੋਗਪਤੀਆਂ ਤੋਂ ਪ੍ਰਭਾਵਿਤ ਹੁੰਦੇ ਨੇ। ਮੇਰੇ ਜ਼ਹਿਨ ਵਿਚ ਕੋਈ ਐਸਾ ਵੱਡਾ ਸਿੱਖ ਸੈਲੀਬ੍ਰਿਟੀ ਨਹੀਂ ਆ ਰਿਹਾ ਜਿਸਨੇ ਆਪਣੀ ਕਾਮਯਾਬੀ ਦਾ ਸਿਹਰਾ ਗੁਰੂ ਦੇ ਗਿਆਨ ਸਿਰ ਬੰਨਿਆ ਹੋਵੇ ਭਾਵੇਂ ਜਾਣੇ ਅਣਜਾਣੇ ਸਿੱਖੀ ਦਾ ਪ੍ਰਭਾਵ ਉਸਦੀ ਕਾਮਯਾਬੀ ਵਿਚ ਰਿਹਾ ਹੀ ਹੋਵੇ। ਗੁਰਬਾਣੀ ਵੱਲ ਨੌਜਵਾਨੀ ਨੂੰ ਪ੍ਰੇਰਨਾ ਤਾਂ ਦੂਰ ਦੀ ਗੱਲ ਉਹ ਤਾਂ ਨੌਜਵਾਨੀ ਨੂੰ ਜਾਣੇ ਅਣਜਾਣੇ ਕਿਸੇ ਹੋਰ ਹੀ ਰਾਹ ਉਪਰ ਲੈ ਜਾ ਰਹੇ ਨੇ। ਕੁਝ ਤਾਜਾ ਸਮੇਂ ਦੀਆਂ ਮਿਸਾਲਾਂ ਦੇਣ ਲੱਗਿਆ ਹਾਂ।
ਬੜੇ ਮਾਣ ਵਾਲੀ ਗੱਲ ਹੈ ਕਿ ਇਕ ਸਿੱਖ ਅਜੇ ਬਾਂਗਾ ਵਰਲਡ ਬੈਂਕ ਦਾ ਚੀਫ਼ ਹੈ। ਸਾਰੀ ਪੜੀ ਲਿਖੀ ਦੁਨੀਆਂ ਉਸਨੂੰ ਜਾਂਦੀ ਹੈ। ਉਹ ਪੱਗ ਜਰੂਰ ਬੰਨਦੇ ਨੇ ਪਰ ਅੱਜ ਤਕ ਕਦੇ ਵੀ ਉਹਨਾਂ ਨੂੰ ਸਿੱਖੀ, ਗੁਰਬਾਣੀ, ਬਾਬੇ ਨਾਨਕ ਵਾਰੇ ਇਕ ਸ਼ਬਦ ਕਹਿੰਦੇ ਨਹੀਂ ਸੁਣਿਆ। ਏਨੇ ਵੱਡੇ ਬੰਦੇ ਦੇ ਦੋ ਬੋਲ ਨਾ ਸਿਰਫ ਸਿੱਖ ਬਲਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਹੁੰਦੇ ਨੇ।
ਲਗਭਗ 45 ਸਾਲਾਂ ਤੋਂ ਪੰਜਾਬੀਆਂ ਨੇ ਜਿਸ ਗੁਰਦਾਸ ਮਾਨ ਨੂੰ ਆਪਣੇ ਸਿਰ ‘ਤੇ ਬਠਾਇਆ, ਉਹ ਅੱਜ ਡੇਰਿਆਂ ਅਤੇ ਨਸ਼ੇੜੀ ਬਾਬਿਆਂ ਦਾ ਸਭ ਤੋਂ ਵੱਡਾ ਅੰਬੈਸਡਰ ਹੈ।
ਕਰੋੜਾਂ ਨੌਜਵਾਨਾਂ ਦੀ ਧੜਕਣ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਰਹੇ ਵਿਰਾਟ ਕੋਹਲੀ ਨੇ ਐਕਟਰੈਸ ਅਨੁਸ਼ਕਾ ਸ਼ਰਮਾ ਨਾਲ ਆਪਣਾ ਵਿਆਹ ਹਿੰਦੂ ਧਾਰਮਿਕ ਰੀਤਾਂ ਨਾਲ ਕਰਵਾਇਆ ਜਿਸ ਉਪਰ ਪੂਰੀ ਦੁਨੀਆਂ ਦੀ ਨਿਗਾਹ ਸੀ ਅਤੇ ਅਕਸਰ ਉਹ ਕਿਸੇ ਨਾ ਕਿਸੇ ਹਿੰਦੂ ਸਾਧ ਦੇ ਡੇਰੇ ਮੱਥਾ ਟੇਕਦਾ, ਜਾਂ ਕ੍ਰਿਸ਼ਨ ਭੇਟਾਂ ਗਾਉਂਦਾ ਦਿੱਖ ਜਾਂਦਾ ਹੈ।
ਅੱਜ ਤੋਂ ਪਹਿਲਾਂ ਪੱਗ ਬੰਨਣ ਵਾਲਾ ਕੋਈ ਐਸਾ ਗਾਇਕ ਨਹੀਂ ਹੋਇਆ ਜਿਸਨੇ ਦਿਲਜੀਤ ਦੋਸਾਂਝ ਜਿੰਨੀ ਪ੍ਰਸਿੱਧੀ ਹਾਸਿਲ ਕੀਤੀ ਹੋਵੇ। ਕੋਈ ਐਸਾ ਸਿੱਖ ਗਾਇਕ ਨਹੀਂ ਜਿਸ ਦਾ ਸ਼ੋਅ ਲੋਕ ਫਲਾਈਟ ਲੈ ਕੇ ਦੇਖਣ ਜਾਂਦੇ ਹੋਣ। ਲੱਖਾਂ ਕਰੋੜਾਂ ਲੋਕ ਉਸਦੇ ਦੀਵਾਨੇ ਨੇ, ਗੈਰ ਸਿੱਖ ਕਹਿੰਦੇ ਨੇ ਉਸ ਵਿਚ ਰੂਹਾਨੀਅਤ ਹੈ। ਦਿਲਜੀਤ ਪੱਗ ਬੰਨਦਾ ਹੈ, ਪੰਜਾਬੀ ਉਪਰ ਮਾਣ ਕਰਦਾ ਹੈ ਪਰ ਆਪਣੀ Transformation ਦਾ ਕਾਰਨ ਉਹ ਯੋਗ ਨੂੰ ਮੰਨਦਾ ਹੈ ਤੇ ਆਪਣੇ ਹਰ ਕੌਂਸਰਟ ਵਿਚ ਨੌਜਵਾਨਾਂ ਨੂੰ ਯੋਗ ਕਰਨ ਲਈ ਪ੍ਰੇਰਦਾ ਹੈ।
ਇਸ ਤੋਂ ਵੱਧ ਮੈਂ ਹੁਣ ਮੈਂ ਇਸ ਨੁਕਤੇ ਉਪਰ ਕੀ ਲਿਖਾਂ ?
4. ਸਿੱਖੀ ਨੂੰ ਸਿਰਫ਼ ਸਰੂਪ ਤੱਕ ਕਰ ਦਿੱਤਾ ਸੀਮਿਤ:
ਮੈਨੂੰ ਜਦੋਂ ਗੁਰਬਾਣੀ ਸਮਝਣ ਦਾ ਸ਼ੌਂਕ ਪੈਦਾ ਹੋਇਆ ਤਾਂ ਉਸ ਵੇਲੇ ਸਾਡੇ ਗੁਆਂਢ ਦੇ ਗੁਰਦਵਾਰੇ ਵਿਚ ਮੇਰੇ ਚਹੇਤੇ ਕਥਾਵਾਚਕ ਦੀ ਕਥਾ ਸੀ। ਕਥਾ ਤੋਂ ਬਾਅਦ ਜੋੜਾ ਘਰ ਵਿੱਚ ਮੈਂ ਉਹਨਾਂ ਨੂੰ ਜਾ ਮਿਲਿਆ ਤੇ ਬੜੀ ਹੀ ਉਤਸਕਤਾ ਨਾਲ ਮੈਂ ਉਹਨਾਂ ਨੂੰ ਗੁਰਬਾਣੀ ਦੇ ਇੱਕ ਨੁਕਤੇ ਬਾਰੇ ਪੁੱਛਿਆ ਜੋ ਮੇਰੇ ਦਿਮਾਗ ਵਿੱਚ ਕਈ ਦਿਨਾਂ ਤੋਂ ਫਸਿਆ ਹੋਇਆ ਸੀ। ਮੈਨੂੰ ਉਮੀਦ ਸੀ ਇੱਕ ਅੱਜ ਬੜੇ ਵਿਸਥਾਰ ਨਾਲ ਮੈਨੂੰ ਇਹ ਨੁਕਤਾ ਸਮਝਣ ਦਾ ਮੌਕਾ ਮਿਲੇਗਾ। ਪਰ ਹੋਇਆ ਇਹ ਕਿ ਉਹਨਾਂ ਇੱਕ ਲਾਈਨ ਵਿੱਚ ਚਾਲੂ ਜਿਹਾ ਜਵਾਬ ਦੇ ਕੇ ਮੇਰੇ ਤੇ ਸਵਾਲ ਦਾਗਦੀਆਂ ਪੁੱਛਿਆ ਕਿ ਤੁਹਾਡੇ ਸਿਰ ‘ਤੇ ਤੁਹਾਡੇ ਪਿਤਾ ਜੀ ਵਾਂਗ ਪੱਗ ਕਿਉਂ ਨਹੀਂ ਹੈ, ਮੂੰਹ ਦੇ ਦਾੜਾ ਕਿਉਂ ਨਹੀਂ ਹੈ। ਸਿਆਣੇ ਬਣੋ ਤੇ ਸਿੰਘ ਸਜੋ। ਇੰਨੇ ਵਿੱਚ ਉਹਨਾਂ ਆਪਣੇ ਬੂਟ ਪਾਏ ਤੇ ਓਹ ਗਏ, ਓਹ ਗਏ।
ਸਿੱਖੀ ਸਰੂਪ ਦੀ ਮਹੱਤਤਾ ਸਾਡੀ ਕੌਮ ਲਈ ਕੀ ਹੈ, ਇਹ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਪਰ ਸਾਡੇ ਸਰੂਪ ਦਾ ਸਾਡੀ ਅਧਿਆਤਮਿਕਤਾ ਨਾਲ ਕੋਈ ਵਾ-ਵਾਸਤਾ ਨਹੀਂ। ਗੁਰਬਾਣੀ ਵਿੱਚ ਕਿਤੇ ਦਰਜ ਨਹੀਂ ਕਿ ਸਚਿਆਰ ਬਣਨ ਲਈ ਮੈਨੂੰ ਕਿਸੇ ਖਾਸ ਕਿਸਮ ਦਾ ਸਰੂਪ ਧਾਰਨ ਕਰਨਾ ਪਵੇਗਾ। ਹਰ ਜਗ੍ਹਾ ਬਸ ਗੁਰਬਾਣੀ ਵਿਚਾਰ ਦਾ ਹੀ ਆਦੇਸ਼ ਹੈ। ਪਰ ਜ਼ਿਆਦਾਤਰ ਪ੍ਰਚਾਰਕਾਂ ਦਾ ਜੋਰ ਸਿੱਖੀ ਸਰੂਪ ਉੱਪਰ ਹੀ ਹੈ, ਕਿਉਂਕਿ ਸ਼ਾਇਦ ਜਦੋਂ ਸਿੱਖ ਖੁਦ ਗੁਰਬਾਣੀ ਵਿਚਾਰ ਕਰਨ ਲੱਗ ਪਏ ਤਾਂ ਕਈ ਪ੍ਰਚਾਰਕਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ।
5. ਤੱਤ ਗੁਰਮਤਿ ਵਾਲੇ ਪ੍ਰਚਾਰਕ ਸਿਰਫ਼ ਇੱਕਾ-ਦੁੱਕਾ:
ਤੱਤ ਗੁਰਮਤਿ ਤੋਂ ਭਾਵ ਹੈ ਕਿ ਗੁਰੂ ਦੀ ਉਹ ਨਿਰੋਲ ਮੱਤ ਜੋ ਗੁਰੂ ਨੇ ਸਾਨੂੰ ਬਖਸ਼ੀ ਹੈ। ਉਹ ਮੱਤ ਜਿਸ ਉਪਰ ਸਨਾਤਨੀ ਰੰਗ ਨਾ ਚੜਿਆ ਹੋਵੇ, ਜਿਸ ਵਿੱਚ ਕਿਸੇ ਪਖੰਡੀ ਸਾਧ ਦੀ, ਕਿਸੇ ਕੋਝੀ ਸਾਜਿਸ਼ ਦੀ ਮਿਲਾਵਟ ਨਾ ਹੋਵੇ। ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਪਹਿਲਾਂ ਤਾਂ ਮਿਲਗੋਭਾ ਪ੍ਰਚਾਰਕਾਂ ਦੇ ਮੁਕਾਬਲੇ ਗਿਣਤੀ ਵਿੱਚ ਬਹੁਤ ਘੱਟ ਹਨ। ਜੋ ਹਨ, ਉਹਨਾਂ ਨੂੰ ਗੁਰਦਵਾਰਿਆਂ ਵਿੱਚ ਵੜਨ ਨਹੀਂ ਦਿੱਤਾ ਜਾਂਦਾ, ਛਬੀਲਾਂ ਦੇ ਬਹਾਨੇ ਜਾਨ ਲੇਵਾ ਹਮਲੇ ਹੁੰਦੇ ਨੇ, ਉਹਨਾਂ ਦੇ ਦਿਵਾਨ ਨਹੀਂ ਲੱਗਣ ਦਿੱਤੇ ਜਾਂਦੇ, ਕਥਾ ਕਰਦਿਆਂ ਦੀ ਦਾੜੀ ਪੱਟ ਦਿੱਤੀ ਜਾਂਦੀ ਹੈ, ਸਿਰ ਵਿੱਚ ਕੜੇ ਮਾਰੇ ਜਾਂਦੇ ਨੇ। ਜਿਸ ਕੌਮ ਦਾ ਹਾਲ ਇਹ ਹੋਵੇ ਕਿ ਉਸਦੇ ਚੋਟੀ ਦੇ ਵਿਦਵਾਨਾਂ ਨੂੰ ਉਹਨਾਂ ਦੇ ਧਾਰਮਿਕ ਕੇਂਦਰਾਂ ਤੋਂ ਹੀ ਦੂਰ ਕਰ ਦਿੱਤਾ ਜਾਵੇ ਤਾਂ ਫਿਰ ਉਸਦੀ ਜਵਾਨੀ ਦਾ ਬੇੜਾ ਗਰਕ ਤਾਂ ਹੋਣਾ ਹੀ ਹੋਇਆ।
6. ਗੁਰਬਾਣੀ ਦੀ ਅਸਲ ਵਿਆਖਿਆ ਹੀ ਮੌਜੂਦ ਨਹੀਂ:
ਪਿਛਲੇ 100-150 ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੇਤਹਾਸ਼ਾ ਟੀਕੇ ਤੇ ਵਿਆਖਿਆਵਾਂ ਕੀਤੀਆਂ ਗਈਆਂ, ਸੈਂਕੜੇ ਕਥਾਵਾਚਕ ਦਿਨ ਰਾਤ ਕਥਾਵਾਂ ਕਰ ਕਰ ਥੱਕੇ ਪਏ ਨੇ। ਜਿਸ ਤਰਾਂ ਸੈਂਕੜੇ ਮੋਬਾਈਲ ਐਪਸ/ਵੈੱਬਸਾਈਟਸ, ਹਜ਼ਾਰਾਂ ਯੂ-ਟਿਊਬ ਚੈਨਲਾਂ ਉਪਰ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਉਸ ਹਿਸਾਬ ਨਾਲ ਗੁਰਬਾਣੀ ਗਿਆਨ ਦੇ ਮੀਂਹ ਵਿੱਚ ਸਾਡੀ ਕੌਮ ਹੁਣ ਤੱਕ ਸਰਾਬੋਰ ਹੋ ਜਾਣੀ ਚਾਹੀਦੀ ਸੀ, ਪਰ ਉਹ ਤਾਂ ਰੇਗਿਸਤਾਨ ਵਾਂਗ ਪੂਰੀ ਤਰਾਂ ਅਣਭਿੱਜ ਪਈ ਹੈ।
ਰੂਹਾਨੀਅਤ ਨੂੰ ਸਰ ਕਰਨਾ ਤਾਂ ਇੱਕ ਪਾਸੇ, ਅਸੀਂ ਤਾਂ 14ਵੀਂ 15ਵੀਂ ਸਦੀ ਦੇ ਕਰਮਕਾਂਡਾਂ ਵਿਚ ਹੀ ਗੜੁੱਚ ਹਾਂ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅੱਜ ਗੁਰਬਾਣੀ ਦੇ ਜੋ ਟੀਕੇ ਮੌਜੂਦ ਨੇ ਉਹਨਾਂ ਵਿੱਚ ਵੱਡੀਆਂ ਬੁਨਿਆਦੀ ਖ਼ਾਮੀਆਂ ਨੇ ਜਿਸ ਕਾਰਨ ਗੁਰਬਾਣੀ ਦੀ ਵਿਆਖਿਆ ਵਿੱਚ ਉਹ ਅਸਰ ਹੀ ਨਹੀਂ ਜੋ ਪੜ੍ਹਨ, ਸੁਣਨ ਵਾਲੇ ਦਾ ਦਿਲ ਟੁੰਬ ਲਵੇ। ਜ਼ਿਆਦਾਤਰ ਪੁਰਾਣੀਆਂ ਵਿਆਖਿਆਵਾਂ ਕੀਤੀਆਂ ਹੀ ਸਿੱਖੀ ਭੇਸ ਵਿੱਚ ਲੁਕੇ ਸਾਡੇ ਦੁਸ਼ਮਣਾ ਨੇ। ਜਿਨ੍ਹਾਂ ਦਾ ਮਕਸਦ ਹੀ ਸਾਨੂੰ ਸਨਾਤਨ ਧਰਮ ਵਿੱਚ ਵਾਪਿਸ ਰਲਾਉਣਾ ਹੈ। ਫਰੀਦਕੋਟੀ ਟੀਕੇ ਵਰਗੀਆਂ ਅਜਿਹੀਆਂ ਵਿਆਖਿਆਵਾਂ ਤੋਂ ਸਾਡਾ ਖਹਿੜਾ ਕੁੱਝ ਹੱਦ ਤੱਕ 1961 ਵਿੱਚ ਪ੍ਰੋ. ਸਾਹਿਬ ਸਿੰਘ ਦੀ ਵਿਆਖਿਆ ਨੇ ਛਡਵਾਇਆ। ਪਰ ਇਮਾਨਦਾਰੀ ਨਾਲ ਦੇਖੀਏ ਤਾਂ ਉਹਨਾਂ ਦੀ ਵਿਆਖਿਆ ਵਿੱਚ ਵੀ ਵੱਡੀਆਂ ਊਣਤਾਈਆਂ ਹਨ ਤੇ ਬਹੁਤੇ ਵਿਦਵਾਨ ਇਸਨੂੰ ਜਾਣਦੇ ਨੇ। ਪਰ ਉਹ ਖੁੱਲ੍ਹ ਕੇ ਇਸਦੀ ਗੱਲ ਇਸ ਲਈ ਨਹੀਂ ਕਰਦੇ ਕਿਉਂਕਿ ਜੇ ਪ੍ਰੋ. ਸਾਹਿਬ ਸਿੰਘ ਦੀ ਵਿਆਖਿਆ ਨੂੰ ਵੀ ਖਾਰਜ ਕਰ ਦਿੱਤਾ ਤਾਂ ਪੜ੍ਹਾਂਗੇ ਕੀ? ਜੋ ਵਿਆਖਿਆਵਾਂ ਚੰਗੇ ਮੰਤਵ ਨਾਲ ਵੀ ਕੀਤੀਆਂ ਗਈਆਂ ਉਹਨਾਂ ਵਿੱਚ ਸਭ ਤੋਂ ਵੱਡੀ ਕਮੀ ‘ਸੰਧਰਭ’ ਦੀ ਹੈ। ਭਾਵ ਹਰ ਮਹਾਨ ਲਿਖਤ ਵਿੱਚ ਇੱਕ ਲਗਾਤਾਰਤਾ ਹੁੰਦੀ ਹੈ, ਸੰਧਰਭ ਹੁੰਦਾ ਹੈ। ਆਸਾਨ ਬੋਲੀ ਵਿੱਚ ਕਹਾਂ ਤਾਂ ਗੱਲ ਨਾਲ ਗੱਲ ਜੁੜਦੀ ਹੈ ਤੇ ਗੱਲ ਸ਼ੁਰੂ ਕੀਤੇ ਗਏ ਵਿਸ਼ੇ ਤੋਂ ਬਾਹਰ ਨਹੀਂ ਜਾਂਦੀ। ਇਹੋ ਖ਼ੂਬੀ ਬਾਣੀ ਦੇ ਰਚੇਤਿਆਂ ਦੀ ਹੈ ਅਤੇ ਉਹਨਾਂ ਦੀ ਰਚੀ ਬਾਣੀ ਦੀ ਹੈ। ਪਰ ਸਾਡੇ ਕੋਲ ਮੌਜੂਦ ਵਿਆਖਿਆਵਾਂ ਵਿੱਚੋ ਇਹ ਖ਼ੂਬੀ ਗਾਇਬ ਹੈ। ਪਹਿਲੀ ਪੌੜੀ ਵਿੱਚ ਕੁੱਝ ਹੋਰ ਤੇ ਦੂਜੀ ਵਿੱਚ-ਵਿੱਚ ਕੁੱਝ ਹੋਰ।
ਕੁੱਲ ਮਿਲਾਕੇ ਗੱਲ ਇਹ ਹੈ ਕਿ ਅੱਜ ਸਿੱਖਾਂ ਕੋਲ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਐਸੀ ਸੰਪੂਰਣ ਵਿਆਖਿਆ ਨਹੀਂ ਹੈ ਜੋ ਨਾ ਸਿਰਫ਼ ਸਿੱਖੀ ਸਿਧਾਂਤਾਂ ਨਾਲ ਮੇਲ ਖਾਂਦੀ ਹੋਵੇ ਬਲਕਿ ਗੁਰੂ ਦੇ ਅਸਲ ਗਿਆਨ ਦੇ ਦਰਸ਼ਨ ਕਰਵਾਉਂਦੀ ਹੋਵੇ।
7. ਪ੍ਰਚਾਰ ਸ਼ੈਲੀ ਵੀ ਸਮੇਂ ਦੀ ਹਾਣੀ ਨਹੀਂ:
ੳ. ਜਿਥੇ ਇੱਕ ਪਾਸੇ ਨਿਰੋਲ ਅਤੇ ਤੱਤ ਗੁਰਮਤਿ ਟੀਕੇ ਉਪਰ ਕੰਮ ਕਰਨ ਦੀ ਲੋੜ ਹੈ ਉੱਥੇ ਪ੍ਰਚਾਰ ਸ਼ੈਲੀ ਵੀ ਪੁਰਾਣੀ ਹੈ। ਜੇ ਸਿੱਖ ਬੁਧੀਜੀਵੀ ਇਹ ਚਾਹੁੰਦੇ ਨੇ ਕਿ ਸਿੱਖ ਨੌਜਵਾਨ ਗੁਰਬਾਣੀ ਪੜ੍ਹਨ, ਸਮਝਣ, ਵਿਚਾਰਨ ਅਤੇ ਗੁਰਮਤਿ ਨੂੰ ਹੀ ਆਪਣੀ ਮੱਤ ਦਾ ਅਧਾਰ ਬਨਾਉਣ ਤੇ ਇੱਕ ਰੂਹਾਨੀ ਕਿਰਦਾਰ ਵਾਲਾ ਜੀਵਨ ਜਿਉਣ ਤਾਂ ਸਭ ਤੋਂ ਪਹਿਲਾਂ ਇਹ ਸਮਝਣ ਕਿ ਸਿਰਫ਼ ਤਾਹਨੇ ਮਾਰ ਕੇ ਨੌਜਵਾਨੀ ਨੂੰ ਗੁਰਬਾਣੀ ਵਾਲੇ ਪਾਸੇ ਨਹੀਂ ਲਾਇਆ ਜਾਣਾ। ਤੁਸੀਂ ਅੱਜ ਕਿਸੇ ਨੌਜਵਾਨ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਸਿੱਖੀ ਨਾਲ ਨਹੀਂ ਜੋੜ ਸਕਦੇ। ਤੁਸੀਂ ਸ਼ਹੀਦਾਂ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਦਾ ਵਾਸਤਾ ਪਾ ਕੇ ਕਿਸੇ ਦੇ ਕੇਸ ਰਖਵਾ ਸਕਦਾ ਹੋ, ਪੱਗ ਬੰਨਣ ਲਾ ਸਕਦੇ ਹੋ ਪਰ ਗੁਰਬਾਣੀ ਨਾਲ ਨਹੀਂ ਜੋੜ ਸਕਦੇ।
ਇਸ ਲਈ ਸਭ ਤੋਂ ਜ਼ਰੂਰੀ ਇਹ ਕਿ ਨੌਜਵਾਨੀ ਨੂੰ ਸਿੱਧਾ-ਸਿੱਧਾ ਦੱਸੋ ਕਿ ਤੁਹਾਡਾ ਗੁਰਬਾਣੀ ਨਾਲ ਜੁੜਨ ਦਾ ਫਾਇਦਾ ਕੀ ਹੈ ? ਜਿਵੇਂ ਮਾਰਕੀਟਿੰਗ ਕਰਨ ਵਾਲੀ ਹਰ ਵੱਡੀ ਕੰਪਨੀ ਆਪਣੇ ਗਾਹਕਾਂ ਨੂੰ ਇਹ ਦੱਸਦੀ ਹੈ ਕਿ ਤੁਹਾਨੂੰ ਉਹਨਾਂ ਦਾ ਪ੍ਰੋਡਕਟ ਖਰੀਦਣ ਨਾਲ ਕੀ ਫਾਇਦਾ ਹੋਵੇਗਾ। ਸਾਨੂੰ ਵੀ ਸਾਡੀ ਨੌਜਵਾਨੀ ਨੂੰ ਇਹ ਸਾਫ਼-ਸਾਫ਼ ਦੱਸਣਾ ਹੋਵੇਗਾ ਕਿ ਗੁਰਬਾਣੀ ਅਨੁਸਾਰ ਜੀਵਨ ਜਿਉਣ ਨਾਲ ਕੀ ਫਾਇਦਾ ਹੋਵੇਗਾ। ਜਿਨ੍ਹਾਂ ਚਿਰ ਇਹ ਜਵਾਬ ਸਪੱਸ਼ਟ ਸ਼ਬਦਾਂ ਵਿੱਚ ਸਾਹਮਣੇ ਨਹੀਂ ਰੱਖਿਆ ਜਾਵੇਗਾ, ਓਨੀ ਦੇਰ ਕਿਸੇ ਦੀ ਦਿਲਚਸਪੀ ਗਰੁਬਾਣੀ ਵਿੱਚ ਨਹੀਂ ਬਣੇਗੀ।
ਅ. ਜ਼ਿਆਦਾਤਰ ਪ੍ਰਚਾਰਕ ਇੱਕ ਪਾਸੜ ਭਾਸ਼ਣ (Monologue) ਦਿੰਦੇ ਨੇ, ਸੰਵਾਦ ਦੀ ਕੋਈ ਬਹੁਤੀ ਥਾਂ ਨੀ ਹੁੰਦੀ। ਗੱਲ ਕਰਨ ਦਾ ਤਰੀਕਾ, ਪੇਸ਼ ਹੋਣ ਦਾ ਤਰੀਕਾ ਬਦਲਣਾ ਪਵੇਗਾ ਤਾਂ ਕਿ ਪ੍ਰਚਾਰਕਾਂ ਤੋਂ ਡਰ ਨਾ ਲਗੇ। ਉਹ ਦੋਸਤ ਬਣ ਕੇ ਗੱਲ ਕਰ ਸਕਣ। ਸਿੱਖਣ ਦੀ ਚਾਹਣਾ ਰੱਖਣ ਵਾਲਾ ਨਾ ਸ਼ਰਮਾਵੇ ਤੇ ਨਾ ਡਰੇ। ਗੁਰਬਾਣੀ ਵਿੱਚ ਦਿਲਚਸਪੀ ਰੱਖਣ ਵਾਲੇ ਇੱਕ ਨੌਜਵਾਨ ਕੋਲ ਅੱਜ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਕੋਈ ਪਲੇਟਫਾਰਮ ਨਹੀਂ ਹੈ।
ੲ. ਸਾਡੇ ਕੋਲ ਵੱਖ-ਵੱਖ ਪੱਧਰ ਦੇ ਪ੍ਰਚਾਰਕਾਂ ਦੀ ਘਾਟ ਹੈ। ਵੱਖ-ਵੱਖ ਉਮਰ ਦੇ ਨੌਜਵਾਨਾਂ ਲਈ, ਪੜ੍ਹਾਈ-ਲਿਖਾਈ ਦੇ ਮਿਆਰ ਅਨੁਸਾਰ, ਪਿੰਡਾਂ, ਸ਼ਹਿਰਾਂ ਤੇ ਵਿਦੇਸ਼ਾਂ ਦੇ ਨੌਜਵਾਨਾਂ ਲਈ, ਪੰਜਾਬੀ/ਹਿੰਦੀ/ਅੰਗਰੇਜ਼ੀ ਵਿੱਚ ਪ੍ਰਚਾਰ ਲਈ ਚੰਗੇ ਪ੍ਰਚਾਰਕ ਹੀ ਨਹੀਂ ਹਨ।
ਸ. ਭਾਵੇਂ ਅੱਜ ਬਹੁਤੇ ਪ੍ਰਚਾਰਕਾਂ ਦੇ ਯੂ-ਟਿਊਬ ਚੈਨਲ ਬਣਾਏ ਹੋਏ ਨੇ ਪਰ ਪ੍ਰੋਡਕਸ਼ਨ ਕੁਆਲਟੀ ਕਿਸੇ ਵਿਰਲੇ ਦੀ ਹੀ ਚੰਗੀ ਹੈ। ਜੇ ਕੁਆਲਟੀ ਚੰਗੀ ਹੈ ਤਾਂ Digital Marketing ਦਾ ਹੁਨਰ ਨਹੀਂ ਹੈ ਜੋ ਵੀਡੀਓ ਨੂੰ ਵੱਧ ਤੋਂ ਵੱਧ ਅੱਖਾਂ ਤੱਕ ਪਹੁੰਚਾਵੇ। ਕੋਈ ਵੀ ਐਸੀ ਮੋਬਾਈਲ ਐਪ ਨਹੀਂ ਜਿਸ ਵਿੱਚ ਗੁਰਮਤਿ ਵਿਰੋਧੀ ਗ੍ਰੰਥਾਂ ਦੇ ਟੀਕੇ ਤੇ ਹੋਰ ਸਮਗਰੀ ਨਾ ਹੋਵੇ।
8. ਪ੍ਰਚਾਰ ਨੌਜਵਾਨੀ ਦੇ ਸਵਾਲਾਂ ਦੇ ਆਧਾਰਿਤ ਨਹੀਂ:
ਜੇ ਕੋਈ ਪ੍ਰਚਾਰਕ ਨੌਜਵਾਨੀ ਨੂੰ ਧਿਆਨ ਵਿੱਚ ਰੱਖ ਕੇ ਬੋਲਦਾ ਵੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਉਹ ਨਸ਼ਿਆਂ ਬਾਰੇ ਗੱਲ ਕਰਦਾ ਹੈ। ਪ੍ਰਚਾਰਕਾਂ ਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਸਿੱਖੀ ਕੋਈ ਨਸ਼ਾ ਛਡਾਉ ਕੇਂਦਰ ਨਹੀਂ ਤੇ ਨੌਜਵਾਨਾਂ ਦੀ ਨਸ਼ੇ ਤੋਂ ਅੱਗੇ ਦੇ ਵੀ ਬੜੇ ਮਸਲੇ ਨੇ ਤੇ ਦੂਜੀ ਗੱਲ ਹਰ ਨੌਜਵਾਨ ਨਸ਼ੇੜੀ ਵੀ ਨਹੀਂ ਹੈ। ਸਿੱਖ ਨੌਜਵਾਨੀ ਵਿੱਚ ਅਜਿਹੇ ਸੁਹਿਰਦ ਨੌਜਵਾਨਾਂ ਦੀ ਘਾਟ ਨਹੀਂ ਜੋ ਨਸ਼ਿਆਂ ਤੋਂ ਕੋਹਾਂ ਦੂਰ ਨੇ ਤੇ ਉਹਨਾਂ ਦੇ ਮਸਲੇ Intellectual (ਬੌਧਿਕ) ਨੇ।
ਇਸ ਲਈ ਸਭ ਤੋਂ ਜ਼ਰੂਰੀ ਹੈ ਇਹ ਜਾਨਣਾ ਕਿ ਅੱਜ ਦੇ ਨੌਜਵਾਨ ਦੇ ਮਨ ਵਿੱਚ ਭੰਬਲਭੂਸਾ ਪਾਉਣ ਵਾਲੇ ਪ੍ਰਸ਼ਨ ਕੀ ਨੇ। ਜਿਵੇਂ:
ੳ. ਕੀ ਸਿੱਖੀ ਮਨ ਦੀ ਖੇਡ ਹੈ ਜਾਂ ਬਾਹਰੀ ਸਰੂਪ ਦੀ ?
ਅ. ਰੱਬ ਹੈ ਜਾਂ ਨਹੀਂ ? ਜੇ ਹੈ ਤਾਂ ਉਹ ਕਿਹੋ ਜਿਹਾ ਹੈ ?
ੲ. ਕੀ ਦੁਨੀਆ ਉੱਪਰ ਜਾਂ ਮੇਰੀ ਨਿੱਜੀ ਜ਼ਿੰਦਗੀ ਵਿੱਚ ਜੋ ਵੀ ਮਾੜਾ ਵਾਪਰ ਰਿਹਾ ਹੈ ਉਸਦਾ ਜ਼ਿੰਮੇਵਾਰ ਰੱਬ ਹੈ ?
ਸ. ਕੀ ਮੇਰੀਆਂ ਨਿੱਜੀ ਸਮੱਸਿਆਵਾਂ ਦਾ ਹੱਲ ਸਿੱਖੀ ਕਰ ਸਕਦੀ ਹੈ ਜਾਂ ਨਹੀਂ ?
ਹ. ਕੀ ਸਿੱਖੀ ਸਾਨੂੰ ਅਮੀਰ ਹੋਣ ਤੋਂ, ਮੌਜ ਕਰਨ ਤੋਂ ਰੋਕਦੀ ਹੈ ?
ਕ. ਕੀ ਬੁੱਧ, ਓਸ਼ੋ ਜਾਂ ਕੋਈ ਹੋਰ ਅੰਗਰੇਜ਼ੀ ਬੋਲਣ ਵਾਲਾ ਸਾਧ, ਰੂਹਾਨੀਅਤ ਦਾ ਨਾਨਕ ਤੋਂ ਬੇਹਤਰ ਰਾਹ ਦੱਸ ਸਕਦਾ ਹੈ ?
ਖ. ਕੀ ਇੰਝ ਲਗਦਾ ਹੈ ਕਿ ਸਿੱਖੀ ਬੱਸ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਤੱਕ ਸੀਮਤ ਹੈ ?
ਗ. ਕੀ ਸਿੱਖੀ ਦਾ ਭਾਵ ਸਿਰਫ਼ ਖੰਡੇ ਬਾਟੇ ਦੀ ਪਾਹੁਲ ਲੈਣਾ ਹੈ ?
ਘ. ਕੀ ਸਬੂਤ ਹੈ ਕਿ ਸਿੱਖੀ ਹੀ ਰੂਹਾਨੀਅਤ ਦਾ ਸਭ ਤੋਂ ਬੇਹਤਰ ਮਾਰਗ ਹੈ ?
ਐਸੇ ਸੈਂਕੜੇ ਸਵਾਲਾਂ ਨੇ ਨੌਜਵਾਨਾਂ ਦੇ ਮਨਾਂ ਵਿੱਚ ਘਰ ਕੀਤਾ ਹੁੰਦਾ ਹੈ ਜਿਨ੍ਹਾਂ ਦੇ ਜਵਾਬ ਪ੍ਰਚਾਰਕਾਂ ਨੂੰ ਸਿੱਖ ਸਿਧਾਂਤਾਂ ਦੇ ਅਧਾਰ ‘ਤੇ ਪੂਰੀ ਸਫ਼ਾਈ ਨਾਲ ਦੇਣੇ ਚਾਹੀਦੇ ਨੇ। ਪ੍ਰਚਾਰਕ ਜਦੋਂ ਤੱਕ ਨੌਜਵਾਨੀ ਦੇ ਦਿਮਾਗ ਨੂੰ ਪੜ੍ਹਨਗੇ ਹੀ ਨਹੀਂ, ਓਨੀ ਦੇਰ ਉਹਨਾਂ ਨਾਲ ਸੰਵਾਦ ਵੀ ਨਹੀਂ ਰਚਾ ਸਕਦੇ। ਇੱਕ ਬੜੀ ਅਹਿਮ ਗੱਲ ਇਹ ਵੀ ਹੈ ਕਿ ਇਸ ਮੈਦਾਨ ਵਿੱਚ ਓਹੀ ਪ੍ਰਚਾਰਕ ਅਸਰਦਾਰ ਹੋਵੇਗਾ ਜੋ ਖ਼ੁਦ ਨਾਨਕ ਦੇ ਰਾਹ ਤੁਰਿਆ ਹੋਵੇ ਤੇ ਸਿਰੇ ਨਾ ਸਹੀ, ਕਿਤੇ ਨਾ ਕਿਤੇ ਤਾਂ ਪਹੁੰਚਿਆ ਹੋਵੇ।
ਜੜ੍ਹ ਸਮੱਸਿਆ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਅੰਦਰ ਨਾਨਕ ਦੀ ਸਿੱਖੀ ਨੂੰ ਲੈ ਕੇ ਪਿਆਸ ਹੈ ਉਹਨਾਂ ਲਈ ਵੀ ਨਾ ਸਾਡੇ ਕੋਲ ਵਿਆਖਿਆ ਹੈ ਤੇ ਨਾ ਪ੍ਰਸਾਰ ਲਈ ਢੁੱਕਵਾਂ ਢਾਂਚਾ। ਅਜਿਹੇ ਵਿੱਚ ਨੌਜਵਾਨੀ ਨੂੰ ਦੋਸ਼ ਦੇਣਾ ਕਿੰਨਾ ਕੁ ਜਾਇਜ਼ ਹੈ।
ਮਨਿੰਦਰ ਸਿੰਘ, ਕੈਨੇਡਾ
24 ਨਵੰਬਰ, 2024
terahukum@gmail.com

Leave a Reply